Articles Literature

ਸੱਥ ਵਿੱਚ ਗੱਲਾਂ ਹੁੰਦੀਆਂ…

ਲੇਖਕ: ਡਾ. ਪ੍ਰਿਤਪਾਲ ਸਿੰਘ, ਮਹਿਰੋਕ

ਪਿੰਡ ਦੀ ਸੱਥ ਕਿਸੇ ਵੀ ਪਿੰਡ ਦਾ ਕੇਂਦਰੀ ਸਥਾਨ ਹੁੰਦੀ ਹੈ ਤੇ ਸਭ ਵਾਸਤੇ ਸਾਂਝੀ ਤੇ ਜਾਣੀ-ਪਛਾਣੀ ਥਾਂ ਵਜੋਂ ਜਾਣੀ ਜਾਂਦੀ ਹੈ। ਕਹਿੰਦੇ ਹਨ ਕਿ ਪਿੰਡ ਦੀ ਸੱਥ ਵਿਚ ਪਿੰਡ ਦੀ ਅਸਲ ਰੂਹ ਧੜਕ ਰਹੀ ਹੁੰਦੀ ਹੈ। ਪ੍ਰਸਿੱਧ ਲੋਕਧਾਰਾ ਵਿਗਿਆਨੀ ਡਾ.ਸੋਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ- “ਪਿੰਡ ਵਿਚ ਉਹ ਸਾਂਝੀ ਥਾਂ ਜਿਥੇ ਲੋਕੀਂ ਵਿਹਲੀਆਂ ਘੜੀਆਂ ਵਿਚ ਉੱਠਦੇ ਬੈਠਦੇ ਹਨ। ਪਿੰਡ ਦੀ ਪੰਚਾਇਤ, ਕਿਸੇ ਮਾਮਲੇ ਉੱਤੇ ਵਿਚਾਰ ਕਰਨ ਵੇਲੇ, ਸੱਥ ਵਿਚ ਹੀ ਜੁੜਦੀ ਹੈ ਅਤੇ ਪਿੰਡ ਦੇ ਬਹੁਤੇ ਝਗੜੇ ਸੱਥ ਵਿਚ ਹੀ ਨਜਿੱਠੇ ਜਾਂਦੇ ਹਨ।…ਸਰਦੀਆਂ ਵਿਚ ਚੋਖੀ ਰਾਤ ਤੱਕ ਸੱਥ ਵਿਚ ਧੂਣੀ ਬਾਲ ਕੇ ਸੇਕੀ ਜਾਂਦੀ ਹੈ ਅਤੇ ਗੱਲਾਂ ਦੇ ਜਾਲ ਬੁਣ ਕੇ ਖੰਭਾਂ ਦੀਆਂ ਡਾਰਾਂ ਬਣਾਈਆਂ ਜਾਂਦੀਆਂ ਹਨ। ਇਸ ਦ੍ਰਿਸ਼ਟੀ ਤੋਂ ਸੱਥ ਪਿੰਡ ਦਾ ਰੰਗ ਮੰਚ ਹੈ, ਜਿਥੇ ਪਿੰਡ ਦੀ ਆਤਮਾ ਕਦੇ ਸਵਾਂਗ ਧਾਰ ਕੇ ਤੇ ਕਦੇ ਨੰਗੇ ਪਿੰਡੇ ਵਿਚਰਦੀ ਹੈ…।”(ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਪੰਨੇ 479-80)। ਪਿੰਡਾਂ ਵਿਚ ਅਕਸਰ ਕੋਈ ਨਾ ਕੋਈ ਸਾਂਝੀ ਥਾਂ ਹੁੰਦੀ ਹੀ ਹੈ। ਬਹੁਤੀਆਂ ਸਥਿਤੀਆਂ ਤੇ ਆਮ ਹਾਲਤਾਂ ਵਿੱੱਚ ਇਹ ਕਿਸੇ ਵੱਡੇ ਰੁੱਖ ਹੇਠਾਂ ਉਸ ਦੇ ਮੁੱਢ ਦੇ ਆਲੇ-ਦੁਆਲੇ ਬਣੇ ਥੜ੍ਹੇ ਵਾਲੀ ਥਾਂ ਹੁੰਦੀ ਹੈ, ਜਿੱਥੇ ਲੋਕ ਆਪਣੇ ਵਿਹਲ ਦੇ ਪਲ ਲੰਘਾਉਣ ਲਈ, ਗੱਪ-ਸ਼ੱਪ ਮਾਰਨ ਲਈ, ਕੁਝ ਕਹਿਣ-ਸੁਣਨ ਲਈ,ਆਪਣੇ ਆਪਣੇ ਵਿਚਾਰ ਸਾਂਝੇ ਕਰਨ ਲਈ ਆ ਬੈਠਦੇ ਹਨ। ਮੈਂ ਸੁਣਿਆ ਹੈ ਕਿ ਮਾਲਵੇ ਦੇ ਕਈ ਇਲਾਕਿਆਂ ਵਿਚ ਸੱਥ ਵਾਸਤੇ ਦਰਵਾਜ਼ਾ ਸ਼ਬਦ ਵੀ ਵਰਤ ਲਿਆ ਜਾਂਦਾ ਹੈ।ਉਂਜ ਤਾਂ ਲੋਕਾਂ ਨੂੰ ਆਪਣੇ ਖੇਤਾਂ-ਬੰਨ੍ਹਿਆਂ ਦੇ, ਘਰਾਂ ਦੇ ਅਨੇਕ ਕੰਮਾਂ, ਮਾਲ-ਡੰਗਰ ਨੂੰ ਸਾਂਭਣ ਦੇ ਕੰਮਾਂ ਤੋਂ ਵਿਹਲ ਹੀ ਘੱਟ ਮਿਲਦੀ ਹੈ, ਪਰ ਰੋਜ਼ਾਨਾ ਜੀਵਨ ਦੇ ਅਜਿਹੇ ਕੰੰਮਾਂ ਤੋਂ ਵਿਹਲ ਕੱਢ ਕੇ ਲੋਕ ਪਿੰਡ ਦੀ ਸੱਥ ਵਿਚ ਆ ਕੇ ਬੈਠਣਾ ਵੀ ਪਸੰਦ ਕਰਦੇ ਹਨ। ਸੱਥ ਵਿਚ ਬੈੈੈਠਣ, ਗੱਪ-ਸ਼ੱੱਪ ਮਾਰਨ ਤੇ ਕੁਝ ਕਹਿਣ-ਸੁਣਨ ਨੂੰ ਲੋਕ ਆਪਣੀ ਰੂੂਹ ਦੀ ਖੁੁੁਰਾਕ ਸਮਝਦੇ ਹਨ।ਸਰਸਰੀ ਤੇ ਓਪਰੀ ਨਜ਼ਰੇ ਵੇਖਿਆਂ ਕਈ ਵਾਰ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਪਿੰਡ ਦੇ ਬਜ਼ੁਰਗ, ਕੰਮਾਂ-ਕਾਰਾਂ ਤੋਂ ਵਿਹਲੇ ਹੋ ਕੇ ਆਏ ਲੋਕ ਤੇ ਵਿਹਲੜ ਇਸ ਥਾਂ ’ਤੇ ਆ ਕੇ ਬੈਠਦੇ ਹਨ ਤੇ ਆਪਣੇ ਵਿਹਲ ਦੇ ਪਲਾਂ ਨੂੰ ਦਿਲਚਸਪ ਤੇ ਮਨੋਰੰਜਕ ਬਣਾ ਕੇ ਗੁਜ਼ਾਰਦੇ ਹਨ। ਵੱਡੇ/ਬੁੱਢੇ ਬੋਹੜ ਹੇਠਾਂ ਜੁੜ ਬੈਠੇ, ਗੱਲਾਂ-ਬਾਤਾਂ ਕਰਦੇ, ਹਾਸਾ ਮਜ਼ਾਕ ਕਰਦੇ, ਆਪਣੇ ਤਜਰਬੇ ਸਾਂਝੇ ਕਰਦੇ ਲੋਕ ਖੇਤਾਂ, ਫ਼ਸਲਾਂ, ਪਸ਼ੂਆਂ, ਖੇਤੀ ਸੰਦਾਂ, ਮੰਡੀਆਂ, ਆੜ੍ਹਤੀਆਂ, ਵਪਾਰੀਆਂ, ਜਿਣਸਾਂ ਦੇ ਭਾਅ, ਨਫ਼ੇ-ਨੁਕਸਾਨ, ਪਿੰਡ ਦੇ ਲੜਾਈ-ਝਗੜਿਆਂ, ਪੰਚਾਇਤਾਂ ਆਦਿ ਦੀਆਂ ਗੱਲਾਂ ਕਰਨ ਵਿਚ ਮਸਤ ਰਹਿੰਦੇ ਹਨ। ਅਖ਼ਬਾਰਾਂ ਦੀਆਂ ਖ਼ਬਰਾਂ, ਚਲੰਤ ਮਾਮਲਿਆਂ ਦੇਸ਼/ਪ੍ਰਾਂਤ ਦੀਆਂ ਸਰਕਾਰਾਂ, ਰਾਜਨੀਤੀ, ਕਿਸੇ ਦੀ ਬਹਾਦਰੀ, ਕਿਸੇ ਖੇਤਰ ਵਿਚ ਪਿੰਡ ਦਾ ਨਾਂ ਰੌਸ਼ਨ ਕਰਨ ਵਾਲੇ ਲੋਕਾਂ ਦੀਆਂ ਗੱਲਾਂ ਆਦਿ ਅਕਸਰ ਸੱਥ ਵਿਚ ਚਰਚਾ ਦੇ ਵਿਸ਼ੇ ਬਣਦੀਆਂ ਹਨ। ਅਖਬਾਰਾਂ ਦੀਆਂ ਖਬਰਾਂ ਵਿਸ਼ੇਸ਼ ਤੌਰ ‘ਤੇ ਕੇਂਦਰ ਵਿੱਚ ਰਹਿੰਦੀਆਂ ਹਨ। ਪ੍ਰਮੁੱਖ ਖਬਰਾਂ ਪੜ੍ਹ ਕੇ ਵੀ ਸੁਣਾਈਆਂ ਜਾਂਦੀਆਂ ਹਨ। ਰਾਜ, ਦੇਸ਼ ਦੇ ਇਤਿਹਾਸ, ਮਿਥਿਹਾਸ ਆਦਿ ਬਾਰੇ ਵੀ ਕਈ ਗੱਲਾਂ ਕਹੀਆਂ-ਸੁਣੀਆਂ ਜਾਂਦੀਆਂ ਹਨ। ਸੱਥ ਵਿਚ ਕਦੇ ਕਦੇ ਸਾਹਿਤ, ਲੋਕ ਸਾਹਿਤ, ਲੋਕ ਕਲਾ ਆਦਿ ਬਾਰੇ ਵੀ ਚੁੰਝ ਚਰਚਾ ਚੱਲਦੀ ਹੈ। ਪੰਜਾਬੀ ਸੱਭਿਆਚਾਰ ਵਿਚ ਅਜਿਹਾ ਸਦੀਆਂ ਤੋਂ ਹੁੰਦਾ ਚਲਿਆ ਆ ਰਿਹਾ ਹੈ। ਹੀਰ ਦਾ ਨਿਕਾਹ ਕਰਕੇ ਜਦੋਂ ਕਾਜ਼ੀ ਹੀਰ ਨੂੰ ਖੇੜਿਆਂ ਨਾਲ ਤੋਰ ਦਿੰਦਾ ਹੈ ਤਾਂ ਹੀਰ ਰਾਂਝੇ ਨੂੰ ਆਪਣੀ ਬੇਵਸੀ ਦੱਸਦੀ ਹੈ। ਉਸ ਵਕਤ ਰਾਂਝਾ ਸਿਆਲਾਂ ਨੂੰ ਬੁਰਾ ਭਲਾ ਕਹਿ ਸੁਣਾਉਂਦਾ ਹੈ:

ਰਾਂਝੇ ਆਖਿਆ ਸਿਆਲ ਰਲ ਗਏ ਸਾਰੇ
ਅਤੇ ਹੀਰ ਵੀ ਛੱਡ ਈਮਾਨ ਚੱਲੀ
ਸਿਰ ਹੇਠਾਂ ਕਰ ਗਿਆ ਸੀ ਮਹਿਰ ਚੂਚਕ
ਜਦੋਂ ਸੱਥ ਵਿਚ ਆਣ ਕੇ ਗੱਲ ਚੱਲੀ।

ਸੱਥ ਵਿੱੱਚ ਬੈਠ ਕੇ ਲੋਕ ਇਕ ਦੂਜੇ ਨਾਲ ਦੁੱੱਖ-ਸੁੱੱਖ ਸਾਂਝੇ ਕਰਦੇ ਹਨ। ਮਨ ਦੇ ਬੋਝ ਨੂੰ ਹਲਕਾ ਕਰਦੇ ਹਨ ਤੇ ਜੀਵਨ ਵਿਚ ਰੰਗ ਭਰਨ ਦੇ ਆਹਰ ਵਿਚ ਜੁਟੇ ਰਹਿੰਦੇ ਹਨ। ਪੰਜਾਬੀ ਸੱਭਿਆਚਾਰ ਵਿਚ ਇਹ ਥਾਂ ਰਮਣੀਕ ਥਾਂ ਬਣਨ ਦਾ ਰੁਤਬਾ ਰੱਖਦੀ ਹੈ, ਇਹ ਸੱਥ ਵਿਚ ਬੈਠਦੇ ਲੋਕ ਬਿਹਤਰ ਜਾਣਦੇ ਹਨ। ਪਿੰੰਡ ਦੇ ਕਿਸੇ ਵਿਅਕਤੀ ਨੇ ਕੋਈ ਵਿਸ਼ੇਸ਼ ਪ੍ਰਾਪਤੀ ਕੀਤੀ ਹੋਵੇ ਜਾਂ ਬਦਨਾਮੀ ਖੱਟੀ ਹੋਵੇ ਤਾਂ ਉਸਦੀ ਚਰਚਾ ਵੀ ਸੱਥਾਂ ‘ਚ ਹੋਣ ਲੱੱਗਦੀ ਹੈ:

ਬੀਬਾ ਆਉਣ ਨੇਰੀਆਂ, ਬੀਬਾ ਜਾਣ ਨੇਰੀਆਂ
ਹੁਣ ਸੱਥ ਦੇ ਵਿਚਾਲੇ, ਗੱਲਾਂ ਹੋਣ ਤੇਰੀਆਂ…
ਵੇ ! ਤੂੰ ਘੋੜੀ ਉੱਤੇ ਅੱਗੇ ਕਿਉਂ ਬਠਾ ਲਿਆ
ਸੱਥਾਂ ਵਿੱੱਚ ਗੱਲਾਂ ਹੋਣੀਆਂ…

ਗਪੌੜੀ, ਅਮਲੀ, ਚੁਟਕਲੇ ਸੁਣਾਉਣ ਵਾਲੇ ਅਤੇ ਗੱਲਾਂ ਨੂੰ ਰੌਚਕ ਬਿਰਤਾਂਤ ਬਣਾ ਕੇ ਪੇਸ਼ ਕਰਨ ਵਾਲੇ ਲੋਕ ਸੱਥ ਵਿਚ ਮਾਣ-ਸਨਮਾਨ ਹਾਸਲ ਕਰਦੇ ਹਨ। ਜ਼ਿੰਦਗੀ ਦੇ ਕਿੱਸਿਆਂ ਨੂੰ ਉਤਸੁਕਤਾ ਭਰਪੂਰ ਰਸ ਰੰਗ ਨਾਲ ਸ਼ਿੰਗਾਰ ਕੇ ਬਿਆਨ ਕਰਨ ਦੀ ਕਲਾ ਵਿਚ ਮਾਹਿਰ ਲੋਕ ਸੱਥ ਵਿਚ ਆਪਣੀ ਵਿਸ਼ੇਸ਼ ਪਛਾਣ ਬਣਾ ਲੈਂਦੇ ਹਨ। ਸੱਥ ਵਿੱੱਚ ਮਹਿਫ਼ਲ ਸੱਜਦੀ ਹੈ। ਬਿਨਾਂ ਕਿਸੇ ਸੰਗ-ਸੰਕੋਚ ਤੋਂ ਲੋਕ ਆਪਣੀ ਗੱਲ ਕਹਿ ਸੁਣਾਉਂਦੇ ਹਨ। ਉੱਥੇ ਬਾਤ ਦਾ ਬਤੰਗੜ ਵੀ ਬਣਦਾ ਹੈ, ਰਾਈ ਦਾ ਪਹਾੜ ਬਣਾ ਕੇ ਤੇ ਰੱਸੀਆਂ ਦੇ ਸੱਪ ਬਣਾ ਕੇ ਪੇਸ਼ ਕੀਤੇ ਜਾ ਸਕਦੇ ਹਨ। ਬੂੰਦ ਦਾ ਸਮੁੰਦਰ ਬਣਾਇਆ ਜਾ ਸਕਦਾ ਹੈ, ਸਮੁੰਦਰ ਨੂੰ ਕੁੱਜੇ ਵਿਚ ਬੰਦ ਕੀਤਾ ਜਾ ਸਕਦਾ ਹੈ। ਸੌ ਹੱਥ ਰੱਸਾ ਸਿਰੇ ’ਤੇ ਗੰਢ ਕਹਿ ਕੇ ਕਿਸੇ ਗੱਲ/ਬਹਿਸ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ। ਸੱਥਾਂ ਵਿਚ ਗੱਲਾਂ ਕਰਦੇ ਗਾਲੜੀ ਪਿੰਡ ਦੀਆਂ ਛੋਟੀਆਂ-ਵੱਡੀਆਂ ਖ਼ਬਰਾਂ/ਸੂਚਨਾਵਾਂ ਨੂੰ ਮਿਰਚ ਮਸਾਲੇ ਲਗਾ ਕੇ ਸਾਂਝਾ ਕਰਦੇ ਹਨ। ਉਹ ਗੱਲਾਂ ਦੀ ਲੜੀ ਟੁੱਟਣ ਨਹੀਂ ਦਿੰਦੇ। ਸੱਥ ਵਿਚ ਦੇਸ਼ ਦੇ, ਰਾਜ ਦੇ, ਇਲਾਕੇ ਦੇ, ਲੋਕਾਂ ਦੇ ਸਾਂਝੇ ਮਸਲਿਆਂ ਉੱਪਰ ਖੁੰਢ ਚਰਚਾ ਛਿੜਦੀ ਹੈ। ਕਈ ਵਾਰ ਗੰਭੀਰ ਮਸਲੇ ਵੀ ਵਿਚਾਰ ਅਧੀਨ ਲਿਆਂਦੇ ਜਾਂਦੇ ਹਨ। ਪਿੰਡ ਦੇ ਕੇਂਦਰੀ ਸਥਾਨ ਸੱਥ ਵਿਚ ਪਿੰਡ ਦਾ ਦਿਲ ਧੜਕਦਾ ਹੈ। ਲੋਕ ਮਨ ਬੋਲਦਾ ਹੈ। ਸੱਥ ਵਿਚੋਂ ਪਿੰਡ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਪਿੰਡ ਦੀ ਨਬਜ਼ ਟਟੋਲੀ ਜਾ ਸਕਦੀ ਹੈ।ਪਿੰਡ ਦਾ ਹਾਲ-ਹਵਾਲ ਜਾਣਿਆ ਜਾ ਸਕਦਾ ਹੈ। ਪਿੰਡ ਦੇ ਗਲੀ-ਮੁਹੱਲੇ ਤੋਂ ਲੈ ਕੇ ਰਾਸ਼ਟਰੀ, ਅੰਤਰਾਸ਼ਟਰੀ ਸਮੱਸਿਆਵਾਂ ਦਾ ਜ਼ਿਕਰ ਛਿੜਦਾ ਹੈ। ਸੱਥ ਵਿਚੋਂ ਪਿੰਡ ਦਾ ਸੁਭਾਅ, ਸਮੁੱਚੇ ਪਿੰਡ ਦੇ ਚਰਿੱਤਰ ਦੇ ਕਈ ਪਹਿਲੂਆਂ ਨੂੰ ਸੁਣਿਆ, ਸਮਝਿਆ, ਜਾਣਿਆ ਜਾ ਸਕਦਾ ਹੈ। ਮੁੱਛ ਫੁਟ ਗੱਭਰੂ ਵੀ ਕੁਝ ਨਵਾਂ ਸੁਣਨ ਵਾਸਤੇ ਸੱਥ ਵਿਚ ਗੇੜਾ ਲਾ ਆਉਂਦੇ ਹਨ।

ਸੱਥ ਦਾ ਅਣਲਿਖਿਆ ਤੇ ਅਣਐਲਾਨਿਆ ਜ਼ਾਬਤਾ ਵੀ ਹੁੰਦਾ ਹੈ। ਸੱਥ ਵਿੱਚ ਆ ਕੇ ਬੈਠਣ ਵਾਲੇ ਹਰੇਕ ਉਮਰ/ਵਰਗ ਦੇ ਲੋਕ ਉਸ ਅਨੁਸ਼ਾਸਨ ਦੀ ਪਾਲਣਾ ਕਰਨ ਦੇ ਪਾਬੰਦ ਹੁੰਦੇ ਹਨ। ਸੱਥ ਵਿੱਚ ਦਾਦਾ-ਪੋਤਾ, ਨਾਨਾ-ਦੋਹਤਾ ਇਕੱਠੇ ਬੈਠੇ ਹੋ ਸਕਦੇ ਹਨ। ਇਹ ਤੈਅ ਹੁੰਦਾ ਹੈ ਕਿ ਸੱਥ ਵਿੱਚ ਕੋਈ ਗੱਲ, ਘਟਨਾ, ਚੁਟਕਲਾ, ਗੱਪ ਜਾਂ ਕਥਾ-ਬਿਰਤਾਂਤ ਆਦਿ ਅਜਿਹੇ ਨਾ ਸੁਣਾਏ ਜਾਣ ਜਿਨ੍ਹਾਂ ਵਿੱਚ ਅਸ਼ਲੀਲਤਾ ਵਾਲਾ ਕੋਈ ਅੰਸ਼ ਹੋਵੇ। ਸਮਾਜਿਕ-ਸੱਭਿਆਚਾਰਕ ਕੀਮਤ-ਪ੍ਰਬੰਧ ਨੂੰ ਬਣਾਈ ਰੱਖਣ/ਜੀਉਂਦਿਆਂ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੱਥ ਵਿੱਚ ਬੈਠਣ ਲਈ ਸੱਥ ਦੇ ਭਾਈਚਾਰੇ ਦੀ ਸਹਿਜ ਸਵੀਕ੍ਰਿਤੀ ਦੀ ਲੋੜ ਸਮਝੀ ਜਾਂਦੀ ਸੀ ਜੋ ਬਹੁਤ ਸਰਲ ਤੇ ਸਹਿਜ ਵਰਤਾਰਾ ਹੁੰਦਾ ਸੀ। ਇਹ ਪ੍ਰਵਾਨਗੀ ਰਸਮੀ ਤੌਰ ‘ਤੇ ਲੈਣ ਦੀ ਲੋੜ ਨਹੀਂ ਸੀ ਹੁੰਦੀ। ਕੇਵਲ ਰੱਖ-ਰਖਾਓ ਵਾਸਤੇ ਹੁੰਦੀ ਸੀ।ਆਮ ਹਾਲਤਾਂ ਵਿੱਚ ਸੱਥ ਵਿੱਚ ਲੋਕ ਉਮਰ ਦੇ ਹਿਸਾਬ ਨਾਲ ਬੈਠਣਾ ਪਸੰਦ ਕਰਦੇ ਸਨ।ਗੱਭਰੂ ਵੱਖਰੀ ਟੋਲੀ ਬਣਾ ਲੈਂਦੇ ਸਨ,ਸਿਆਣੀ ਉਮਰ ਦੇ ਲੋਕ ਵੱਖਰੀ। ਗੱਲਾਂ ਸਾਂਝੀਆਂ ਕਰਨ ਵਾਸਤੇ ਕੋਈ ਮਿਆਰ ਜ਼ਰੂਰ ਮਿਥਿਆ ਹੁੰਦਾ ਸੀ।

ਉੱਥੋਂ ਸੁਣੀਆਂ ਗੱਲਾਂ ਜਵਾਨ-ਗੱਭਰੂਆਂ ਦੇ ਮਾਨਸਿਕ ਤੇ ਬੌਧਿਕ ਵਿਕਾਸ ਵਿੱੱਚ ਸਹਾਈ ਹੋ ਸਕਦੀਆਂ ਹਨ। ਸੱਥ ਵਿਚੋਂ ਉਨ੍ਹਾਂ ਨੂੰ ਜੀਵਨ ਜਾਚ ਦੇ ਕਈ ਮਹੱਤਵਪੂਰਨ ਨੁਕਤੇ ਤੇ ਨੈਤਿਕ ਕਦਰਾਂ-ਕੀਮਤਾਂ ਵਾਲੀਆਂ ਗੱਲਾਂ ਵੀ ਸੁਣਨ ਨੂੰ ਮਿਲ ਸਕਦੀਆਂ ਹਨ। ਦੇਸ਼, ਰਾਜ ਅਤੇ ਇਲਾਕੇ ਦੇ ਨੇਤਾਵਾਂ ਦੇ ਵਿਵਹਾਰ, ਉਨ੍ਹਾਂ ਦੇ ਕੰਮਾਂ, ਉਨ੍ਹਾਂ ਦੇ ਗੁਣ-ਔਗੁਣ ਵੀ ਸੱਥ ਵਿਚ ਚਰਚਾ ਦਾ ਵਿਸ਼ਾ ਬਣਦੇ ਹਨ। ਹੁਣ ਦੇ ਅਤੇ ਪੁਰਾਣੇ ਨੇਤਾਵਾਂ ਦੀ ਤੁਲਨਾ ਵੀ ਕੀਤੀ ਜਾਂਦੀ ਹੈ। ਕਿਸਾਨ ਜਥੇਬੰਦੀਆਂ ਦੀਆਂ ਗੱਲਾਂ, ਸਾਂਝੇ ਘੋਲਾਂ/ਅੰਦੋਲਨਾਂ ਦੀਆਂ ਗੱਲਾਂ, ਕਰਜ਼ੇ ਦੀਆਂ ਖ਼ਰਾਬੀਆਂ, ਵਿਆਹਾਂ ਦੇ ਖ਼ਰਚਿਆਂ, ਕਬੀਲਦਾਰੀਆਂ, ਸਮਾਜਿਕ ਕੁਰੀਤੀਆਂ, ਕੁਨਬਾਪਰਵਰੀ, ਦਫ਼ਤਰਾਂ,ਮੰਡੀਆਂ,ਬੈਂਕਾਂ ਆਦਿ ਵਿੱੱਚ ਕੰਮ ਕਰਵਾਉਣ ਵੇਲੇ ਆਉਂਦੀਆਂ ਕਠਿਨਾਈਆਂ/ਰੁਕਾਵਟਾਂ, ਰਿਸ਼ਵਤਖੋਰੀ, ਜ਼ਰੂਰੀ ਚੀਜ਼ਾਂ ਦੀ ਪੈਦਾ ਕੀਤੀ ਜਾਂਦੀ ਘਾਟ,ਜਮ੍ਹਾਂ ਖੋਰੀ, ਕਿਰਸਾਨੀ ਜੀਵਨ ਦੀਆਂ ਕਠਿਨਾਈਆਂ, ਫਸਲਾਂ, ਮੌਸਮਾਂ, ਸਮਾਜਿਕ ਕੁਰੀਤੀਆਂ, ਮਹਿੰਗਾਈ, ਚੋਰ ਬਾਜ਼ਾਰੀ, ਪੈਸੇ ਵਾਲੇ ਲੋਕਾਂ ਦੇ ਠਾਠ-ਬਾਠ,  ਭ੍ਰਿਸ਼ਟਾਚਾਰ ਆਦਿ ਬਾਰੇ ਵੀ ਗੱਲਾਂ ਛਿੜਦੀਆਂ ਹਨ। ਲਾਈ ਲੱਗਾਂ ਦੀਆਂ ਗੱਲਾਂ ਵੀ ਕਹੀਆਂ-ਸੁਣੀਆਂ ਜਾਂਦੀਆਂ ਹਨ। ਨਕਲਾਂ ਕਰਨ ਵਾਲੇ, ਭੰਡ, ਰਾਸ ਧਾਰੀਏ, ਕਵੀਸ਼ਰ ਤੇ ਲੋਕਾਂ ਦਾ ਹਲਕਾ-ਫੁਲਕਾ ਮਨੋਰੰਜਨ ਕਰਨ ਵਾਲੇ ਲੋਕ ਕਲਾਕਾਰ ਵੀ ਸੱਥ ਵਿਚ ਆ ਕੇ ਆਪਣੀ ਕਲਾ ਦੇ ਰੰਗ ਬਿਖੇਰਦੇ ਹਨ। ਸੱਥ ਵਿਚ ਅਸਲ ਦੁਨੀਆਂ ਦੇ ਸਮਾਨਾਂਤਰ ਇਕ ਦੁਨੀਆਂ ਵਾਸਾ ਕਰਦੀ ਪ੍ਰਤੀਤ ਹੁੰਦੀ ਹੈ। ਸੱਚ-ਮੁਚ ਸੱਥ ਪਿੰਡ ਦੀ ਆਵਾਜ਼ ਬਣਦੀ ਹੈ। ਸਮੇਂ ਦੇ ਫੇਰ-ਬਦਲ ਨਾਲ ਸੱਥ ਦੇ ਸੁਭਾਅ ਤੇ ਰੌਣਕ ਵਿਚ ਤਬਦੀਲੀ ਦਾ ਵਾਪਰਨਾ ਸਹਿਜ ਕਿਸਮ ਦਾ ਵਰਤਾਰਾ ਹੈ। ਗੱਲਾਂ ਬਾਤਾਂ ਸਾਂਝੀਆਂ ਕਰਨ ਤੇ ਵਿਚਾਰ ਵਟਾਂਦਰੇ ਲਈ ਅਤਿ ਆਧੁਨਿਕ ਤੇ ਅਸਰਦਾਰ ਸੰਚਾਰ ਸਾਧਨਾਂ ਦੀ ਭਰਮਾਰ ਹੋ ਜਾਣ ਕਾਰਨ ਹੁਣ ਸੱਥਾਂ ਵਿੱਚ ਜੁੜਦੇ ਇਕੱਠ ਵੀ ਪ੍ਰਭਾਵਿਤ ਹੋਏ ਹਨ। ਹੁਣ ਸੱਥ ਦਾ ਮੂੰਹ-ਮੁਹਾਂਦਰਾ ਤੇ ਸਰੂਪ ਬਦਲ ਰਿਹਾ ਹੈ। ਸੱਥ ਦੇ ਪੰਚਾਇਤ ਵਾਲੇ ਸਰੂਪ ਤੇ ਆਦਰ-ਮਾਣ ਵਿੱਚ ਵੀ ਬਹੁਤ ਵੱਡਾ ਪਰਿਵਰਤਨ ਆ ਰਿਹਾ ਹੈ।ਸ਼ਹਿਰਾਂ ਦੇ ਨਾਲ ਲੱਗਦੇ ਪਿੰਡਾਂ ਦੇ ਲੋਕ ਕਲੱਬਾਂ ਦੇ ਮੈਂਬਰ ਬਣ ਗਏ/ਰਹੇ ਹਨ। ਜਿਮ ਖੁੱਲ੍ਹ ਗਏ ਹਨ। ਟੀ.ਵੀ.ਦੇ ਪਾਸਾਰ ਦੀ ਕੋਈ ਸੀਮਾਂਂ ਨਹੀਂ ਰਹੀ।ਲੋਕ ਪਾਰਕਾਂ,ਕਮਿਊਨਿਟੀ ਹਾਲਾਂ, ਕਸਰਤ ਘਰਾਂ, ਸੀਨੀਅਰ ਸਿਟੀਜ਼ਨ ਘਰਾਂ ਵਿੱਚ ਜਾ ਕੇ ਕਿਸੇ ਸਰਗਰਮੀ ਨਾਲ ਜੁੜਨ ਨੂੰ ਤਰਜੀਹ ਦੇਣ ਲੱਗ ਪਏ ਹਨ। ਪਿਛਲੇ ਵਰ੍ਹਿਆਂ/ਦਹਾਕਿਆਂ ਦੌਰਾਨ ਇਹ ਚਲਨ ਵਧਿਆ ਹੈ। ਸਮਾਜਿਕ ਸੱਭਿਆਚਾਰਕ ਜੀਵਨ ਵਿੱੱਚ ਬਹੁਤ ਵੱਡਾ ਪਰਿਵਰਤਨ ਵਾਪਰਨ ਦੇ ਬਾਵਜੂਦ ਵੀ ਪਿੰਡ ਦੀ ਸੱਥ ਬਾਰੇ ਬਣਿਆ ਪ੍ਰਭਾਵ ਅਜੇ ਵੀ ਲੋਕ ਮਨਾਂ ਵਿਚ ਆਪਣਾ ਸਥਾਨ ਬਣਾਈ ਬੈਠਾ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin