Articles

ਉੱਡਣਾ ਫਲਾਇੰਗ ਸਿੱਖ ‘ਮਿਲਖਾ ਸਿੰਘ’

ਲੇਖਕ: ਹਰਪ੍ਰੀਤ ਕੌਰ ਔਲਖ, ਸ੍ਰੀ ਮੁਕਤਸਰ ਸਾਹਿਬ।

ਪੰਜਾਬ ਦੀ ਇਸ ਧਰਤੀ ਤੇ ਅਨੇਕਾਂ ਸੂਰਬੀਰਾਂ ਨੇ ਕੁਰਬਾਨੀਆਂ ਦੇ ਨਾਲ ਨਾਲ ਅਨੇਕਾਂ ਖੇਤਰਾਂ ਵਿੱਚ ਪ੍ਰਸਿੱਧੀਆਂ ਹਾਸਲ ਕੀਤੀਆਂ ਹਨ।ਸਾਹਿਤ ਖੇਤਰ ਹੋਵੇ, ਫਿਲਮੀ ਜਗਤ ਤੇ ਚਾਹੇ ਖੇਡ ਜਗਤ ਹੀ ਕਿਉਂ ਨਾ ਹੋਵੇ। ਖੇਡ ਜਗਤ ਵਿਚੋਂ ਹੀ ਇਕ ਨਾਂ ਮਿਲਖਾ ਸਿੰਘ ਦਾ ਆਉਂਦਾ ਜੋ ਟਰੈਕ ਦਾ ਬਾਦਸ਼ਾਹ “ਫਲਾਇੰਗ ਸਿੱਖ”ਸੀ। ਕੁਝ ਦਿਨ ਪਹਿਲਾਂ ਹੀ ਉਹ ਸੰਸਾਰ ਨੂੰ ਅਲਵਿਦਾ ਕਹਿ ਗਏ। ਮਿਲਖਾ ਸਿੰਘ ਜਿਸ ਦਾ ਜਨਮ 20 ਨਵੰਬਰ 1929 ‘ਚ ਪਾਕਿਸਤਾਨ ਦੇ ਪਿੰਡ ਗੋਬਿੰਦਪੁਰ ਵਿੱਚ ਹੋਇਆ। ਮਿਲਖਾ ਸਿੰਘ ਦੇ ਪੰਜ ਭਰਾ ਤੇ ਤਿੰਨ ਭੈਣਾਂ ਸਨ। ਮਿਲਖਾ ਸਿੰਘ ਬਚਪਨ ਵਿੱਚ ਹੀ ਪਿੰਡੋਂ ਪੰਜ ਛੇ ਮੀਲ ਦੂਰ ਪੜ੍ਹਨ ਜਾਂਦੇ  ਸਨ। ਤਪਦੀਆਂ ਧੁੱਪਾਂ, ਰੇਤਲੇ ਰਾਹਾਂ ਉਤੇ ਦੌੜਦੇ  ਕਿਸੇ ਕਿੱਕਰ ਦੀ ਛਾਵੇਂ ਖੜ੍ਹ ਕੇ, ਪੈਰ ਠੰਡੇ ਕਰਨੇ  ਇਹ ਉਸ ਦੀ ਜ਼ਿੰਦਗੀ ਦੀਆਂ ਮੁੱਢਲੀਆਂ ਦੌੜਾਂ ਸਨ। ਉਸਦੇ ਤਪਦੇ ਰੇਤਿਆਂ ਤੋਂ ਸ਼ੁਰੂ ਹੋਈ ਦੌੜ ਉਸ ਨੂੰ “ਫਲਾਈਂਗ ਸਿੱਖ  ਮਿਲਖਾ ਸਿੰਘ” ਦੇ ਨਾਮ ‘ਤੇ ਲੈ ਗਈ। ਮਿਲਖਾ ਸਿੰਘ ਉਸ ਸਮੇਂ ਸੱਤ ਸਾਲ ਦੇ ਸਨ ਜਦੋਂ ਦੇਸ਼ ਆਜ਼ਾਦ ਹੋਇਆ ਤੇ ਇਹ ਆਜ਼ਾਦੀ ਮਿਲਖਾ ਸਿੰਘ ਲਈ ਕਹਿਰ ਬਣ ਕੇ ਟੁੱਟੀ। ਮਿਲਖਾ ਸਿੰਘ ਦਾ ਸਾਰਾ ਪਰਿਵਾਰ ਉਸ ਦੀਆਂ  ਅੱਖਾਂ ਸਾਹਮਣੇ ਮਾਰਿਆ ਗਿਆ। ਜਦੋਂ ਮਿਲਖਾ ਸਿੰਘ ਦਾ ਪਿਤਾ ਉਸ ਦੀਆਂ ਅੱਖਾਂ ਸਾਹਮਣੇ ਮਾਰ ਰਿਹਾ ਸੀ ਤਾਂ ਉਸ ਦੇ ਪਿਤਾ ਨੇ ਕਿਹਾ ਕਿ “ਭੱਜ ਜਾ ਮਿਲਖਿਆ ਭੱਜ ਜਾ” ਇਸ ਤਰ੍ਹਾਂ ਮਿਲਖਾ ਬਚਦਾ ਬਚਾਉਂਦਾ ਕਿਸੇ ਤਰ੍ਹਾਂ ‘ਫ਼ਿਰੋਜ਼ਪੁਰ ਰਫਿਊਜ਼ੀ ਕੈਂਪ’ ਪਹੁੰਚਿਆ। ਇੱਥੇ ਮਿਲਖਾ ਸਿੰਘ ਨੇ ਆਪਣੇ ਗੁਜ਼ਾਰੇ ਵਾਸਤੇ ਫੌਜੀਆਂ ਦੇ ਬੂਟ ਪਾਲਿਸ਼ ਦਾ ਕੰਮ ਕੀਤਾ। ਪਰਿਵਾਰ ਵਿੱਚੋ ਉਸ ਦੇ ਇਕ ਭੈਣ ਅਤੇ ਇਕ ਭਰਾ ਜੋ ਫੌਜ ਵਿਚ ਸੀ। ਉਹ ਹੀ ਬਚੇ ਸਨ। ਸਮਾਂ ਪਾ ਕੇ ਉਹ ਆਪਣੀ ਭੈਣ ਕੋਲ ਦਿੱਲੀ ਚਲਿਆ ਗਿਆ। ਮਿਲਖਾ ਸਿੰਘ ਲਈ ਇਹ ਦਿਨ ਬਹੁਤ ਔਖੇ ਸਨ। ਮਿਲਖਾ ਸਿੰਘ ਦੀ ਭੈਣ ਉਸ ਲਈ ਬੇਹੀ ਰੋਟੀ ਲੁਕੋ ਕੇ ਰੱਖਿਆ ਕਰਦੀ ਸੀ ਤੇ ਮਿਲਖੇ  ਨੂੰ ਦਿਆ ਕਰਦੀ।ਇਸ ਸਮੇਂ ਦੌਰਾਨ ਹੀ ਉਸਨੇ ਫ਼ੌਜ ਵਿੱਚ ਭਰਤੀ ਹੋਣ ਦੀ ਕੋਸ਼ਿਸ਼ ਕੀਤੀ ਪਰ ਸਰੀਰ ਦੇ ਕਮਜ਼ੋਰ  ਹੋਣ ਕਾਰਨ ਨਾ ਹੋ ਸਕਿਆ। ਬਿਨਾਂ ਟਿਕਟ ਦੇ ਰੇਲ ਦਾ ਸਫ਼ਰ ਕਰਦਿਆਂ ਮਿਲਖਾ ਸਿੰਘ ਨੂੰ ਜੇਲ੍ਹ ਵੀ ਜਾਣ ਤੇ ਭੈਣ ਨੇ ਮਗਰੋਂ  ਆਪਣੀਆਂ ਟੂੰਮਾਂ ਗਹਿਣੇ ਧਰ ਕੇ ਛੁਡਵਾਇਆ। ਵੱਡੇ ਭਰਾ ਦੀ ਕੋਸ਼ਿਸ਼ ਸਦਕਾ 1952 ਨੂੰ ਉਹ ਫੌਜ  ਵਿੱਚ ਭਰਤੀ ਹੋ ਗਿਆ। 1953 ‘ਚ ਉਸ ਨੂੰ ਦੌੜ ਮੁਕਾਬਲਿਆਂ ਬਾਰੇ ਪਤਾ ਲੱਗਾ ।ਉਸ ਸਮੇਂ ਉਸਦੀ ਉਮਰ ਵੀਹ ਸਾਲ ਸੀ। ਉਸ ਵੇਲੇ ਉਸ ਨੇ ਕਰਾਸ ਕੰਟਰੀ ‘ਚ ਭਾਗ ਲਿਆ ਤੇ ਛੇਵੇਂ ਨੰਬਰ ਤੇ ਆਇਆ। ਇਕ ਦਿਨ ਮਿਲਖਾ ਸਿੰਘ ਤੋਂ ਪੁੱਛਿਆ ਗਿਆ ਚਾਰ ਸੌ ਮੀਟਰ ਦੌੜ ‘ਚ ਹਿੱਸਾ ਲਵੇਗਾ? ਤਾਂ ਮਿਲਖੇ ਆਖਿਆ ਹਾਂ।  ਉਸ ਨੂੰ ਸਮਝਾਇਆ ਗਿਆ “ਮਿਲਖਿਆ! ਵੀਹ ਚੱਕਰਾਂ ਦਾ ਜ਼ੋਰ ਇੱਕੋ ਚੱਕਰ ਵਿੱਚ ਲਾ ਦੇਣਾ।”

ਮਿਲਖੇ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਇਸ  ਤੋਂ ਬਾਅਦ ਮਿਲਖਾ ਸਿੰਘ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਜਿਸ ਸਮੇਂ ਹਨ੍ਹੇਰਾ ਹੁੰਦਾ ਤਾਂ ਉਹ ਦੌੜਨ ਦੀ ਪ੍ਰੈਕਟਿਸ ਕਰਦਾ ਮੀਲ ਕੁ ਦੌੜਦਾ ਤੇ ਫਿਰ ਬੈਠ ਜਾਂਦਾ। ਜਦੋਂ ਥੱਕ ਕੇ ਚੂਰ ਹੋ ਜਾਂਦਾ ਤਾਂ ਆਪਣੀ ਮੰਜੇ ਥੱਲੇ  ਪਈ ਰੋਟੀ ਖਾ ਕੇ ਸੌਂ ਜਾਂਦਾ। ਸ਼ੁਰੂ ਦੇ ਦਿਨਾਂ ਵਿੱਚ ਮਿਲਖਾ ਸਿੰਘ ਨੂੰ ਕੋਈ ਖਾਸ ਟ੍ਰੇਨਿੰਗ ਨਹੀਂ ਮਿਲੀ ਤੇ ਨਾ ਹੀ ਕੋਈ ਚੰਗੀ ਖੁਰਾਕ। ਮਿਲਖਾ ਸਿੰਘ ਪਹਿਲਾਂ ਆਪਣੀ ਕੰਪਨੀ ‘ਚ ਫਿਰ ਫ਼ੌਜ ਤੇ ਫੇਰ ਨੈਸ਼ਨਲ ਪੱਧਰ ਤੇ ਜਿੱਤਣ ਲੱਗਿਆ।  ਮਿਲਖਾ ਸਿੰਘ ਦੀ ਪ੍ਰਸਿੱਧੀ ਦੇਸ਼ ਵਿੱਚ ਵਧਣ ਲੱਗੀ। 1956 ਦੀਆਂ ਮੈਲਬਰਨ ਓਲੰਪਿਕ ਖੇਡਾਂ ‘ਚ ਮਿਲਖੇ ਨੂੰ  ਚੁਣਿਆ ਗਿਆ। ਇੱਥੋਂ ਮਿਲਖਾ ਸਿੰਘ ਨੂੰ ਨਵਾਂ ਜੋਸ਼ ਤੇ ਉਤਸ਼ਾਹ ਮਿਲਿਆ। 1958  ‘ਚ ਟੋਕੀਓ  ਏਸ਼ਿਆਈ ਖੇਡਾਂ ‘ਚ ਮਿਲਖਾ ਸਿੰਘ ਸਰਵਸ੍ਰੇਸ਼ਠ ਐਥਲੀਟ ਚੁਣਿਆ ਗਿਆ, ਫਿਰ ਮਿਲਖਾ ਸਿੰਘ ਨੂੰ ਪਾਕਿਸਤਾਨ ਦੌੜ ਲਈ ਬੁਲਾਇਆ ਗਿਆ। ਮਿਲਖਾ ਸਿੰਘ ਜਾਣ ਲਈ ਤਿਆਰ ਨਹੀਂ ਸਨ ਕਿਉਂਕਿ ਜੋ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਉਹ ਦਰਦਨਾਕ ਮੰਜ਼ਰ ਦੇਖਿਆ ਸੀ  ਉਹ ਕਦੇ ਨਹੀਂ ਭੁੱਲਿਆਂ ਵੀ ਨਹੀਂ ਸੀ ਭੁੱਲ ਸਕਦਾ।ਉਹ ਜਾਣ ਲਈ ਤਿਆਰ ਨਹੀਂ ਸਨ ਪਰ ਪੰਡਤ ਜਵਾਹਰ ਲਾਲ ਨਹਿਰੂ  ਜੋ ਕਿ ਉਸ ਸਮੇਂ ਦੇਸ਼ ਦੇ ਅਜ਼ਾਦ ਭਾਰਤ ਦੇ ਪ੍ਰਧਾਨ ਮੰਤਰੀ ਸਨ, ਨੇ ਆਪਣੇ ਕੋਲ ਬੁਲਾਇਆ। ਮਿਲਖਾ ਸਿੰਘ ਨੂੰ ਜਾਣ ਲਈ ਤਿਆਰ ਕੀਤਾ। ਜਦੋਂ ਮਿਲਖਾ ਸਿੰਘ ਪਾਕਿਸਤਾਨ ਗਏ ਤਾਂ ਉਥੇ ਉਨ੍ਹਾਂ ਨੇ ਆਪਣੀ ਜਨਮ ਭੂਮੀ ਦੇ ਕੋਲ ਖੇਡ ਵਿੱਚ ਹਿੱਸਾ ਲਿਆ। ਦੋ ਸੌ ਮੀਟਰ ਦੀ ਦੌੜ ਵਿੱਚ ਉਸ ਨੇ ਪਾਕਿਸਤਾਨ ਦੇ ਅਬਦੁਲ ਖਾਲਿਕ ਨੂੰ ਹਰਾਇਆ। ਪਾਕਿਸਤਾਨ ਦੇ ਰਾਸ਼ਟਰਪਤੀ ਫੀਲਡ ਮਾਰਸ਼ਲ ਅਯੂਬ ਖਾਨ ਨੇ ਆਖਿਆ “ਮਿਲਖਾ ਸਿੰਘ ਤੂੰ ਦੌੜਿਆ ਨਹੀਂ ਤੂੰ ਤਾਂ ਉੱਡਿਆ ਏ,ਮੈ ਤੈਨੂੰ ਫਲਾਇੰਗ ਸਿੱਖ ਦਾ ਖਿਤਾਬ ਦਿੰਦਾ ਹਾਂ।”ਮਿਲਖਾ ਸਿੰਘ ਆਪ ਜ਼ਿਕਰ ਕਰਦੇ ਸਨ ਜਦੋਂ ਉਨ੍ਹਾਂ ਨੇ ਦੌੜ ਨੂੰ ਜਿੱਤਿਆ ਤਾਂ ਪਾਕਿਸਤਾਨ ਔਰਤਾਂ ਜੋ ਬੁਰਕੇ ਵਿੱਚ ਸਨ ਤਾਂ ਮਿਲਖਾ ਸਿੰਘ ਨੂੰ ਬੁਰਕਾ ਹਟਾ ਕੇ ਦੇਖਣ ਲੱਗੀਆਂ। ਇਸ ਤਰ੍ਹਾਂ ਸਾਰੇ ਏਸ਼ਿਆਈ ਵਿਚ ਉਸ ਦੀਆਂ ਧੁੰਮਾਂ ਪੈ ਗਈਆਂ । ਇਸੇ ਸਾਲ 1957 ਕ੍ਰਾਫਟ ਕਾਮਨਵੈਲਥ ਖੇਡਾਂ ‘ਚ ਉਸ ਨੇ ਚਾਰ ਸੌ ਮੀਟਰ ਦੀ ਦੌੜ ਵਿੱਚ ਸੋਨ ਤਮਗਾ ਹਾਸਲ ਕੀਤਾ ਤੇ ਭਾਰਤ ਦਾ ਪਹਿਲਾ ਅਥਲੀਟ ਬਣਿਆ। ਲਾਹੌਰ ਵਿੱਚ ਇੰਡੋ ਪਾਕਿਸਤਾਨ  ਮੀਟ ‘ਚ ਮਿਲਖਾ ਸਿੰਘ ਜਿੱਥੇ ਆਪਣੇ ਭੂਮੀ ਦੇ ਨਜ਼ਦੀਕ ਰਹੇ ਉਥੇ ਉਹ ਵੱਡੇ ਫ਼ਾਸਲੇ ਤੇ ਅਥਲੀਟਾਂ ਨੂੰ ਹਰਾ ਕੇ ਪਹਿਲੇ ਨੰਬਰ ਤੇ ਰਿਹਾ। 1960 ਦੀਆਂ ਰੋਮ ਓਲੰਪਿਕ ‘ਚ ਉਹ ਚਾਰ ਸੌ ਮੀਟਰ ਦੀ ਦੌੜ ਲਈ ਫਾਈਨਲ ਤੱਕ ਪਹੁੰਚ ਗਿਆ। ਸਾਰੇ ਮੁਲਕ  ਦੀਆਂ ਨਿਗਾਹਾਂ ਮਿਲਖਾ ਸਿੰਘ ਤੇ ਸੀ ਫਾਈਨਲ ਰੇਸ ਸ਼ੁਰੂ ਹੋਈ। ਮਿਲਖਾ ਸਿੰਘ ਸਭ ਤੋਂ ਅੱਗੇ ਜਾ ਰਿਹਾ ਸੀ ।ਮਿਲਖਾ ਜੀ ਖ਼ੁਦ ਦੱਸਦੇ ਸਨ ਮੈਂ ਖ਼ਤਰਨਾਕ ਹੱਦ ਤੱਕ ਤੇਜ਼ ਦੌੜ ਰਿਹਾ ਹਾਂ ਉਸਦੇ ਇਸ ਖਿਆਲ ਦਾ ਅਸਰ ਉਸ ਦੀ ਰਫ਼ਤਾਰ ਤੇ ਹੋਇਆ ਤੇ ਪਿਛਲੇ ਅਥਲੀਟ ਉਸ ਤੋਂ ਅੱਗੇ ਲੰਘ ਗਏ ,ਆਖ਼ਰੀ ਕੋਸ਼ਿਸ਼ ਦੇ ਬਾਵਜੂਦ ਮਿਲਖਾ ਚੌਥੇ ਨੰਬਰ ਤੇ ਆ ਸਕਿਆ ਤੇ ਓਲੰਪਿਕ ਜਿੱਤਣ ਦਾ ਸੁਪਨਾ  ਚਕਨਾ ਚੂਰ ਹੋ ਗਿਆ। ਇਸ ਹਾਰ ਕਾਰਨ ਮਿਲਖਾ ਸਿੰਘ ਦਾ ਦਿਲ ਟੁੱਟ ਗਿਆ ਤੇ ਉਹ ਬਹੁਤ ਜ਼ਿਆਦਾ ਨਿਰਾਸ਼ ਰਹਿਣ ਲੱਗੇ ਪਰ ਦੋਸਤਾਂ ਦੇ ਹੌਸਲੇ ਦੇਣ ਤੇ ਉਹ ਜਲਦੀ ਹੀ ਸੰਭਲ ਗਿਆ ਪਰ ਅੱਜ ਵੀ ਉਹ ਪਲ ਯਾਦ ਕਰਦਿਆਂ ਉਨ੍ਹਾਂ ਮਨ ਭਰ ਆਉਂਦਾ ਹੈ। ਰੋਸ ਓਲੰਪਿਕ ਤੋਂ ਬਾਅਦ ਵੀ ਮਿਲਖਾ ਸਿੰਘ ਦੌੜਦਾ ਰਿਹਾ ਪਰ ਪਹਿਲਾਂ ਵਾਲਾ ਜਲਵਾ ਬਰਕਰਾਰ ਨਾ ਰਿਹਾ ਫਿਰ ਵੀ 1962 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਵਿੱਚ ਉਸ ਨੇ ਸੋਨ ਤਮਗੇ ਜਿੱਤੇ ਫਿਰ ਫ਼ੌਜ ਦੀ ਨੌਕਰੀ ਛੱਡ ਕੇ ਖੇਡ ਵਿਭਾਗ ‘ਚ ਪੰਜਾਬ ਦੀ ਨੌਕਰੀ ਕਰ ਲਈ। 1964 ਦੀਆਂ ਟੋਕੀਓ ਓਲੰਪਿਕ ਤੋਂ ਬਾਅਦ ਮਿਲਖਾ ਸਿੰਘ ਨੇ ਖੇਡ ਜਗਤ ਨੂੰ ਅਲਵਿਦਾ  ਕਹਿ ਦਿੱਤਾ ਤੇ ਕਿੱਲਾਂ ਵਾਲੇ ਬੂਟ ਕਿੱਲੀ ‘ਤੇ ਟੰਗ ਕੇ ਮਿਲਖਾ ਸਿੰਘ ਨੂੰ ਅਰਜੁਨ ਐਵਾਰਡ ਤੇ ਪਦਮਸ੍ਰੀ ਨਾਲ ਨਿਵਾਜਿਆ ਗਿਆ।
ਸੰਘਰਸ਼ ਮਈ ਜੀਵਨ ‘ਚੋ ਨਿਕਲ ਕੇ ਬੁਲੰਦੀਆਂ ਹਾਸਲ ਕਰਨ ਦੀ ਪ੍ਰੇਰਨਾਂ ਸਾਨੂੰ ਮਿਲਖਾ ਸਿੰਘ ਤੋਂ ਮਿਲਦੀ ਹੈ।18 ਜੂਨ 2021 ਨੂੰ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਪਰ ਹਮੇਸ਼ਾ ਖੇਡ ਜਗਤ ਵਿੱਚ ਉਨਾਂ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin