Sport

ਪ੍ਰਧਾਨ ਮੰਤਰੀ ਮੋਦੀ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਤੋਂ ਮੁੜੀ ਭਾਰਤੀ ਟੀਮ ਦੀ ਕੀਤੀ ਮੇਜ਼ਬਾਨੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ 61 ਮੈਡਲ ਜਿੱਤ ਕੇ ਮੁੜੀ ਭਾਰਤੀ ਟੀਮ ਦਾ ਸਵਾਗਤ ਕਰਦੇ ਹੋਏ ਸ਼ਨਿਚਰਵਾਰ ਨੂੰ ਕਿਹਾ ਕਿ ਭਾਰਤੀ ਖੇਡਾਂ ਦਾ ਸੁਨਹਿਰਾ ਦੌਰ ਦਸਤਕ ਦੇ ਰਿਹਾ ਹੈ ਤੇ ਚੰਗੇ ਪ੍ਰਦਰਸ਼ਨ ‘ਤੇ ਸਬਰ ਕਰ ਕੇ ਚੁੱਪ ਨਹੀਂ ਬੈਠਣਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਰਿਹਾਇਸ਼ ‘ਤੇ ਭਾਰਤੀ ਟੀਮ ਦੀ ਮੇਜ਼ਬਾਨੀ ਕੀਤੀ। ਭਾਰਤੀ ਖਿਡਾਰੀਆਂ ਨੇ ਬਰਮਿੰਘਮ ਖੇਡਾਂ ਵਿਚ 22 ਗੋਲਡ, 16 ਸਿਲਵਰ ਤੇ 23 ਕਾਂਸੇ ਦੇ ਮੈਡਲਾਂ ਸਮੇਤ 61 ਮੈਡਲ ਜਿੱਤੇ। ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਸੀਂ ਸਾਰੇ ਉਥੇ ਮੈਚ ਖੇਡ ਰਹੇ ਸੀ ਪਰ ਸਮੇਂ ਦਾ ਫ਼ਰਕ ਹੋਣ ਕਾਰਨ ਦੇਰ ਰਾਤ ਤਕ ਤੁਹਾਡੇ ਹਰ ਐਕਸ਼ਨ ‘ਤੇ ਦੇਸ਼ਵਾਸੀਆਂ ਦੀ ਨਜ਼ਰ ਸੀ। ਬਹੁਤ ਸਾਰੇ ਲੋਕ ਅਲਾਰਮ ਲਾ ਕੇ ਸੋਂਦੇ ਸਨ ਕਿ ਤੁਹਾਡੇ ਪ੍ਰਦਰਸ਼ਨ ਦਾ ਅਪਡੇਟ ਲੈਣਗੇ। ਖੇਡਾਂ ਦੇ ਪ੍ਰਤੀ ਇਸ ਦਿਲਚਸਪੀ ਨੂੰ ਵਧਾਉਣ ਵਿਚ ਤੁਹਾਡੇ ਸਾਰਿਆਂ ਦੀ ਬਹੁਤ ਵੱਡੀ ਭੂਮਿਕਾ ਹੈ ਤੇ ਇਸ ਲਈ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਵਾਰ ਦਾ ਸਾਡੇ ਪ੍ਰਦਰਸ਼ਨ ਦਾ ਇਮਾਨਦਾਰ ਅੰਦਾਜ਼ਾ ਸਿਰਫ਼ ਮੈਡਲਾਂ ਦੀ ਗਿਣਤੀ ਨਾਲ ਸੰਭਵ ਨਹੀਂ ਹੈ। ਸਾਡੇ ਬਹੁਤ ਸਾਰੇ ਖਿਡਾਰੀ ਇਸ ਵਾਰ ਕਰੀਬੀ ਮੈਚ ਖੇਡਦੇ ਨਜ਼ਰ ਆਏ ਤੇ ਇਹ ਵੀ ਕਿਸੇ ਮੈਡਲ ਤੋਂ ਘੱਟ ਨਹੀਂ ਹੈ। ਜੋ ਖੇਡ ਸਾਡੀ ਤਾਕਤ ਰਹੇ ਹਨ ਉਨ੍ਹਾਂ ਨੂੰ ਅਸੀਂ ਮਜ਼ਬੂਤ ਕਰ ਰਹੇ ਹਾਂ। ਅਸੀਂ ਨਵੀਆਂ ਖੇਡਾਂ ਵਿਚ ਵੀ ਆਪਣੀ ਛਾਪ ਛੱਡ ਰਹੇ ਹਾਂ। ਹਾਕੀ ਵਿਚ ਜਿਸ ਤਰ੍ਹਾਂ ਅਸੀਂ ਆਪਣੀ ਵਿਰਾਸਤ ਨੂੰ ਮੁੜ ਹਾਸਲ ਕਰ ਰਹੇ ਹਾਂ ਉਸ ਲਈ ਮੈਂ ਦੋਵਾਂ ਟੀਮਾਂ ਦੀ ਕੋਸ਼ਿਸ਼, ਮਿਹਨਤ ਤੇ ਮਿਜਾਜ਼ ਦੀ ਸ਼ਲਾਘਾ ਕਰਦਾ ਹਾਂ। ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਅਸੀਂ ਚਾਰ ਨਵੀਆਂ ਖੇਡਾਂ ਵਿਚ ਜਿੱਤ ਦਾ ਨਵਾਂ ਰਾਹ ਬਣਾਇਆ। ਲਾਅਨ ਬਾਲ ਤੋਂ ਲੈ ਕੇ ਅਥਲੈਟਿਕਸ ਵਿਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਜਿਸ ਨਾਲ ਨਵੀਆਂ ਖੇਡਾਂ ਵਿਚ ਨੌਜਵਾਨਾਂ ਦਾ ਰੁਝਾਨ ਵਧਣ ਵਾਲਾ ਹੈ। ਇਸੇ ਤਰ੍ਹਾਂ ਨਵੀਆਂ ਖੇਡਾਂ ਵਿਚ ਪ੍ਰਦਰਸ਼ਨ ਸੁਧਾਰਦੇ ਰਹਿਣਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸ਼ੁਰੂਆਤ ਹੈ ਤੇ ਅਸੀਂ ਸਬਰ ਕਰ ਕੇ ਚੁੱਪ ਬੈਠਣ ਵਾਲੇ ਨਹੀਂ ਹਾਂ। ਭਾਰਤ ਦੀਆਂ ਖੇਡਾਂ ਦਾ ਸੁਨਹਿਰਾ ਦੌਰ ਦਸਤਕ ਦੇ ਰਿਹਾ ਹੈ। ਇਹ ਚੰਗੀ ਗੱਲ ਹੈ ਕਿ ਖੇਲੋ ਇੰਡੀਆ ਤੇ ਟਾਪਸ ਦੇ ਕਈ ਖਿਡਾਰੀਆਂ ਨੇ ਇਸ ਵਾਰ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ ਪਰ ਇਨ੍ਹਾਂ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰਨਾ ਹੈ। ਕੋਈ ਵੀ ਯੋਗਤਾ ਛੁੱਟਣੀ ਨਹੀਂ ਚਾਹੀਦੀ ਕਿਉਂਕਿ ਉਹ ਦੇਸ਼ ਦੀ ਸੰਪਤੀ ਹੈ। ਹੁਣ ਤੁਹਾਡੇ ਸਾਹਮਣੇ ਏਸ਼ਿਆਈ ਖੇਡਾਂ ਹਨ। ਤੁਸੀਂ ਚੰਗੀ ਤਰ੍ਹਾਂ ਤਿਆਰੀ ਕਰੋ। ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਮਾਰਗਦਰਸ਼ਕ ਦੇ ਰੂਪ ਵਿਚ ਦੇਸ਼ ਦੇ ਨੌਜਵਾਨਾਂ ਨੂੰ ਪ੍ਰਰੇਰਿਤ ਕਰਨਾ ਜਾਰੀ ਰੱਖੋ। ਉਨ੍ਹਾਂ ਨੇ ਕਿਹਾ ਕਿ ਸਾਰੇ ਸੀਨੀਅਰ ਖਿਡਾਰੀਆਂ ਨੇ ਉਮੀਦ ਮੁਤਾਬਕ ਲੀਡ ਕੀਤਾ ਤੇ ਨੌਜਵਾਨਾਂ ਨੇ ਤਾਂ ਕਮਾਲ ਹੀ ਕਰ ਦਿੱਤਾ। ਮੇਰੀ ਖੇਡਾਂ ਤੋਂ ਪਹਿਲਾਂ ਜਿਨ੍ਹਾਂ ਨੌਜਵਾਨ ਸਾਥੀਆਂ ਨਾਲ ਗੱਲ ਹੋਈ ਸੀ ਉਨ੍ਹਾਂ ਨੇ ਆਪਣਾ ਵਾਅਦਾ ਨਿਭਾਇਆ। ਤੁਹਾਡੀ ਕਾਮਯਾਬੀ ਤੇ ਤੁਹਾਡੇ ਨਾਲ ਜੁੜ ਕੇ ਜਿਵੇਂ ਹਰ ਹਿੰਦੁਸਤਾਨੀ ਮਾਣ ਕਰਦਾ ਹੈ, ਮੈਂ ਵੀ ਮਾਣ ਕਰ ਰਿਹਾ ਹਾਂ। ਹੁਣ ਦੇਸ਼ ਆਜ਼ਾਦੀ ਦੇ 75 ਸਾਲ ਪੂਰੇ ਕਰਨ ਵਾਲਾ ਹੈ। ਇਹ ਮਾਣ ਦੀ ਗੱਲ ਹੈ ਕਿ ਦੇਸ਼ ਤੁਹਾਡੇ ਸਾਰਿਆਂ ਦੀ ਮਿਹਨਤ ਨਾਲ ਇਕ ਪ੍ਰਰੇਰਣਾਦਾਇਕ ਉਪਲੱਬਧੀ ਦੇ ਨਾਲ ਆਜ਼ਾਦੀ ਦੇ ਅਮਿ੍ਤ ਕਾਲ ਵਿਚ ਪ੍ਰਵੇਸ਼ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰਾਸ਼ਟਰਮੰਡਲ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਮੁੜਨ ‘ਤੇ ਮਿਲ ਕੇ ਜਿੱਤ ਦਾ ਜਸ਼ਨ ਮਨਾਵਾਂਗੇ। ਮੈਨੂੰ ਵਿਸ਼ਵਾਸ ਸੀ ਕਿ ਤੁਸੀਂ ਜੇਤੂ ਹੋ ਕੇ ਮੁੜੋਗੇ। ਮੇਰੀ ਮੈਨੇਜਮੈਂਟ ਵੀ ਸੀ ਕਿ ਚਾਹੇ ਜਿੰਨਾ ਮਰਜ਼ੀ ਰੁਝੇਵਾਂ ਹੋਵੇਗਾ ਤੁਹਾਡੇ ਨਾਲ ਇਹ ਜਿੱਤ ਦਾ ਜਸ਼ਨ ਮਨਾਵਾਂਗਾ। ਅੱਜ ਇਹ ਮੌਕਾ ਆਇਆ ਹੈ। ਹੁਣੇ ਤੁਹਾਡੇ ਨਾਲ ਗੱਲ ਕਰ ਕੇ ਮੈਂ ਤੁਹਾਡਾ ਆਤਮਵਿਸ਼ਵਾਸ ਤੇ ਹੌਸਲਾ ਦੇਖਿਆ ਤੇ ਉਹੀ ਤੁਹਾਡੀ ਪਛਾਣ ਹੈ। ਜਿਸ ਨੇ ਮੈਡਲ ਜਿੱਤਿਆ ਉਹ ਵੀ ਤੇ ਜੋ ਅੱਗੇ ਮੈਡਲ ਜਿੱਤਣ ਵਾਲੇ ਹਨ, ਉਹ ਵੀ ਪ੍ਰਸ਼ੰਸਾ ਦੇ ਹੱਕਦਾਰ ਹਨ। ਉਨ੍ਹਾਂ ਨੇ ਕੜੀਆਂ ਦੇ ਪ੍ਰਦਰਸ਼ਨ ਦੀ ਖ਼ਾਸ ਤੌਰ ‘ਤੇ ਤਾਰੀਫ਼ ਕਰਦੇ ਹੋਏ ਕਿਹਾ ਕਿ ਆਪਣੀਆਂ ਧੀਆਂ ਦੇ ਪ੍ਰਦਰਸ਼ਨ ‘ਤੇ ਪੂਰਾ ਦੇਸ਼ ਮਾਣ ਕਰ ਰਿਹਾ ਹੈ। ਪੂਜਾ ਗਹਿਲੋਤ ਦਾ ਉਹ ਭਾਵੁਕ ਵੀਡੀਓ ਦੇਖ ਕੇ ਮੈਂ ਕਿਹਾ ਸੀ ਕਿ ਤੁਹਾਨੂੰ ਮਾਫ਼ੀ ਮੰਗਣ ਦੀ ਲੋੜ ਨਹੀਂ ਹੈ, ਤੁਸੀਂ ਦੇਸ਼ ਲਈ ਜੇਤੂ ਹੋ। ਓਲੰਪਿਕ ਤੋਂ ਬਾਅਦ ਵਿਨੇਸ਼ ਨੂੰ ਵੀ ਮੈਂ ਇਹੀ ਕਿਹਾ ਸੀ ਤੇ ਮੈਨੂੰ ਖ਼ੁਸ਼ੀ ਹੈ ਕਿ ਉਨ੍ਹਾਂ ਨੇ ਨਿਰਾਸ਼ਾ ਨੂੰ ਪਿੱਛੇ ਛੱਡ ਕੇ ਸਰਬੋਤਮ ਪ੍ਰਦਰਸ਼ਨ ਕੀਤਾ। ਮੁੱਕੇਬਾਜ਼ੀ, ਕੁਸ਼ਤੀ, ਜੂਡੋ ਵਿਚ ਜਿਸ ਤਰ੍ਹਾਂ ਧੀਆਂ ਨੇ ਪ੍ਰਦਰਸ਼ਨ ਕੀਤਾ ਉਹ ਸ਼ਾਨਦਾਰ ਹੈ। ਹਰਮਨਪ੍ਰਰੀਤ ਕੌਰ ਦੀ ਅਗਵਾਈ ਵਿਚ ਪਹਿਲੀ ਵਾਰ ਕ੍ਰਿਕਟ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ। ਇਸ ਨਾਲ ਹੀ ਉਨ੍ਹਾਂ ਨੇ ਮਾਮੱਲਾਪੁਰਮ ਵਿਚ ਹੋਏ ਸ਼ਤਰੰਜ ਓਲੰਪਿਆਡ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਤੇ ਜੇਤੂਆਂ ਨੂੰ ਵੀ ਵਧਾਈ ਦਿੱਤੀ।

Related posts

ਮੈਰਾਡੋਨਾ ਦੀ ਵਿਸ਼ਵ ਕੱਪ ਗੋਲਡਨ ਬਾਲ ਟਰਾਫ਼ੀ ਦੀ ਪੈਰਿਸ ’ਚ ਹੋਵੇਗੀ ਨਿਲਾਮੀ

editor

ਥੱਕੇ ਹੋਏ’ ਰੋਹਿਤ ਨੂੰ ਬ੍ਰੇਕ ਦੀ ਲੋੜ : ਕਲਾਰਕ

editor

ਭਾਰਤੀ ਮਹਿਲਾ ਤੇ ਪੁਰਸ਼ ਟੀਮ ਨੇ ਰਚਿਆ ਇਤਿਹਾਸ

editor