Articles

ਉੜਤਾ ਪੰਜਾਬ . . . !

ਲੇਖਕ: ਡਾ. ਬਲਜਿੰਦਰ ਸਿੰਘ, ਸਹਾਇਕ ਪ੍ਰੋਫੈਸਰ, ਜੀ. ਐਚ. ਜੀ ਖਾਲਸਾ ਕਾਲਜ, ਗੁਰੂਸਰ ਸੁਧਾਰ

ਪੰਜ ‘ਆਬ’ ਗੁਰੂਆਂ ਪੀਰਾਂ ਅਤੇ ਯੋਧਿਆਂ ਦੀ ਧਰਤੀ ਹੈ। ਇਸ ਮੁਕੱਦਸ ਧਰਤੀ ਤੇ ਆਕੇ ਵਿਸ਼ਵ ਜੇਤੂ ਸਿਕੰਦਰ ਦਾ ਉੜਦਾ ਪਰਚਮ ਵੀ ਰਾਜੇ ਪੋਰਸ ਦੇ ਜਜ਼ਬੇ ਅੱਗੇ ਝੁੱਕ ਗਿਆ ਸੀ। ਜਿਹੜੇ ਤਾਲਿਬਾਨ ਤੋਂ ਅੱਕ ਅੱਜ ਅਮਰੀਕਾ ਵੀ ਹਥਿਆਰ ਸੁੱਟ ਗਿਆ, ਓਹੀ ਅਫਗਾਨੀਆਂ ਨੂੰ ਹਰੀ ਸਿੰਘ ਨਲੂਏ ਨੇ ਸਲਵਾਰਾਂ ਪਾਉਣ ਲਾ ਦਿੱਤਾ ਸੀ। ਇਸੇ ਪੰਜਾਬ ਨੇ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਹਿੰਦ-ਪਾਕ ਸਰਹੱਦ ਹੋਵੇ ਜਾਂ ਚੀਨ ਨਾਲ ਲਗਦੀ ਗਲਵਾਨ ਘਾਟੀ ਪੰਜਾਬੀ ਦੇਸ਼ ਦੀ ਰੱਖਿਆ ਲਈ ਮੁੱਢਲੀਆਂ ਕਤਾਰਾਂ ਵਿੱਚ ਦੇਖਣ ਨੂੰ ਮਿਲਦੇ ਹਨ। ਪੰਜਾ ਦਰਿਆਵਾਂ ਦੀ ਜਰਖੇਜ਼ ਧਰਤੀ ਦੇ ਕਿਸਾਨਾਂ ਨੇ ਹਰੀ ਕ੍ਰਾਂਤੀ ਲਿਆ ਕਿਸੇ ਵੀ ਹਿੰਦੋਸਤਾਨੀ ਨੂੰ ਕਦੇ ਭੁੱਖਿਆ ਨਹੀਂ ਸੌਣ ਦਿੱਤਾ, ਚਾਹੇ ਪੰਜਾਬ ਅੱਜ ਜ਼ਮੀਨੀ ਪਾਣੀ ਦੀ ਸੱਮਸਿਆ ਤੋਂ ਜੂਝ ਰਿਹਾ ਹੈ। ਇਸ ਧਰਤੀ ਨੇ ਕਈ ਐਸੇ ਖਿਡਾਰੀ ਵੀ ਪੈਦਾ ਕੀਤੇ ਹਨ ਜਿਨ੍ਹਾਂ ਨੇ ਸਾਰੀ ਦੁਨੀਆਂ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ।

ਪਰ ਪਤਾ ਨਹੀਂ ਕਿਉਂ ਟੀ.ਵੀ ਚੈਨਲਾਂ ਅਤੇ ਕਈ ਫ਼ਿਲਮਾਂ ਵਿੱਚ ਪੰਜਾਬੀਆਂ ਦੇ ਕਿਰਦਾਰ ਅਤੇ ਉਹਨਾਂ ਵੱਲੋਂ ਪਾਏ ਯੋਗਦਾਨ ਨੂੰ ਅੱਖੋਂ ਪਰੋਖੇ ਕਰ ਪੰਜਾਬ ਦੀ ਛਵੀ ਨੂੰ ਢਾਹ ਲਾਉਣ ਦੀ ਕੋਝੀ ਕੋਸ਼ਿਸ਼ ਕੀਤੀ ਗਈ ਹੈ। ਬੌਲੀਵੁਡ ਵਾਲਿਆਂ ਨੇ ਤਾਂ ‘ਉੜਤਾ ਪੰਜਾਬ’ ਵਰਗੀ ਫ਼ਿਲਮ ਬਣਾ ਇਹ ਦਰਸਾਇਆ ਹੈ ਜਿਵੇੰ ਇਥੋਂ ਦਾ ਹਰ ਇੱਕ ਨੌਜਵਾਨ ਨਸ਼ਿਆਂ ਦਾ ਸਮੱਗਲਰ ਪਾਬਲੋ ਇਸਕੋਬਾਰ ਹੋਵੇ।

ਮੀਡੀਏ ਅਤੇ ਫ਼ਿਲਮਾਂ ਵਾਲਿਆਂ ਨੇ ਸਾਡੀ ਪੰਜਾ ਦਰਿਆਵਾਂ ਦੀ ਪਵਿੱਤਰ ਧਰਤੀ ਨੂੰ ‘ਉੜਤਾ ਪੰਜਾਬ’ ਦਾ ਖਿਤਾਬ ਤਾਂ ਦੇ ਦਿੱਤਾ ਹੈ, ਪਰ ਅਸਲ ਵਿੱਚ ਐਥੱਲੇਟਿਕ੍ਸ ਦੇ ਦ੍ਰਿਸ਼ਟੀਕੋਣ ਤੋਂ ‘ਉੜਤਾ ਪੰਜਾਬ’ ਕੀ ਹੈ ਆਓ ਇਸਦੀ ਪੜਚੋਲ ਕਰੀਏ……!!

ਸਾਰੀਆਂ ਖੇਡਾਂ ਦੀ ਮਾਂ ਕਹੀ ਜਾਣ ਵਾਲੀ ਐਥਲੇਟਿਕ੍ਸ ਦੀ ਗੱਲ ਕਰੀਏ ਤਾਂ ਭਾਰਤੀ ਟ੍ਰੈਕ ਐਂਡ ਫ਼ੀਲਡ ਦੇ ਇਤਿਹਾਸ ਵਿੱਚ ਪੰਜਾਬੀ ਗੱਭਰੂਆਂ ਦੀ ਮੁੱਢ ਤੋਂ ਹੀ ਝੰਡੀ ਰਹੀ ਹੈ। ਓਲੰਪਿਕ ਇਤਿਹਾਸ ਵਿੱਚ ਸਭ ਤੋਂ ਪਹਿਲਾਂ ਬ੍ਰਿਗੇਡੀਅਰ ਦਲੀਪ ਸਿੰਘ ਅਤੇ ਇਕ ਹੋਰ ਪੰਜਾਬੀ ਸ. ਪਾਲਾ ਸਿੰਘ ਨੇ ,1924 ਦੇ ਪੈਰਿਸ ਓਲੰਪਿਕ ਖੇਡਾਂ ਲਈ ਉੜਾਨ ਭਰੀ ਸੀ। ਇਹਨਾਂ ਦੋਵਾਂ ਨੇ ਪਹਿਲੇ ਭਾਰਤੀ ਸਿੱਖ ਓਲੰਪਿਅਨ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ।

ਟ੍ਰੈਕ ਦੀ ਕਿੰਗ ਇਵੇੰਟ ਕਹੀ ਜਾਣ ਵਾਲੀ 400 ਮੀ. ਦੌੜ ਵਿੱਚ ਭਾਰਤ ਦਾ ਨਾਂ ‘ਓਡਣੇ ਸਿੱਖ’ ਮਿਲਖਾ ਸਿੰਘ ਨੇ ਹੀ ਚਮਕਾਇਆ ਸੀ, ਜਿਹਨੂੰ ਓਸ ਵੇਲੇ ਵਿਸ਼ਵ ਰਿਕਾਰਡ ਤੋੜਨ ਦਾ ਮਾਣ ਹਾਸਿਲ ਵੀ ਹੋਇਆ। ਓਸ ‘ਓੜਤੇ ਸਿੱਖ’ ਦਾ ਬਣਾਇਆ 400 ਮੀ. ਦਾ ਕੌਮੀ ਰਿਕਾਰਡ ਰਿਕਾਰਡ ਚਾਰ ਦਹਾਕਿਆਂ ਬਾਅਦ ਵੀ ‘ਓੜਤੇ ਪੰਜਾਬ’ ਦੇ ਹੀ ਇੱਕ ਗੱਭਰੂ ਪਰਮਜੀਤ ਸਿੰਘ ਨੇ ਤੋੜਿਆ ਸੀ।

ਉਡਣੇ ਸਿੱਖ ਮਿਲਖੇ ਤੋਂ ਬਾਅਦ ਇੱਕ ਹੋਰ ਪੰਜਾਬੀ ਬਹੁਪੱਖੀ ਅਥਲੀਟ ਸ. ਗੁਰਬਚਨ ਸਿੰਘ ਰੰਧਾਵਾ ਟ੍ਰੈਕ ਐਂਡ ਫ਼ੀਲਡ ਵਿੱਚ ਵਾਵਰੋਲੇ ਵਾਂਗੂ ਐਸਾ ਉਡਿਆ ਜਿਸ ਦੀ ਉੜਾਨ ਨੇ ਦੋ ਦਿਨਾਂ ਵਿੱਚ ਚਾਰ ਰਾਸ਼ਟਰੀ ਰਿਕਾਰਡ ਆਪਣੇ ਨਾਂ ਕਰ ਲਏ। ਉਸਨੇ ਉੱਚੇ ਛਾਲ, ਜੈਵਲਿਨ ਥ੍ਰੋ,110 ਮੀਟਰ ਹਰਡਲਾਂ ਅਤੇ ਡੈਕਾਥਲਨ ਵਿੱਚ ਇਸ ਕਾਰਨਾਮੇ ਨੂੰ ਅੰਜਾਮ ਦਿੱਤਾ ਸੀ। 1961 ਵਿੱਚ ਗੁਰਬਚਨ ਸਿੰਘ ਰੰਧਾਵਾ ਟ੍ਰੈਕ ਐਂਡ ਫੀਲਡ ਦਾ ਪਹਿਲਾ ਅਰਜੁਨਾ ਅਵਾਰਡ ਹਾਸਿਲ ਕਰਨ ਵਾਲਾ ਅਥਲੀਟ ਬਣਿਆ। ਉਸਨੇ 1962 ਏਸ਼ੀਅਨ ਖੇਡਾਂ  ਵਿਖ਼ੇ ਡੈਕਾਥਲਨ ਦਾ ਸੋਨ ਤਮਗਾ ਜਿੱਤ ਏਸ਼ੀਆਈ ‘ਆਯਰਨ ਮੈਨ’ ਹੋਣ ਦਾ ਮਾਣ ਵੀ ਹਾਸਿਲ ਕੀਤਾ। 1964 ਟੋਕੀਓ ਓਲਿੰਪਿਕ ਵਿੱਚ ਗੁਰਬਚਨ ਰੰਧਾਵਾ 110 ਮੀ. ਹਰਡਲਾਂ ਉਪਰੋਂ ਅਜਿਹਾ ਉੜਿਆ ਕਿ ਉਸਨੇ 14.09 ਸੈਕੰਡ ਦਾ ਨਵਾਂ ਰਾਸ਼ਟਰੀ ਰਿਕਾਰਡ ਬਣਾ ਛੱਡਿਆ, ਜੋ ਅਗਲੇ 37 ਸਾਲ ਤੱਕ ਨੌਜਵਾਨਾਂ ਨੂੰ ਵੰਗਰਦਾ ਰਿਹਾ। ਉਸਦਾ ਇਹ ਕੀਰਤੀਮਾਨ ਤੋੜਨ ਦਾ ਮਾਣ ਵੀ ਗੁਰਪ੍ਰੀਤ ਸਿੰਘ ਨੂੰ ਮਿਲਿਆ ਜੋ ‘ਓੜਤੇ ਪੰਜਾਬ’ ਦੇ ਬਾਡਰ ਦਾ ਰਹਿਣ ਵਾਲਾ ਹੈ। ਓਹਨਾ ਤੋਂ ਬਿਨ੍ਹਾਂ 1964 ਓਲਿੰਪਿਕ੍ਸ ਖੇਡਾਂ ਵਿੱਚ ਅਜਮੇਰ ਸਿੰਘ ਨੇ ਵੀ 400 ਮੀ. ਰੇਸ ਵਿੱਚ ਸ਼ਿਰਕਤ ਕੀਤੀ ਸੀ, ਉਹਨਾਂ ਅੱਗੇ ਚੱਲ ਕੇ 1966 ਏਸ਼ੀਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ। ਕੁੱਲ ਹਿੰਦ ਵਿੱਚ ਓਹ ਆਪਣੇ ਸਮੇਂ ਦਾ ਇੱਕਲਾ ਅਜਿਹਾ ਅਥਲੀਟ ਸੀ ਜੋ ਏਸ਼ੀਆਈ ਗੋਲਡ ਦੇ ਨਾਲ ਸ਼ਰੀਰਿਕ ਸਿੱਖਿਆ ਦਾ ਪ੍ਰੋਫੈਸਰ ਅਤੇ ਖੇਡ ਡਾਇਰੈਕਟਰ ਰਿਹਾ। ਟੋਕੀਓ ਉਲੰਪਿਕ ਤੋਂ ਹੁਣੇ ਖ਼ਤਮ ਖਤਮ ਹੋਈ 60ਵੀਂ ਓਪਨ ਨੈਸ਼ਨਲ ਐਥਲੇਟਿਕ੍ਸ ਚੈਮਪੀਅਨਸ਼ਿਪ ਵਿੱਚ ਉੜਤੇ ਪੰਜਾਬ ਦੀ ਧੀ ਹਰਮਿਲਨ ਬੈਂਸ ਨੇ 1500 ਮੀ ਮੁਕਾਬਲੇ ਵਿੱਚ 4.05 ਮਿੰਟ ਦਾ ਸਮਾਂ ਕੱਢ ਕੇ ਨਵਾਂ ਕੌਮੀ ਰਿਕਾਰਡ ਆਪਣੇ ਨਾਂ ਕੀਤਾ ਏਹੀ ਨਹੀਂ 800 ਮੀ ਔਰਤਾਂ ਦੇ ਮੁਕਾਬਲੇ ਵਿੱਚ ਵੀ ਇਸ ਨੇ ਸੋਨ ਤਮਗਾ ਹਾਸਿਲ ਕੀਤਾ।

ਜਲੰਧਰ ਵਾਲੇ ਹੈਪੀ ਕੋਚ ਦੇ ਚੇਲੇ ਗੁਰਿੰਦਰਵੀਰ ਸਿੰਘ ਨੇ 24ਵੀਂ ਫੈਡਰੇਸ਼ਨ ਕੱਪ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ 2021 ਵਿੱਚ 100 ਮੀਟਰ ਦੌੜ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ।

ਉਸਦੀ ਬਾਜ਼ ਵਰਗੀ ਉਡਾਨ ਨੇ 10.32 ਸਕਿੰਟ ਦਾ ਸਮਾਂ ਕੱਢਿਆ ਜੋ 100 ਮੀ. ਦੇ ਕੌਮੀ ਰਿਕਾਰਡ ਤੋਂ ਕੇਵਲ .08 ਮਾਈਕਰੋ ਸੈਕੰਡ ਘੱਟ ਰਿਹਾ।

ਰੇਸਵਾਕ ਦੇ ਵਿੱਚ ਵੀ ਪੰਜਾਬ ਦੇ ਜੋਰਾ ਸਿੰਘ ਅਤੇ ਹਾਕਮ ਸਿੰਘ ਨੇ  ਆਪਣਾ ਲੋਹਾ ਮਨਵਾਇਆ ਸੀ। 1960 ਦੀਆਂ ਓਲੰਪਿਕ ਖੇਡਾਂ ਵਿਖ਼ੇ ਜੋਰਾ ਸਿੰਘ 50 ਕਿਲੋਮੀਟਰ ਰੇਸ ਵਾਕ ਦੇ ਵਿੱਚ ਅੱਠਵਾਂ ਆਇਆ ਸੀ। ਹਾਕਮ ਸਿੰਘ ਨੇ 1978 ਦੀਆਂ ਏਸ਼ੀਆਈ ਖੇਡਾਂ ਅਤੇ 1979 ਦੀ ਏਸ਼ੀਅਨ ਟ੍ਰੈਕ ਐਂਡ ਫ਼ੀਲਡ ਮੀਟ ਵਿੱਚ ਭਾਰਤ ਦਾ ਝੰਡਾ ਹਵਾ ਵਿੱਚ ਉੜਾਉਂਦਿਆ ਸੋਨਾ ਜਿੱਤਿਆ ਸੀ। 2012 ਲੰਦਨ ਓਲਿੰਪਿਕਸ ਵਿੱਚ ਬਲਜਿੰਦਰ ਸਿੰਘ ਨੇ 20 ਕਿਲੋਮੀਟਰ ਵਾਕ ਵਿੱਚ ਹਿੱਸਾ ਲਿਆ ਸੀ। ਇਸ ਵਾਰ ਦੇ ਟੋਕਿਓ ਓਲੰਪਿਕ੍ਸ ਵਿੱਚ ਵੀ ਉਡਤੇ ਪੰਜਾਬ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੇ 20 ਕਿਲੋਮੀਟਰ ਵਾਕ ਵਿੱਚ ਸ਼ਿਰਕਤ ਕੀਤੀ ਸੀ।

ਹੋਪ ਸਟੈੱਪ ਐਂਡ ਜੰਪ ਜਿਸ ਨੂੰ ਤੀਹਰੀ ਛਾਲ ਵੀ ਕਿਹਾ ਜਾਂਦਾ ਹੈ ਓਸ ਵਿੱਚ ਬੈਂਕਾਕ 1970 ਏਸ਼ੀਅਨ ਖੇਡਾਂ ਦੌਰਾਨ ਮਹਿੰਦਰ ਸਿੰਘ ਗਿੱਲ ਨੇ ਤਿੰਨ ਪੂਲਾਂਘਾ ਭਰ ਸੋਨੇ ਦੇ ਤਗਮੇ ਨੂੰ ਹੱਥ ਪਾਇਆ ਸੀ। ਉਸਨੇ 1972 ਦੀਆਂ ਪ੍ਰੀ ਓਲਿੰਪਿਕ ਅਤੇ ਤੇਹਰਾਨ ਏਸ਼ੀਆਈ ਖੇਡਾਂ ਵਿਖ਼ੇ ਤੀਹਰੀ ਛਾਲ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਓਸਦੀ ਲੀਹ ਤੇ ਚਲਦਿਆਂ ਸਪੋਰਟਸ ਸਕੂਲ ਜਲੰਧਰ ਦੇ ਗੱਭਰੂ ਅਰਪਿੰਦਰ ਸਿੰਘ ਨੇ 2018 ਵਿੱਚ ਜਕਾਰਤਾ ਏਸ਼ੀਆਈ ਖੇਡਾਂ ਦੌਰਾਨ ਟ੍ਰਿਪਲ ਜੰਪ ਈਵੈਂਟ ਵਿੱਚ ਸੋਨ ਤਗਮਾ ਜਿੱਤ ਸਭ ਤੋਂ ਉੱਤੇ ਉੱਡਦੇ ਭਾਰਤੀ ਝੰਡੇ ਨੂੰ ਸਲਾਮੀ ਦਿੱਤੀ ਸੀ।

ਇਸੇ ਤਰ੍ਹਾਂ ਪੰਜਾਬ ਦੇ ਲੌਂਗ ਜੰਪਰ ਅਮ੍ਰਿਤਪਾਲ ਸਿੰਘ ਵੱਲੋਂ 2004 ਵਿੱਚ ਐਥੱਲੇਟਿਕ੍ਸ ਫੈਡਰੇਸ਼ਨ ਕੱਪ, ਨਵੀਂ ਦਿੱਲੀ ਵਿਖ਼ੇ ਲਾਈ ਉਡਾਨ ਨੇ ਤੀਹ ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਤੋੜਦੇ ਹੋਏ 8.08 ਮੀ. ਦਾ ਨਵਾਂ ਕੌਮੀ ਰਿਕਾਰਡ ਬਣਾ ਛੱਡਿਆ, ਜੋ 2013 ਤੱਕ ਕਾਇਮ ਰਿਹਾ ਸੀ।

ਜੇਕਰ ਅਸੀਂ ਗੱਲ ਸ਼ਾਟਪੁੱਟ, ਡਿਸਕਸ, ਹੈਮਰ ਅਤੇ ਜੈਵਲਿਨ ਦੀ ਕਰੀਏ ਕਰੀਏ ਇਹਨਾਂ ਨੂੰ ਹਵਾ ਵਿੱਚ ਉੜਾਉਣ ਦਾ ਵੱਲ ਵੀ ਪੰਜਾਬੀਆਂ ਨੂੰ ਕੋਲ ਹੀ ਹੈ। ਪਹਿਲੀ ਏਸ਼ੀਆਈ ਖੇਡਾਂ 1951 ਵਿਖ਼ੇ ਪੰਜਾਬ ਦੇ ਮੱਖਣ ਸਿੰਘ ਨੇ ਡਿਸਕਸ ਨੂੰ ਉੜਾ ਸੋਨੇ ਦਾ ਮੈਡਲ ਆਪਣੇ ਗਲ ਪਵਾਇਆ। ਇਸੇ ਖੇਡਾਂ ਵਿਚ ਇੱਕ ਹੋਰ ਪੰਜਾਬੀ ਪਰਸਾ ਸਿੰਘ ਦੇ ਨੇਜੇ ਨੇ ਅਸਮਾਨ ਦੀ ਛਾਤੀ ਚੀਰਦੇ ਹੋਏ ਓਸ ਵਿਚੋਂ ਸੋਨਾ ਕੱਢਿਆ। 1954 ਮਨੀਲਾ ਏਸ਼ੀਆਈ ਖੇਡਾਂ ਵਿੱਚ ਪੰਜਾਬ ਦੇ ਪ੍ਰਦੂਮਣ ਸਿੰਘ ਬਰਾੜ ਨੇ ਗੋਲੇ ਅਤੇ ਡਿਸਕਸ ਨੂੰ ਹਵਾ ਵਿਚ ਉੜਾ ਦੋਹਾਂ ਮੁਕਾਬਲਿਆਂ ਅੰਦਰ ਸੋਨ ਤਮਗਾ ਜਿੱਤਿਆ ਸੀ।1958 ਵਿਚ ਵੀ ਏਸ਼ੀਆਈ ਖੇਡਾਂ ਪ੍ਰਦੂਮਣ ਸਿੰਘ ਬਰਾੜ ਨੇ ਗੋਲੇ ਵਿਚ ਸੋਨ ਤਮਗਾ ਹਾਸਿਲ ਕੀਤਾ ਪਰ ਇਸ ਵਾਰ ਡਿਸਕਸ ਵਿਚ ਉੜਤੇ ਪੰਜਾਬ ਦੇ ਇੱਕ ਹੋਰ ਗੱਭਰੂ ਬਲਕਾਰ ਸਿੰਘ ਨੇ ਬਾਜ਼ੀ ਮਾਰੀ ਅਤੇ ਬਰਾੜ ਨੂੰ ਕਾਂਸੀ ਦਾ ਤਮਗਾ ਹਾਸਿਲ ਹੋਇਆ। 1962 ਏਸ਼ੀਆਈ ਖੇਡਾਂ ਵਿਖ਼ੇ ਜੋਗਿੰਦਰ ਸਿੰਘ ਨੇ ਗੋਲੇ ਵਿਚ ਕਾਂਸੀ ਦਾ ਤਗਮਾ ਜਿੱਤਿਆ ਅਤੇ 1966 ਅਤੇ 1970 ਏਸ਼ੀਆਈ ਖੇਡਾਂ ਵਿਚ ਉਸਨੇ ਸੋਨੇ ਦੇ ਤਮਗੇ ਜਿੱਤ ਭਾਰਤ ਦਾ ਨਾਮ ਰੌਸ਼ਨ ਕੀਤਾ। ਇਸੇ ਤਰਜ਼ ਤੇ ਬਹਾਦਰ ਸਿੰਘ ਚੌਹਾਨ ਨੇ 1974 ਏਸ਼ੀਆਈ ਖੇਡਾਂ ਵਿਚ ਚਾਂਦੀ ਅਤੇ 1978 ਅਤੇ 1982 ਏਸ਼ੀਆਈ ਖੇਡਾਂ ਦੌਰਾਨ ਸ਼ਾਟਪੁੱਟ ਦਾ ਨਵਾਂ ਰਿਕਾਰਡ ਬਣਾ ਸੋਨੇ ਦੇ ਤਮਗੇ ਜਿੱਤੇ। ਬਹਾਦਰ ਸਿੰਘ ਚੌਹਾਨ ਤਕਰੀਬਨ 25 ਸਾਲ ਤੋਂ ਜਿਆਦਾ ਭਾਰਤੀ ਅੱਥਲੈਟਿਕ੍ਸ ਟੀਮ ਦੇ ਚੀਫ ਕੋਚ ਵੀ ਰਹੇ ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ।1982 ਖੇਡਾਂ ਵਿਚ ਬਾਬਾ ਬਲਵਿੰਦਰ ਸਿੰਘ ਜੋ ਇਸ ਵਕ਼ਤ ਪੰਜਾਬ ਯੂਨੀਵਰਸਿਟੀ ਐਥਲੀਟਿਕ੍ਸ ਕੋਚ ਹਨ ਉਹਨਾਂ ਨੇ ਸ਼ਾਟਪੁੱਟ ਵਿਚ ਕਾਂਸ਼ੀ ਦਾ ਤਮਗਾ ਜਿੱਤਿਆ। ਇਕੱਵੀਂ ਸਦੀ ਵਿਚ 2002 ਏਸ਼ੀਆਈ ਖੇਡਾਂ ਦੌਰਾਨ ਬਹਾਦਰ ਸਿੰਘ ਸੱਗੂ ਨੇ ਸੋਨਾ ਜਿੱਤ ਭਾਰਤ ਦਾ ਵਧਾਇਆ। 2014 ਏਸ਼ੀਆਈ ਖੇਡਾਂ ਵਿਚ ਪੰਜਾਬ ਦੇ ਇੰਦਰਜੀਤ ਨੇ ਕਾਂਸੀ ਦਾ ਤਮਗਾ ਜਿੱਤਿਆਂ। ਜਕਾਰਤਾ ਏਸ਼ੀਆਈ ਖੇਡਾਂ ਵਿੱਚ ਤੇਜਿੰਦਰ ਤੂਰ ਨੇ ਰਿਕਾਰਡ ਥਰੋ ਲਾ ਗੋਲਡ ਮੈਡਲ ਆਪਣੇ ਨਾਂ ਕੀਤਾ, ਅਤੇ ਟੋਕਿਓ ਓਲਿੰਪਿਕ੍ਸ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਇਸ ਵਾਰ ਦੀਆਂ ਓਲਿੰਪਿਕ ਖੇਡਾਂ ਵਿੱਚ ਪੰਜਾਬ ਦੀ ਧੀ ਕਮਲਪ੍ਰੀਤ ਦੀ ਉਡਦੀ ਡਿਸਕਸ ਨੇ ਸਭ ਨੂੰ ਸੁੰਨ ਕਰਕੇ ਰੱਖ ਦਿੱਤਾ। ਵਿਬ ਨੰਬਰ ਤੇ ‘ਕੌਰ’ ਲਿਖਾ ਡਿਸਕਸ ਦੇ ਖਾੜੇ ਵਿੱਚ ਉਤਰੀ ਕਮਲਪ੍ਰੀਤ ਨੇ 6ਵਾਂ ਸਥਾਨ ਹਾਸਿਲ ਕਰ ਵਿਸ਼ਵ ਡਿਸਕਸ ਇਤਿਹਾਸ ਵਿੱਚ ਆਪਣਾ ਨਾਂ ਦਰਜ ਕਰਵਾ ਲਿਆ।

ਜੈਵਲਿਨ ਥਰੋ ਦੇ ਵਿੱਚ ਬੇਸ਼ੱਕ ਨੀਰਜ ਚੋਪੜਾ ਓਲਿੰਪਿਕ ਵਿਚੋਂ ਸੋਨੇ ਦਾ ਤਮਗਾ ਹਾਸਿਲ ਕਰ ਭਾਰਤ ਦਾ ਮਹਾਨਤਮ  ਜੈਵਲਿਨ ਥਰੋਅਰ ਬਣ ਉਭਰਿਆ ਹੈ, ਪਰ ਜਲੰਧਰ ਜ਼ਿਲ੍ਹੇ ਦੇ ਦਵਿੰਦਰ ਸਿੰਘ ਕੰਗ ਦੇ ਪ੍ਰਦਰਸ਼ਨ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਕੰਗ ਨੇ 2017 ਵਿੱਚ 83.29 ਮੀਟਰ ਦੇ ਥ੍ਰੋਅ ਨਾਲ 2017 ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ।   ਉਹ 2017 ਦੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 84.22 ਮੀਟਰ ਦੇ ਥ੍ਰੋਅ ਦੇ ਨਾਲ ਜੈਵਲਿਨ ਥਰੋ ਈਵੈਂਟ ਦੇ ਫਾਈਨਲ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਭਾਰਤੀ ਸੀ।

ਹੈਮਰ ਥਰੋ ਦੇ ਵਿੱਚ ਰਾਏ ਕੱਲ੍ਹੇ ਅਤੇ ਨੂਰੇ ਮਾਹੀ ਦੀ ਧਰਤੀ ਰਾਏਕੋਟ ਦੇ ਬਲਬੀਰ ਸਿੰਘ ਅਤੇ ਨਿਰਮਲ ਸਿੰਘ ਗਰੇਵਾਲ ਦੇ ਨਾਂ ਨੈਸ਼ਨਲ ਰਿਕਾਰਡ ਰਿਹਾ ਹੈ। ਨਿਰਮਲ ਸਿੰਘ ਗਰੇਵਾਲ 1970 ਏਸ਼ੀਆਈ ਖੇਡਾਂ ਵਿੱਚ ਚਾਂਦੀ ਦਾ ਤਮਗਾ ਵੀ ਆਪਣੇ ਨਾਂ ਕੀਤਾ ਸੀ। ਸਰਹਾਲੀ ਕਲਾਂ ਦਾ ਜੰਮਪਲ ਪ੍ਰਵੀਨ ਕੁਮਾਰ ਸੋਬਤੀ ਜਿਸ ਨੇ ਮਹਾਭਾਰਤ ਸੀਰੀਅਲ ਵਿੱਚ ਭੀਮ ਦੀ ਭੂਮਿਕਾ ਨਿਭਾਈ ਸੀ ਉਸਨੇ ਹੈਮਰ ਅਤੇ ਡਿਸਕਸ ਵਿੱਚ ਏਸ਼ੀਅਨ, ਰਾਸ਼ਟਰਮੰਡਲ, ਅਤੇ ਦੋ ਉਲੰਪਿਕ ਖੇਡਾਂ ਵਿੱਚ ਭਾਰਤ ਦੀ ਅਗਵਾਈ ਕੀਤੀ ਅਤੇ ਕਈ ਮੈਡਲ ਜਿੱਤੇ।

ਬਾਕੀ ਹਾਕੀ ਆਲੇ ਸਰਦਾਰਾਂ ਦੀ ਜੇ ਮੈਂ ਗੱਲ ਕਰਾਂ ਤਾਂ ਬਲਬੀਰ ਸਿੰਘ ਸੀਨੀਅਰ ਲੈਕੇ ਟੋਕਿਓ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਤੱਕ ਅਨੇਕਾਂ ਹੀ ਪੰਜਾਬੀਆਂ ਨੇ ਹਾਕੀ ਦੀ ਗੇਂਦ ਨੂੰ ਹਵਾ ਵਿੱਚ ਉੜਾਉਂਦੇ ਹੋਏ ਬੇ-ਹਿਸਾਬ ਗੋਲ ਦਾਗੇ ਹਨ, ਜਿਸਨੇ ਹਰੇਕ ਮੁਕਾਬਲਿਆਂ ਵਿੱਚ ਵਿਰੋਧੀਆਂ ਦੇ ਨਾਸੀਂ ਧੁੱਹਾਂ ਲਿਆ ਦਿੱਤਾ। ਜੇਕਰ ਭਾਰਤ ਦੀ ਰਾਸ਼ਟਰੀ ਖੇਡ ਹਾਕੀ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਭਾਰਤੀ ਹਾਕੀ ਰੁਮਾਲਾਂ ਵਾਲੇ ਮੁੰਡਿਆ ਤੋਂ ਬਿਨ੍ਹਾਂ ਅਧੂਰੀ ਜਾਪਦੀ ਹੈ, ਜਿਨ੍ਹਾਂ ਵਿੱਚ ਕਰਨਲ ਜਸਵੰਤ ਸਿੰਘ, ਊਧਮ ਸਿੰਘ, ਸੁਰਜੀਤ ਸਿੰਘ, ਅਜੀਤਪਾਲ ਸਿੰਘ, ਪਰਗਟ ਸਿੰਘ, ਦੀਦਾਰ ਸਿੰਘ,ਰਾਜਪਾਲ ਸਿੰਘ ਸਰਦਾਰਾ ਸਿੰਘ ਅਤੇ ਅਨੇਕਾਂ ਹੀ ਹੋਰ ਪੰਜਾਬੀਆਂ ਨੇ ਭਾਰਤ ਦਾ ਨਾਂ ਉੱਚਾ ਕੀਤਾ ਹੈ। 41 ਸਾਲਾਂ ਬਾਅਦ ਟੋਕੀਓ ਉਲੰਪਿਕ ਵਿਖ਼ੇ ਤਮਗਾ ਜਿੱਤਣ ਵਾਲੀ ਹਾਕੀ ਟੀਮ ਵਿੱਚ ਵੀ ਉੜਤੇ ਪੰਜਾਬ ਦੇ 11 ਖਿਡਾਰੀਆਂ ਨੇ ਸ਼ਿਰਕਤ ਕੀਤੀ ਸੀ।

ਇਨ੍ਹਾਂ ਹੀ ਨਹੀਂ ਟੋਕੀਓ ਹਾਕੀ ਵਫਦ ਦੇ ਪੰਜਾਬੀ ਪਲੇਅਰ ਹਰਮਨਪ੍ਰੀਤ ਸਿੰਘ (ਪੁਰਸ਼) ਗੁਰਜੀਤ ਕੌਰ (ਮਹਿਲਾ) ਨੇ ਆਪਣੇ ਵਰਗਾਂ ਵਿਚ 2020-2021 ਸਾਲ ਦੇ ਸਰਵਸ੍ਰੇਸ਼ਠ ਖਿਡਾਰੀ, ਐਫ.ਆਈ.ਐਚ. ਪਲੇਅਰ ਆਫ ਦਿ ਯੀਅਰ ਪੁਰਸਕਾਰ ਹਾਸਲ ਕੀਤਾ ਹੈ ।

ਇਹਨਾਂ ਤੋਂ ਇਲਾਵਾ ਦੂਸਰੀਆਂ ਖੇਡਾਂ ਵਿੱਚ ਵੀ ਓੜਤੇ ਪੰਜਾਬ ਦੇ ਖੇਡ ਮਹਾਰਥੀ ਰੁਸਤਮ-ਏ-ਜਮਾਂ ਗਾਮਾ ਪਹਿਲਵਾਨ, ਦਾਰਾ ਸਿੰਘ, ਪਦਮ ਸ੍ਰੀ ਕਰਤਾਰ ਸਿੰਘ, ਜਰਨੈਲ ਸਿੰਘ ਅਤੇ ਇੰਦਰ ਸਿੰਘ ਫੁੱਟਬਾਲਰ, ਮੁਹੰਮਦ ਅਲੀ ਨਾਲ ਲੜਨ ਵਾਲਾ ਲੱਖਾ ਸਿੰਘ ਬਾਕਸਰ, ਐਨ.ਬੀ.ਏ ਖੇਡਣ ਵਾਲਾ ਪਹਿਲਾ ਭਾਰਤੀ ਸਤਿਨਾਮ ਸਿੰਘ, ਕੌਡੀ ਆਲਾ ਬਲਵਿੰਦਰ ਫਿਡੂ, ਹਰਜੀਤ ਬਰਾੜ ਆਦਿ ਭਾਰਤੀ ਖੇਡਾਂ ਦੇ ਇਤਿਹਾਸ ਵਿੱਚ ਆਪਣਾ ਨਾਂ ਸੁਨਹਿਰੀ ਅੱਖਰਾਂ ਵਿੱਚ ਦਰਜ਼ ਕਰਵਾ ਗਏ ਹਨ।

ਹਾਂ ਸੱਚ !!  ਬਾਕੀ ‘ਕ੍ਰਿਕਟ ਇਜ਼ ਏ ਰਿਲੀਜ਼ਨ ਇਨ ਇੰਡੀਆ’ ਕਹਿਣ ਵਾਲੇ ਕ੍ਰਿਕਟ ਦੇ ਭਗਤਾਂ ਨੂੰ ਸੰਨ 2007 ਟੀ-20 ਵਿਸ਼ਵ ਕੱਪ ਦੌਰਾਨ ਯੁਵਰਾਜ ਸਿੰਘ ਦੇ ਬੱਲੇ ਤੋਂ ਉੜਾਏ ਗਏ ਛੇ ਛੱਕੇ ਤਾਂ ਯਾਦ ਹੀ ਹੋਣੇ  ਆ …!

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin