Articles

ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਵਿਗੜਕੇ ਬਣਿਆ ਕੁੱਕੜ ਕਲੇਸ਼ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਪਿਛਲੇ ਲੰਮੇ ਸਮੇਂ ਤੋਂ ਪੰਜਾਬ ਕਾਂਗਰਸ ਵਿੱਚ ਚੱਲ ਰਿਹਾ ਕਾਟੋ ਕਲੇਸ਼ ਜਿਉਂ ਜਿਉਂ ਪੰਜਾਬ ਵਿਧਾਨ ਸਭਾ ਦੀਆ ਚੋਣਾਂ ਨੇੜੇ ਆ ਰਹੀਆ ਹਨ, ਕਾਟੋ ਕਲੇਸ਼ ਤੋ ਵਿਗੜਕੇ ਕੁੱਕੜ ਕਲੇਸ਼ ਬਣਦਾ ਜਾ ਰਿਹਾ ਹੈ । ਪੰਜਾਬ ਤੋ ਵਾਇਆ ਚੰਡੀਗੜ੍ਹ ਹੁੰਦਿਆਂ, ਤਿੰਨ ਮੈਂਬਰੀ ਕਲੇਸ਼ ਸੁਲਝਾਊ ਕਮੇਟੀ ਦੀ ਮਾਰਫਤ ਦਿੱਲੀ ਹਾਈ ਕਮਾਂਡ ਕੋਲ ਪਹੁੰਚਿਆ ਇਹ ਕਲੇਸ਼ ਅਜੇ ਤੱਕ ਸੁਲਝਿਆ ਨਹੀਂ, ਕਿ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਅਤੇ ਪਾਂਡੇ ਦੇ ਮੁੰਡਿਆਂ ਨੂੰ ਸਰਕਾਰੀ ਨੌਕਰੀਆਂ ਦਾ ਐਲਾਨ ਕਰਕੇ ਜਿੱਥੇ ਅੰਨ੍ਹਾਂ ਵੰਡੇ ਰੇਵੜੀਆਂ ਮੁੜ ਮੁੜ ਆਪਣਿਆ ਨੂੰ ਵਾਲੀ ਕਵਾਇਦ ਦਾ ਦੁਹਰਾ ਕੀਤਾ ਹੈ ਉੱਥੇ ਇਸ ਦੇ ਨਾਲ ਹੀ ਇਸ ਮਸਲੇ ‘ਤੇ ਇਕ ਹੋਰ ਨਵੇਂ ਕਲੇਸ਼ ਵੀ ਸਹੇੜ ਲਿਆ ਹੈ । ਇਹਨਾਂ ਦੋ ਨਿਯੁਕਤੀਆਂ ਦਾ ਜਿੱਥੇ ਸ਼ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵੱਲੋਂ ਤਕੜਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਕਾਂਗਰਸ ਪ੍ਰਧਾਨ ਸ਼ੁਨੀਲ ਜਾਖੜ, ਰਾਜਾ ਵੜਿੰਗ, ਕੁਲਜੀਤ ਸਿੰਘ ਨਾਗਰਾ ਤੇ ਬੀਬੀ ਨਵਜੋਤ ਕੌਰ ਸਿੱਧੂ ਵੱਲੋਂ ਵੀ ਤਿੱਖਾ ਵਿਰੋਧ ਦਰਜ ਕਰਾਇਆ ਜਾ ਰਿਹਾ ਹੈ ਤੇ ਭਾਜਪਾ ਦਾ ਜਨਰਲ ਸਕੱਤਰ ਤਰੁਣ ਚੁੱਘ ਇਸ ਨੂੰ ਵਿਧਾਇਕਾਂ ਦੀ ਖਰੀਦੋ ਫ਼ਰੋਖ਼ਤ ਮੰਨ ਰਿਹਾ ਹੈ । ਵਿਧਾਨ ਸਭਾ ਚੋਣਾਂ ਦੇ ਨੇੜੇ ਆਉਣ ਕਾਰਨ ਤਰਸ ਦੇ ਅਧਾਰ ‘ਤੇ ਦਿੱਤੀਆਂ ਗਈਆਂ ਇਹਨਾਂ ਉਕਤ ਦੋ ਨੌਕਰੀਆਂ ਦੀ ਸਖ਼ਤ ਨਿੰਦਾ ਕਰਦਿਆਂ ਤਰੁਣ ਚੁੱਘ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਅੱਤਵਾਦ ਵੇਲੇ 35000 ਦੇ ਲਗਭਗ ਕੀਮਤੀ ਜਾਨਾਂ ਗਈਆ, ਜੇਕਰ ਤਰਸ ਦੇ ਅਧਾਰ ‘ਤੇ ਨੌਕਰੀਆ ਦੇਣੀਆ ਸਨ ਤਾਂ ਫਿਰ ਉਹਨਾਂ ਪੈਂਤੀ ਹਜ਼ਾਰ ਲੋਕਾਂ ਦੇ ਵਾਰਿਸਾਂ ਨੂੰ ਵੀ ਨੌਕਰੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ । ਇਸ ਦੇ ਨਾਲ ਹੀ ਪੰਜਾਬ ਵਿਚਲੇ ਪੰਜ ਕੁ ਲੱਖ ਉਚ ਵਿੱਦਿਆ ਪ੍ਰਾਪਤ ਬੇਰੁਜ਼ਗਾਰਾਂ ਨੂੰ ਵੀ ਨੌਕਰੀਆਂ ਦੇਣ ਦੀ ਅਵਾਜ ਵੀ ਹੁਣ ਉੱਚੀ ਸੁਰ ਚ ਉਠਣ ਲੱਗੀ ਹੈ । ਰੁਜ਼ਗਾਰ ਮੰਗਦੇ, ਬੇਰੁਜ਼ਗਾਰ ਅਧਿਆਪਕਾਂ ਦੀ ਕੁੱਟ-ਮਾਰ ਬੰਦ ਕਰਕੇ ਉਹਨਾਂ ਵੀ ਬਣਦੀਆਂ ਨੌਕਰੀਆਂ ਦੇਣ ਦੀ ਅਵਾਜ ਬੁਲੰਦ ਹੋ ਰਹੀ ਹੈ । ਕੈਪਟਨ ਅਮਰਿੰਦਰ ਸਿੰਘ ਨੂੰ ਘਰ ਘਰ ਨੌਕਰੀ ਦੇਣ ਦਾ ਪਿਛਲੀਆਂ ਚੋਣਾਂ ਦੌਰਾਨ ਕੀਤਾ ਗਿਆ ਮੈਨੀਫੈਸਟੋ ਵਿਚਲਾ ਵਾਅਦਾ ਵੀ ਯਾਦ ਕਰਵਾਇਆਂ ਜਾ ਰਿਹਾ ਹੈ । ਇਸੇ ਤਰਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਰੱਜਿਆ ਨੂੰ ਹੋਰ ਰਜਾਉਣ ਦੀ ਬਜਾਏ ਲੋੜਵੰਦਾਂ ਨੂੰ ਸਰਕਾਰੀ ਨੌਕਰੀਆ ਦਿੱਤੀਆਂ ਜਾਣ ਤਾਂ ਬਹੁਤ ਚੰਗਾ ਰਹੇਗਾ । ਪੰਜਾਬ ਕਾਂਗਰਸ ਦੇ ਅੰਦਰੋਂ ਹੀ ਇਹਨਾਂ ਨਿਯੁਕਤੀਆ ਨੂੰ ਤੁਰੰਤ ਰੱਦ ਕਰਨ ਦੀ ਮੰਗ ਵੀ ਉਠ ਰਹੀ ਹੈ ਤੇ ਨੌਕਰੀਆਂ ਪ੍ਰਾਪਤ ਕਰਨ ਵਾਲਿਆਂ ਨੂੰ ਨੈਤਿਕ ਅਧਾਰ ‘ਤੇ ਇਹਨਾ ਦੋਹਾਂ ਨੌਕਰੀਆਂ ਨੂੰ ਅਸਵੀਕਾਰ ਕਰਨ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ । ਉਧਰ ਬਿਕਰਮ ਸਿੰਘ ਮਜੀਠੀਆਂ ਨੇ ਇਸੇ ਅਧਾਰ ‘ਤੇ ਕੈਪਟਨ ਸਰਕਾਰ ਨੂੰ ਡਿਸਮਿਸ ਕਰਨ ਦੀ ਪੰਜਾਬ ਦੇ ਗਵਰਨਰ ਕੋਲੋਂ ਮੰਗ ਕੀਤੀ ਹੈ ।
ਇਸੇ ਤਰਾਂ ਕਈ ਦਿਨਾਂ ਤੋਂ ਕਾਂਗਰਸ ਦੀ ਖਾਨਾਜੰਗੀ ਸੰਬੰਧੀ ਪੋਸਟਰ ਵਾਰ ਵੀ ਚੱਲ ਰਹੀ ਹੈ । ਇਸ ਪੋਸਟਰ ਸਿਆਸਤ ਵਿੱਚ ਕਿਧਰੇ ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ ਤੇ ਕਿਧਰੇ ਸ਼ੁਨੀਲ ਜਾਖੜ ਨੂੰ ਹੀਰੋ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਜਿਸ ਨੂੰ ਡਾ: ਰਾਜ ਕੁਮਾਰ ਵੇਰਕਾ ਬੇਸ਼ਰਮਾਂ ਦੀ ਦਾਲ ਡੋਹਲਕੇ ਖਾਣ ਵਾਲੀ ਗੱਲ ਵਾਂਗ ਪਾਰਟੀਵਾਸਕੇ ਇਕ ਬਹੁਤ ਚੰਗੀ ਗੱਲ ਮੰਨ ਰਿਹਾ ਹੈ ।
ਪ੍ਰਤਾਪ ਸਿੰਘ ਬਾਜਵਾ ਜੋ ਕਾਫ਼ੀ ਸਮੇਂ ਤੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਮੋਰਚਾ ਖੋਹਲੀ ਬੈਠਾ ਸੀ, ਹੁਣ ਆਪਣੇ ਮੁੰਡੇ ਨੂੰ ਕੈਪਟਨ ਵੱਲੋਂ ਪੁਲਿਸ ਇੰਸਪੈਕਟਰ ਦੀ ਨੌਕਰੀ ਦਿੱਤੀ ਜਾਣ ਕਰਕੇ, ਮੱਠੇ ਸੁਰ ‘ਚ ਹੌਲੀ ਹੌਲੀ ਯੂ ਟਰਨ ਲੈਣ ਵੱਲ ਵਧਦਾ ਜਾ ਰਿਹਾ ਨਜ਼ਰ ਆ ਰਿਹਾ ਹੈ ਹਾਲਾਂ ਕਿ ਕੈਪਟਨ ਨੇ ਪ੍ਰਤਾਪ ਬਾਜਵਾ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵੇਲੇ ਬਿਲਕੁਲ ਵੀ ਸਹਿਯੋਗ ਨਹੀਂ ਦਿੱਤਾ ਸੀ । ਸ਼ਮਸ਼ੇਰ ਸਿੰਘ ਦੂਲੋ ਜੋ ਕਿ ਬਾਜਵਾ ਵਾਂਗ ਹੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਹਨ, ਕਾਫ਼ੀ ਸਮਾਂ ਮੋਨ ਧਾਰਨ ਤੋ ਬਾਅਦ ਇਕ ਵਾਰ ਫੇਰ ਬਿਆਨਬਾਜੀ ਕਰਨ ਦੀ ਮੁੜ ਫ਼ੌਰਮ ਵਿੱਚ ਆਏ ਹਨ । ਉਹ ਪੰਜਾਬ ਦੇ ਦਲਿਤਾਂ ਦੇ ਹੱਕ ਚ ਹਾਅ ਦਾ ਨਾਅਰਾ ਮਾਰਦੇ ਹੋਏ, ਕੈਪਟਨ ਸਰਕਾਰ ਦਾ ਵਿਰੋਧ ਕਰ ਰਹੇ ਹਨ ਤੇ ਨਾਲ ਹੀ ਪੰਜਾਬ ਦੇ ਦਲਿਤਾਂ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਚ ਪਾਰਟੀ ਦੇ ਹੱਕ ਚ ਭੁਗਤਾਉਣ ਦਾ ਮਾਹੌਲ ਬਣਾ ਰਹੇ ਹਨ ਤਾਂ ਕਿ ਬਸਪਾ ਅਕਾਲੀ ਗਠਜੋੜ ਨੂੰ ਪੂਰੀ ਤਰਾਂ ਫ਼ੇਲ੍ਹ ਕੀਤਾ ਜਾ ਸਕੇ ।
ਕੈਪਟਨ ਅਮਰਿੰਦਰ ਸਿੰਘ ਹੁਣ ਸਾਢੇ ਕੁ ਚਾਰ ਸਾਲ ਦੇ ਲੰਮੇ ਅਰਸੇ ਤੋਂ ਆਪਂਣੀ ਕੁੰਭਕਰਨੀ ਨੀਂਦੋ ਜਾਗੋ ਹਨ, ਉਹ ਵਿਅਕਤੀ ਜੋ ਕਦੇ ਆਮ ਆਦਮੀ ਤਾਂ ਕੀ ਬਲਕਿ ਆਪਣੇ ਵਿਧਾਇਕਾਂ ਤੇ ਮੰਤਰੀਆਂ ਨੂੰ ਨਹੀਂ ਸੀ ਮਿਲਦਾ, ਹੁਣ ਮੰਤਰੀਆਂ ਤੇ ਵਿਧਾਇਕਾਂ ਨਾਲ ਮੀਟਿੰਗਾਂ ਕਰ ਰਿਹਾ ਹੈ । ਘਰੋ ਬਾਹਰ ਨਿਕਲਕੇ ਖ਼ੁਸ਼ੀ ਗ਼ਮੀ ਦੇ ਸਮਾਗਮਾਂ ਚ ਸ਼ਾਮਿਲ ਹੋ ਰਿਹਾ ਹੈ, ਵੱਡੇ ਵੱਡੇ ਐਲਾਨ ਕਰ ਰਿਹਾ ਹੈ । ਕਹਿਣ ਦਾ ਭਾਵ ਪੰਜਾਬ ਕਾਂਗਰਸ ਵਿੱਚ ਕੁਰਸੀ ਪ੍ਰਾਪਤੀ ਵਾਸਤੇ ਨਾਚ ਇਸ ਵੇਲੇ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ ਤੇ ਪੰਜਾਬ ਕਾਂਗਰਸ ਦੇ ਸਭਨਾਂ ਧੜਿਆਂ ਦਾ ਜ਼ੋਰ ਇਸ ਵੇਲੇ ਪੰਜਾਬ ਦੇ ਬਾਕੀ ਅਹਿਮ ਮੁੱਦਿਆਂ ਨੂੰ ਵਿਸਾਰਕੇ ਸਿਰਫ ਤੇ ਸਿਰਫ ਕੁਰਸੀ ਦੰਗਲ਼ ਵੱਲ ਲੱਗਿਆ ਹੋਇਆ ਹੈ ।
ਪੰਜਾਬ ਸਰਕਾਰ ਚ ਕਿਸੇ ਵੱਡੇ ਫੇਰ ਬਦਲ ਦੀਆ ਕਨਸੋਆਂ ਵੀ ਆ ਰਹੀਆ ਹਨ । ਹਾਈ ਕਮਾਂਡ ਨੇ ਨਵਜੋਤ ਸਿੰਘ ਸਿੱਧੂ ਨੂੰ ਚੁੱਪ ਰਹਿਣ ਵਾਸਤੇ ਕਿਹਾ ਹੈ , 22 ਜੂਨ ਨੂੰ ਬੀਬੀ ਸੋਨੀਆਂ ਗਾਂਧੀ ਨੇ ਸਿੱਧੂ ਤੇ ਕੈਪਟਨ ਨੂੰ ਦਿੱਲੀ ਤਲਬ ਕੀਤਾ ਹੈ । ਕਾਂਗਰਸ ਹਾਈ ਕਮਾਂਡ ਵੱਲੋਂ ਕੀਤੀ ਜਾ ਰਹੀ ਇਸ ਸਾਰੀ ਸਰਗਰਮੀ ਤੋਂ ਇਕ ਗੱਲ ਤਾਂ ਸਾਫ ਹੋ ਜਾਂਦੀ ਹੈ ਕਿ ਪੰਜਾਬ ਕਾਂਗਰਸ ਅੰਦਰੂਨੀ ਕਲਾ ਕਲੰਦਰ ਦੀ ਬੁਰੀ ਤਰਾਂ ਸ਼ਿਕਾਰ ਹੈ ਜਿਸ ਤੋ ਕਾਂਗਰਸ ਦੀ ਹਾਈ ਕਮਾਂਡ ਬੇਹੱਦ ਚਿੰਤਤ ਹੈ । ਹਾਈ ਕਮਾਂਡ ਨੂੰ ਇਹ ਸਮਝ ਵੀ ਆ ਚੁੱਕੀ ਹੈ ਕਿ ਪਿਛਲੀਆਂ ਚੋਣਾਂ ਵੇਲੇ ਕੀਤੇ ਵਾਅਦੇ ਪੂਰੇ ਨਾ ਕੀਤੇ ਜਾ ਸਕਣ ਕਾਰਨ ਇਸ ਵਾਰ ਕਾਂਗਰਸ ਦੇ ਪੰਜਾਬ ਚ ਪੈਰ ਲੱਗਣੇ ਬਹੁਤ ਮੁਸ਼ਕਲ ਹਨ ਜਿਸ ਕਰਕੇ ਪਾਰਟੀ ਦੀ ਖੇਤਰੀ ਲੀਡਰਸ਼ਿਪ ਚ ਵੱਡੇ ਫੇਰ ਬਦਲ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਤਾਂ ਕਿ ਅਗਾਮੀ ਵਿਧਾਨ ਸਭਾ ਚੋਣਾਂ ਤੋ ਪਹਿਲਾਂ ਪਹਿਲਾਂ ਪਾਰਟੀ ਦਾ ਰਸੂਖ਼ ਮੁੜ ਤੋਂ ਬਹਾਲ ਕਰਨ ਦੀ ਚਾਰਾਜੋਈ ਕੀਤੀ ਜਾ ਸਕੇ ।
ਸਮੁੱਚੇ ਤੌਰ ਤੇ ਇਸ ਵੇਲੇ ਪੰਜਾਬ ਕਾਂਗਰਸ ਦੇ ਹਾਲਾਤ ਇਹ ਬਣੇ ਹੋਏ ਹਨ ਕਿ ਪਾਰਟੀ ਵਿੱਚ ਧੜੇਬਾਜ਼ੀ ਬਹੁਤ ਮਜ਼ਬੂਤ ਹੋ ਚੁੱਕੀ ਹੈ, ਕੈਪਟਨ ਅਮਰਿੰਦਰ ਸਿੰਘ, ਇਕ ਮੁੱਖ ਮੰਤਰੀ ਵਜੋਂ ਬਾਕੀ ਮੰਤਰੀਆਂ ਤੇ ਵਿਧਾਇਕਾਂ ਨਾਲ ਸਲਾਹ ਮਸ਼ਵਰਾ ਕਰਨ ਦੀ ਬਜਾਏ ਤਾਨਾਸ਼ਾਹੀ ਫ਼ੈਸਲੇ ਲਈ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਇਕ ਤੋ ਬਾਅਦ ਇਕ ਗਲਤ ਫੈਸਲਾ ਲੈ ਕੇ ਪੰਜਾਬ ਕਾਂਗਰਸ ਦਾ ਬੇੜਾ ਡੋਬਣ ਚ ਲੱਗਾ ਹੋਇਆ ਹੈ । ਮੌਜੂਦਾ ਹਾਲਾਤਾਂ ਦੇ ਮੱਦੇਨਜਰ ਪੰਜਾਬ ਕਾਂਗਰਸ ਚ ਫੇਰਬਦਲ ਕਰਨਾ ਇਸ ਵੇਲੇ ਹਾਈ ਕਮਾਂਡ ਦੀ ਬਹੁਤ ਵੱਡੀ ਮਜਬੂਰੀ ਵੀ ਹੈ ਤੇ ਜੌਖਮ ਭਰਿਆ ਕਾਰਜ ਵੀ । ਹਾਈ ਕਮਾਂਡ ਇਹ ਉਕਤ ਫੈਸਲਾ ਵੱਖੀ ਕੋਲ ਰੱਖਕੇ ਦੇਸੀ ਪਿਸਤੌਲ ਚਲਾਉਣ ਵਰਗਾ ਹੋਵੇਗਾ ਜੋ ਅੱਗੇ ਵੱਲ ਵੀ ਚੱਲ ਸਕਦਾ ਹੈ ਤੇ ਪਿੱਛੇ ਵੱਲ ਵੀ । ਜੇਕਰ ਪਾਰਟੀ ਚ ਫੇਰਬਦਲ ਸੁਲਝੇ ਹੋਏ ਢੰਗ ਨਾਲ ਕੀਤਾ ਗਿਆ ਤਾਂ ਨਤੀਜੇ ਬਹੁਤ ਚੰਗੇ ਹੋ ਸਕਦੇ ਹਨ ਨਹੀਂ ਤਾਂ ਪੰਜਾਬ ‘ਚੋਂ ਕਾਂਗਰਸ ਦਾ ਸਫਾਇਆ ਵੀ ਹੋ ਸਕਦਾ ਹੈ । ਹੁਣ ਦੇਖਣਾ ਹੋਵੇਗਾ ਕਿ 22 ਜੂਨ ਨੂੰ ਬੀਬੀ ਸੋਨੀਆ ਆਪਣੇ ਪਟਾਰੇ ਵਿੱਚੋਂ ਕਿਹੜਾ ਅਲਾਦੀਨ ਦਾ ਚਿਰਾਗ਼ ਜਾਂ ਫੰਨ੍ਹੀਅਰ ਸੱਪ ਕੱਢਦੀ ਹੈ ਜੋ ਪੰਜਾਬ ਕਾਂਗਰਸ ਵਿੱਚ ਪਏ ਫੁੱਟ ਦੇ ਭੜਥੂ ਕਾਰਨ ਪੈਦਾ ਹੋਏ ਕੁੱਕੜ ਕਲੇਸ਼ ਨੂੰ ਵਿਰਾਮ ਚਿੰਨ ਲਗਾਉਂਦਾ ਹੈ ਜਾਂ ਰਫੂ ਕਰਕੇ ਪਾਰਟੀ ਨੂੰ ਨਵੀਆ ਲੀਹਾਂ ‘ਤੇ ਪਾਉਂਦਾ ਹੈ, ਪਰ ਹਾਲ ਦੀ ਘੜੀ ਇਹ ਕੁੱਕੜ ਕਲੇਸ਼ ਨਿਰੰਤਰ ਵਧਦਾ ਵੀ ਜਾ ਰਿਹਾ ਹੈ ਤੇ ਵਿਗੜਦਾ ਵੀ ਜਾ ਰਿਹਾ ਹੈ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin