Articles

ਸਿਵਿਲ ਸਰਵਿਸ ਪ੍ਰੀਖਿਆ ਦੇ ਨਤੀਜਿਆਂ ਵਿਚ ਕੁੜੀਆਂ ਦੀ ਬੱਲੇ-ਬੱਲੇ !

ਲੇਖਕ: ਵਿਜੈ ਗਰਗ ਸਾਬਕਾ ਪਿ੍ੰਸੀਪਲ, ਮਲੋਟ

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ 2021 ਦੀ ਸਿਵਿਲ ਸਰਵਿਸ ਪ੍ਰੀਖਿਆ ਦੇ ਨਤੀਜਿਆਂ ਵਿਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਕੁੜੀਆਂ ਨੇ ਹਾਸਿਲ ਕੀਤੀਆਂ ਹਨ। ਔਰਤਾਂ ਨੇ ਪਹਿਲੀ ਪੁਜ਼ੀਸ਼ਨ ਸੱਤ ਸਾਲਾਂ ਦੇ ਪਿੱਛੋਂ ਹਾਸਿਲ ਕੀਤੀ ਹੈ। ਨਤੀਜੇ ਇਸ ਲਈ ਵੀ ਉਤਸ਼ਾਹਿਤ ਕਰਨ ਵਾਲੇ ਹਨ ਕਿ ਵਿਸ਼ੇਸ਼ ਅਧਿਕਾਰ ਪ੍ਰਾਪਤ ਕੁਲੀਨ ਵਰਗ ਦੇ ਨਾਲ ਨਾਲ ਸਾਧਾਰਨ ਪਿਛੋਕੜ ਵਾਲੇ ਪਰਿਵਾਰਾਂ ਨਾਲ ਸਬੰਧਿਤ ਨੌਜਵਾਨ ਵੀ ਸਫ਼ਲ ਹੋਏ ਹਨ। ਇਸ ਨਾਲ ਸਿਵਿਲ ਸਰਵਿਸ ਅੰਦਰ ਸਮਾਜ ਦੀ ਵੰਨ-ਸਵੰਨਤਾ ਨੂੰ ਸਮਝਣ ਦੀ ਸੰਭਾਵਨਾ ਵਧਦੀ ਹੈ। ਵੱਖ ਵੱਖ ਪਿਛੋਕੜਾਂ ਤੋਂ ਆਉਂਦੇ ਉਮੀਦਵਾਰਾਂ ਦੀ ਸਮੱਸਿਆਵਾਂ ਪ੍ਰਤੀ ਨਿੱਜੀ ਸਮਝਦਾਰੀ ਸਿਵਿਲ ਸਰਵਿਸ ਦੀ ਸਮੂਹਿਕ ਸੋਚ ਵਿਚ ਆਪਣਾ ਹਿੱਸਾ ਪਾਉਂਦੀ ਹੈ।

ਪ੍ਰੀਖਿਆ ਵਿਚ ਪਹਿਲੇ ਨੰਬਰ ਉੱਤੇ ਆਉਣ ਵਾਲੀ ਦਿੱਲੀ ਨਿਵਾਸੀ ਸ਼ਰੁਤੀ ਸ਼ਰਮਾ ਦਾ ਮੁੱਖ ਧਿਆਨ ਸਿੱਖਿਆ, ਸਿਹਤ ਅਤੇ ਔਰਤਾਂ ਦੇ ਸ਼ਕਤੀਕਰਨ ਵੱਲ ਹੈ। ਇਸੇ ਤਰ੍ਹਾਂ ਦੂਸਰੇ ਨੰਬਰ ਵਾਲੀ ਕੋਲਕਾਤਾ ਦੀ ਅੰਕਿਤਾ ਅਗਰਵਾਲ ਔਰਤਾਂ ਅਤੇ ਅਣਗੌਲੇ ਸਮਾਜ ਦੇ ਬੱਚਿਆਂ ਦੀ ਬਿਹਤਰੀ ਨੂੰ ਆਪਣਾ ਟੀਚਾ ਮੰਨਦੀ ਹੈ। ਤੀਸਰੇ ਨੰਬਰ ਉੱਤੇ ਆਈ ਪੰਜਾਬ ਦੇ ਸ਼ਹਿਰ ਸੁਨਾਮ ਦੀ ਜੰਮਪਲ ਪਰ ਇਸ ਸਮੇਂ ਆਨੰਦਪੁਰ ਸਾਹਿਬ ਦੀ ਨਿਵਾਸੀ ਗਾਮਨੀ ਸਿੰਗਲਾ ਇਨ੍ਹਾਂ ਹੀ ਸਮਾਜਿਕ ਮੁੱਦਿਆਂ ਨੂੰ ਅੱਗੇ ਵਧਾਉਣ ਲਈ ਕੰਮ ਕਰਨ ਦਾ ਇਰਾਦਾ ਪ੍ਰਗਟ ਕਰਦੀ ਹੈ। ਪੰਜਾਬ ਦੇ ਹੀ ਮੁਕਸਤਰ ਸਾਹਿਬ ਦੇ ਕਿਸਾਨ ਦੇ ਪੁੱਤਰ ਜਸਪਿੰਦਰ ਸਿੰਘ ਭੁੱਲਰ ਨੇ 33ਵਾਂ ਸਥਾਨ ਹਾਸਿਲ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਉਹ ਸੱਤਾ ਤੋਂ ਦੂਰ ਦੁਰਾਡੇ ਇਲਾਕਿਆਂ ਵਿਚ ਰਹਿੰਦੇ ਲੋਕਾਂ ਦੇ ਜੀਵਨ ਵਿਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰੇਗਾ। ਇਸੇ ਤਰ੍ਹਾਂ ਹਿੰਦੀ ਮਾਧਿਅਮ ਵਿਚ ਸਿਵਿਲ ਸਰਵਿਸ ਦੀ ਪ੍ਰੀਖਿਆ ਦੇ ਪਹਿਲੇ ਨੰਬਰ ਉੱਤੇ ਆਉਣ ਵਾਲੇ ਸ੍ਰੀ ਗੰਗਾਨਗਰ (ਰਾਜਸਥਾਨ) ਦੇ ਰਵੀ ਕੁਮਾਰ ਸਿਹਾਗ ਦੀ ਸਫ਼ਲਤਾ ਜ਼ਮੀਨ ਨਾਲ ਜੁੜੇ ਹੋਣ ਦਾ ਪ੍ਰਮਾਣ ਹੈ।
ਸਿਵਿਲ ਸਰਵਿਸ ਦੀ ਪ੍ਰੀਖਿਆ ਵਿਚ ਸਫ਼ਲ ਹੋਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਦੇਸ਼ ਦੇ ਸਰਬਉੱਚ ਅਤੇ ਤਾਕਤਵਰ ਪ੍ਰਸ਼ਾਸਨਿਕ ਤੰਤਰ ਦਾ ਹਿੱਸਾ ਬਣਦੇ ਹਨ। ਉਹ ਸਾਰੇ ਪ੍ਰੀਖਿਆ ਦੇ ਸਖ਼ਤ ਮੁਕਾਬਲੇ ਵਿਚੋਂ ਲੰਘ ਕੇ ਆਉਂਦੇ ਹਨ ਅਤੇ ਉਨ੍ਹਾਂ ਦਾ ਸ਼ੁਮਾਰ ਦੇਸ਼ ਦੇ ਬੌਧਿਕ ਤੌਰ ਉੱਤੇ ਤੇਜ਼ ਤਰਾਰ ਚੁਨਿੰਦਾ ਲੋਕਾਂ ਵਿਚ ਹੁੰਦਾ ਹੈ। ਸਿਵਿਲ ਸਰਵਿਸ ਪ੍ਰੀਖਿਆ ਪਾਸ ਹੋਣ ਤੋਂ ਬਾਅਦ ਜਿੱਥੇ ਨਿੱਜੀ ਜ਼ਿੰਦਗੀ ਦੀਆਂ ਲੋੜਾਂ ਦੀ ਪੂਰਤੀ ਦੀ ਗਰੰਟੀ ਮਿਲਦੀ ਹੈ, ਉੱਥੇ ਉਨ੍ਹਾਂ ਤੋਂ ਦੇਸ਼ ਦੀਆਂ ਸਮੱਸਿਆਵਾਂ ਪ੍ਰਤੀ ਸੰਵੇਦਨਸ਼ੀਲ ਤੇ ਲੋਕਾਂ ਪ੍ਰਤੀ ਜਵਾਬਦੇਹ ਪ੍ਰਸ਼ਾਸਨਿਕ ਪਹੁੰਚ ਅਪਣਾਉਣ ਦੀ ਉਮੀਦ ਕੀਤੀ ਜਾਂਦੀ ਹੈ। ਇਨ੍ਹਾਂ ਦਿਨਾਂ ਵਿਚ ਵਧ ਰਹੇ ਭ੍ਰਿਸ਼ਟਾਚਾਰ ਅਤੇ ਘਟ ਰਹੇ ਕੰਮ ਸੱਭਿਆਚਾਰ ਦੇ ਦੌਰ ਵਿੱਚ ਪ੍ਰਸ਼ਾਸਨ ਅਤੇ ਲੋਕਾਂ ਦੀ ਦੂਰੀ ਵਧਣ ਦਾ ਮਾਹੌਲ ਬਣ ਰਿਹਾ ਹੈ। ਇਕ ਤਰ੍ਹਾਂ ਦਾ ਆਦਰਸ਼ਵਾਦ ਲੈ ਕੇ ਸਿਵਲ ਸੇਵਾ ਵਿਚ ਆਉਣ ਵਾਲੇ ਨਵੇਂ ਅਫ਼ਸਰਾਂ ਤੋਂ ਸੰਵਿਧਾਨ ਅਤੇ ਕਾਨੂੰਨ ਦੇ ਸ਼ਾਸਨ ਨੂੰ ਮਜ਼ਬੂਤ ਕਰਨ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੀ ਉਮੀਦ ਰੱਖਣਾ ਸਮਾਜ ਦਾ ਹੱਕ ਹੈ।।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin