Articles Religion

20 ਫ਼ਰਵਰੀ ‘ਤੇ ਵਿਸ਼ੇਸ਼: ਸ਼ਹੀਦੀ ਸਾਕਾ ਨਨਕਾਣਾ ਸਾਹਿਬ

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਸਿੱਖਾਂ ਨੂੰ ਮਹੰਤਾਂ ਕੋਲੋਂ ਗੁਰਦੁਵਾਰੇ ਆਜ਼ਾਦ ਕਰਵਾਉਣ ਲਈ ਵੱਡੀ ਜਦੋ-ਜਹਿਦ ਕਰਨੀ ਪਈ ਅਤੇ ਵੱਡੀ ਗਿਣਤੀ ਵਿਚ ਸ਼ਹੀਦੀਆਂ ਪ੍ਰਾਪਤ ਕਰਨੀਆਂ ਪਈਆਂ। ਅੰਗਰੇਜ਼ੀ ਰਾਜ ਵੇਲੇ ਗੁਰਦੁਆਰਿਆਂ ਤੇ ਮਹੰਤ  ਕਾਬਜ਼ ਸਨ ਮਹੰਤ ਕਿੱਥੋਂ ਆਏ? ਇਹ ਕੌਣ ਸਨ? ਇਹ ਗੁਰਦੁਆਰਿਆਂ ਤੇ ਕਦੋਂ ਕਾਬਜ਼ ਹੋਏ? ਪਹਿਲਾਂ ਸਾਨੂੰ ਇਨ੍ਹਾਂ ਦੇ ਪਿਛੋਕੜ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ।

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਧਿਆਨ ਸਿੰਘ ਡੋਗਰੇ ਪੂਰੀ ਤਰ੍ਹਾਂ ਸਿੱਖ ਰਾਜ ਤੇ ਕਾਬਜ਼ ਸਨ। ਸਿੱਖ ਮਹਾਰਾਜਿਆਂ ਥੱਲੇ ਡੋਗਰੇ ਪ੍ਰਧਾਨ ਮੰਤਰੀ ਦੇ ਅਹੁਦਿਆਂ ਤੇ ਕੰਮ ਕਰਦੇ ਸਨ। ਸਿੱਖ ਰਾਜ ਦਾ ਪ੍ਰਬੰਧ ਡੋਗਰੇ ਚਲਾਉਂਦੇ ਸਨ ਉਨ੍ਹਾਂ ਨੇ ਸਿੱਖ ਰਾਜ ਨੂੰ ਖੋਰ ਖੋਰ ਕੇ ਅੰਗਰੇਜ਼ਾਂ ਦੀ ਝੋਲੀ ਹੀ ਨਹੀਂ ਪਾਇਆ ਸਗੋਂ ਸਾਡੇ ਸਿੱਖ ਧਰਮ ਦੇ ਗੁਰਦੁਆਰਿਆਂ ਦੇ ਪ੍ਰਬੰਧਾਂ ਨੂੰ ਵੀ ਖੋਰਾ ਲਾ ਲਾ ਕੇ ਇਹਨਾਂ ਉੱਪਰ ਹਿੰਦੂ ਰਾਜਪੂਤ ਡੋਗਰਿਆਂ ਦਾ ਕਬਜ਼ਾ ਕਰਵਾ ਦਿੱਤਾ।ਇਹਨਾਂ ਰਾਜਪੂਤ ਡੋਗਰਿਆਂ ਨੂੰ ਹੀ ਮਹੰਤਾਂ(ਮਸੰਦ)ਦਾ ਨਾਮ ਦਿੱਤਾ ਗਿਆ।ਜਦ ਅੰਗਰੇਜ਼ ਸਿੱਖ ਰਾਜ ਤੇ ਕਾਬਜ਼ ਹੋ ਗਏ ਤਾਂ ਉਹਨਾਂ ਮਹੰਤਾ ਦਾ ਪੱਖ ਪੂਰਨਾ ਸ਼ੁਰੂ ਕਰ ਦਿੱਤਾ ਤਾਂ ਕੇ ਸਿੱਖ, ਧਰਮ ਪੱਖੋ ਵੀ ਕਮਜ਼ੋਰ ਪੈ ਜਾਣ।
ਸਿੱਖਾਂ ਦਾ ਤਾਂ ਸਿੱਖ ਰਾਜ ਵੀ ਚੱਲਿਆ ਗਿਆ ਤੇ ਗੁਰਦੁਵਾਰਿਆਂ ਦਾ ਪ੍ਰਬੰਧ ਵੀ ਗਲਤ ਹੱਥਾਂ ਵਿੱਚ ਚੱਲਿਆ ਗਿਆ ਸੀ। ਮਹੰਤਾਂ ਦਾ ਗੁਰਦੁਵਾਰਿਆਂ ਨਾਲ ਕੋਈ ਪਿਆਰ ਨਹੀਂ ਸੀ ਉਹ ਤਾਂ ਆਪ ਦੀ ਐਸ਼ ਅਯਾਸ਼ੀ ਕਰਦੇ, ਨਸ਼ਿਆਂ ਦੀ ਵਰਤੋਂ ਕਰਦੇ, ਵੇਸਵਾਵਾਂ ਨੱਚਾ ਕੇ ਗੁਰਦੁਵਾਰਿਆਂ ਦੀ ਬੇ-ਅਦਬੀ ਕਰਦੇ ਅਤੇ ਗੁਰਦੁਆਰਿਆਂ ਦੀ ਆਮਦਨ ਖਾਂਦੇ।ਸਿੱਖ  ਗੁਰਦੁਵਾਰਿਆ ਦੀ ਬੇ-ਅਦਬੀ ਅਤੇ ਉਹਨਾਂ ਦੀ ਆਨ ਤੇ ਸ਼ਾਨ ਨੂੰ ਪਹੁੰਚਦੀ ਠੇਸ ਕਦ ਬਰਦਾਸ਼ਤ ਕਰ ਸਕਦੇ ਸਨ। ਇਹਨਾਂ ਨੇ ਗੁਰਦੁਵਾਰਾ ਸੁਧਾਰ ਲਹਿਰ ਵਿੱਢ ਦਿੱਤੀ ਇਸ ਲਹਿਰ ਵਿਚ ਅੰਗਰੇਜ਼ਾਂ ਨੂੰ ਸਿੱਖਾਂ ਮੂਹਰੇ ਹਾਰ ਮੰਨਣੀ ਪਈ ਫਿਰ 1920 ਵਿੱਚ ਸ਼੍ਰੋਮਣੀ ਗੁਰਦੁਵਾਰਾ ਪ੍ਬੰਧਕ ਕਮੇਟੀ ਹੋਂਦ ਵਿੱਚ ਆਈ ਪਰ ਮਹੰਤਾਂ ਤੋਂ ਗੁਰਦੁਆਰਿਆਂ ਦਾ ਪ੍ਰਬੰਧ ਲੈਣ ਦਾ ਕੰਮ ਸਿੱਖਾਂ ਲਈ ਜਿਉਂ ਦਾ ਤਿਉਂ ਹੀ ਖੜ੍ਹਾ ਸੀ ?
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਾਰੀ ਸਿੱਖ ਸੰਗਤ ਨੂੰ ਹੁਕਮਨਾਮਾ ਜਾਰੀ ਕਰਕੇ ਪੰਥਕ ਆਗੂਆਂ ਨੂੰ ਚੁਣਨ ਵਾਸਤੇ ਸਿੱਖਾਂ ਦੇ ਮੁੱਖੀਆਂ ਨੂੰ ਅਮ੍ਰਿਤਸਰ ਸੱਦਿਆ ਗਿਆ ਇਹ ਇਕੱਠ 15 ਨੰਵਬਰ 1920 ਨੂੰ ਰੱਖਿਆ ਗਿਆ ਅਤੇ ਪ੍ਰਬੰਧਕ ਕਮੇਟੀ ਚੁਣ ਲਈ ਇਸ ਦੇ ਚੁਣਨ ਤੋ ਬਾਅਦ ਸਿੱਖਾਂ ਨੇ ਕਈ ਗੁਰਦੁਵਾਰਿਆਂ ਦੇ ਕਬਜ਼ੇ ਲਏ।
  ਨਨਕਾਣਾ ਸਾਹਿਬ, ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੈ ਇੱਥੇ ਸਿੱਖ ਸਰਧਾਲੂਆਂ ਵਲੋਂ ਗੁਰਦੁਆਰਾ ਸਾਹਿਬ ਵਿੱਚ ਚੜ੍ਹਾਵੇ ਵੀ ਬਹੁਤ ਚੜ੍ਹਦੇ ਸਨ।ਮਹਾਰਾਜਾ ਰਣਜੀਤ ਸਿੰਘ ਨੇ ਜ਼ਮੀਨ ਵੀ ਗੁਰਦੁਵਾਰਾ ਸਾਹਿਬ ਦੇ ਨਾਮ ਬਹੁਤ ਲਗਵਾ ਦਿਤੀ ਸੀ ਪਰ ਉਥੋਂ ਦਾ ਮਹੰਤ ਨਰੈਣ ਦਾਸ ਗੁਰਦੁਆਰਾ ਸਾਹਿਬ ਦੀ ਕਮਾਈ ਗਲਤ ਤਰੀਕੇ ਨਾਲ ਖਾ ਰਿਹਾ ਸੀ ਉਸ ਨੇ ਗੁਰਦੁਆਰੇ ਵਿੱਚ ਪੱਕੇ ਤੌਰ ਤੇ ਵੇਸਵਾ ਰੱਖੀ ਹੋਈ ਸੀ ਅਤੇ ਵੇਸਵਾਵਾਂ ਗੁਰਦੁਵਾਰਾ ਸਾਹਿਬ ਅੰਦਰ ਨਚਾਉਂਦਾ ਸੀ।ਨਸ਼ਿਆਂ ਦਾ ਸੇਵਨ ਕਰਕੇ ਗੁਰਦੁਆਰਾ ਸਾਹਿਬ ਦੀ ਬੇਅਦਬੀ ਕਰਦਾ ਸਿੱਖ ੳੁਸ ਤੇ ਬਹੁਤ ਔਖੇ ਸਨ ਉਸ ਨੂੰ ਗੁਰਦੁਵਾਰਾ ਸਾਹਿਬ ਵਿਚੋਂ ਛੇਤੀ ਹੀ ਕੱਢ ਦੇਣਾ ਚਾਹੁੰਦੇ ਸਨ।
5, 6 ਮਾਰਚ 1921 ਨੂੰ ਸ਼੍ਰੋਮਣੀ ਕਮੇਟੀ ਨੇ ਨਨਕਾਣਾ ਸਾਹਿਬ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ ਤਾਂ ਕੇ ਗੁਰਦੁਵਾਰਾ ਸਾਹਿਬ ਦੇ ਪ੍ਰਬੰਧ ਦੇ ਸੁਧਾਰ ਬਾਰੇ ਮਹੰਤ ਨੂੰ ਕਿਹਾ ਜਾਵੇ ਅਤੇ ਗੁਰਦੁਵਾਰੇ ਦਾ ਪ੍ਰਬੰਧ ਆਪਣੇ ਹੱਥਾ ਵਿੱਚ ਲੈਣ ਦੀ ਗੱਲ ਕੀਤੀ ਜਾਵੇ ਪਰ ਉਸ ਮੀਟਿੰਗ ਦਾ ਟਾਕਰਾ ਕਰਨ ਵਾਸਤੇ ਮਹੰਤ ਨਰੈਣ ਦਾਸ ਨੇ ਇੱਕ ਇਕੱਠ ਸੱਦਿਆ ਉਸ ਵਿੱਚ ਮਹੰਤਾਂ ਅਤੇ ਸੰਤਾਂ ਨੂੰ ਬੁਲਾਇਆ ਗਿਆ ਤਾਂ ਕੇ ਸਿੱਖਾਂ ਦੇ ਪ੍ਰੋਗਰਾਮ ਨਾਲ ਟੱਕਰ ਲਈ ਜਾ ਸਕੇ।
ਕਰਤਾਰ ਸਿੰਘ ਝੱਬਰ ਨੇ ਇਸ ਇਕੱਠ ਤੋਂ ਪਹਿਲਾਂ ਹੀ 20 ਫ਼ਰਵਰੀ ਨੂੰ ਗੁਰਦੁਵਾਰਾ ਸਾਹਿਬ ਦਾ ਪ੍ਰਬੰਧ ਜੱਥੇ ਲਿਜਾ ਕੇ ਸਿੱਖ ਪੰਥ ਥੱਲੇ ਲੈਣ ਦਾ ਮਨ ਬਣਾ ਲਿਆ। ਮਹੰਤ ਨਰੈਣ ਦਾਸ ਨੂੰ ਇਸ ਪ੍ਰੋਗਰਾਮ ਦੀ ਖ਼ਬਰ ਹੋ ਗਈ ਸੀ। ਪੰਥਕ ਦਲ ਨੂੰ ਵੀ ਝੱਬਰ ਹੋਰਾਂ ਦੇ ਜਥੇ ਦੇ ਜਾਣ ਦੀ ਖ਼ਬਰ ਹੋ ਗਈ ਸੀ।ਉਹਨਾਂ ਲਾਹੌਰ ਵਿੱਚ ਮੀਟਿੰਗ ਕਰਕੇ ਜੱਥਿਆਂ ਨੂੰ ਨਨਕਾਣਾ ਸਾਹਿਬ ਜਾਣ ਤੋ ਰੋਕਿਆ।ਉਨ੍ਹਾਂ ਸੋਚਿਆ ਜੇਕਰ ਕੁਝ ਸਿੱਖ ਨਿਸਚਤ ਮਿਤੀ ਤੋ ਪਹਿਲਾਂ ਨਨਕਾਣਾ ਸਾਹਿਬ ਪਹੁੰਚ ਗਏ ਤਾਂ ਮਹੰਤ ਨਰੈਣ ਦਾਸ ਉਹਨਾਂ ਦਾ ਨੁਕਸਾਨ ਨਾ ਕਰ ਦੇਵੇ? ਇਸ ਕਰਕੇ ਉਹਨਾਂ ਨੇ ਜੱਥੇ ਰੋਕਣ ਵਾਸਤੇ ਸਿੱਖਾਂ ਦੀ ਡਿਊਟੀ ਲਾ ਦਿੱਤੀ ਸਿੱਖਾਂ ਨੇ ਕਰਤਾਰ ਸਿੰਘ ਝੱਬਰ ਨੂੰ ਤਾਂ ਗੁਰਦੁਵਾਰਾ ਖਰਾ ਸੋਦਾ  ਹੀ ਰੋਕ ਲਿਆ। ਲਛਮਣ ਸਿੰਘ ਧਾਰੋਵਾਲ ਜ਼ਿਲਾ ਸ਼ੇਖੂਪੁਰਾ ਦਾ ਜੱਥਾ ਅਰਦਾਸ ਕਰਕੇ ਨਨਕਾਣਾ ਸਾਹਿਬ ਵੱਲ  ਚਾਲੇ ਪਾ ਚੁੱਕਾ ਸੀ। ਭਾਈ ਲਛਮਣ ਸਿੰਘ ਧਾਰੋਵਾਲ ਦਾ ਜੱਥਾ ਜਦੋਂ 19 ਫ਼ਰਵਰੀ 1921 ਨੂੰ ਪਿੰਡ ਤੋਂ ਤੁਰਨ ਲੱਗਾ ਤਾਂ ਅਰਦਾਸ ਕਰਨ ਉਪਰੰਤ ਇਹ ਵਾਕ ਆਇਆ:
‘ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚ ਅਗਨੀ ਆਪੁ ਜਲਾਈ ।’
ਕਰਤਾਰ ਸਿੰਘ ਝੱਬਰ ਨੇ ਕਿਹਾ ਲਛਮਣ ਸਿੰਘ ਧਾਰੋਵਾਲ ਦੇ ਜੱਥੇ ਨੂੰ ਰੋਕਣ ਦੀ ਜਿਮੇਵਾਰੀ ਕੌਣ ਲਵੇਗਾ ਤਾਂ ਦਲੀਪ ਸਿੰਘ ਸਾਹੋਵਾਲ ਨੇ ਉਸ ਜੱਥੇ ਨੂੰ ਰੋਕਣ ਦੀ ਜਿਮੇਵਾਰੀ ਲੈ ਲਈ। ਦਲੀਪ ਸਿੰਘ ਸਾਹੋਵਾਲ ਚੰਦਰਕੋਟ ਦੀ ਝਾਲ ਤੇ ਜੱਥੇ ਦੀ ਉਡੀਕ ਵਿੱਚ ਜਾ ਖੜ੍ਹਾ ਹੋਇਆ ਕਿਉਂਕੇ ਉੱਥੇ ਹੀ ਕਰਤਾਰ ਸਿੰਘ ਝੱਬਰ ਦਾ ਜੱਥਾ ਪਹੁੰਚਣਾ ਸੀ ਇੱਥੋਂ ਫਿਰ ਦੋਹੇਂ ਜੱਥਿਆਂ ਨੇ ਇਕੱਠੇ ਹੋ ਕੇ ਅੱਗੇ ਨਨਕਾਣਾ ਸਾਹਿਬ ਜਾਣਾ ਸੀ। ਪਰ ਭਾਈ ਲਛਮਣ ਸਿੰਘ ਦਾ ਜੱਥਾ ੳਥੇ ਨਾਂ ਪਹੁੰਚਿਆ। ਦਲੀਪ ਸਿੰਘ ਸਾਹੋਵਾਲ ਨੇ ਸਮਝ ਲਿਆ ਸ਼ਾਇਦ ਲਛਮਣ ਸਿੰਘ ਨੂੰ ਪੰਥਕ ਆਗੂਆਂ ਦੇ ਫ਼ੈਸਲੇ ਦਾ ਪਤਾ ਲਗ ਗਿਆ ਹੋਵੇਗਾ ਇਸ ਕਰਕੇ ਉਹ ਵਾਪਸ ਮੁੜ ਗਿਆ ਹੋਵੇਗਾ? ਪਰ ਫਿਰ ਵੀ ਭਾਈ ਵਰਿਆਮ ਸਿੰਘ ਨੂੰ ਜੱਥੇ ਦੀ ਉਡੀਕ ਕਰਨ ਵਾਸਤੇ ਉੱਥੇ ਡਿੳੂਟੀ ਲਾ ਕੇ ਆਪ ਚਲਿਆ ਗਿਆ। ਕੁਝ ਸਮੇਂ ਬਾਅਦ ਭਾਈ ਲਛਮਣ ਸਿੰਘ ਧਾਰੋਵਾਲ ਦਾ  ਜੱਥਾ ਚੰਦਰ ਕੋਟ ਦੀ ਝਾਲ ਤੇ ਆ ਗਿਆ ਭਾਈ ਲਛਮਣ ਸਿੰਘ ਨੂੰ ਭਾਈ ਵਰਿਆਮ ਸਿੰਘ ਨੇ ਪੰਥਕ ਆਗੂਆਂ ਦੀ ਚਿੱਠੀ ਦਿਖਾ ਕੇ ਜੱਥੇ ਨੂੰ ਵਾਪਸ ਜਾਣ ਲਈ ਕਿਹਾ ਪਰ ਭਾਈ ਲਛਮਣ ਸਿੰਘ ਨੇ ਜੱਥਾ ਨਾਂ ਰੋਕਿਆ ਉਸ ਨੇ ਕਿਹਾ ਅਸੀ ਅਰਦਾਸ ਕਰਕੇ ਹੁਕਮਨਾਵਾਂ ਲੈ ਕੇ ਤੁਰੇ ਹਾਂ ਅਸੀ ਜੱਥੇ ਨੂੰ ਇੱਥੇ ਰੋਕ ਕੇ  ਗੁਰੂ ਤੋ ਬੇ-ਮੁੱਖ ਨਹੀ ਹੋ ਸਕਦੇ।” ਭਾਵੇ ਹੁਕਮਨਾਵੇਂ ਨੇ ਜੱਥੇ ਨੂੰ ਆਉਣ ਵਾਲਾ ਸਮਾ ਦਿਖਾ ਦਿੱਤਾ ਸੀ ਪਰ ਫਿਰ ਵੀ ਇਹ ਜੱਥਾ ਨਾ ਰੁਕਿਆ।
20 ਫ਼ਰਵਰੀ ਸਵੇਰੇ ਹੀ ਲਛਮਣ ਸਿੰਘ ਧਾਰੋਵਾਲ ਦੋ ਸੌ ਸਿੰਘਾਂ ਦੇ ਜਥੇ ਸਮੇਤ ਕੀਰਤਨ ਕਰਦਾ ਹੋਇਆ ਨਾਨਕਾਣਾ ਸਾਹਿਬ ਗੁਰਦੁਆਰੇ ਦੇ ਅੰਦਰ  ਪਹੁੰਚ ਗਿਆ। ਜੱਥਾ ਮੱਥਾ ਟੇਕ ਕੇ ਗੁਰੂ ਸਾਹਿਬ ਦੀ ਹਜੂਰੀ ਵਿੱਚ ਬੈਠ ਗਿਅਾ ਭਾਈ ਲਛਮਣ ਸਿੰਘ ਧਾਰੋਵਾਲ ਮੱਥਾ ਟੇਕ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਗਏ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰ ਦਿੱਤਾ।
ਮਹੰਤ ਨਰਾਇਣ ਦਾਸ ਨੂੰ ਪਹਿਲਾਂ ਹੀ ਇਹ ਖ਼ਬਰ ਹੋਈ ਹੋਣ ਕਰਕੇ  ਉਸ ਨੇ ਲੱਗਭਗ ਚਾਰ ਸੌ ਗੁੰਡੇ ਗੁਰਦੁਆਰਾ ਸਾਹਿਬ ਵਿੱਚ ਆਸੇ ਪਾਸੇ ਲੁਕਾ ਕੇ ਰੱਖੇ ਹੋਏ ਸਨ। ਮਹੰਤ ਨੇ ਗੁਰਦੁਆਰਾ ਸਾਹਿਬ ਦਾ ਮੁੱਖ ਦਰਵਾਜ਼ਾ ਅੰਦਰ ਤੋਂ ਬੰਦ ਕਰਵਾ ਦਿੱਤਾ ।ਮਹੰਤ ਦੇ ਪਠਾਣ ਗੁੰਡਿਆਂ ਨੇ ਮਹੰਤ ਦੇ ਕਹਿਣ ਤੇ ਸਿੱਖਾਂ ਤੇ ਹਮਲਾ ਕਰ ਦਿੱਤਾ ਉਨ੍ਹਾਂ ਨੇ ਕੋਠਿਆਂ ਤੋਂ ਸਿੰਘਾਂ ਤੇ ਗੋਲੀਆਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਸਿਦਕੀ ਸਿੰਘ ਸ਼ਾਤਮਈ ਢੰਗ ਨਾਲ ਬੈਠੇ ਗੋਲੀਆਂ ਖਾਂਦੇ ਰਹੇ  ਗੋਲੀਆਂ ਚਲਾਉਣ ਤੋਂ ਬਾਅਦ ਨੀਚੇ ਆ ਕੇ ਛਵੀਆਂ ਗੰਡਾਸੇ ਮਾਰ ਮਾਰ ਕੇ ਤੜਪਦੇ ਸਿੰਘਾਂ ਨੂੰ ਮਾਰ ਮੁਕਾਉਣਾ ਸ਼ੁਰੂ ਕਰ ਦਿੱਤਾ ਇੱਕ ਪਾਸੇ ਪਹਿਲਾਂ ਹੀ ਲੱਕੜਾਂ ਦਾ ਢੇਰ ਲਗਾ ਕੇ ਰੱਖਿਆ ਹੋਇਆ ਸੀ। ਉਸ ਉੱਪਰ ਮਿੱਟੀ ਦਾ ਤੇਲ ਪਾ ਕੇ ਲਾਸ਼ਾਂ ਸੁੱਟ ਸੁੱਟ ਕੇ ਸਿਖਾਂ ਦਾ ਖੋਜ ਖੁਰਾ ਮਟਾਉਣ ਦੀ ਨੀਤੀ ਨਾਲ ਸਿੰਘਾਂ ਦੇ ਸਰੀਰਾਂ ਨੂੰ ਸਾੜ ਰਹੇ ਸਨ।ਭਾਈ ਲਛਮਣ ਸਿੱਘ ਧਾਰੋਵਾਲ ਨੂੰ ਜੰਡ ਦੇ ਦਰੱਖਤ ਨਾਲ ਪੁੱਠਾ ਲਟਕਾ ਕੇ ਥੱਲੇ ਅੱਗ ਜਲਾ ਕੇ ਜਿਊਂਦੇ ਸਾੜ ਦਿੱਤਾ ਗਿਆ।ਭਾਈ ਲਛਮਣ ਸਿੰਘ ਜੀ ਸ਼੍ਰੀ ਗੁਰੂ ਗ੍ੰਥ ਸਾਹਿਬ ਜੀ ਦੀ ਬੀੜ ਨਾਲ ਲੈ ਕੇ ਆਏ ਸਨ ਉਸ ਵਿਚ ਵੀ ਗੋਲੀਆਂ ਲੱਗੀਆਂ ਲੱਗਭੱਗ 150 ਸਿੱਖ ਇਸ ਖੂਨੀ ਕਾਂਡ  ਦੀ ਭੇਟ ਚੜ੍ਹ ਗਏ। ਜਲ੍ਹਿਆਂ ਵਾਲੇ ਬਾਗ਼ ਦਾ ਸਾਕਾ ਹੋਣ ਤੋਂ ਲਗਭਗ ਪੌਣੇ ਦੋ ਸਾਲ ਬਾਅਦ ੲਿਹ ਸਾਕਾ ਹੋ ਗਿਆ ਸੀ ਅਜੇ ਤਾਂ ਸਿੱਖਾੱ ਦੇ ਪਹਿਲੇ ਜ਼ਖਮ ਵੀ ਨਹੀ ਸੁੱਕੇ ਸਨ ਇਸ ਸਾਕੇ ਦੀ ਤੁਲਨਾਂ ਵੀ ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ ਨਾਲ ਕੀਤੀ ਜਾ ਰਹੀ ਸੀ। ਸਾਕਾ ਹੋਣ ਤੋਂ ਬਾਅਦ ਸਰਕਾਰ ਨੇ ਨਨਕਾਣਾ ਸਾਹਿਬ ਜਾਣ ਲਈ ਰੇਲ ਦੀਆਂ ਟਿਕਟਾਂ  ਬੰਦ ਕਰ ਦਿੱਤੀਆਂ ਤਾਂ ਕੇ ਕੋਈ ਸਿੱਖ ਨਨਕਾਣਾ ਸਾਹਿਬ ਨਾ ਪਹੁੰਚ ਸਕੇ ਫੇਰ ਵੀ ਸਿੱਖ ਹਜ਼ਾਰਾਂ ਦੀ ਗਿਣਤੀ ਵਿੱਚ ਨਨਕਾਣਾ ਸਾਹਿਬ ਪਹੁੰਚ ਗਏ। ਨਰੈਣੇ ਦੀ ਇਹ ਕਰਤੂਤ ਵੇਖ ਕੇ ਸਿੱਖਾਂ ਦਾ ਮਨ ਰੋਹ ਨਾਲ ਭਰ ਗਿਆ ਸੀ।ਸਿੱਖਾਂ ਦਾ ਰੋਹ ਵੇਖ ਕੇ  ਮਿਸਟਰ ਕਿੰਗ ਨੇ ਗੁਰਦੁਵਾਰੇ ਦੀਆਂ ਚਾਬੀਆਂ 21 ਫ਼ਰਵਰੀ ਸ਼ਾਮ ਨੂੰ ਸਿੱਖਾਂ ਦੇ ਹਵਾਲੇ ਕਰ ਦਿੱਤੀਆਂ। 22 ਫ਼ਰਵਰੀ ਨੂੰ ਬਾਕੀ ਸਿੰਘਾਂ ਦਾ ਸਸਕਾਰ ਕੀਤਾ ਗਿਆ।ਸਾਕੇ ਵਾਲੇ ਦਿਨ 20 ਫ਼ਰਵਰੀ ਰਾਤ ਨੂੰ ਸ਼ਪੈਸ਼ਲ ਰੇਲ ਗੱਡੀ ਰਾਹੀਂ ਮਹੰਤ ਅਤੇ ਉਸਦੇ ਸਾਥੀਆਂ ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। 3 ਮਾਰਚ 1921ਨੂੰ ਸ਼ਹੀਦਾ ਦਾ ਸ਼ਹੀਦੀ ਸਮਾਗਮ ਹੋਇਆ।
ਇਸ ਕਾਂਡ ਵਿੱਚ ਮਹੰਤ ਦੇ ਤਿੰਨ ਬੰਦਿਆਂ ਨੂੰ ਮੌਤ ਦੀ ਸਜਾ ਹੋਈ ਮਹੰਤ ਨਰੈਣ ਦਾਸ ਸਮੇਤ ਦੋ ਬੰਦਿਆਂ ਨੂੰ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਹੋਈ।ਨਨਕਾਣਾ ਸਾਹਿਬ ਦਾ ਸਾਕਾ ਬਹੁਤ ਵੱਡਾ ਸ਼ਹੀਦੀ ਸਾਕਾ ਹੈ ਇਸ ਸਾਕੇ ਦਾ ਸੰਤਾਪ ਸਿੱਖਾਂ ਨੇ ਵੱਡੀ ਮਾਤਰਾਂ ਵਿਚ ਆਪਣੇ ਤਨ ਤੇ ਹੰਡਾਇਆ ਇਸ ਸਾਕੇ ਦੇ ਸ਼ਹੀਦਾਂ ਨੂੰ ਸਿੱਖ ਸਦਾ ਹੀ ਯਾਦ ਕਰਦੇ ਰਹਿਣਗੇ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin