Articles Religion

ਸੰਸਾਰ ਦਾ ਸਭ ਤੋਂ ਵੱਡਾ ਧਾਰਮਿਕ ਇਕੱਠ, ਕੁੰਭ ਮੇਲਾ !

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਕੁੰਭ ਮੇਲਾ ਸਾਰੇ ਸੰਸਾਰ ਵਿੱਚ ਸਭ ਤੋਂ ਵੱਡਾ ਧਾਰਮਿਕ ਇਕੱਠ ਹੁੰਦਾ ਹੈ। ਇਸ ਵਾਰ ਕੁੰਭ ਮੇਲਾ ਹਰਿਦੁਆਰ (ਉੱਤਰਾਖੰਡ) ਵਿਖੇ 3 ਅਪਰੈਲ ਤੋਂ 28 ਅਪਰੈਲ ਤੱਕ ਹੋਣ ਜਾ ਰਿਹਾ ਹੈ। ਇਸ ਵਿੱਚ 15 ਕਰੋੜ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ। ਕੁੰਭ ਭਾਰਤ ਵਿੱਚ ਚਾਰ ਥਾਵਾਂ, ਹਰਿਦੁਆਰ, ਪ੍ਰਯਾਗਰਾਜ, ਨਾਸਿਕ (ਮਹਾਂਰਾਸ਼ਟਰ) ਅਤੇ ਉਜੈਨ (ਮੱਧ ਪ੍ਰਦੇਸ਼) ਵਿਖੇ ਮਨਾਇਆ ਜਾਂਦਾ ਹੈ। 12 ਸਾਲਾਂ ਬਾਅਦ ਮਨਾਏ ਜਾਣ ਹਰੇਕ ਕੁੰਭ ਦੀ ਆਪੋ ਆਪਣੀ ਵੱਖਰੀ ਤਾਰੀਖ ਹੈ। ਚਾਰਾਂ ਸਥਾਨਾਂ ਦੇ ਮੇਲਿਆਂ ਵਿੱਚ ਆਮ ਤੌਰ ‘ਤੇ 3 – 4 ਸਾਲ ਦਾ ਫਰਕ ਹੁੰਦਾ ਹੈ। ਕੁੰਭ ਦੇ ਮੇਲੇ ਦਾ ਸਭ ਤੋਂ ਜਰੂਰੀ ਅਤੇ ਪਵਿੱਤਰ ਕਰਮ ਕਾਂਡ ਹੈ ਨਦੀ ਦੇ ਜਲ ਵਿੱਚ ਇਸ਼ਨਾਨ ਕਰਨਾ। ਮੰਨਆਂ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਪਿਛਲੇ ਸਾਰੇ ਪਾਪ ਧੁਲ ਜਾਂਦੇ ਹਨ। ਇਸ ਲਈ ਇਹ ਚਾਰੇ ਸਥਾਨ ਕਿਸੇ ਨਾ ਕਿਸੇ ਪ੍ਰਸਿੱਧ ਨਦੀ ਦੇ ਕਿਨਾਰੇ ਸਥਿੱਤ ਹਨ। ਹਰਿਦੁਆਰ ਗੰਗਾ ਦੇ, ਪ੍ਰਯਾਗਰਾਜ ਗੰਗਾ-ਜਮਨਾ-ਸਰਸਵਤੀ ਸੰਗਮ, ਨਾਸਿਕ ਗੋਦਾਵਰੀ ਅਤੇ ਉਜੈਨ ਸ਼ਿਪਰਾ ਨਦੀ ਦੇ ਕਿਨਾਰੇ ਹਨ।
ਕੁੰਭ ਮੇਲਾ ਬਹੁਤ ਹੀ ਪ੍ਰਚੀਨ ਕਾਲ ਤੋਂ ਚੱਲਿਆ ਆ ਰਿਹਾ ਹੈ। ਹਿੰਦੂ ਮਿਿਥਹਾਸ ਅਨੁਸਾਰ ਦੇਵਤਿਆਂ ਅਤੇ ਦਾਨਵਾਂ ਨੇ ਮਿਲ ਕੇ ਅੰਮ੍ਰਿਤ ਦੀ ਪ੍ਰਾਪਤੀ ਲਈ ਕਸ਼ੀਰ ਸਾਗਰ ਦਾ ਮੰਥਨ ਕੀਤਾ ਸੀ। ਇਸ ਮੰਥਨ ਦੇ ਫਲਸਵਰੂਪ ਜਦੋਂ ਅੰਮ੍ਰਿਤ ਦਾ ਘੜਾ ਪ੍ਰਾਪਤ ਹੋਇਆ ਤਾਂ ਇੰਦਰ ਦੇਵਤਾ ਉਸ ਨੂੰ ਲੈ ਕੇ ਦਾਨਵਾਂ ਤੋਂ ਬਚਾਉਣ ਲਈ ਅਕਾਸ਼ ਮਾਰਗ ਰਾਹੀਂ ਉੱਡ ਗਿਆ। ਇਹ ਵੇਖ ਕੇ ਦਾਨਵਾਂ ਨੇ ਉਸ ਦਾ ਪਿੱਛਾ ਕੀਤਾ। ਇਸ ਛੀਨਾ ਝਪਟੀ ਵਿੱਚ ਘੜੇ ਵਿੱਚੋਂ ਹਰਿਦੁਆਰ, ਪ੍ਰਯਾਗਰਾਜ, ਨਾਸਿਕ ਅਤੇ ਉਜੈਨ ਵਿਖੇ ਅੰਮ੍ਰਿਤ ਦੀਆਂ ਚਾਰ ਬੂੰਦਾਂ ਡਿੱਗ ਪਈਆਂ। ਇਸ ਲਈ ਇਨ੍ਹਾਂ ਥਾਵਾਂ ‘ਤੇ ਕੁੰਭ ਮੇਲਾ ਮਨਾਇਆ ਜਾਂਦਾ ਹੈ। ਪ੍ਰਯਾਗਰਾਜ ਦੇ ਕੁੰਭ ਮੇਲੇ ਦਾ ਸਭ ਤੋਂ ਪਹਿਲਾ ਇਤਿਹਾਸਕ ਵਰਨਣ ਚੀਨੀ ਯਾਤਰੀ ਹਿਊਨ ਸਾਂਗ ਨੇ 644 ਈਸਵੀ ਵਿੱਚ ਕੀਤਾ ਸੀ। ਉਸ ਨੇ ਲਿਿਖਆ ਕਿ ਇਸ ਮੇਲੇ ਦੌਰਾਨ 5 ਲੱਖ ਲੋਕਾਂ ਨੇ ਨਦੀ ਵਿੱਚ ਇਸ਼ਨਾਨ ਕੀਤਾ। ਉਜੈਨ ਅਤੇ ਨਾਸਿਕ ਦੇ ਕੁੰਭ ਮੇਲੇ ਨਵੀਨ ਹਨ। ਇਨ੍ਹਾਂ ਦੀ ਸ਼ੁਰੂਆਤ 18ਵੀਂ ਸਦੀ ਵਿੱਚ ਮਰਾਠਾ ਸਰਦਾਰ ਰਾਣੋਜੀ ਸ਼ਿੰਦੇ ਦੁਆਰਾ ਕਰਵਾਈ ਗਈ ਸੀ।
ਇਸ ਮੇਲੇ ਦਾ ਸਭ ਤੋਂ ਵੱਡਾ ਆਕਰਸ਼ਣ ਸਾਧਾਂ, ਸੰਨਿਆਸੀਆਂ ਅਤੇ ਨਾਗੇ ਸਾਧੂਆਂ ਵੱਲੋਂ ਕੱਢੇ ਜਾਣ ਵਾਲੇ ਜਲੂਸ ਅਤੇ ਸ਼ਾਹੀ ਇਸ਼ਨਾਨ ਹੁੰਦੇ ਹਨ। ਇਨ੍ਹਾਂ ਸਾਧੂਆਂ ਦੇ ਆਸ਼ਰਮਾਂ ਨੂੰ ਅਖਾੜੇ ਕਿਹਾ ਜਾਂਦਾ ਹੈ। ਕਥਿੱਤ ਤੌਰ ਤੇ ਦੁਨੀਆਂ ਤਿਆਗੀ ਬੈਠੇ ਤੇ ਲੋਕਾਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਦੂਰ ਰਹਿਣ ਦਾ ਸਬਕ ਦੇਣ ਵਾਲੇ ਇਹ ਸਾਧੂ ਗੰਗਾ ਵਿੱਚ ਪਹਿਲਾ ਸ਼ਾਹੀ ਇਸ਼ਨਾਨ ਕਰਨ ਦੇ ਅਧਿਕਾਰ ਹਾਸਲ ਕਰਨ ਲਈ ਗੁੰਡਿਆਂ ਵਾਂਗ ਲੜਦੇ ਹਨ। ਕੁੰਭ ਮੇਲੇ ਵਿੱਚ ਪੁਲਿਸ ਵਾਸਤੇ ਸਭ ਤੋਂ ਵੱਡੀ ਸਿਰਦਰਦੀ ਇਨ੍ਹਾਂ ਭੰਗ-ਸੁਲਫੇ ਨਾਲ ਅੰਨ੍ਹੇ ਹੋਏ ਸਾਧੂਆਂ ਨੂੰ ਕੰਟਰੋਲ ਕਰਨ ਦੀ ਹੁੰਦੀ ਹੈ। ਅਸਲ ਵਿੱਚ ਈਸਟ ਇੰਡੀਆ ਕੰਪਨੀ ਦੇ ਰਾਜ ਤੋਂ ਪਹਿਲਾਂ ਕੁੰਭ ਮੇਲੇ ਦਾ ਸਾਰਾ ਕੰਟਰੋਲ ਇਨ੍ਹਾਂ ਅਖਾੜਿਆਂ ਕੋਲ ਹੁੰਦਾ ਸੀ। ਇਹ ਹੀ ਲੋਕਾਂ ਕੋਲੋਂ ਚੁੰਗੀ ਟੈਕਸ ਉਗਰਾਹੁੰਦੇ ਸਨ। ਜਿਹੜਾ ਅਖਾੜਾ ਪਹਿਲਾਂ ਇਸ਼ਨਾਨ ਕਰਦਾ ਸੀ, ਉਸੇ ਨੂੰ ਕੁੰਭ ਮੇਲੇ ਦਾ ਮਾਲਕ ਅਤੇ ਅੱਵਲ ਨੰਬਰ ਮੰਨ ਲਿਆ ਜਾਂਦਾ ਸੀ।
ਇਨ੍ਹਾਂ ਦਰਮਿਆਨ ਅਨੇਕਾਂ ਵਾਰ ਖੂਨੀ ਲੜਾਈਆਂ ਹੋਈਆਂ ਹਨ। 1789 ਈ. ਵਿੱਚ ਨਾਸਿਕ ਕੁੰਭ ਵੇਲੇ ਸ਼ੈਵ ਗੁਸਾਈਂ ਸਾਧੂਆਂ ‘ਤੇ ਵੈਸ਼ਣਵ ਬੈਰਾਗੀਆਂ ਵਿਚਕਾਰ ਹੋਏ ਝਗੜੇ ਦੌਰਾਨ ਕਰੀਬ 12000 ਬੈਰਾਗੀ ਮਾਰੇ ਗਏ ਸਨ। 1760 ਵਿੱਚ ਵੀ ਕੁੰਭ ਮੇਲੇ ਦੌਰਾਨ ਗੁਸਾਈਆਂ ਨੇ ਸੈਂਕੜੇ ਨਾਗੇ ਸਾਧੂ ਮਾਰ ਦਿੱਤੇ ਸਨ। ਇਨ੍ਹਾਂ ਘਟਨਾਵਾਂ ਤੋਂ ਜੋਸ਼ ਵਿੱਚ ਆਏ ਗੁਸਾਈਆਂ ਨੇ 1796 ਈ. ਨੂੰ ਹਰਿਦੁਆਰ ਕੁੰਭ ਮੇਲੇ ਸਮੇਂ ਪੰਜਾਬ ਤੋਂ ਆਏ ਉਦਾਸੀ ਸਾਧੂਆਂ ਦੇ ਡੇਰੇ ‘ਤੇ ਹਮਲਾ ਬੋਲ ਦਿੱਤਾ। ਡੇਰੇ ਵਿੱਚ ਖਾਲਸਾ ਫੌਜ ਵੀ ਪੜਾਉ ਕਰੀ ਬੈਠੀ ਸੀ। ਦੋਵਾਂ ਧਿਰਾਂ ਵਿੱਚ ਹੋਈ ਖੂਨੀ ਜੰਗ ਵਿੱਚ 20 ਖਾਲਸਾ ਸੈਨਿਕ ਤੇ 600 ਗੁਸਾਈਂ ਮਾਰੇ ਗਏ। ਇਸ ਤੋਂ ਬਾਅਦ ਈਸਟ ਇੰਡੀਆ ਕੰਪਨੀ ਨੇ ਜਿੱਥੇ ਕੁੰਭ ਮੇਲੇ ਨੂੰ ਨਿਯੰਤਰਿਤ ਕਰਨ ਲਈ ਕਈ ਘਾਟਾਂ, ਪੁਲਾਂ, ਸੜਕਾਂ, ਪਲਿਸ ਚੌਂਕੀਆਂ ਅਤੇ ਹਸਪਤਾਲਾਂ ਦਾ ਨਿਰਮਾਣ ਕਰਾਇਆ, ਉਥੇ ਅਖਾੜਿਆਂ ਦੇ ਲੜਾਈ ਝਗੜਿਆਂ ਨੂੰ ਵੀ ਸਖਤੀ ਨਾਲ ਖਤਮ ਕੀਤਾ। ਇਹ ਝਗੜੇ ਛੋਟੇ ਪੱਧਰ ‘ਤੇ ਹੁਣ ਵੀ ਆਮ ਹੀ ਹਨ। ਝਗੜੇ ਰੋਕਣ ਲਈ ਹੁਣ ਕਈ ਸਾਲਾਂ ਤੋਂ ਸਰਕਾਰ ਨੇ ਸ਼ਾਹੀ ਇਸ਼ਨਾਨ ਕਰਨ ਲਈ ਅਖਾੜਿਆਂ ਦੀ ਤਰਤੀਬ ਅਤੇ ਸਮਾਂ ਨਿਸ਼ਚਿਤ ਕਰ ਦਿੱਤਾ ਹੈ।
ਇਸ ਮੇਲੇ ਦਾ ਕੁਝ ਮਾੜੇ ਲੋਕ ਬਹੁਤ ਗਲਤ ਫਇਦਾ ਉਠਾਉਂਦੇ ਰਹੇ ਹਨ। ਅੱਜ ਤੋਂ 60-70 ਸਾਲ ਪਹਿਲਾਂ ਤੱਕ ਪੰਜਾਬ ਅਤੇ ਕਈ ਹੋਰ ਸੂਬਿਆਂ ਵਿੱਚ ਇਹ ਆਮ ਰਿਵਾਜ਼ ਸੀ ਕਿ ਕਈ ਸਰਵਣ ਪੁੱਤਰ ਆਪਣੇ ਬਜ਼ੁਰਗ ਮਾਪਿਆਂ ਨੂੰ ਗਲੋਂ ਲਾਹੁਣ ਲਈ ਕੁੰਭ ਦਾ ਮੇਲਾ ਵਿਖਾਉਣ ਦੇ ਬਹਾਨੇ ਹਰਿਦੁਆਰ ਲੈ ਜਾਂਦੇ ਸਨ। ਉਥੇ ਉਨ੍ਹਾਂ ਨੂੰ ਕਿਸੇ ਥਾਂ ‘ਤੇ ਬਿਠਾ ਕੇ ਆਪ ਗਾਇਬ ਹੋ ਜਾਂਦੇ ਤੇ ਪਿੰਡ ਆ ਕੇ ਕਹਿ ਦਿੰਦੇ ਕਿ ਮਾਂ-ਬਾਪੂ ਤਾਂ ਗੁੰਮ ਹੋ ਗਏ। ਵਰਤਮਾਨ ਸਮੇਂ ਵੀ ਮੇਲਾ ਖਤਮ ਹੋਣ ਤੋਂ ਬਾਅਦ ਔਲਾਦ ਦੇ ਤਿਆਗੇ ਹੋਏ ਸੈਂਕੜੇ ਮੰਦ ਬੁੱਧੀ ਬਜ਼ੁਰਗ ਲਾਵਾਰਿਸ ਹਾਲਤ ਵਿੱਚ ਮਿਲ ਜਾਂਦੇ ਹਨ।
ਪ੍ਰਯਾਗਰਾਜ ਕੁੰਭ ਮੇਲਾ 2019 ਨੂੰ ਸੁਚਾਰੂ ਢੰਗ ਨਾਲ ਸਿਰੇ ਚੜ੍ਹਾਉਣ ਵਾਸਤੇ ਉੱਤਰਾਖੰਡ ਸਰਕਾਰ ਵੱਡੀ ਪੱਧਰ ‘ਤੇ ਇੰਤਜ਼ਾਮ ਕਰ ਰਹੀ ਹੈ। ਇਸ ਲਈ 50 ਅਰਬ ਰੁਪਏ ਦਾ ਬਜ਼ਟ ਰੱਖਿਆ ਗਿਆ ਹੈ। ਕਰੋਨਾ ਦੀ ਬਿਮਾਰੀ ਕਾਰਨ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਪਹੁੰਚ ਰਹੇ ਸ਼ਰਧਾਲੂਆਂ ਲਈ 2500 ਹੈਕਟੇਅਰ ਇਲਾਕੇ ਵਿੱਚ ਆਰਜ਼ੀ ਸ਼ਹਿਰ ਵਸਾਇਆ ਜਾ ਰਿਹਾ ਹੈ, ਤਿੰਨ ਲੱਖ ਆਰਜ਼ੀ ਟਾਇਲਟ ਬਣਾਏ ਜਾ ਰਹੇ ਹਨ ਅਤੇ 1000 ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਹਜ਼ਾਰਾ ਦੀ ਗਿਣਤੀ ਵਿੱਚ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਜਨਤਾ ਦੀ ਸੁਰੱਖਿਆ ਲਈ ਹਜ਼ਾਰਾਂ ਸੀ.ਸੀ.ਟੀ.ਵੀ. ਕੈਮਰੇ, ਸੈਂਕੜੇ ਡਿਸਪੈਂਸਰੀਆਂ, ਸਾਫ ਪਾਣੀ ਅਤੇ ਸਫਾਈ ਪ੍ਰਬੰਧ ਕੀਤੇ ਗਏ ਹਨ। ਮੁੱਖ ਮੰਤਰੀ ਖੁਦ ਇਨ੍ਹਾਂ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin