Poetry Geet Gazal

ਅਮਰ ਗਰਗ ਕਲਮਦਾਨ, ਧੂਰੀ

ਸੂਰਜ ਮੁੱਖੀ ਦੇ ਫੁੱਲ
ਤੂਫਾਨਾਂ ਦਹਾੜ, ਹੋਰ ਦਹਾੜ
ਸਾਡੀ ਲੋਅ ਦੇ ਗਿਰਦ ਤਾਂ
ਲੋਕਾਂ ਨੇ ਕਰ ਲਈ ਹੈ
ਆਪਣੇ ਹੱਥਾਂ ਨਾਲ ਵਾੜ।
ਹੋਰ ਲਾ ਲੈ ਜੋਰ ਤਬਾਹੀ ਦਾ
ਸਾਡੀਆਂ ਸੜਕਾਂ, ਸਾਡੇ ਘਰਵਾਰ ਉਜਾੜਨ ਦਾ
ਪਰ ਸਾਡੇ ਵੱਲ ਆਉਂਦੀਆਂ
ਪਗਡੰਡੀਆਂ ਨੂੰ ਕਿਵੇਂ ਰੋਕੇਂਗਾ?
ਸਾਡੀ ਜਿੱਤ ਦੀ ਪਗਡੰਡੀ ਤਾਂ
ਓਦੋਂ ਹੀ ਬਣ ਗਈ ਸੀ
ਜਦੋਂ ਇੱਕ ਬੱਚੀ ਨੇ
ਟੈਂਕ ਤੇ ਚੜ੍ਹੇ ਤੇਰੇ ਇੱਕ ਫੌਜੀ ਨੂੰ
ਦਿੱਤੇ ਸਨ ਸੂਰਜਮੁਖੀ ਦੇ ਬੀਜ
ਤਾਂਕਿ ਤੂੰ ਵੀ ਖਿੜਨਾ ਸਿੱਖ ਲਵੇਂ।
ਉਹ ਦੇਖ ਤੈਨੂੰ ਪਾੜ ਕੇ
ਸੂਰਜ ਦੀਆਂ ਸੁਨਹਿਰੀ ਕਿਰਨਾ
ਪੈ ਰਹੀਆਂ ਨੇ ਸਾਡੇ ਫੁੱਲਾਂ ਤੇ
ਹੁਣ ਤਾਂ ਖਿੜਾਂਗੇ, ਹੋਰ ਖੁੱਲ ਕੇ
ਖਿੜਾਂਗੇ
ਲੈ ਬਣ ਗਈ ਹੈ,
ਇੱਕ ਹੋਰ ਪਗਡੰਡੀ
ਹੁਣ ਨਹੀਂ ਅਸੀਂ ਹਾਰਦੇ
ਸੁਣ ! ਸਾਡੀ ਇੱਕ ਫੌਜਣ ਕੁੜੀ
ਸੂਰਜਮੁਖੀ ਦੇ ਫੁੱਲਾਂ ਵਾਂਗ ਖਿੜੀ
ਕਹਿ ਰਹੀ ਹੈ,
ਸੂਰਜ ਦੀਆਂ ਲਾਲ ਕਿਰਨਾਂ
ਪੈ ਰਹੀਆਂ ਨੇ ਸਾਡੇ ਫੁੱਲਾਂ ਤੇ,
ਮੈਂ ਤਾਂ ਪੰਛੀਆਂ ਦੇ ਸੰਗ
ਗਾ ਰਹੀ ਹਾਂ, ਪ੍ਰਭਾਤ ਵੇਲੇ ਦੇ ਗੀਤ ।
ਸਾਡਾ ਨਾਇਕ ਸਾਡਾ ਚੈਪਲਿਨ
ਸ਼ੇਰ ਦੇ ਪਿੰਜਰੇ ਚੋਂ ਨਿੱਕਲ ਬਾਹਰ
ਚੜ੍ਹ ਬੈਠਾ ਹੈ ਲੋਕਾਂ ਦੇ ਦਿਲਾਂ ਤੇ
ਵੰਡ ਰਿਹਾ ਹੈ, ਇੱਕ ਇੱਕ ਦਾਣਾ,
ਸੂਰਜ ਮੁਖੀ ਦੇ ਬੀਜਾਂ ਦਾ
ਤਾਂਕਿ ਇਸ ਧਰਤੀ ਤੇ
ਹਰ ਪਾਸੇ ਤੈਨੂੰ ਦਿਖਣ
ਖਿੜੇ ਹੋਏ ਸੂਰਜ ਮੁਖੀ ਦੇ ਫੁੱਲ,
ਫੇਰ ਤੂੰ ਬੰਕਰ ਵਿੱਚ ਬੈਠ ਇੱਕਲਾ,
ਹਿਟਲਰ ਵਾਂਗ ਅਪਣੀ ਹੋਣੀ ਨੂੰ
ਰਿਹਾ ਹੋਵੇਂਗਾ ਲਿਖ ।
 ———————00000———————
 
 ਢਾਹ ਦਿਓ ਮੇਰੀ ਸਿਰਜਨਾ ਨੂੰ – ਕਾਰਲ ਮਾਰਕਸ
 ਨੌਜਵਾਨੀ ਦਾ ਨਸ਼ਾ
ਨਾਲੇ ਮਾਰਕਸ ਦੀ ਰਚਨਾ
ਦੀ ਲਾਲੀ
ਆਪਾ ਭੁੱਲੇ
ਸਿਰ ਤੇ ਸਵਾਰ ਸੀ
ਲਾਲ ਕ੍ਰਾਂਤੀ-ਇੱਕੋ ਇੱਕ ਸੱਚ ।
ਜਿਉਂਦਿਆਂ ਦੇਖਾਂਗੇ ਸਵਰਗ
ਧਰਤੀ ਤੇ ।
ਫਿਰ ਸੋਚਦੇ ਸੀ, ਲੋਕਾਈ ਨੂੰ
ਇਹ ਸੱਚ ਕਿਉਂ ਨਹੀਂ ਦਿਖ ਰਿਹਾ ?
ਸਿਆਣੇ ਦਾ ਕਿਹਾ, ਔਲੇ ਦਾ ਖਾਧਾ
ਹੁਣ ਸਮਝ ਆਇਆ ਹੈ,
ਅਸਲ ਸੱਚ ਤਾਂ ਹੋਰ ਹੈ ।
ਕਮਿਊਨਿਸਟ ਮੈਨੀਫੈਸਟੋ
ਵਿਸ਼ਵ ਇਤਿਹਾਸ ਦੀ ਇੱਕ
ਵਜ਼ਰ ਗਲਤੀ ।
ਕਾਰਲ ਮਾਰਕਸ ਦੀ ਆਤਮਾ
ਦੇਖ ਧਰਤੀ ਤੇ
ਸਿਰਜਨਾ ਆਪਣੀ
ਭੁੱਬਾਂ ਮਾਰਦੀ ਰਹੀ ਹੈ ਰੋ ।
ਇਹ ਕੀ ਹੋ ਗਿਆ ?
ਮੇਰੀ ਸਿਰਜਨਾ ਤਾਂ
ਮਿਚੀਆਂ ਅੱਖਾਂ ਵਾਲੇ ਹਾਕਮ
ਦੀਆਂ ਸਾਜਿਸ਼ਾਂ ਦਾ
ਬਣ ਗਈ ਹੈ ਇੱਕ ਅੱਡਾ ।
ਨਾ ਬੋਲਣ ਦੀ ਆਜ਼ਾਦੀ
ਨਾ ਸੋਚਣ ਦੀ
ਜਨਤਾ ਬਣ ਗਈ ਹੈ
ਬੁੱਤਾਂ ਦਾ ਬਜ਼ਾਰ,
ਕੇਵਲ ਹਾਕਮ ਬੋਲਦਾ ਹੈ
ਤੇ ਸੋਚਦਾ ਹੈ
ਬਿਨਾਂ ਕਿਸੇ ਜਵਾਬਦੇਹੀ ਦੇ ।
ਛੱਡ ਦਿੱਤਾ ਹੈ ਕੋਰੋਨੇ ਦਾ
ਜਿੰਨ ਜਿਸਨੇ
ਤਾਂਕਿ ਮਨੁੱਖੀ ਜੂਨੀ
ਬਣ ਜਾਏ ਪੰਗੂ
ਉਸ ਅੱਗੇ ।
ਹੋ ਰਿਹਾ ਹੈ ਅਸਿਹ
ਦੇਖ ਮਨੁੱਖੀ ਲਾਸ਼ਾਂ ਦੀਆਂ
ਕਤਾਰਾਂ,
ਹੁਣ ਨੀ ਦੇਖਿਆ ਜਾਂਦਾ
ਧਰਤੀ ਦਾ ਇਹ ਹਾਲ,
ਹੋਈ ਹੈ ਮੈਥੋਂ ਗਲਤੀ
ਇੱਕ ਵਜ਼ਰ ਗਲਤੀ,
ਜਿਸਨੇ ਮਨੁੱਖੀ ਜੂਨੀ ਹੀ
ਪਾ ਦਿੱਤੀ ਹੈ ਖਤਰੇ ‘ਚ
ਮੇਰੀ ਸੋਚ ਵਾਲਿਓ ਹੁਣ
ਢਾਹ ਦਿਓ ਮੇਰੀ ਇਸ
ਸਿਰਜਨਾ ਨੂੰ ।
ਭੇਜ ਰਿਹਾਂ ਹਾਂ ਸਿਰਨਾਵਾਂ
ਆਪਣੇ ਦਸਤਖਤਾਂ ਹੇਠ ।
ਸਲਾਮ !    ਕਾਰਲ ਮਾਰਕਸ
 ———————00000———————
 
ਮੌਤ ਦਾ ਸੌਦਾਗਰ, ਮਿਚੀਆਂ ਅੱਖਾਂ ਵਾਲਾਂ
ਕੋਇਲ ਰਾਣੀ, ਹੁਣ ਬੱਸ ਕਰ,
ਜੀਅ ਤਾਂ ਬਹੁਤ ਕਰਦਾ ਹੈ
ਤੇਰੀ ਮਿੱਠੀ ਧੁਨ ਰੱਜ ਕੇ ਸੁਣਾ,
ਪਰ ਦਿਲ ਵਿੱਚ ਮੱਚ ਰਹੀ ਅੱਗ
ਦਾ ਕੀ ਕਰਾਂ ?
ਅੱਖਾਂ ਵਿੱਚ ਮੱਚ ਰਹੇ ਭਾੰਬੜ
ਦਾ ਕੀ ਕਰਾਂ ?
ਇਹ ਅੱਗ ਕਾਹਦੀ ?
ਇਹ ਭਾੰਬੜ ਕਾਹਦਾ ?
ਸੁਣੋ !
ਇੰਨਾ ਅੱਖਾਂ ਦੇ ਸਾਹਮਣੇ ਤਾਂ
ਹੋ ਰਿਹਾ ਹੈ ਮੌਤ ਦਾ ਨੰਗਾ ਨਾਚ,
ਦੇਸ਼-ਵਿਦੇਸ਼ ਜਿੱਧਰ ਨਜ਼ਰ ਦੌੜਾਵਾਂ
ਇਹੋ ਮੰਜਰ ਅੱਖਾਂ ਸਾਹਮਣੇ ਪਾਵਾਂ,
ਭਾੰਬੜ ਕਿਉਂ ਨਾ ਮੱਚੇ ?
ਕਿਉਂਕਿ ਇਹਨਾਂ ਅੱਖਾਂ ਦੇ ਸਾਹਮਣੇ
ਮੌਤ ਦਾ ਸੌਦਾਗਰ, ਮਿਚੀਆਂ ਅੱਖਾਂ ਵਾਲਾ
ਉੱਚੀ-ਉੱਚੀ ਰਿਹਾ ਹੈ ਹੱਸ,
ਪਰੋਲੇਤਾਰੀ ਤਾਨਾਸ਼ਾਹੀ ਦੇ ਠੱਪੇ ਹੇਠ
ਪਸਰੀ ਹੈ ਗੁਲਾਮੀ, ਸੀਤੇ ਮੂੰਹ
ਨਾ ਜਨ ਦਾ ਡਰ, ਨਾ ਚੋਣਾਂ ਦਾ,
ਮੌਤ ਦਾ ਸੌਦਾਗਰ ਰਚ ਰਿਹਾ ਹੈ ਸਾਜਿਸ਼ਾਂ
ਛੱਡ ਦਿੱਤਾ ਹੈ ਕੋਰੋਨਾ ਦਾ ਜਿੰਨ ਜਿਸਨੇ,
ਮਨੁੱਖੀ ਜ਼ਿੰਦਗੀ ਬਣ ਗਈ ਹੈ
ਇੱਕ ਰੇਂਗਨ ਵਾਲਾ ਜੀਵ
ਤਣੇ ਹੋਏ ਇਸ ਸੌਦਾਗਰ ਦੇ ਸਾਹਮਣੇ,
ਭੈਣੇ ਕੋਇਲੇ ਤੇਰੇ ਗੀਤਾਂ ‘ਚ ਤਾਂ
ਭਾ ਰਿਹਾ ਹੈ ਵੀਰ ਰਸ ਦਾ ਜਲੌਅ
ਕੂਕ ! ਹੋਰ ਉੱਚੀ ਕੂਕ !
ਤਾਂ ਕਿ ਖ਼ਲਕਤ ਦਾ ਇੱਕ-ਇੱਕ ਜੀਅ
ਬਣ ਜਾਏ ਇੱਕ-ਇੱਕ ਬੰਦਾ,
ਫੇਰ ਉਸ ਮਿਚੀਆਂ ਅੱਖਾਂ ਵਾਲੇ
ਸੌਦਾਗਰ ਨੂੰ
ਬੰਨ੍ਹ ਘੋੜੇ ਦੇ ਪਿੱਛੇ
ਘਸੀਟ ਲੈ ਆਵੇ ਉੱਥੇ
ਜਿੱਥੇ ਸੌਦਾਗਰ ਹੱਥੋਂ
ਮਰੀਆਂ ਲਾਸ਼ਾਂ
ਕਰ ਰਹੀਆਂ ਨੇ ਆਪਣੀ ਵਾਰੀ
ਦਾ ਇੰਤਜ਼ਾਰ
ਪਰ ਮੌਤ ਦੇ ਸੌਦਾਗਰ ਦੀ
ਚਿਤਾ ਨੂੰ ਵੱਖ ਰੱਖਣਾ ।

———————00000———————

ਰੱਬ

ਨਾ ਇਹ ਬੁਝਾਰਤ,

ਨਾ ਕੋਈ ਰਹੱਸ,

ਬੱਸ ਦੇਖਣ ਵਾਲੀ ਅੱਖ,

ਇਹ ਤਾਂ ਬੈਠਾ ਕਲਮ ਤੇ।

ਉੱਤਰ ਆਉਂਦਾ ਪਹਾੜੋਂ,

ਵਲ ਖਾਂਦਾ ਸ਼ੋਰ ਮਚਾਉਂਦਾ,

ਇੱਕ ਦਮ ਸ਼ਾਂਤ ਹੋ ਜਾਂਦਾ,

ਕਰੇ ਤ੍ਰਿਪਤ ਸਭ ਬੇਲ-ਬੂਟੇ।

ਹੋਇਆ ਸਵੇਰਾ ਆ ਗਿਆ ਰੱਬ,

ਦਗ-ਦਗ ਕਰਦਾ,

ਚਾਰ-ਚੁਫੇਰੇ ਚਾਨਣ ਵੰਡਦਾ,

ਜੀਆ ਜੰਤ ਸਭ ਇੱਥੋਂ ਪਲਦਾ।

ਲਾ ਲਈ ਸਮਾਧੀ ਰੱਬ ਨੇ,

ਰੂਪ ਧਾਰਿਆ ਜਨਣੀ ਮਾਂ,

ਚਿੱਤ ਕਰ ਲਿਆ ਅਡੋਲ,

ਖੋਦੀ ਦਾ ਬੀਜ਼ੀ ਜਾ।

ਰੰਗ ਵਥੇਰੇ ਕੁਦਰਤ ਦੇ,

ਕੀ ਬਸੰਤ ਕੀ ਸਾਉਣ,

ਕੀਹਦੀ-ਕੀਹਦੀ ਗੱਲ ਕਰਾਂ,

ਡਾਲੀ-ਡਾਲੀ ਰੱਬ ਰਿਹਾ ਮੁਸਕਰਾ।

ਰੱਬ ਚੀਂ-ਚੀਂ ਕਰਦਾ,

ਰੱਬ ਕੂ-ਕੂ ਕਰਦਾ,

ਰੱਬ ਮੋਤੀ ਚੁਗਦਾ,

ਰੱਬ ਡਾਰੀਂ ਉੱਡਦਾ।

ਰੱਬ ਦਾਤੀ ਫੜਦਾ,

ਰੱਬ ਹਲ ਚਲਾਉਂਦਾ,

ਰੱਬ ਬੂਟੀ ਰਗੜੇ,

ਰੱਬ ਮਹਲ ਉਸਾਰੇ।

ਲਾਈ ਟਿਕ-ਟਿਕ-ਟਿਕ,

ਆਪਣੀ ਸੁਧ ਨਾ ਬੁਧ,

ਉਹ ਤਾਂ ਜਗਾ ਰਿਹਾ ਹੈ ਪੱਥਰ,

ਤਾਂ ਜੋ ਉੱਘੜ ਆਵੇ ਰੱਬ।

ਰੱਬ ਸੁਰਾਂ ਮਲਾਉਂਦਾ,

ਰੱਬ ਅਲਾਪ ਜਗਾਉਂਦਾ,

ਰੱਬ ਬਾਂਸ ਦੀ ਮੋਰੀ ਤੇ ਬੈਠਾ,

ਪੈਰੀ ਘੁੰਗਰੂ,

ਰੱਬ ਨੱਚੇ ਤਬਲੇ ਦੀ ਤਾਲ ਤੇ।

ਕਿੱਕਰ ਦੇ ਤੁੱਕਿਆਂ ਚ ਰੱਬ,

ਬੇਰੀ ਦੇ ਲੀਹਲੂ ਬੇਰਾਂ ਚ ਰੱਬ,

ਜੰਡ ਦੀਆਂ ਖੱਟੀਆਂ-ਮਿੱਠੀਆਂ,

ਫਲੀਆਂ ਚ ਰੱਬ,

ਵਣਾਂ ਦੀਆਂ ਪੀਲਾਂ ਚ ਰੱਬ।

ਰੱਬ ਤਾਂ ਸਾਕਾਰ ਹੈ,

ਰੱਬ ਮੂਰਤ ਹੈ,

ਬੱਸ ਦੇਖਣ ਵਾਲੀ ਅੱਖ,

ਕੁਦਰਤ ਦੇ ਕਣ-ਕਣ ਚ ਪ੍ਰਤੱਖ।

Related posts

ਅਰਸ਼ਪ੍ਰੀਤ ਸਿੰਘ ‘ਮਧਰੇ’, ਬਟਾਲਾ

admin

ਡਾ. ਆਤਮਾ ਸਿੰਘ ਗਿੱਲ

admin

ਰਮਨਦੀਪ ਸੰਧੂ – ਵਿੰਟਰ ਵੈਲੀ, ਵਿਕਟੋਰੀਆ

admin