Punjab

ਪੀ.ਐਸ.ਪੀ.ਸੀ.ਐਲ. ਵੱਲੋਂ ਇੱਕ ਦਿਨ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ 3265 ਲੱਖ ਯੂਨਿਟ ਬਿਜਲੀ ਸਪਲਾਈ; ਪਿਛਲੇ ਸਾਲ 3066 ਲੱਖ ਯੂਨਿਟ ਬਿਜਲੀ ਸਪਲਾਈ ਕਰਨ ਦੇ ਰਿਕਾਰਡ ਨੂੰ ਪਛਾੜਿਆ

ਚੰਡੀਗੜ – ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਖੇਤੀਬਾੜੀ ਅਤੇ ਘਰੇਲੂ ਖੇਤਰ ਲਈ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਸਬੰਧੀ ਸਖਤ ਹਦਾਇਤਾਂ ਦੀ ਪਾਲਣਾ ਕਰਦਿਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ ਇੱਕ ਦਿਨ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ 3265 ਲੱਖ ਯੂਨਿਟ ਬਿਜਲੀ ਸਪਲਾਈ ਕਰਨ ਦਾ ਰਿਕਾਰਡ ਕਾਇਮ ਕੀਤਾ ਹੈ। ਇਹ ਸਪਲਾਈ ਪਿਛਲੇ ਸਾਲ ਦੇ ਮੁਕਾਬਲੇ 6.49 ਫ਼ੀਸਦੀ ਵੱਧ ਹੈ। ਪਿਛਲੇ ਸਾਲ 1 ਜੁਲਾਈ, 2021 ਨੂੰ 3066 ਲੱਖ ਯੂਨਿਟ ਸਪਲਾਈ ਕੀਤੀ ਗਈ ਸੀ।
ਇਸ ਸਾਲ ਪੀ.ਐਸ.ਪੀ.ਸੀ.ਐਲ. ਨੇ 29-06-2022 ਨੂੰ ਦੁਪਹਿਰ 12.15 ਵਜੇ 14207 ਮੈਗਾਵਾਟ ਬਿਜਲੀ ਦੀ ਸਭ ਤੋਂ ਵੱਡੀ ਮੰਗ ਨੂੰ ਸਫਲਤਾਪੂਰਵਕ ਪੂਰਾ ਕਰਕੇ ਪਿਛਲੇ ਸਾਲ 01-07-2021 ਨੂੰ 13431 ਮੈਗਾਵਾਟ ਬਿਜਲੀ ਸਪਲਾਈ ਕਰਨ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਗਰਮੀ ਦੇ ਇਸ ਸੀਜਨ ਦੌਰਾਨ ਵਧ ਰਹੇ ਤਾਪਮਾਨ ਕਾਰਨ ਬਿਜਲੀ ਦੀ ਮੰਗ ਲਗਾਤਾਰ ਵੱਧ ਰਹੀ ਹੈ ਪਰ ਇਸ ਦੇ ਬਾਵਜੂਦ ਪੀ.ਐਸ.ਪੀ.ਸੀ.ਐਲ. ਵੱਲੋਂ ਖੇਤੀਬਾੜੀ ਖਪਤਕਾਰਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਹੋਰਨਾਂ ਸਾਰੇ ਵਰਗਾਂ ਦੇ ਖਪਤਕਾਰਾਂ ਨੂੰ ਬਿਨਾਂ ਬਿਜਲੀ ਕੱਟ ਲਗਾਏ 24 ਘੰਟੇ ਬਿਜਲੀ ਸਪਲਾਈ ਪ੍ਰਦਾਨ ਕੀਤੀ ਜਾ ਰਹੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਨੇ ਦੱਸਿਆ ਕਿ ਲਗਾਤਾਰ ਵੱਧ ਰਹੀ ਬਿਜਲੀ ਦੀ ਮੰਗ ਦੇ ਮੱਦੇਨਜ਼ਰ ਪੀ.ਐਸ.ਪੀ.ਸੀ.ਐਲ. ਵੱਲੋਂ ਸਰੋਤਾਂ ਨੂੰ ਵਰਤਦਿਆਂ ਬਿਜਲੀ ਪ੍ਰਬੰਧਨ ਵਾਸਤੇ ਪਰਿਵਰਤਨ ਦੇ ਨਿਪਟਾਰੇ ਸਬੰਧੀ ਵੱਖ-ਵੱਖ ਵਿਧੀਆਂ ਅਪਣਾਉਣ ਲਈ ਰਣਨੀਤੀ ਤਿਆਰ ਕੀਤੀ ਗਈ ਹੈ। ਉਨਾਂ ਕਿਹਾ ਕਿ ਸਿਸਟਮ ਦੀ ਬਿਜਲੀ ਸਬੰਧੀ ਲੋੜ ਨੂੰ ਪੂਰਾ ਕਰਨ ਲਈ ਰਣਜੀਤ ਸਾਗਰ ਡੈਮ ਪਲਾਂਟ ਦੀ 3 ਨੰਬਰ ਯੂਨਿਟ ਦੇ ਕੰਡੈਂਸਰ ਮੋਡ, ਜਿਸ ਦੀ ਕਈ ਸਾਲਾਂ ਤੋਂ ਵਰਤੋਂ ਨਹੀਂ ਕੀਤੀ ਜਾ ਰਹੀ ਸੀ, ਨੂੰ ਸਿਸਟਮ ਵਿੱਚ ਬਿਜਲੀ ਦੀ 60 ਮੈਗਾ ਵੋਲਟ ਐਂਪੀਅਰ ਰੀਐਕਟਿਵ (ਐਮ.ਵੀ.ਏ.ਆਰ.) ਦੀ ਲੋੜ ਨੂੰ ਪੂਰਾ ਕਰਨ ਲਈ ਚਾਲੂ ਕਰ ਦਿੱਤਾ ਗਿਆ ਹੈ।
ਉਨਾਂ ਕਿਹਾ ਕਿ ਇਸੇ ਤਰਾਂ ਵਿਸ਼ੇਸ਼ ਮੁਹਿੰਮ ਤਹਿਤ ਸਿਸਟਮ ਦੀ ਮੈਗਾ ਵੋਲਟ ਐਂਪੀਅਰ ਰਿਐਕਟਿਵ ਸਮਰੱਥਾ ਵਧਾਈ ਗਈ ਹੈ ਜਿਸ ਵਿੱਚ ਗਰਿੱਡ ਸਬ ਸਟੇਸ਼ਨਾਂ ‘ਤੇ 251 ਯੂਨਿਟ ਦੇ ਕੈਪੇਸੀਟਰ ਬੈਂਕਾਂ ਨਾਲ 341.61 ਮੈਗਾ ਵੋਲਟ ਐਂਪੀਅਰ ਰਿਐਕਟਿਵ ਸਮਰੱਥਾ ਅਤੇ ਸਿਸਟਮ ਦੇ ਵੋਲਟੇਜ ਪ੍ਰੋਫਾਈਲ ਨੂੰ ਬਿਹਤਰ ਬਣਾਉਣ ਲਈ 11 ਕੇਵੀ ਫੀਡਰ ‘ਤੇ ਲੋੜੀਂਦੀ ਸਮਰੱਥਾ ਦੇ ਸੰਟ ਕੈਪੇਸੀਟਰ ਲਗਾ ਕੇ ਵਧਾਇਆ ਗਿਆ ਹੈ।

Related posts

ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ ਕੋਰਾ ਜਵਾਬ ਦਿੰਦਿਆਂ ਸਮਰਥਨ ਦੀ ਅਪੀਲ ਕੀਤੀ ਰੱਦ

editor

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ਼ ਦੀ ਸਹੂਲਤ ਵਾਸਤੇ ਡੀ.ਸੀਜ਼ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ

editor

ਮਾਨ ਵੱਲੋਂ ਰੋਪੜ ’ਚ ਮਾਲਵਿੰਦਰ ਸਿੰਘ ਕੰਗ ਦੇ ਹੱਕ ਵਿੱਚ ਚੋਣ ਪ੍ਰਚਾਰ

editor