Literature

ਸਹਿਜ ਸੁਰ ਅਲਾਪਦੀ ਕਵਿਤਾ:ਚੁੱਪ ਦੇ ਬਹਾਨੇ (ਮਲਵਿੰਦਰ)

ਲੇਖਕ: ਡਾ. ਪ੍ਰਿਤਪਾਲ ਸਿੰਘ, ਮਹਿਰੋਕ

ਪੁਸਤਕ : ਚੁੱਪ ਦੇ ਬਹਾਨੇ
ਕਵੀ    : ਮਲਵਿੰਦਰ
ਸੰਪਾਦਕ: ਸਰਬਜੀਤ ਸਿੰਘ ਸੰਧੂ
ਪ੍ਰਕਾਸ਼ਕ   : ਲੋਕਗੀਤ ਪ੍ਰਕਾਸ਼ਨ,ਮੋਹਾਲੀ
ਮੁੱਲ : 225 ਰੁਪਏ ,  ਪੰਨੇ : 96
‘ਚੁੱਪ ਦੇ ਬਹਾਨੇ’ ਨਾਲ ਮਲਵਿੰਦਰ ਆਪਣੀ ਅੱਠਵੀਂ ਕਾਵਿ ਪੁਸਤਕ ਲੈ ਕੇ ਹਾਜ਼ਰ ਹੁੰਦਾ ਹੈ। ਪੰਜਾਬੀ ਵਿੱਚ ਰਚੀ ਜਾ ਰਹੀ ਮਿਆਰੀ ਕਵਿਤਾ ਦੇ ਹਾਣ ਦੀ ਕਵਿਤਾ ਦੀ ਰਚਨਾ ਕਰਨ ਦੇ ਨਾਲ-ਨਾਲ ਉਹ ਹਾਇਕੂ ਵੀ ਰਚਦਾ ਹੈ, ਬਾਲ ਕਵਿਤਾਵਾਂ ਦੀ ਸਿਰਜਣਾ ਵੀ ਕਰਦਾ ਹੈ, ਸਾਹਿਤ ਸਮੀਖਿਆ ਕਰਨ ਦਾ ਸ਼ੌਕ ਵੀ ਉਸਨੇ ਪਾਲ਼ਿਆ ਹੈ, ਨਿਬੰਧ ਵੀ ਲਿਖਦਾ ਰਹਿੰਦਾ ਹੈ,ਸੰਪਾਦਨ ਕਾਰਜ ਵੀ ਉਸਨੇ ਕੀਤਾ ਹੈ,ਲੇਖਕਾਂ ਨਾਲ ਮੁਲਕਾਤਾਂ ਕਰਨ ਦਾ ਸਿਲਸਿਲਾ ਵੀ ਉਹ ਤੋਰੀ ਰੱਖਦਾ ਹੈ ਤੇ ਹੋਰ ਵੀ ਕਈ ਕੁਝ ਰਚਦਿਆਂ ਹੁਣ ਉਹ ਕੁੱਲ ਵਕਤੀ ਲੇਖਕ ਵਜੋਂ ਆਪਣੀ ਵਿਸ਼ੇਸ਼ ਪਛਾਣ ਰੱਖਦਾ ਹੈ। ਪਿਛਲੇ ਕੁਝ ਵਰ੍ਹਿਆਂ ਤੋਂ ਪੰਜਾਬੀ ਦੇ ਨਾਮਵਰ ਕਵੀ ਲੰਮੀ ਕਵਿਤਾ ਲਿਖਣ ‘ਤੇ ਕਲਮ ਅਜ਼ਮਾਈ ਕਰਨ ਲੱਗੇ ਹਨ ਤਾਂ ਮਲਵਿੰਦਰ ਵੀ ਲੰਮੀ ਕਵਿਤਾ ਲਿਖਣ ਦੇ ਅਭਿਆਸ ਵਿੱਚ ਜੁਟ ਜਾਂਦਾ ਹੈ ਤੇ ਪ੍ਰਤੀਫਲ ਵਜੋਂ ਉਹ ਆਪਣੀ ਨਵੀਂ ਪੁਸਤਕ ‘ਚੁੱਪ ਦੇ ਬਹਾਨੇ’ ਦੀ ਸਿਰਜਣਾ ਕਰਦਾ ਹੈ।
ਮਲਵਿੰਦਰ ਸੂਖਮ-ਭਾਵੀ ਕਵੀ ਹੈ। ਜਦੋਂ ਸਮਕਾਲ ਦੇ ਤੇ ਇਤਿਹਾਸ ਦੇ ਵਿਕਰਾਲ ਦ੍ਰਿਸ਼ਾਂ ਨੂੰ ਉਹ ਆਪਣੇ ਜ਼ਿਹਨ ਵਿੱਚ ਅਟਕੇ ਤੇ ਅੱਖਾਂ ਸਾਹਵੇਂ ਲਟਕੇ ਵੇਖਦਾ ਹੈ,ਇਹ ਦ੍ਰਿਸ਼ ਉਸਨੂੰ ਪਰੇਸ਼ਾਨ ਕਰਦੇ ਹਨ ਤਾਂ ਉਹ ਬਹੁਤ ਕੁਝ ਕਹਿਣਾ ਚਾਹੁੰਦਾ ਹੈ। ਉਸਦੀ ਕਵਿਤਾ ਨੁਕਸਦਾਰ ਵਿਵਸਥਾ, ਨਾਕਸ ਪ੍ਰਬੰਧਨ,ਹੰਕਾਰ ਦਾ ਪਹਾੜ ਬਣੀ ਬੈਠੀ ਸੱਤਾ ਅਤੇ ਚਰਮਰਾ ਗਏ ਸਿਸਟਮ ਉਪਰ ਕਈ ਕੋਣਾਂ ਤੋਂ ਅਨੇਕ ਪ੍ਰਸ਼ਨ ਉਠਾਉਦੀ ਹੈ।’ਚੁੱਪ ਦੇ ਬਹਾਨੇ’ ਵਿੱਚ ਚੁੱਪ ਤਾਂ ਇਕ ਬਹਾਨਾ ਹੈ।ਅਸਲ ਵਿੱਚ ਮਲਵਿੰਦਰ ਦੀ ਕਵਿਤਾ ਚੁੱਪ ਨੂੰ ਤੋੜਨ ਦੇ ਸੰਕਲਪ ਨੂੰ ਨਿਭਾਉਂਦੀ ਹੈ,ਸਹਿਜ ਪਰ ਭਾਵਪੂਰਤ ਸੁਰ ਅਲਾਪਦੀ ਹੈ ਤੇ ਅਸਰ ਵਿਖਾਉਣ ਵਾਲੀ ਅਲਖ ਜਗਾਉਂਦੀ ਜਾਂਦੀ ਹੈ।ਮਲਵਿੰਦਰ ਦੀ ਕਵਿਤਾ ਜਦੋਂ ਚੁੱਪ ਨਾਲ ਲੰਮਾ ਸੰਵਾਦ ਰਚਾਉਂਦੀ ਹੈ ਤਾਂ ਹਯਾਤੀ ਦੇ ਸੌ ਬਿਰਤਾਂਤ ਕਹਿ ਸੁਣਾਉਂਦੀ ਹੈ।ਮਨੁੱਖ ਦੇ ਸੁਪਨਿਆਂ ਤੇ ਮਨੁੱਖੀ ਮਨ ਦੇ ਸੁਲਘ ਰਹੇ ਅੰਤਰ-ਵਿਰੋਧ ਦੀ ਗੱਲ ਕਰਦਿਆਂ ਕਵੀ ਧੁਖ ਰਹੇ ਸਮਿਆਂ ਦੀ ਬਾਤ ਪਾਉਂਦਾ ਹੈ:
ਚੁੱਪ ਅਰਦਾਸ ‘ਚ ਝੁਕੇ ਸਿਰ ਅੰਦਰ ਵੀ
ਤਣ ਕੇ ਖੜੀ ਹਉਮੈਂ ਹੁੰਦੀ
‘ਮੈਂ’ ਦੀ ਧੁਨੀ ‘ਚੋਂ ਪੈਦਾ ਹੋਏ
ਹੰਕਾਰ ਦਾ ਛਿਣ-ਭੰਗਰ ਹੁੰਦੀ (ਪੰਨਾ 13)
ਹਉਮੈਂ ਕਈ ਹੋਰ ਵਿਕਾਰਾਂ ਨੂੰ ਵੀ ਜਨਮ ਦਿੰਦੀ ਹੈ।ਜੀਵਨ ਨੂੰ ਸੰਨਾਟੇ ਨਾਲ ਭਰ ਦਿੰਦੀ ਹੈ।ਇਕਲਾਪੇ ਦਾ ਸਰਾਪ ਭੋਗਦੀ ਤੇ ਬੇਗਾਨਗੀ ਦਾ ਸੰਤਾਪ ਹੰਢਾਉਂਦੀ ਬੁੱਲ੍ਹਾਂ ‘ਤੇ ਤਾਲੇ ਲਗਾਈ ਬੈਠੀ ਬੁਢਾਪੇ ਦੀ ਅਵਸਥਾ ਇਸ ਕਵਿਤਾ ਵਿੱਚ ਹਉਕਾ ਭਰਦੀ ਹੈ।ਤਿੜਕਦੇ ਰਿਸ਼ਤਿਆਂ ਵਿੱਚ ਪਈਆਂ ਤਰੇੜਾਂ ਮਨੁੱਖ ਦੀ ਜ਼ਿੰਦਗੀ ਦੀਆਂ ਉਲਝਣਾਂ ਨੂੰ ਵਧਾਉਂਦੀਆਂ ਹਨ।ਕਵੀ ਨੂੰ ਉਦਾਸ ਤੇ ਭੁੱਖੇ-ਨੰਗੇ ਬੱਚਿਆਂ ਦੇ ਰੁਲ਼ ਗਏ ਬਚਪਨ ਦਾ ਝੋਰਾ ਵੱਢ-ਵੱਢ ਖਾਂਦਾ ਹੈ। ਉਨ੍ਹਾਂ ਦੇ ਸੁਪਨਿਆਂ ਦਾ ਆਕਾਸ਼ ਲੀਰੋ-ਲੀਰ ਹੋ ਜਾਂਦਾ ਹੈ।ਉਨ੍ਹਾਂ ਦੀ ਸਦੀਵੀ ਉਡੀਕ ਦੀ ਆਸ ਦਾ ਦੀਵਾ ਬੁਝ ਜਾਂਦਾ ਹੈ।ਦਿਸ਼ਾ ਹੀਣ ਤੇ ਭੁੱਲੇ-ਭਟਕੇ ਮਨੁੱਖ ਦੇ ਲਹੂ-ਲੁਹਾਨ ਹੋਏ ਸੁਪਨਿਆਂ ਤੇ ਮੁਰਝਾਈ ਜ਼ਿੰਦਗੀ ਦੀ ਡੁੱਬਦੀ ਆਸ ਉਸਦੇ ਅਮੁੱਕ ਦਰਦਾਂ ਦੀ ਬਾਤ ਪਾਉਂਦੀ ਹੈ। ਆਖਰ ਮਨੁੱਖ ਕਿੰਨਾ ਕੁ ਚਿਰ ਚੁੱਪ ਰਹਿ ਸਕਦਾ ਹੈ? ਉਸਦੀ ਚੁੱਪ ਧਾਰਨ ਕਰੀ ਰੱਖਣ ਦੀ ਅਵਸਥਾ ਦੀ ਵੀ ਕੋਈ ਸੀਮਾ ਹੈ। ਕਵਿਤਾ ਚੁੱਪ ਧਾਰਨ ਕਰਕੇ ਨਹੀਂ ਬੈਠ ਸਕਦੀ।ਕਵਿਤਾ ਦੇ ਚੁੱਪ ਰਹਿਣ ਬਾਰੇ ਕਹਿਣਾ ਤਾਂ ਇਕ ਬਹਾਨਾ ਹੈ।ਕਵਿਤਾ ਕਦੇ ਚੁੱਪ ਨਹੀਂ ਰਹਿੰਦੀ।ਕਵਿਤਾ ਦਾ ਤਾਂ ਸੁਭਾਅ ਹੀ ਕੁਝ ਨਾ ਕੁਝ ਕਹਿੰਦੇ ਰਹਿਣਾ ਹੈ।ਇਹ ਕਵਿਤਾ ਮਨੁੱਖ ਦੀਆਂ ਨਾ ਸਹਿਣ ਕੀਤੀਆਂ ਜਾ ਸਕਣ ਵਾਲੀਆਂ ਪੀੜਾਂ ਤੇ ਉਸਦੇ ਵਲੂੰਦਰੇ ਵਜੂਦ ਦੀ ਇਬਾਰਤ ਲਿਖਦੀਆਂ ਹਨ। ਕਵੀ ਕਾਵਿ ਸੰਜਮਤਾ ਨਾਲ ਓਤਪੋਤ ਕਾਵਿ ਬੋਲਾਂ ਵਿੱਚ ਸੰਵਾਦ ਰਚਾਉਂਦਾ ਹੈ।ਇਹ ਉਸਦੀ ਕਵਿਤਾ ਦੀ ਖੂਬਸੂਰਤੀ ਦਾ ਇਕ ਪਹਿਲੂ ਹੈ।
ਚੁੱਪ ਦੇ ਬੋਲ ਬਹੁਤ ਤੇਜ਼-ਤਰਾਰ ਵੀ ਹੋ ਸਕਦੇ ਹਨ,ਕਾਟਵੇਂ ਵੀ ਹੋ ਸਕਦੇ ਹਨ,ਡਾਂਟਵੇਂ ਵੀ ਹੋ ਸਕਦੇ ਹਨ,ਚੁੱਭਵੇਂ ਵੀ ਹੋ ਸਕਦੇ ਹਨ,ਸਹਿਜ ਵੀ ਹੋ ਸਕਦੇ ਹਨ,ਸੂਖਮ ਫ਼ਿਤਰਤ ਵਾਲੇ ਵੀ ਹੋ ਸਕਦੇ ਹਨ, ਸਵਾਲ ਵੀ ਪੁੱਛ ਸਕਦੇ ਹਨ,ਜਵਾਬ ‘ਤੇ ਕਿੰਤੂ-ਪਰੰਤੂ ਵੀ ਕਰ ਸਕਦੇ ਹਨ,ਮਿਹਣੇ-ਮਿਹਣੀ ਵੀ ਹੋ ਸਕਦੇ ਹਨ,ਸੰਕੇਤ ਵੀ ਕਰ ਰਹੇ ਹੋ ਸਕਦੇ ਹਨ., ਨਿਹੋਰੇ,ਗਿਲ੍ਹੇ-ਸ਼ਿਕਵੇ ਨਾਲ ਭਰੇ ਵੀ ਹੋ ਸਕਦੇ ਹਨ,ਹਮਦਰਦੀ ਪ੍ਰਗਟ ਕਰਨ ਵਾਲੇ ਵੀ ਹੋ ਸਕਦੇ ਹਨ,ਇਕਰਾਰ-ਇਨਕਾਰ ਕਰਦੇ ਵੀ ਹੋ ਸਕਦੇ ਹਨ,ਵਿਲਕਣੀ-ਵਿਰਲਾਪ ਕਰਨ ਵਾਲੇ ਵੀ ਹੋ ਸਕਦੇ ਹਨ,ਹਾਕ ਮਾਰ ਕੇ ਬੁਲਾ ਰਹੇ ਵੀ ਹੋ ਸਕਦੇ ਹਨ, ਹਾਕ ਸੁਣ ਕੇ ਹੁੰਗਾਰਾ ਭਰ ਰਹੇ ਵੀ ਹੋ ਸਕਦੇ ਹਨ, ਸੁੰਨ ਹੋ ਗਈ ਸੋਚ ਵਰਗੇ ਵੀ ਹੋ ਸਕਦੇ ਹਨ, ਉਸਲਵੱਟੇ ਲੈ ਕੇ ਜੋਸ਼ ਇਕੱਠਾ ਕਰਨ ਵਿੱਚ ਜੁਟੇ ਵੀ ਹੋ ਸਕਦੇ ਹਨ।ਚੁੱਪ ਕਿਸੇ ਅੰਦਰ ਬੇਚੈਨੀ ਦਾ ਖੌਰੂ ਪਾਉਣ ਵਾਲੀ ਵੀ ਹੋ ਸਕਦੀ ਹੈ, ਡੂੰਘੀ ਉਦਾਸੀ ਵਿੱਚੋਂ ਪੈਦਾ ਹੋਇਆ ਸ਼ੋਰ ਵੀ ਹੋ ਸਕਦੀ ਹੈ, ਚੁੱਪ ਘੁਸਰ-ਮੁਸਰ ਵੀ ਕਰ ਰਹੀ ਹੋ ਸਕਦੀ ਹੈ, ਸਪਸ਼ਟ ਬੋਲ ਵੀ ਉਚਾਰ ਰਹੀ ਹੋ ਸਕਦੀ ਹੈ ਤੇ ਦੂਰ ਤੱਕ ਸੁਣਾਈ ਦਿੰਦੀ ਗੂੰਜ ਵੀ ਹੋ ਸਕਦੀ ਹੈ।ਕਵੀ ਚੁੱਪ ਦੇ ਅਜਿਹੇ ਅਜੀਬ ਸੁਭਾਅ ਨੂੰ ਸਮਝਣ/ਜਾਣਨ,ਚਿਤਰਣ ਤੇ ਉਸ ਬਾਰੇ ਕਹਿ ਸੁਣਾਉਣ ਦੇ ਯਤਨ ਵਿੱਚ ਹੈ। ਪੁਸਤਕ ਪੜ੍ਹਦਿਆਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਮਲਵਿੰਦਰ ਚੁੱਪ ਦੇ ਸੁਭਾਅ ਉਪਰ ਇਕ ਵੱਖਰੀ ਪ੍ਰਕ੍ਰਿਤੀ ਦਾ ਕਾਵਿ-ਬਿਰਤਾਂਤ ਸਿਰਜ ਰਿਹਾ ਹੋਵੇ!
ਮਲਵਿੰਦਰ ਦੀ ਕਾਵਿ ਚੇਤਨਾ ਵਿੱਚ ਕੁਦਰਤ ਦੇ ਅਗੰਮੀ ਤੇ ਬਹੁ-ਪਸਾਰੀ ਵਰਤਾਰੇ ਆਪਣਾ ਵਿਸ਼ੇਸ਼ ਸਥਾਨ ਬਣਾਈ ਰੱਖਦੇ ਹਨ। ਕੁਦਰਤ ਵਿੱਚ ਵੀ ਕਵਿਤਾ ਦਾ ਵਾਸਾ ਹੈ। ਕੁਦਰਤ ਉਸਨੂੰ ਕਵਿਤਾ ਸਿਰਜ ਰਹੀ ਜਾਪਦੀ ਹੈ, ਗੀਤ ਗਾਉਂਦੀ ਪ੍ਰਤੀਤ ਹੁੰਦੀ ਹੈ, ਰਾਗ ਅਲਾਪ ਰਹੀ ਸੁਣਾਈ ਦਿੰਦੀ ਹੈ।ਉਹ ਧਰਤੀ, ਆਕਾਸ਼, ਖੁੱਲ੍ਹੇ ਅੰਬਰ ਦੀ ਅਸੀਮਤਾ,ਚੰਦ,ਸੂਰਜ, ਤਾਰਿਆਂ, ਬ੍ਰਹਿਮੰਡੀ ਪਸਾਰਿਆਂ,ਮੀਂਹ,ਪਹਾੜਾਂ, ਨਦੀਆਂ,ਝਰਨਿਆਂ, ਧੁੰਦ, ਬਨਸਪਤੀ,ਤ੍ਰੇਲ-ਬੂੰਦਾਂ,ਜੰਗਲਾਂ,ਮਾਰੂਥਲਾਂ,ਧੁੱਪਾਂ,ਛਾਵਾਂ,ਹਵਾਵਾਂ,ਮੌਸਮਾਂ,ਬਦਲਦੀਆਂ ਰੁੱਤਾਂ, ਦਿਨ,ਰਾਤ,ਚਾਨਣ ਦੇ ਸੱਤ ਰੰਗਾਂ ਤੇ ਹੋਰ ਵੀ ਬਹੁਤ ਕੁਝ ਦਾ ਜ਼ਿਕਰ ਛੇੜਦਿਆਂ ਮਨੁੱਖ ਨੂੰ ਕੁਦਰਤ ਵੱਲੋਂ ਮਿਲੀਆਂ ਵਡਮੁੱਲੀਆਂ ਸੌਗਾਤਾਂ ਦੀ ਗੱਲ ਕਰਦਾ ਹੈ। ਕਵਿਤਾ ਦੀ ਲੰਮੀ ਚੁੱਪ ਵਿੱਚੋਂ ਪ੍ਰਕਿਰਤੀ ਦੇ ਰਹੱਸੀ ਬੋਲਾਂ ਦੀ ਮਧੁਰ ਧੁਨੀ ਸੁਣੀ ਜਾ ਸਕਦੀ ਹੈ। ਖਿੜੀ,ਰੰਗ ਬਿਖੇਰਦੀ ਤੇ ਮੁਸਕਰਾਉਂਦੀ ਸ੍ਰਿਸ਼ਟੀ ਸੁਗੰਧੀਆਂ ਦੇ ਸੋਮੇ ਹੁੰਦੀ ਹੈ।ਜਿਥੇ ਕਵੀ ਪ੍ਰਕਿਰਤੀ ਦੇ ਸੁਹੱਪਣ ਦਾ ਜਸ ਗਾਇਨ ਕਰਦਾ ਹੈ ਉਥੇ ਮਨੁੱਖ ਵੱਲੋਂ ਕੁਦਰਤ ਪ੍ਰਤੀ ਅਪਣਾਏ ਨਿਰਦੱਈਪੁਣੇ ਵਾਲੇ ਵਿਵਹਾਰ ਦੇ ਕਾਰਨ ਵਸ ਮਨ ਵਿੱਚ ਉਤਪਨ ਹੁੰਦੇ ਰੰਜ ਦੀ ਸ਼ਿੱਦਤ ਵੀ ਉਸਨੂੰ ਪਰੇਸ਼ਾਨ ਕਰਦੀ ਹੈ।ਕੁਦਰਤ ‘ਤੇ ਕਰੋਪੀ ਢਾਹ ਕੇ ਮਨੁੱਖ ਧਰਤੀ ਦੇ ਸੀਨੇ ‘ਤੇ ਆਪਣੀ ਹੋਣੀ ਦੀ ਦਾਸਤਾਨ ਲਿਖ ਹੀ ਨਹੀਂ ਰਿਹਾ ਸਗੋਂ ਉਸਦੇ ਰੰਗਾਂ ਨੂੰ ਹੋਰ ਗੂੜ੍ਹਿਆਂ ਕਰਦਾ ਚਲਾ ਜਾ ਰਿਹਾ ਹੈ।
ਮਲਵਿੰਦਰ ਦੀ ਕਵਿਤਾ ਗੁੰਝਲਦਾਰ ਤੇ ਖੰਡਿਤ ਹੋਈ ਮਨੋ-ਬਿਰਤੀ ਵਾਲੇ ਮਨੁੱਖ ਦੇ ਅੰਦਰ ਝਾਤ ਪਾਉਂਦੀ ਹੈ ਤੇ ਉਸ ਸੰਗ ਮੂਕ ਸੰਵਾਦ ਰਚਾਉਂਦੀ ਹੈ। ਅਜਿਹੇ ਅਮਲ ਵਿੱਚੋਂ ਉਸਦੀ ਕਵਿਤਾ ਜੀਵਨ ਦੇ ਰਹੱਸਾਂ ਨੂੰ ਸਮਝਣ ਦੇ ਯਤਨ ਵਿੱਚ ਹੁੰਦੀ ਹੈ।ਉਸਦੀ ਕਵਿਤਾ ਮਨੁੱਖ ਨੂੰ ਸਵੈ-ਮੁਲਾਂਕਣ ਕਰਨ ਦਾ ਸੱਦਾ ਵੀ ਦਿੰਦੀ ਹੈ।ਆਪਣੇ ਅਨੁਭਵ ਦੇ ਬਹੁ-ਪੱਖੀ ਤੇ ਬਹੁ-ਪਸਾਰੀ ਗਿਆਨ ਵਿੱਚੋਂ ਕਵੀ ਬੜੀਆਂ ਗਹਿਰੀਆਂ ਤੇ ਅਰਥ ਭਰਪੂਰ ਗੱਲਾਂ ਕਹਿੰਦਾ ਜਾਂਦਾ ਹੈ:
ਕੋਠੀ ਦੀ ਨੁਕਰ ‘ਚ ਅਣਗੌਲੇ ਪਏ
ਬਜ਼ੁਰਗ ਦੀ ਅਸੀਸ ਹੁੰਦੀ ਚੁੱਪ
ਠੰਡੇ ਚੁੱਲ੍ਹਿਆਂ ਤੇ ਖਾਲੀ ਪਏ ਪੀਪਿਆਂ ‘ਚ
ਬਚ ਰਹੀ ਆਸ ਹੁੰਦੀ
ਹਨੇਰੇ ‘ਚ ਡੁੱਬੇ ਘਰ ਅੰਦਰ
ਬਲ਼ ਉੱਠੇ ਚਿਰਾਗ਼ਾਂ ਦੀ ਰੌਸ਼ਨੀ ਹੁੰਦੀ (ਪੰਨਾ 75)
ਸੱਤਾ ਦੀਆਂ ਲੋਕ ਵਿਰੋਧੀ ਗੱਲਾਂ, ਵਿਵਹਾਰ ਤੇ ਫੈਸਲੇ ਜੋ ਦੇਸ਼ ਦੇ ਸਾਧਾਰਨ ਨਾਗਰਿਕ ਵਾਸਤੇ ਤਕਲੀਫ਼ਦੇਹ ਤੇ ਨੁਕਸਾਨਦਾਇਕ ਸਾਬਤ ਹੁੰਦੇ ਹਨ ਲੋਕਾਂ ਦੀ ਫਿਕਰਮੰਦੀ ਦਾ ਵੱਡਾ ਕਾਰਨ ਬਣਦੇ ਹਨ ਪਰ ਖ਼ੁੱਦਾਰ ਆਦਮੀ ਜ਼ੁਲਮ ਸਹਿਣ ਤੇ ਈਨ ਮੰਨਣ ਤੋਂ ਮੁਨਕਰ ਹੋ ਜਾਂਦਾ ਹੈ:
ਸੱਤਾ ਦੀ ਸਰਦਲ ‘ਤੇ ਝੁਕਿਆ
ਸਿਰ ਨਹੀਂ ਹੁੰਦੀ ਚੁੱਪ
ਇਹ ਤਸ਼ੱਦਦ ਦੇ ਖੌਫ਼ ‘ਚ ਮੰਨੀ
ਈਨ ਵੀ ਨਹੀਂ ਹੁੰਦੀ (ਪੰਨਾ 93 )
‘ਚੁੱਪ ਦੇ ਬਹਾਨੇ’ ਦੇ ਪ੍ਰਮੁੱਖ ਸਰੋਕਾਰਾਂ ਵਿੱਚ ਮਨੁੱਖੀ ਮਨ, ਮਨੁੱਖ ਵੱਲੋਂ ਉਲੀਕੇ ਸੁਪਨਿਆਂ,ਮਨੁੱਖ ਦੀ ਲੰਮੀ ਉਡੀਕ, ਮਨੁੱਖ ਦੀਆਂ ਜਿੱਤਾਂ-ਹਾਰਾਂ, ਮਨੁੱਖ ਦੇ ਮਨੁੱਖ ਨਾਲ ਤੇ ਪ੍ਰਕਿਰਤੀ ਨਾਲ ਦਵੰਦਾਤਮਕ ਰਿਸ਼ਤੇ, ਹਨੇਰੇ ਤੇ ਰੌਸ਼ਨੀ ਦੀ ਲੜਾਈ,ਰਾਜਸੀ ਤਾਣੇ-ਬਾਣੇ, ਸੱਤਾ ਦੀ ਲਾਲਸਾ, ਨੈਤਿਕ ਗਿਰਾਵਟ,ਸ਼ਹਿਰ ਵਿੱਚ ਜੰਗਲ ਦੇ ਰਾਜ ਦੇ ਚਲਨ ਦੇ ਵਧਦੇ ਜਾਣ ਦੇ ਰੁਝਾਨ ਆਦਿ ਸ਼ਾਮਲ ਹਨ।ਜ਼ਿੰਦਗੀ ਦੇ ਚਾਵਾਂ ਵਿੱਚ ਧੜਕਦੀ ਚੰਗੇਰ ਦੇ ਬਰਕਤਾਂ ਨਾਲ ਭਰ ਜਾਣ ਦੀ ਬੁੱਢੀ ਉਮੀਦ ਦੇ ਪੂਰੇ ਹੋ ਜਾਣ ਦੀ ਲੋਚਾ ਤੇ ਸਭ ਤੋਂ ਵਧ ਕੇ ਚਿਰਾਗ਼ਾਂ ਦੀ ਰੌਸ਼ਨੀ ਦੇ ਮਨ-ਮਸਤਕ,ਘਰ ਤੇ ਵਿਸ਼ਵ ਵਿੱਚ ਆਪਣਾ ਅਸਰ ਵਿਖਾਉਣ ਦੀ ਅਭਿਲਾਸ਼ਾ ਕਰਨ ਦੀ ਰੀਝ ਵੀ ਇਸ ਕਵਿਤਾ ਵਿੱਚ ਪਨਪਦੀ ਹੈ।ਮਲਵਿੰਦਰ ਸਮਾਧੀ ਲਗਾ ਕੇ ਬੈਠੇ ਰਿਸ਼ੀ ਦੀ ਗੱਲ ਕਰਦਾ ਹੈ।ਮੈਨੂੰ ਇੰਜ ਜਾਪਦਾ ਹੈ ਜਿਵੇਂ ਮੌਨ ਧਾਰ ਕੇ ਸਮਾਧੀ ਵਿੱਚ ਲੀਨ ਬੈਠਾ ਰਿਸ਼ੀ ਖ਼ੁਦ ਉਹ ਆਪ ਹੀ ਹੋਵੇ ਤੇ ਉਸਦੀ ਮੌਨ ਅਵਸਥਾ ਵਿੱਚੋਂ ਹੀ ਉਸਨੂੰ ਕਵਿਤਾ ਦਾ ਆਵੇਸ਼ ਹੋ ਰਿਹਾ ਹੋਵੇ!
ਚੁੱਪ ਦਾ ਆਲਮ ਸਿਰਜਣ ਦੇ ਅਮਲ ਵਿਚੀਂ ਗੁਜ਼ਰਦਿਆਂ ਤੇ ਇਸੇ ਮਰਕਿਜ਼ ‘ਤੇ ਆਪਣੀ ਕਵਿਤਾ ਦੀ ਪ੍ਰਮੁੱਖ ਸੁਰ ਨੂੰ ਟਿਕਾਉਂਦਿਆਂ ਹੋਇਆਂ ਮਲਵਿੰਦਰ ਵਿਰੋਧ ਵਿਚ ਤਣੀਆਂ ਸਥਿਤੀਆਂ,ਵਿਅਕਤੀਆਂ, ਘਟਨਾਵਾਂ, ਵਸਤੂਆਂ, ਸ਼ਬਦਾਂ,ਵਰਤਾਰਿਆਂ ਆਦਿ ਦੀ ਸਿਰਜਣਾ ਕਰਦਾ ਜਾਂਦਾ ਹੈ।ਜਦੋਂ ਕਵੀ ਤਣਾਓ ਦੀਆਂ ਸਥਿਤੀਆਂ/ਹਾਲਤਾਂ ਪੈਦਾ ਕਰਦਾ ਹੈ ਤਾਂ ਉਨ੍ਹਾਂ ਵਿੱਚੋਂ ਉਹ ਨਿਵੇਕਲੇ ਅਰਥਾਂ ਦਾ ਉਤਪਾਦਨ ਕਰਦਾ ਜਾਂਦਾ ਹੈ।
ਮਲਵਿੰਦਰ ਦੀ ਕਵਿਤਾ ਵਿੱਚ ਤਲਖ਼ੀ ਨਹੀਂ ਸਗੋਂ ਸਹਿਜ ਬੋਲ ਸੰਜੋਏ ਹਨ।ਉਸਦੀ ਕਵਿਤਾ ਧੀਮੇ ਸੁਰ ਅਲਾਪਦੀ ਹੈ,ਉੱਚੀ-ਉੱਚੀ ਪੁਕਾਰਦੀ ਨਹੀਂ,ਕੰਨ ਪਾੜਵਾਂ ਸ਼ੋਰ ਮਚਾਉਣ ਵਿੱਚ ਵਿਸ਼ਵਾਸ ਨਹੀਂ ਰੱਖਦੀ।ਉਸਦੇ ਕਾਵਿ ਬੋਲਾਂ ਵਿੱਚ ਠਰ੍ਹੰਮਾ ਹੈ, ਧੀਰਜ ਹੈ, ‘ਚੀਕ ਬੁਲਬੁਲੀ’ ਨਹੀਂ।ਉਸਦੀ ਕਵਿਤਾ ਸੰਜਮ ਭਰਪੂਰ ਬੋਲਾਂ ਵਿੱਚ ਸੰਵਾਦ ਰਚਾਉਣ ਦੇ ਹੁਨਰ ਤੋਂ ਜਾਣੂੰ ਹੈ ਤੇ ਇਹ ਹੁਨਰ ਉਸਦੀ ਕਵਿਤਾ ਦੇ ਅੰਗ -ਸੰਗ ਨਿਭਦਾ ਜਾਂਦਾ ਹੈ।
ਉਸਦੀ ਕਵਿਤਾ ਪੁਰਜ਼ੋਰ,ਅਸਰਦਾਇਕ,ਮਜ਼ਬੂਤ ਪਰ ਨਿਯੰਤ੍ਰਣ ਵਿੱਚ ਰਹਿਣ ਵਾਲੀ ਸੁਰ/ਆਵਾਜ਼ ਵਿੱਚ ਗੱਲ ਕਰਦੀ ਹੈ।ਉਹ ਸੰਕੇਤਾਂ ਦੀ ਮੂਕ ਭਾਸ਼ਾ ਤੋਂ ਵੀ ਕੰਮ ਲੈਂਦਾ ਹੈ। ਉਹ ਸਮਝਦਾ ਹੈ ਕਿ ਚੁੱਪ ਦੀ ਵੀ ਆਪਣੀ ਭਾਸ਼ਾ ਹੁੰਦੀ ਹੈ, ਵਿਆਕਰਣ ਹੁੰਦੀ ਹੈ, ਮੁਹਾਵਰਾ ਹੁੰਦਾ ਹੈ, ਜਿਸਨੂੰ ਕਵੀ ਤੇ ਚੇਤੰਨ ਪਾਠਕ ਬੜੀ ਆਸਾਨੀ ਨਾਲ ਸਮਝ ਸਕਦੇ ਹਨ।ਅਜੋਕਾ ਪਾਠਕ ਬਹੁਤ ਸਿਆਣਾ ਹੈ, ਜੋ ਸੰਕੇਤਾਂ ਦੀ ਭਾਸ਼ਾ,ਚੁੱਪ ਦੀ ਭਾਸ਼ਾ ਨੂੰ ਜਾਣਦਾ/ਸਮਝਦਾ ਹੈ। ਚੁੱਪ ਇਕੱਲੀ ਨਹੀਂ ਹੁੰਦੀ, ਸ਼ਬਦ ਵੀ ਉਸਦੇ ਅੰਗ-ਸੰਗ ਹੁੰਦੇ ਹਨ,ਅਰਥ ਵੀ ਉਸਦੇ ਨਾਲ-ਨਾਲ ਰਹਿੰਦੇ ਹਨ। ਚੁੱਪ ਬਹੁਤ ਕੁਝ ਕਹਿੰਦੀ ਹੈ। ਜੋ ਚੁੱਪ ਦੀ ਭਾਸ਼ਾ ਨੂੰ ਸਮਝ ਸਕਦਾ ਹੋਵੇ, ਉਸਨੂੰ ਗੱਲ ਕਹਿਣ ਵਾਸਤੇ ਸ਼ਬਦਾਂ ਨੂੰ ਅਜਾਈਂ ਕਿਉਂ ਗਵਾਇਆ ਜਾਵੇ ? ਸ਼ਬਦਾਂ ਨੂੰ ਸੰਜਮਤਾ ਨਾਲ ਵਰਤਣ ਦੇ ਮਹੱਤਵ ਤੋਂ ਕਵੀ ਭਲੀ-ਭਾਂਤ ਜਾਣੂੰ ਹੈ।ਮਲਵਿੰਦਰ ਦੀ ਕਵਿਤਾ ਬਹੁਤ ਵੱਡੇ ਕੈਨਵਸ ‘ਤੇ ਉਲੀਕੇ ਜਾ ਰਹੇ ਦੂਰ ਤੱਕ ਵਿਖਾਈ ਦਿੰਦੇ ਅਰਥ ਭਰਪੂਰ ਚਿੱਤਰ ਦੀ ਸਿਰਜਣਾ ਕਰਦੀ ਹੈ।ਉਹ ਇਸ ਨਿਵੇਕਲੀ ਕਾਵਿ-ਰਚਨਾ ਕਰਨ ਲਈ ਮੁਬਾਰਕਬਾਦ ਦਾ ਹੱਕਦਾਰ ਹੈ।ਵਿਸ਼ੇਸ਼ ਮੁਬਾਰਕ ਸਰਬਜੀਤ ਸਿੰਘ ਸੰਧੂ ਜੀ ਦੇ ਹਿੱਸੇ ਵੀ ਜਾਣੀ ਬਣਦੀ ਹੈ ਜਿਨ੍ਹਾਂ ਨੇ ਇਸਨੂੰ ਖਰੜੇ ਦੇ ਰੂਪ ਤੋਂ ਪ੍ਰਾਰੰਭ ਕਰਕੇ ਪੁਸਤਕ ਰੂਪ ਪ੍ਰਦਾਨ ਕਰ ਦਿੱਤੇ ਜਾਣ ਤੱਕ ਅਹਿਮ ਭੂਮਿਕਾ ਅਦਾ ਕੀਤੀ ਹੈ।

Related posts

ਸੋਹਣ ਸਿੰਘ ਮੀਸ਼ਾ ਨੂੰ ਯਾਦ ਕਰਦਿਆਂ !

admin

ਸਾਹਾਂ ਦੀ ਸਰਗਮ- ਅਸੀਮ ਉਡਾਣ

admin

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਸਿਰਦਾਰ ਕਪੂਰ ਸਿੰਘ

admin