Articles

ਅਜੋਕੀ ਸਿਆਸਤ ਅਤੇ ਸਿਆਸਤਦਾਨ

ਲੇਖਕ: ਐਡਵੋਕੇਟ ਗਗਨਦੀਪ ਸਿੰਘ ਗੁਰਾਇਆ, ਫਤਹਿਗੜ੍ਹ ਸਾਹਿਬ

ਸਿਆਸਤ ਦਾ ਦਿਲ ਨਾਲ ਕੋਈ ਸਬੰਧ ਨਹੀਂ ਹੁੰਦਾ, ਇਹ ਦਿਮਾਗ ਨਾਲ ਕੀਤੀ ਜਾਂਦੀ ਹੈ। ਸਿਆਸਤ ਵਿੱਚ ਕੁੱਝ ਵੀ ਚਿਰ ਸਥਾਈ ਨਹੀਂ ਹੁੰਦਾ। ਜੋ ਸਵੇਰੇ ਮਿੱਤਰ ਹੁੰਦੇ ਹਨ,ਉਹ ਸ਼ਾਮ ਨੂੰ ਦੁਸ਼ਮਣ ਬਣ ਜਾਂਦੇ ਹਨ ਤੇ ਦੁਸ਼ਮਣ ਮਿੱਤਰ।ਸਿਆਸਤ ਹੁਣ ਸੇਵਾ ਲਈ ਨਹੀਂ ਕੀਤੀ ਜਾਂਦੀ।ਜੋ ਸਮਾਜ ਦੀ ਭਲਾਈ ਕਰਨਾ ਚਾਹੁੰਦਾ ਹੈ, ਉਸ ਲਈ ਸਮਾਜ ਸੇਵਾ ਦਾ ਵੱਖਰਾ ਖੇਤਰ ਹੈ।ਲੋਕਾਂ ਦੀਆਂ ਵੀ ਹੁਣ ਸਿਆਸਤਦਾਨਾਂ ਤੋਂ ਉਮੀਦਾਂ ਬਹੁਤ ਵਧ ਗਈਆਂ ਹਨ, ਜਦਕਿ ਪਹਿਲਾਂ ਲੋਕ ਨਿਸ਼ਕਾਮ ਹੁੰਦੇ ਸਨ।ਪਹਿਲਾਂ ਸਿਆਸਤਦਾਨ ਓਹੀ ਸਫ਼ਲ ਮੰਨਿਆ ਜਾਂਦਾ ਸੀ ਜੋ ਹਾਲਾਤਾਂ ਨਾਲ ਸੰਘਰਸ਼ ਕਰ ਕੇ ਰਾਜਨੀਤੀ ਵਿੱਚ ਆਇਆ ਹੋਵੇ ਪਰ ਅੱਜਕਲ੍ਹ ਇਸ ਤਰਾਂ ਨਹੀਂ ਹੈ।ਸਿਆਸਤ ਵਿੱਚ ਅਣਖ,ਇੱਜਤ, ਸ਼ਰਮ, ਜਜ਼ਬਾਤ, ਧਰਮ, ਇਖਲਾਕ, ਜ਼ੁਬਾਨ ਆਦਿ ਗੁਣਾਂ ਦੀ ਕੋਈ ਥਾਂ ਨਹੀਂ ਹੁੰਦੀ, ਕੇਵਲ ਆਪਣਾ ਮਤਲਬ ਵੇਖਿਆ ਜਾਂਦਾ ਹੈ। ਅਰਜਨ ਦੇ ਨਿਸ਼ਾਨੇ ਵਾਂਗ ਨੇਤਾ ਨੂੰ ਕੇਵਲ ਕੁਰਸੀ ਹੀ ਦਿਖਾਈ ਦਿੰਦੀ ਹੈ।ਇਸ ਨੂੰ ਹਾਸਲ ਕਰਨ ਲਈ ਉਹ ਹਰ ਜਾਇਜ਼ ਨਜਾਇਜ਼ ਸਮਝੌਤਾ ਕਰਨ ਨੂੰ ਤਿਆਰ ਰਹਿੰਦਾ ਹੈ।ਰਾਜ ਕਰਨ ਅਤੇ ਸਿਆਸਤ ਕਰਨ ਵਿੱਚ ਥੋੜ੍ਹਾ ਜਿਹਾ ਅੰਤਰ ਹੁੰਦਾ ਹੈ। ਅਕਸਰ ਧਰਮ ਅਤੇ ਭਾਵਨਾਵਾਂ ਨੂੰ ਸਿਆਸਤ ਲਈ ਵਰਤਿਆ ਜਾਂਦਾ ਹੈ।ਆਪਣੇ ਆਪ ਨੂੰ ਸੁਰਖੀਆਂ ਵਿੱਚ ਰੱਖਣਾ ਹਉਮੈਂ ਨੂੰ ਪੱਠੇ ਪਾਉਣਾ ਹੀ ਸਿਆਸਤ ਦੇ ਦਾਅ ਪੇਚ ਹਨ।ਲੀਡਰ ਕਦੇ ਹਾਰ ਕੇ ਵੀ ਆਪਣੀ ਹਾਰ ਨਹੀਂ ਮੰਨਦਾ ਤੇ ਅਗਲੀ ਬਾਜ਼ੀ ਖੇਡਣ ਲਈ ਫਿਰ ਕਮਰ ਕੱਸ ਲੈਂਦਾ ਹੈ।ਉਹ ਕਦੇ ਵੀ ਮੈਦਾਨ ‘ਚੋਂ ਬਾਹਰ ਨਹੀਂ ਹੁੰਦਾ, ਭਾਵੇਂ ਕਿੰਨੀਆਂ ਵੀ ਅਸਫਲਤਾਵਾਂ ਦਾ ਮੂੰਹ ਵੇਖਣਾ ਪਵੇ।ਸਿਆਸਤ ਵੀ ਇੱਕ ਚਸਕਾ ਹੈ।ਇਹ ਜਰੂਰੀ ਨਹੀਂ ਕਿ ਕਾਮਯਾਬ ਸਿਆਸਤਦਾਨ ਦੀ ਔਲਾਦ ਵੀ ਉਸ ਵਾਂਗ ਸਿਆਸਤ ਦੇ ਦਾਅ ਪੇਚ ਜਾਣਦੀ ਹੋਵੇ।ਪਰ ਫੇਰ ਵੀ ਹਰ ਨੇਤਾ ਆਪਣੀ ਔਲਾਦ ਨੂੰ ਆਪਣੇ ਤੋਂ ਵੱਧ ਕਾਮਯਾਬ ਹੋਇਆ ਵੇਖਣਾ ਚਾਹੁੰਦਾ ਹੈ।

ਆਪਣਿਆਂ ਦੀ ਥਾਂ ਜਦੋਂ ਦੂਜਿਆਂ ਨੂੰ ਤਾਕਤ ਅਤੇ ਨੇੜਤਾ ਦਿੱਤੀ ਜਾਂਦੀ ਹੈ ਤਾਂ ਲੀਡਰ ਆਪਣਿਆਂ ਨੂੰ ਵੀ ਗੁਆ ਲੈਂਦਾ ਹੈ। ਲੀਡਰ ਆਪਣੇ ਨੇੜਲਿਆਂ ਨੂੰ ਤਾਂ ਮੁੱਠੀ ਵਿੱਚ ਸਮਝਦਾ ਹੈ। ਇਸੇ ਭੁਲੇਖੇ ਵਿੱਚ ਦੂਸਰਿਆਂ ਉੱਤੇ ਵੀ ਡੋਰੇ ਪਾਉਣ ਦੀ ਤਾਕ ਵਿੱਚ ਰਹਿੰਦਾ ਹੈ ਜਦਕਿ ਆਪਣੀ ਮੁੱਠੀ ਵਾਲੇ ਵੀ ਬੇਗਾਨਗੀ ਦਾ ਅਹਿਸਾਸ ਕਰਦੇ ਹੋਏ ਦੂਜੇ ਦੀ ਬੁੱਕਲ ਵਿੱਚ ਜਾ ਬੈਠਦੇ ਹਨ। ਸਿਆਸਤਦਾਨ ਕਦੇ ਵੀ ਆਪਣੇ ਇਲਾਕੇ ਵਿੱਚ ਦੂਜੇ ਨੂੰ ਤਾਕਤਵਾਰ ਨਹੀਂ ਹੋਣ ਦੇਣਾ ਚਾਹੁੰਦਾ। ਇਸੇ ਲਈ ਬਰਾਬਰ ਹੋਰ ਬੰਦੇ ਪਾਲੇ ਜਾਂਦੇ ਹਨ। ਹਰ ਵਰਕਰ ਨੂੰ ਲੱਗਦਾ ਹੈ ਕਿ ਲੀਡਰ ਕੇਵਲ ਉਸ ਦੇ ਹੀ ਸਭ ਤੋਂ ਜ਼ਿਆਦਾ ਨੇੜੇ ਹੈ ਤੇ ਸਿਰਫ ਉਸ ਨਾਲ ਹੀ ਖਾਸ ਗੱਲਾਂ ਸਾਂਝੀਆਂ ਕਰਦਾ ਹੈ, ਜਦ ਕਿ ਲੀਡਰ ਦੀ ਇਹ ਖ਼ੂਬੀ ਹੁੰਦੀ ਹੈ ਕਿ ਉਹ ਹਰ ਵਰਕਰ ਨੂੰ ਇਹ ਅਹਿਸਾਸ ਜਤਾਉਂਦਾ ਹੈ ਕਿ ਜੋ ਸਾਂਝ ਤੇਰੇ ਨਾਲ ਹੈ, ਉਹ ਕਿਸੇ ਹੋਰ ਨਾਲ ਨਹੀਂ।ਵਰਕਰ ਇਸੇ ਭਰਮ ‘ਚ ਹੀ ਸਾਰੀ ਉਮਰ ਲੀਡਰ ਪਿੱਛੇ ਮਰਨ ਮਰਾਉਣ ਨੂੰ ਤਿਆਰ ਰਹਿੰਦਾ ਹੈ। ਇੱਕ ਸੱਜਣ ਨੂੰ ਇਹੀ ਭੁਲੇਖਾ ਸੀ ਕਿ ਉਸ ਦੇ ਇਲਾਕੇ ਦਾ ਫਲਾਣਾ ਲੀਡਰ ਕੇਵਲ ਉਸ ਨਾਲ ਹੀ ਆਪਣੇ ਘਰ ,ਪਰਿਵਾਰ ਅਤੇ ਦਿਲ ਦੀ ਗੱਲ ਸਾਂਝੀ ਕਰਦਾ ਹੈ, ਉਹ ਇਸ ਭੁਲੇਖੇ ਵਿੱਚ ਹੀ ਖੁਸ਼ੀ ‘ਚ ਖੀਵਾ ਹੋਇਆ ਫਿਰਦਾ ਰਹਿੰਦਾ। ਇਹੀ ਭਰਮ ਉਸ ਲੀਡਰ ਦੇ ਹੋਰ ਵਰਕਰਾਂ ਨੂੰ ਵੀ ਸੀ।ਇੱਕ ਹੋਰ ਮਸ਼ਹੂਰ ਲੀਡਰ ਦੀ ਇਹ ਖਾਸੀਅਤ ਸੀ ਕਿ ਉਸ ਕੋਲ ਉਸ ਦੇ ਕਿਸੇ ਵੀ ਵਰਕਰ ਨੇ ਆ ਕੇ ਜਦੋਂ ਕੋਈ ਖ਼ਬਰ ਦੱਸਣੀ ਤਾਂ ਲੀਡਰ ਨੇ ਉਸ ਨੂੰ ਇਹ ਜਤਾਉਣਾ ਕਿ ਉਸਨੂੰ ਸਭ ਤੋਂ ਪਹਿਲਾਂ ਤੇਰੇ ਕੋਲੋਂ ਹੀ ਇਹ ਖ਼ਬਰ ਪਤਾ ਲੱਗੀ ਹੈ।ਇਹ ਹੈਰਾਨੀਜਨਕ ਤੇ ਉਤਸੁਕਤਾ ਭਰਿਆ ਵਿਵਹਾਰ ਉਸ ਨੇ ਸਭ ਵਰਕਰਾਂ ਨਾਲ ਕਰਨਾ,ਭਾਵੇਂ ਕਿ ਉਹ ਗੱਲ ਉਸ ਨੂੰ ਹੋਰਾਂ ਵੱਲੋਂ ਕਈ ਵਾਰੀ ਦੱਸੀ ਜਾ ਚੁੱਕੀ ਹੁੰਦੀ ਸੀ।ਗੱਲ ਪਤਾ ਹੁੰਦੇ ਹੋਏ ਵੀ ਚੁੱਪ ਰਹਿ ਕੇ ਸੁਣਨਾ ਸਿਆਸਤਦਾਨ ਦਾ ਸਹਿਸਨਸ਼ੀਲਤਾ ਦੇ ਗੁਣ ਦਾ ਧਾਰਨੀ ਹੋਣ ਦਾ ਸਬੂਤ ਹੈ।ਤਰੱਕੀ ਸਿਆਸਤਦਾਨ ਕਰਦਾ ਹੈ,ਪਿਸਦਾ ਕੇਵਲ ਵਰਕਰ ਹੀ ਹੈ।ਸਿਆਸਤਦਾਨ ਦਾ ਕਦੇ ਵਾਲ਼ ਵੀ ਵਿੰਗਾ ਨਹੀਂ ਹੁੰਦਾ, ਜਦਕਿ ਵਰਕਰ ਆਪਣੇ ਲੀਡਰ ਖਾਤਰ ਸਿਰ ਧੜ ਦੀ ਬਾਜ਼ੀ ਵੀ ਲਾ ਦਿੰਦੇ ਹਨ। ਲੀਡਰ ਆਪਣੇ ਨੇੜਲਿਆਂ ਦੇ ਨਿੱਜੀ ਕੰਮ ਕਰਕੇ ਘੱਟ ਹੀ ਖ਼ੁਸ਼ ਹੁੰਦਾ ਹੈ। ਕਿਉਂਕਿ ਉਹ ਉਨਾਂ ਨੂੰ ਆਪਣੀ ਮੁੱਠੀ ਵਿੱਚ ਸਮਝਦਾ ਹੈ ਅਤੇ ਲਾਰੇ ਲਾਉਣ ਵਿੱਚ ਮਾਹਿਰ ਹੁੰਦਾ ਹੈ।
ਸਿਆਸਤਦਾਨ ਦਾ ਆਪਣਾ ਕੋਈ ਵੀ ਧਰਮ ਨਹੀਂ ਹੁੰਦਾ। ਉਹ ਮੌਕੇ ਅਨੁਸਾਰ ਦਿਨ ਵਿੱਚ ਕਈ ਵਾਰ ਧਰਮ ਬਦਲਦਾ ਹੈ। ਸਿਆਸਤਦਾਨ ਦਾ ਧਰਮ ਕੇਵਲ ਸਿਆਸਤ ਹੀ ਹੁੰਦਾ ਹੈ।ਅਕਸਰ ਸਿਆਸਤਦਾਨ ਵਹਿਮਾਂ ਭਰਮਾਂ ਦਾ ਜ਼ਿਆਦਾ ਸ਼ਿਕਾਰ ਹੁੰਦੇ ਹਨ। ਮੁੰਦਰੀਆਂ ਨਗ ਪਾਉਣੇ,ਟੇਵੇ ਲਾਉਣੇ, ਪੁੱਛਾਂ ਪੁੱਛਣੀਆਂ ਅਤੇ ਜੋਤਸ਼ੀਆਂ ਕੋਲ ਗੇੜੇ ਕੱਢਣੇ ਸਿਆਸਤਦਾਨ ਦੀ ਜ਼ਿੰਦਗੀ ਦਾ ਹਿੱਸਾ ਹਨ।
 ਸਿਆਸਤ ਘੱਟ ਬੋਲਣ ਅਤੇ ਜ਼ਿਆਦਾ ਸੁਣਨ ਦੀ ਕਲਾ ਹੈ। ਨੇਤਾ ਲੋਕ ਜ਼ੁਬਾਨ ਦਾ ਕੰਮ ਵੀ ਦਿਮਾਗ ਤੋਂ ਲੈਂਦੇ ਹਨ। ਚਾਪਲੂਸ ਅਤੇ ਚਲਾਕ ਲੋਕ ਅਕਸਰ ਨੇਤਾ ਨੂੰ ਵੀ ਵਰਤ ਲੈਂਦੇ ਹਨ। ਕਿਉਂਕਿ ਨੇਤਾ ਅਕਸਰ ਕੰਨਾਂ ਦੇ ਕੱਚੇ ਹੁੰਦੇ ਹਨ ਤੇ ਆਮ ਇਨਸਾਨਾਂ ਵਾਂਗ ਉਹ ਵੀ ਆਪਣੀ ਖੁਸ਼ਾਮਦ ਸੁਣ ਕੇ ਬਹੁਤ ਖ਼ੁਸ਼ ਹੁੰਦੇ ਹਨ।ਆਪਣੇ ਆਪ ਨੂੰ ਸੁਰਖੀਆਂ ‘ਚ ਰੱਖਣ ਲਈ ਨੇਤਾ ਨੂੰ ਕਈ ਅਡੰਬਰ ਕਰਨੇ ਪੈਂਦੇ ਹਨ। ਕੰਮ ਨੂੰ ਲਟਕਾਉਣ ਤੇ ਲਾਰੇ ਲਾਉਣ ਦੀ ਜੁਗਤ ਵਿੱਚ ਵੀ ਨੇਤਾ ਮਾਹਿਰ ਹੁੰਦੇ ਹਨ। ਅਕਸਰ ਬਹੁਤੇ ਕੰਮ ਆਪ ਮੁਹਾਰੇ ਹੀ ਹੋ ਜਾਣੇ ਹੁੰਦੇ ਹਨ, ਪਰ ਲੀਡਰ ਆਪਣੇ ਵਰਕਰ ਨੂੰ ਆਪਣੇ ਅਹਿਸਾਨ ਥੱਲੇ ਦੱਬਣ ਲਈ ਇਹ ਜਤਾ ਦਿੰਦਾ ਹੈ ਕਿ ਸਬੰਧਤ ਕੰਮ ਉਸ ਨੇ ਬਹੁਤ ਮੁਸ਼ੱਕਤ ਨਾਲ ਕੀਤਾ ਹੈ ਤੇ ਵਰਕਰ ਵਿਚਾਰਾ ਸਾਰੀ ਉਮਰ ਉਸ ਅਣਕੀਤੇ ਅਹਿਸਾਨ ਥੱਲੇ ਹੀ ਦੱਬਿਆ ਰਹਿੰਦਾ ਹੈ।ਕਿਸੇ ਹੋਰ ਲੀਡਰ ਵੱਲੋਂ ਕੀਤੇ ਕੰਮ ਨੂੰ ਆਪਣੇ ਖਾਤੇ ਵਿੱਚ ਪਾਉਣ ਦੀ ਕਲਾ ਵੀ ਸਿਆਸੀ ਬੰਦੇ ਨੂੰ ਪੂਰੀ ਰਾਸ ਆਉਂਦੀ ਹੈ।ਵਿਰੋਧੀ ਦੀ ਹਰ ਪ੍ਰਤੀਕਿਰਿਆ ਉੱਪਰ ਬਾਜ਼ ਅੱਖ ਰੱਖਣੀ  ਸਿਆਸਤਦਾਨ ਦੇ ਗੁਣਾਂ ਵਿੱਚ ਸ਼ਾਮਿਲ ਹੁੰਦਾ ਹੈ। ਇੱਕ ਸੁਘੜ ਤੇ ਸਿਆਣਾ ਨੇਤਾ ਆਪਣੇ ਦਿਲ ਦਾ ਭੇਦ ਕਿਸੇ ਨੂੰ ਨਹੀਂ ਦਿੰਦਾ ਕਿਉਂ ਕਿ ਉਹ ਜਾਣਦਾ ਹੈ ਕਿ ਸੱਜਣਾਂ ਦੇ ਵੀ ਅੱਗੇ ਸੱਜਣ ਹੁੰਦੇ ਹਨ। ਇੱਕ ਚੰਗੇ ਨੇਤਾ ਦੇ ਇੱਕ ਬੋਲ ਦੇ ਕਈ ਅਰਥ ਹੁੰਦੇ ਹਨ ਕਿਉਂਕਿ ਇੱਕ ਤੀਰ ਨਾਲ ਕਈ ਨਿਸ਼ਾਨੇ ਕਰਨੇ ਹੁੰਦੇ ਹਨ।
ਅਜੋਕੀ ਸਿਆਸਤ ਵਿੱਚ ਵਫਾ ਅਤੇ ਜ਼ੁਬਾਨ ਕੋਈ ਬਹੁਤਾ ਮਹੱਤਵ ਨਹੀਂ ਰੱਖਦੀ। ਕੇਵਲ ਆਪਣੀ ਕੁਰਸੀ ਅਤੇ ਹੋਂਦ ਬਚਾ ਕੇ ਰੱਖਣਾ ਅਤੇ ਸਿਆਸਤ ਵਿੱਚ ਬਣੇ ਰਹਿਣਾ ਹੀ ਸਿਆਣਪ ਲੱਗਦੀ ਹੈ। ਅੱਜ ਕੱਲ ਤਾਂ ਸਿਆਸਤਦਾਨਾਂ ਦੀ ਵੀ ਮੰਡੀ ਵਿੱਚ ਵਸਤਾਂ ਵਾਂਗ ਬੋਲੀ ਲੱਗਦੀ ਹੈ।ਲੀਡਰ ਆਪ ਤਾਂ ਗਿਰਗਿਟ ਵਾਂਗ ਝੱਟ ਪਾਰਟੀ ਬਦਲ ਲੈਂਦੇ ਨੇ ਤੇ  ਵਫ਼ਾਦਾਰੀ ਦੀ ਤਵੱਕੋਂ ਵਰਕਰਾਂ ਤੋਂ ਕੀਤੀ ਜਾਂਦੀ ਹੈ।ਜਿਵੇਂ ਮੱਛੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ, ਸਿਆਸਤਦਾਨ ਸਿਆਸਤ ਤੋਂ ਬਗੈਰ ਨਹੀਂ ਰਹਿ ਸਕਦਾ। ਰਾਜਨੀਤੀ ਵਿੱਚ ਸਿਰ ਤੋਲੇ ਨਹੀਂ ਜਾਂਦੇ, ਗਿਣੇ ਜਾਂਦੇ ਹਨ। ਸਿਆਸੀ ਜੋੜ ਤੋੜ ਦਾ ਦੂਜਾ ਨਾਮ ਹੀ ਸਿਆਸਤ ਹੈ।ਸਿਆਸਤਦਾਨ ਦਾ ਸ਼ਰਮ ਜਾਂ ਇੱਜ਼ਤ ਨਾਲ ਕੋਈ ਬਹੁਤਾ ਸਬੰਧ ਨਹੀਂ ਹੁੰਦਾ। ਅਕਸਰ ਜਿਹੜਾ ਸਿਆਸਤਦਾਨ ਬਹੁਤੀ ਹੱਤਕ ਜਰ ਜਾਂਦਾ ਹੈ ਉਹੀ ਸਫ਼ਲ ਹੁੰਦਾ ਹੈ। ਵੋਟਾਂ ਤੋਂ ਪਹਿਲਾਂ ਲੋਕ ਆਪਣੀ ਚਲਾਉਂਦੇ ਹਨ ਤੇ ਵੋਟਾਂ ਜਿੱਤਣ ਤੋਂ ਬਾਅਦ ਸਿਆਸਤਦਾਨ ਆਪਣੀ।ਜਨਤਾ ਬੜੀ ਭੁਲੱਕੜ ਹੁੰਦੀ ਹੈ ਤੇ ਇਸੇ ਗੱਲ ਦਾ ਫ਼ਾਇਦਾ ਲੀਡਰ ਚੁੱਕਦਾ ਹੈ।ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਇੱਕ ਤਰਾਂ ਦੇ ਲਾਰੇ ਹੀ ਹੁੰਦੇ ਹਨ।ਤਾਂ ਹੀ ਚੌਣ ਮੈਨੀਫੈਸਟੋ ਨੂੰ ਕਨੂੰਨੀ ਦਸਤਾਵੇਜ਼ ਨਹੀਂ ਬਣਨ ਦਿੱਤਾ ਜਾ ਰਿਹਾ।ਜਨਤਾ ਕੁੱਝ ਸਮਾਂ ਨੇਤਾਵਾਂ ਦੀਆਂ ਗੱਪਾਂ ਸੁਣ ਕੇ ਹੱਸਦੀ ਹੈ ਤੇ ਫੇਰ ਭੁੱਲ ਜਾਂਦੀ ਹੈ।ਸਿਆਸਤ ਦੇ ਵਿੱਚ ਸਿਆਸਤਦਾਨ ਦੀ ਹਾਲਤ ਊਠ ਦੇ ਬੁੱਲ ਵਰਗੀ ਹੁੰਦੀ ਹੈ। ਕਈ ਵਾਰੀ ਸਾਰੀ ਉਮਰ ਆਪਣੇ ਆਕਾ ਕੋਲੋਂ ਟਿਕਟ ਮਿਲਣ ਦੀ ਆਸ, ਵਜ਼ੀਰੀ ਮਿਲਣ ਦੀ ਆਸ, ਅਤੇ ਹੋਰ ਆਸਾਂ ਵਿੱਚ ਹੀ ਉਮਰ ਲੰਘ ਜਾਂਦੀ ਹੈ। ਪਹਿਲਾਂ ਸਿਆਸਤ ਮਿਹਨਤ ਤੇ ਹੋਰ ਗੁਣਾਂ ਨਾਲ ਹੁੰਦੀ ਸੀ ਪਰ ਹੁਣ ਪੈਸਿਆਂ ਨਾਲ ਹੁੰਦੀ ਹੈ। ਕਾਰਪੋਰੇਟ ਜਗਤ ਵਾਂਗ ਇੱਥੇ ਵੀ ਖ਼ਰੀਦ ਵੇਚ ਦਾ ਕੰਮ ਵੱਡੇ ਪੱਧਰ ਤੇ ਚੱਲਦਾ ਹੈ।ਸਿਆਸਤ ਹੁਣ ਇੰਡਸਟਰੀ ਬਣ ਚੁੱਕੀ ਹੈ। ਅੱਜ ਕੱਲ੍ਹ ਲੋਕ ਵੀ ਸਿਆਣੇ ਹੋ ਗਏ ਹਨ। ਉਹ ਨੇਤਾ ਨੂੰ ਵਰਤਣਾ ਜਾਣਦੇ ਹਨ ਤੇ ਨੇਤਾ ਲੋਕਾਂ ਨੂੰ,ਬੱਸ ਦਾਅ ਲੱਗਣ ਦੀ ਗੱਲ ਹੈ। ਹੁਣ ਤਾਂ ਅਫਸਰਸ਼ਾਹੀ ਵੀ ਸਿਆਸਤ ਵਿੱਚ ਆਉਣ ਨੂੰ ਕਾਹਲੀ ਹੋਈ ਪਈ ਹੈ। ਘਰਾਂ ਵਿੱਚ ਵੀ ਕਿਸੇ ਨਾ ਕਿਸੇ ਰੂਪ ਵਿੱਚ ਸਿਆਸਤ ਹੁਣ ਰਿਸ਼ਤਿਆਂ ਉੱਪਰ ਹਾਵੀ ਹੋਣ ਲੱਗ ਪਈ ਹੈ। ਹਰ ਰਿਸ਼ਤੇ ਨਾਤੇ ਵਿੱਚ ਸੂਖਮ ਰੂਪ ਵਿੱਚ ਸਿਆਸਤ ਦੇ ਲੱਛਣ ਅਕਸਰ ਪਾਏ ਜਾਂਦੇ ਹਨ।ਭਾਵੇਂ ਓਹ ਨੂੰਹ ਤੇ ਸੱਸ ਦਰਮਿਆਨ ਹੋਵੇ,ਨਨਾਣ ਤੇ ਭਰਜਾਈ ਵਿਚਾਲੇ,ਪਿਓ ਤੇ ਪੁੱਤਰ ਦਰਮਿਆਨ ਜਾਂ ਕਿਸੇ ਵੀ ਹੋਰ ਰਿਸ਼ਤੇ ਵਿੱਚ। ਸਿਆਸਤ ਵਪਾਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਬਿਨਾਂ ਕਿਸੇ ਠੋਸ ਗੱਲ ਤੋਂ ਵਿਰੋਧੀ ਧਿਰ ਨੂੰ ਭੰਡਣਾ,ਕੋਈ ਵੀ ਸਮਾਜਿਕ ਹਿੱਤ ਦਾ ਕਾਰਜ ਸਿਰੇ ਨਾ ਚੜ੍ਹਨ ਦੇਣਾ ਅਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਉਸਾਰੂ ਕੰਮਾਂ ਵਿੱਚ ਵੀ ਅੜਿੱਕੇ ਡਾਹੁਣੇ ਆਦਿ ਰਾਜਨੀਤੀ ਵਿੱਚੋਂ ਕਦਰਾਂ ਕੀਮਤਾਂ ਮਨਫ਼ੀ ਹੋਣ ਦੇ ਸਬੂਤ ਹਨ।ਚੰਗੀਆਂ ਕਦਰਾਂ ਕੀਮਤਾਂ ਦੇ ਉੱਪਰ ਸਿਆਸਤ ਦਾ ਭਾਰੂ ਹੋਣਾ ਸਮਾਜ ਵਿੱਚ ਵੱਡਾ ਨਿਘਾਰ ਦਾ ਕਾਰਨ ਬਣਦਾ ਜਾ ਰਿਹਾ ਹੈ।ਇਹ ਵੀ ਇੱਕ ਭਰਮ ਹੀ ਹੁੰਦਾ ਹੈ ਕਿ ਸਿਆਸਤਦਾਨ ਸਕੂਨ ਦੀ ਜ਼ਿੰਦਗੀ ਜੀ ਰਿਹਾ ਹੈ। ਆਪਣੀ ਹੋਂਦ ਨੂੰ ਬਚਾ ਕੇ ਰੱਖਣ ਦਾ ਡਰ ਨੇਤਾ ਨੂੰ ਚੈਨ ਨਾਲ ਸੌਣ ਨਹੀਂ ਦਿੰਦਾ।ਅਕਸਰ ਬਰਾਬਰ ਦੇ ਸਿਆਸਤਦਾਨ ਆਪਣੇ ਆਕਾ ਨਾਲ ਤਸਵੀਰਾਂ ਖਿਚਵਾਉਣ ਖਾਤਰ ਹੀ ਗੁੱਥਮ ਗੁੱਥੀ ਹੋਏ ਹੁੰਦੇ ਰਹਿੰਦੇ ਹਨ।ਸਿਆਸਤ ਹਰ ਸਮੇਂ ਭਖਦਾ ਮੁੱਦਾ ਹੀ ਲੱਭਦੀ ਹੈ।ਅਕਸਰ ਅਹਿਮ ਮੁੱਦਿਆਂ ਨੂੰ ਦਬਾਉਣ ਵਾਸਤੇ ਕੋਈ ਹੋਰ ਭੜਕਾਊ ਮੁੱਦਾ ਉਛਾਲ ਦਿੱਤਾ ਜਾਂਦਾ ਹੈ।ਪਿਸਦੀ ਹਮੇਸ਼ਾਂ ਜਨਤਾ ਹੈ ਤੇ ਸਿਆਸਤ ਬਾਦਸਤੂਰ ਜਾਰੀ ਰਹਿੰਦੀ ਹੈ।ਜਰੂਰੀ ਨਹੀਂ ਕਿ ਸਿਆਸਤ ਵਿੱਚ ਹਰ ਕਿਸੇ ਨੂੰ ਲਾਭ ਹੀ ਹੁੰਦੈ, ਉੱਜੜਦੇ ਵੀ ਬਹੁਤ ਨੇ।ਬਹੁਤ ਹਨ ਜੋ ਸਿਆਸਤ ਕਰਦੇ ਕੰਗਾਲ ਹੋ ਗਏ, ਹੱਥ ਪੱਲੇ ਵੀ ਕੁੱਝ ਨਹੀਂ ਪਿਆ ਤੇ ਕੱਖੋਂ ਹੌਲੇ ਹੋ ਗਏ।ਏਦਾਂ ਦੇ ਲੋਕ ਫੋਕੀ ਟੋਅਰ ਦੀ ਖਾਤਰ ਤੇ ਸਮਾਜ ਦੇ ਤਾਅਨੇ ਮੇਹਣਿਆਂ ਦੇ ਡਰੋਂ ਘਰ ਵੀ ਨਾ ਮੁੜ ਸਕੇ ਤੇ ਰਾਜਨੀਤੀ ਦੇ ਮਹਾਂਰਥੀਆਂ ਨੇ ਸਿਆਸਤ ਵਿੱਚ ਵੀ ਉਹਨਾਂ ਦੇ ਪੈਰ ਨਾ ਲੱਗਣ ਦਿੱਤੇ।
‘ਕੋਈ ਹਰਿਯੋ ਬੂਟ ਰਹਿਓ ਰੀ’ ਵਾਂਗ ਅੱਜ ਦੇ ਇਸ ਗੰਧਲੇ ਮਾਹੌਲ ਵਿੱਚ ਵੀ ਕੁੱਝ ਉਂਗਲਾਂ ਤੇ ਗਿਣਨ ਜੋਗੇ ਸਿਆਸਤਦਾਨ ਹਨ ਜੋ ਆਪਣਾ ਦਾਮਨ ਪਾਕ ਰੱਖ ਕੇ ਸਮਾਜ ਦੀ ਸਹੀ ਮਾਅਨਿਆਂ ‘ਚ ਸਿਆਸਤ ਰਾਹੀਂ ਸੇਵਾ ਕਰ ਰਹੇ ਹਨ ਪਰ ਮੌਜੂਦਾ ਘਟੀਆ ਸਿਸਟਮ ਵਿੱਚ ਹਵਾ ਦੇ ਰੁੱਖ ਦੇ ਉਲਟ ਜਾ ਕੇ ਕੰਮ ਕਰਨਾ ਬੜਾ ਜ਼ੋਖਮ ਭਰਿਆ ਕਾਰਜ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin