Articles

ਹਾਂ, ਮੈਂ ਢੋਲ ਸੀ !

ਲੇਖਕ: ਅਸ਼ੋਕ ਸੋਨੀ, ਹਿੰਦੀ ਟੀਚਰ
ਖੂਈ ਖੇੜਾ, ਫਾਜ਼ਿਲਕਾ

2017 ਦੀ ਗਰਮੀ ਦੀ ਗੱਲ ਏ, ਮੇਰਾ ਚੌਥਾ ਪੀਰੀਅਡ ਅੱਠਵੀਂ ਜਮਾਤ ਵਿੱਚ ਸੀ। ਮਨੀਟਰ ਨੇ ਗੁਰਵਿੰਦਰ ਦੀ ਸ਼ਿਕਾਇਤ ਕਰਦੇ ਹੋਏ ਨਾਲ ਹੀ ਉਸਦੀ ਕਾਪੀ ਪੇਸ਼ ਕੀਤੀ, ਜਿਸ ਤੇ ਉਹਨੇਂ ਇਕ ਮੋਟੇ ਬੰਦੇ ਦੀ ਫੋਟੋ ਬਣਾ ਰੱਖੀ ਸੀ ਤੇ ਪੰਜਾਬੀ ਚ ਲਿਖਿਆ ਸੀ ‘ਢੋਲ’, ਮਨੀਟਰ ਕਹਿੰਦਾ “ਆ ਵੇਖੋ , ਸਰ ਜੀ”,  ਮੈਂ ਕਿਹਾ “ਫਿਰ ਕੀ ਹੋ ਗਿਆ, ਤਸਵੀਰ ਈ ਬਣਾਈ ਏ “, ਮਨੀਟਰ ਕਹਿੰਦਾ, “ਸਰ ਜੀ, ਗੁਰਵਿੰਦਰ ਨੇ ਤੁਹਾਡੀ ਤਸਵੀਰ ਬਣਾਈ ਏ ਤੇ ਨਾਲ ਨਾਮ ਲਿਖਿਆ ਏ , ਢੋਲ”। ਮੈਂ ਗੁਰਵਿੰਦਰ ਨੂੰ ਬੁਲਾਇਆ ਤੇ ਕਿਹਾ, “ਯਾਰ, ਮੋਟਾ ਤਾਂ ਮੈਂ ਹੇਗਾ ਆਂ ਪਰ ਢੋਲ ਜਿੱਡਾ ਤਾਂ ਨਹੀਂ ਪਰ ਹਾਂ ਢੋਲਕੀ ਜਰੂਰ ਆਂ”। ਮੈਂ ਤੇ ਸਾਰੀ ਜਮਾਤ ਹੱਸਣ ਲੱਗ ਪਈ, ਗੁਰਵਿੰਦਰ ਨੇ ਸੋਰੀ ਫੀਲ ਕੀਤੀ ਤੇ ਉਹ ਕਾਗਜ਼ ਤੇ ਬਣੀ ਤਸਵੀਰ ਪਾੜ ਦਿੱਤੀ ਪਰ ਮੇਰੇ ਮਨ ‘ਚ ਤਾਂ ਹੁਣ ਇਹ ਤਸਵੀਰ ਪੂਰੀ ਤਰਾਂ ਉਕਰ ਚੁੱਕੀ ਸੀ।

ਸਾਢੇ ਪੰਜ ਫੁੱਟਾ ਬੰਦਾ ਤੇ ਭਾਰ 90 ਕਿਲੋ, ਢੋਲ ਈ ਲੱਗੂ।  ਹੁਣ ਬੱਚੇ ਦਾ ਕੀ ਕਸੂਰ, ਹਾਲਾਂਕਿ ਮੈਂ ਹਮੇਸ਼ਾਂ ਤੋਂ ਹੀ ਬਹੁਤ ਐਕਟਿਵ ਖਿਲਾੜੀ ਸਾਂ ਤੇ ਰੋਜ਼ਾਨਾ ਖੇਡਦਾ ਵੀ ਸੀ ਪਰ ਫੇਰ ਵੀ ਕੰਮ ਵੱਧਦਾ ਈ ਤੁਰੀ ਆ ਰਿਹਾ ਸੀ। ਮੈਂ ਉਸੇ ਦਿਨ ਈ ਸੋਚ ਲਿਆ ਕੇ ਹੁਣ ਤਸਵੀਰ ਬਦਲਣ ਦੀ ਲੋੜ ਏ। ਇੱਕ ਅਧਿਆਪਕ ਰੋਲ ਮਾਡਲ ਹੁੰਦਾ ਏ, ਬੱਚਿਆਂ ਲਈ । ਮੈਂ ਹੁਣ ਸਰੀਰਕ ਤਬਦੀਲੀ ਕਰਨ ਬਾਰੇ ਧਾਰ ਲਿਆ। ਕੋਈ ਗਾਈਡ ਨੀਂ, ਕੋਈ ਦਵਾਈ ਨੀਂ, ਇੰਟਰਨੈਟ ਤੇ ਕੁੱਝ ਵਧੀਆ ਕਿਤਾਬਾਂ ਤੋਂ ਹੀ ਕੈਲਰੀ, ਮੈਟਾਬੋਲਿਜਮ, ਸੰਤੁਲਿਤ ਭੋਜਨ, ਫੈਟ ਬਰਨ ਆਦਿ ਸੰਬੰਧੀ ਗਿਆਨ ਹਾਸਲ ਕੀਤਾ, ਤੇ ਕਰਤਾ ਕੰਮ ਸ਼ੁਰੂ।
ਮੇਰੀ ਨਿਜੀ ਧਾਰਨਾ ਏ ਕਿ ਭੱਜਣ ਤੋਂ ਬਿਨਾਂ, ਸਿਰਫ ਬੀਮਾਰ ਦਾ ਈ ਭਾਰ ਘੱਟਦਾ ਏ, ਸੋ ਭੱਜਣਾ ਸ਼ੁਰੂ ਕੀਤਾ। ਦੋ ਕਿਲੋਮੀਟਰ ਤੋਂ ਸ਼ੁਰੂਆਤ ਕੀਤੀ। ਸਾਇਕਲਿੰਗ, ਮਿੱਠਾ ਜਮਾਂ ਈ ਬੰਦ, ਖੁਰਾਕ ਚ ਪ੍ਰੋਟੀਨ ਤੇ ਫਾਈਬਰ ਵਧਾ ਕੇ ਕਾਰਬੋਹਾਈਡ੍ਰੇਟਸ ਘੱਟ ਕੀਤਾ। ਗ੍ਰੀਨ ਟੀ ਦਾ ਤਾਂ ਪੱਕਾ ਅਮਲੀ ਈ ਬਣ ਗਿਆ। ਰੋਜ਼ਾਨਾ ਦੌੜ ਹੋਲੀ-ਹੋਲੀ ਵਧਾ ਕੇ 55 ਕੁ ਮਿੰਟ ਚ 10 ਕਿਲੋਮੀਟਰ ਕਰ ਦਿੱਤੀ। ਸਾਇਕਲਿੰਗ ਰੋਜ ਗੇੜਾ ਫਾਜ਼ਿਲਕਾ ਦਾ ਲਾਉਣਾ ਈ ਲਾਉਣਾ, ਲਗਭਗ 25 ਕੁ ਕਿਲੋਮੀਟਰ ਤੇ ਡਾਈਟਿੰਗ ਵੀ ਕਰਨੀ । 7-8 ਮਹੀਨੇ ਇਹ ਤਪੱਸਿਆ ਲਗਾਤਾਰ ਜਾਰੀ ਰੱਖ, ਮੈਂ ਕਿਵੇਂ 65 ਕਿਲੋ ਤੇ ਆਇਆ, ਬੱਸ ਮੈਂ ਹੀ ਜਾਣਦਾਂ।
ਸਾਥਿਓ ਦੁਕਾਨ ਖੋਲਣੀ ਤਾਂ ਸੋਖੀ ਹੁੰਦੀ ਏ ਪਰ ਖੁੱਲੀ ਰੱਖਣੀ ਔਖੀ ਹੁੰਦੀ ਏ। ਇਸੇ ਤਰਾਂ ਭਾਰ ਘਟਾਉਣ ਤੋਂ ਜਿਆਦਾ, ਘਟਾਏ ਰੱਖਣਾ ਔਖਾ ਹੁੰਦਾ ਏ। ਤੁਹਾਨੂੰ ਆਪਣੇ ਭਾਰ ਨੂੰ ਕੰਟਰੋਲ ਚ ਰੱਖਣ ਲਈ ਨਿਰੰਤਰ ਕਸਰਤ, ਦੋੜ ਤੇ ਖਾਣ-ਪੀਣ ਦਾ ਧਿਆਨ ਰੱਖਣਾ ਪੈਂਦਾ ਏ।ਮੈਂ ਅੱਜ ਚਾਰ ਸਾਲ ਬਾਅਦ ਵੀ ਰੋਜ 4 ਕਿਲੋਮੀਟਰ ਰਨਿੰਗ, ਕਸਰਤ, ਡਾਈਟ ਕੰਟਰੋਲ, ਤੇ ਗ੍ਰੀਨ ਟੀ ਦਾ ਪੱਕਾ ਨਿਤਨੇਮੀ ਹਾਂ। ਇਸੇ ਕਰਕੇ ਈ ਵੇਟ ਮਸ਼ੀਨ ਦੀ ਰੀਡਿੰਗ 65-67 ਦੇ ਵਿਚਕਾਰ ਈ ਰੱਖੀਦੀ ਏ।
ਹਰ ਸਾਲ ਸੀਜ਼ਨ ਆਉਂਦਾ ਏ, ਸੈਰ ਕਰਨ ਵਾਲਿਆਂ ਦਾ, ਕਸਰਤ ਕਰਨ ਵਾਲਿਆਂ ਦਾ, ਸਾਇਕਲਿੰਗ ਵਾਲਿਆਂ ਦਾ। ਇਹ ਸਾਥੀ ਬ੍ਰਾਂਡੇਡ ਬੂਟ, ਲੋਅਰ, ਟੀ-ਸ਼ਰਟਾਂ, ਮਹਿੰਗੀਆਂ ਟੋਪੀਆਂ ਲਾ ਕੇ ਹਫਤਾ-ਦਸ ਕੁ ਦਿਨ ਸੈਲਫੀਆਂ-ਸੂਲਫੀਆਂ ਖਿੱਚ, ਫੇਸਬੁੱਕ ਤੇ ਪਾ ਫੀਲਿੰਗ ਲੈ ਕੇ ਆਪਣਾ ਸ਼ੋਕ ਪੂਰਾ ਕਰਕੇ, ਮੁੜ ਬਰਗਰਾਂ ਆਲੀਆਂ ਰੇਹੜੀਆਂ ਨੂੰ ਚਾਲੇ ਪਾ ਦਿੰਦੇ ਨੇਂ। ਜੇਕਰ ਤੁਸੀਂ ਮੋਟਾਪੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਲਗਾਤਾਰ ਮਿਹਨਤ ਕਰਨੀ ਹੀ ਪੈਣੀ ਹੈ, ਇਸਦਾ ਕੋਈ ਸ਼ਾਰਟਕਟ ਨਹੀਂ ਹੈ, ਰੋਜ ਸਵੇਰੇ ਜਲਦੀ ਉੱਠਕੇ ਸਰੀਰ ਤੋੜਕੇ ਮਿਹਨਤ ਕਰਨ ਵਾਲੇ ਬੰਦੇ ਵਾਕਈ ਆਮ ਨਹੀਂ ਹੁੰਦੇ।
ਸਾਥਿਓ ਕਿਸੇ ਵੀ ਠੱਗੀ ਚ ਪੈਣ ਦੀ ਕੋਈ ਲੋੜ ਨਹੀਂ ਹੈ, ਅਸਲ ਚ ਭਾਰ ਘਟਾਉਣਾ ਵੀ ਅੱਜ ਇੱਕ ਬਹੁਤ ਵੱਡਾ ਬਿਜ਼ਨਸ ਬਣ ਚੁੱਕਾ ਏ। ਮਾਹੋਲ ਈ ਇਸ ਤਰਾਂ ਦਾ ਬਣਾ ਦਿੱਤਾ ਗਿਆ ਏ ਕਿ 70 ਕਿਲੋ ਆਲਾ ਵੀ ਆਪਣੇ ਆਪ ਨੂੰ ਓਵਰਵੇਟ ਸਮਝਦਾ ਏ । ਫਾਲਤੂ ਦਾ ਵਹਿਮ ਤਾਂ ਕਦੇ ਨਹੀਂ ਕਰਨਾ ਚਾਹੀਦਾ ਜੇਕਰ ਬੀ ਐਮ ਆਈ (ਬਾਡੀ ਮਾਸ ਇੰਡੇਕਸ) ਅਨੁਸਾਰ ਤੁਹਾਡਾ ਵਜਨ ਜਿਆਦਾ ਹੈ ਤਾਂ ਅੱਜ ਤੋਂ ਹੀ ਸ਼ੁਰੂ ਕਰ ਦਿਓ, ਡਾਈਟਿੰਗ ਵੀ ਕਰੋ ਪਰ ਹੱਦ ਵਿੱਚ ਰਹਿ ਕੇ, ਡਾਈਟਿੰਗ ਦਾ ਅਰਥ ਭੁੱਖੇ ਮਰਨਾ ਨਹੀਂ ਹੁੰਦਾ ਸਗੋਂ ਸਹੀ ਖੁਰਾਕ ਲੈਣਾ ਹੁੰਦਾ ਏ। ਤੁਸੀਂ ਕੈਲਰੀ ਕੰਟਰੋਲ ਕਰਕੇ , ਦੋੜੋ, ਪੈਦਲ ਚੱਲੋ, ਸਾਇਕਲਿੰਗ ਕਰੋ, ਸਭ ਤੋਂ ਵੱਡੀ ਤੇ ਆਖਰੀ ਗੱਲ , ਇਹ ਸ਼ਰੀਰਕ ਨਾਲੋਂ ਜਿਆਦਾ, ਮਾਨਸਿਕ ਲੜਾਈ ਏ, ਜੋ ਆਪਣੇ-ਆਪ ਤੋਂ ਜਿੱਤਦਾ ਏ, ਉਹੀ ਸਫਲ ਹੁੰਦਾ ਏ। ਸਿਹਤ ਪੈਸੇ ਨਾਲ ਨਹੀਂ, ਮਿਹਨਤ ਨਾਲ ਹੀ ਮਿਲਦੀ ਏ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin