India

ਸਿੰਘੂ ਬਾਰਡਰ ਕਤਲ-ਕਾਂਡ: 3 ਹੋਰ ਨਿਹੰਗ ਗ੍ਰਿਫਤਾਰ, ਲਖਬੀਰ ਦਾ ਅੰਤਿਮ ਸੰਸਕਾਰ

ਨਵੀਂ ਦਿੱਲੀ – ਸਿੰਘੂ ਬਾਰਡਰ ਉਪਰ ਤਰਨਤਾਰਨ ਦੇ ਚੀਮਾ ਪਿੰਡ ਦੇ ਵਸਨੀਕ ਲਖਬੀਰ ਸਿੰਘ ਟੀਟੂ ਦੇ ਕਤਲ ਕੇਸ ਵਿੱਚ ਸਰਬਜੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਤਿੰਨ ਹੋਰ ਦੋਸ਼ੀ ਨਿਹੰਗਾਂ ਨੇ ਆਤਮ-ਸਮਰਪਣ ਕਰ ਦਿੱਤਾ ਹੈ। ਸ਼ਨੀਵਾਰ ਸ਼ਾਮ ਨੂੰ ਭਗਵੰਤ ਸਿੰਘ ਅਤੇ ਗੋਬਿੰਦਪ੍ਰੀਤ ਸਿੰਘ ਨਾਂ ਦੇ ਦੋ ਨਿਹੰਗਾਂ ਨੇ ਪੁਲਿਸ ਦੁਆਰਾ ਕੁੰਡਲੀ ਸਰਹੱਦ ‘ਤੇ ਆਤਮ ਸਮਰਪਣ ਕਰ ਦਿੱਤਾ ਜਦਕਿ ਇੱਕ ਹੋਰ ਨਿਹੰਗ ਨਰਾਇਣ ਸਿੰਘ ਨੇ ਅੰਮ੍ਰਿਤਸਰ ਦੇ ਵਿੱਚ ਆਤਮ-ਸਮਰਪਣ ਕਰ ਦਿੱਤਾ ਹੈ।

ਸੋਨੀਪਤ ਦੇ ਐਸ ਪੀ ਜਸ਼ਨਦੀਪ ਰੰਧਾਵਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ, ਕੁੰਡਲੀ ਪੁਲਿਸ ਅਤੇ ਸੋਨੀਪਤ ਕ੍ਰਾਈਮ ਬ੍ਰਾਂਚ ਦੀ ਟੀਮ ਸ਼ਨੀਵਾਰ ਰਾਤ ਨੂੰ ਨਿਹੰਗਾਂ ਦੀ ਗ੍ਰਿਫਤਾਰੀ ਦੇ ਲਈ ਰਾਤ ਕਰੀਬ 8.30 ਵਜੇ ਸਿੰਘੂ ਬਾਰਡਰ ਲੱਗੇ ਹੋਏ ਨਿਹੰਗਾਂ ਦੇ ਤੰਬੂ ‘ਤੇ ਪਹੁੰਚੀ ਅਤੇ ਲਗਭਗ 45 ਮਿੰਟਾਂ ਬਾਅਦ ਦੋਵਾਂ ਨੂੰ ਉਥੋਂ ਲੈ ਗਈ। ਸ਼ੁੱਕਰਵਾਰ ਸਵੇਰੇ ਸਿੰਘੂ ਸਰਹੱਦ ‘ਤੇ ਲਖਵੀਰ ਸਿੰਘ ਦੀ ਹੱਤਿਆ ਦੇ ਮਾਮਲੇ ‘ਚ ਹੁਣ ਤੱਕ ਕੁੱਲ 4 ਨਿਹੰਗਾਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ ਸਰਬਜੀਤ ਸਿੰਘ ਨੇ ਕਤਲ ਤੋਂ 15 ਘੰਟੇ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਆਤਮ ਸਮਰਪਣ ਕਰ ਦਿੱਤਾ, ਜਦੋਂ ਕਿ 3 ਨਿਹੰਗਾਂ ਨੇ ਸ਼ਨੀਵਾਰ ਨੂੰ ਆਤਮ ਸਮਰਪਣ ਕਰ ਦਿੱਤਾ। ਸ਼ਨੀਵਾਰ ਨੂੰ ਨਰਾਇਣ ਸਿੰਘ ਨੇ ਅੰਮ੍ਰਿਤਸਰ ਵਿੱਚ ਆਤਮ ਸਮਰਪਣ ਕਰ ਦਿੱਤਾ ਅਤੇ ਭਗਵੰਤ ਸਿੰਘ ਅਤੇ ਗੋਬਿੰਦਪ੍ਰੀਤ ਸਿੰਘ ਨੇ ਸਿੰਘੂ ਬਾਰਡਰ ‘ਤੇ ਕੁੰਡਲੀ ਪੁਲਿਸ ਦੇ ਅੱਗੇ ਆਤਮ ਸਮਰਪਣ ਕਰ ਦਿੱਤਾ। ਦਿੱਲੀ ਦੇ ਨਿਹੰਗ ਨਰਾਇਣ ਸਿੰਘ ਨੂੰ ਅੰਮ੍ਰਿਤਸਰ ਦੇ ਦੇਵੀਦਾਸ ਪੁਰਾ ਗੁਰਦੁਆਰੇ ਦੇ ਬਾਹਰੋਂ ਹਿਰਾਸਤ ਵਿੱਚ ਲਿਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਨਾਰਾਇਣ ਸਿੰਘ ਦੇ ਅੰਮ੍ਰਿਤਸਰ ਪਹੁੰਚਣ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਨੂੰ ਘੇਰ ਲਿਆ ਗਿਆ ਸੀ। ਗੁਰਦੁਆਰੇ ਤੋਂ ਬਾਹਰ ਨਿਕਲਦਿਆਂ ਹੀ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ। ਨਿਹੰਗ ਨਰਾਇਣ ਸਿੰਘ ਨੇ ਮੰਨਿਆ ਕਿ ਉਸਨੇ ਲਖਬੀਰ ਸਿੰਘ ਦੀ ਲੱਤ ਕੱਟ ਦਿੱਤੀ ਜਿਸਦੀ ਬਾਅਦ ਵਿੱਚ ਮੌਤ ਹੋ ਗਈ। ਨਿਹੰਗ ਨੇ ਦੱਸਿਆ ਕਿ ਉਹ ਦੁਸਹਿਰਾ ਮਨਾਉਣ ਲਈ ਅੰਮ੍ਰਿਤਸਰ ਆਇਆ ਸੀ।

ਨਿਹੰਗ ਨਰਾਇਣ ਸਿੰਘ ਨੇ ਦੱਸਿਆ ਕਿ, ਉਹ ਸ਼ੁੱਕਰਵਾਰ ਸਵੇਰੇ ਕਰੀਬ 5 ਵਜੇ ਸਿੰਘੂ ਬਾਰਡਰ ‘ਤੇ ਪੁੱਜਾ ਸੀ। ਉੱਥੇ ਇਕੱਠੇ ਹੋਏ ਲੋਕਾਂ ਨੇ ਉਸਦੀ ਕਾਰ ਨੂੰ ਘੇਰ ਲਿਆ ਅਤੇ ਬਾਹਰ ਆਉਣ ‘ਤੇ ਲੋਕਾਂ ਨੇ ਦੱਸਿਆ ਕਿ ਲਖਬੀਰ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ। ਉਨ੍ਹਾਂ ਨੇ ਮੌਜੂਦ ਲੋਕਾਂ ਨੂੰ ਪੁੱਛਿਆ ਕਿ ਕੀ ਲਖਬੀਰ ਅਜੇ ਜਿੰਦਾ ਹੈ? ਜਦੋਂ ਉਸਨੇ ਲਖਬੀਰ ਨੂੰ ਵੇਖਿਆ, ਉਸਦਾ ਹੱਥ ਕੱਟਿਆ ਹੋਇਆ ਸੀ। ਇਸ ਤੋਂ ਬਾਅਦ ਉਸਨੇ ਆਪਣੀ ਤਲਵਾਰ ਨਾਲ ਲਖਬੀਰ ਦੀ ਲੱਤ ਵੱਢ ਦਿੱਤੀ ਅਤੇ ਅੱਧੇ ਘੰਟੇ ਬਾਅਦ ਉਸਦੀ ਮੌਤ ਹੋ ਗਈ। ਨਿਹੰਗ ਨਰਾਇਣ ਸਿੰਘ ਨੇ ਕਿਹਾ, ‘ਲਖਬੀਰ ਸਿੰਘ ਨੇ ਗੁਰੂ ਜੀ ਦਾ ਅਪਮਾਨ ਕੀਤਾ ਸੀ, ਇਸ ਲਈ ਉਸਨੇ ਉਹੀ ਕੀਤਾ ਜੋ ਉਸਨੂੰ ਸਹੀ ਲੱਗਾ। ਜੇ ਸਰਬਜੀਤ ਸਿੰਘ ਦੋਸ਼ੀ ਹੈ ਤਾਂ ਮੈਂ ਵੀ ਦੋਸ਼ੀ ਹਾਂ। 2014 ਤੋਂ ਗੁਰੂਆਂ ਦਾ ਅਪਮਾਨ ਹੋ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਦੀਆਂ ਕਿੰਨੀਆਂ ਘਟਨਾਵਾਂ ਸਾਹਮਣੇ ਆਈਆਂ ਪਰ ਪੁਲਿਸ ਨੇ ਸਹਿਯੋਗ ਨਹੀਂ ਕੀਤਾ। ਕਿਸੇ ਵੀ ਦੋਸ਼ੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਘਟਨਾ ਵਿੱਚ ਦੋਸ਼ੀ ਖੁੱਲ੍ਹੇਆਮ ਫੜੇ ਗਏ ਅਤੇ ਨਿਹੰਗ ਜਥੇਬੰਦੀਆਂ ਨੇ ਉਹੀ ਕੀਤਾ ਜੋ ਉਨ੍ਹਾਂ ਨੂੰ ਉਸ ਸਮੇਂ ਸਹੀ ਲੱਗਿਆ। ਅਜਿਹੀ ਸਥਿਤੀ ਵਿੱਚ ਮੈਂ ਸਰਬਜੀਤ ਦੇ ਨਾਲ ਬਰਾਬਰ ਦਾ ਦੋਸ਼ੀ ਹਾਂ। ਨਰਾਇਣ ਸਿੰਘ ਨੇ ਦੱਸਿਆ ਕਿ ਸੰਗਤ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਵਿੱਚ ਆਤਮ ਸਮਰਪਣ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਉਹ ਅੰਮ੍ਰਿਤਸਰ ਪਹੁੰਚਿਆ। ਨਰਾਇਣ ਸਿੰਘ ਦੇ ਆਉਣ ਦੀ ਖ਼ਬਰ ਮਿਲਣ ਤੋਂ ਬਾਅਦ ਪੁਲਿਸ ਨੇ ਦੁਪਹਿਰ ਨੂੰ ਹੀ ਪਿੰਡ ਨੂੰ ਘੇਰ ਲਿਆ ਸੀ। ਇਸ ਤੋਂ ਬਾਅਦ ਨਾਰਾਇਣ ਨੇ ਕਿਹਾ ਕਿ ਅਰਦਾਸ ਤੋਂ ਬਾਅਦ ਉਹ ਆਪਣੇ ਆਪ ਨੂੰ ਸਮਰਪਣ ਕਰ ਦੇਵੇਗਾ। ਅਰਦਾਸ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਆਏ ਅਤੇ ਆਤਮ ਸਮਰਪਣ ਕਰ ਦਿੱਤਾ। ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਰਾਕੇਸ਼ ਕੌਸ਼ਲ ਦਾ ਕਹਿਣਾ ਹੈ ਕਿ ਇਸ ਸਮੇਂ ਨਿਹੰਗ ਨਰਾਇਣ ਸਿੰਘ ਉਨ੍ਹਾਂ ਦੀ ਹਿਰਾਸਤ ਵਿੱਚ ਹੈ। ਹਰਿਆਣਾ ਪੁਲਿਸ ਦੇ ਅੰਮ੍ਰਿਤਸਰ ਪਹੁੰਚਦੇ ਹੀ ਉਸਨੂੰ ਸੌਂਪ ਦਿੱਤਾ ਜਾਵੇਗਾ।

ਸੋਨੀਪਤ ਦੇ ਡੀਐਸਪੀ ਵਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਉੱਥੋਂ ਦੀ ਪੁਲਿਸ ਤੋਂ ਨਿਹੰਗ ਨਰਾਇਣ ਸਿੰਘ ਦੇ ਅੰਮ੍ਰਿਤਸਰ ਵਿੱਚ ਆਤਮ ਸਮਰਪਣ ਬਾਰੇ ਜਾਣਕਾਰੀ ਮਿਲੀ ਹੈ। ਸੋਨੀਪਤ ਪੁਲਿਸ ਦੀ ਇੱਕ ਟੀਮ ਅੰਮ੍ਰਿਤਸਰ ਭੇਜੀ ਗਈ ਹੈ ਜੋ ਨਿਹੰਗ ਨਰਾਇਣ ਸਿੰਘ ਨੂੰ ਟ੍ਰਾਂਜਿਟ ਰਿਮਾਂਡ ‘ਤੇ ਲੈ ਕੇ ਆਵੇਗੀ ਅਤੇ ਸਰਬਜੀਤ ਅਤੇ ਨਰਾਇਣ ਸਿੰਘ ਤੋਂ ਇਥੇ ਆਹਮੋ-ਸਾਹਮਣੇ ਪੁੱਛਗਿੱਛ ਕੀਤੀ ਜਾਵੇਗੀ, ਜਿਸ ਨਾਲ ਜਾਂਚ ਤੇਜ਼ ਹੋਵੇਗੀ। ਦੋਵਾਂ ਤੋਂ ਇਹ ਜਾਨਣਾ ਵੀ ਸੰਭਵ ਹੋਵੇਗਾ ਕਿ ਉਨ੍ਹਾਂ ਦੇ ਨਾਲ ਇਸ ਕਤਲ ਵਿੱਚ ਹੋਰ ਕੌਣ-ਕੌਣ ਸ਼ਾਮਲ ਸੀ।

ਨਿਹੰਗ ਸਰਬਜੀਤ ਸਿੰਘ ਦਾ 7 ਦਿਨਾਂ ਪੁਲਿਸ ਰਿਮਾਂਡ: ਅਦਾਲਤ ‘ਚ ਝਗੜੇ ਸਮੇਂ ਪੱਗੜੀ ਲੱਥ ਗਈ

ਸਿੰਘੂ ਬਾਰਡਰ ਉਪਰ ਲਖਬੀਰ ਸਿੰਘ ਦੇ ਰਹੱਸਮਈ ਕਤਲ ਕੇਸ ਦੇ ਇੱਕ ਮੁਲਜ਼ਮ ਸਰਬਜੀਤ ਸਿੰਘ ਨੂੰ ਪੁਲਿਸ ਨੇ ਸ਼ਨੀਵਾਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ, ਜਿਸ ਨੇ ਬੇਅਦਬੀ ਦੇ ਦੋਸ਼ਾਂ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ। ਪੁਲਿਸ ਸਰਬਜੀਤ ਸਿੰਘ ਨੂੰ ਲੈਕੇ ਦੁਪਹਿਰ 1.15 ਵਜੇ ਸੋਨੀਪਤ ਅਦਾਲਤ ਪਹੁੰਚੀ। ਇੱਥੇ ਸਿਵਲ ਜੱਜ ਜੂਨੀਅਰ ਡਿਵੀਜ਼ਨ ਕਿਮੀ ਸਿੰਗਲਾ ਦੀ ਅਦਾਲਤ ਵਿੱਚ ਸਵੇਰੇ ਕਰੀਬ 1.30 ਵਜੇ ਸੁਣਵਾਈ ਸ਼ੁਰੂ ਹੋਈ। ਪੁਲਿਸ ਵੱਲੋਂ ਤਰਕ ਦਿੱਤਾ ਗਿਆ ਕਿ ਮੁਲਜ਼ਮ ਨੇ ਅਪਰਾਧ ਕਬੂਲ ਕਰ ਲਿਆ ਹੈ ਪਰ ਹੱਤਿਆ ਵਿੱਚ ਵਰਤੇ ਗਏ ਹਥਿਆਰ ਅਜੇ ਉਸ ਕੋਲੋਂ ਬਰਾਮਦ ਕੀਤੇ ਜਾਣੇ ਬਾਕੀ ਹਨ। ਲਖਵੀਰ ਸਿੰਘ ਦੇ ਕਤਲ ਵਿੱਚ ਸਰਬਜੀਤ ਸਿੰਘ ਦੇ ਨਾਲ ਸ਼ਾਮਲ ਕੁੱਝ ਹੋਰ ਲੋਕਾਂ ਦੀ ਵੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਿਸ ਵਲੋਂ ਸਰਬਜੀਤ ਸਿੰਘ ਨੂੰ ਪੰਜਾਬ ਦੇ ਗੁਰਦਾਸਪੁਰ ਅਤੇ ਚਮਕੌਰ ਸਾਹਿਬ ਖੇਤਰਾਂ ਵਿੱਚ ਲਿਜਾਣਾ ਪੈ ਸਕਦਾ ਹੈ। ਦੋਸ਼ੀ ਦੇ ਨਾਲ ਅਪਰਾਧ ਦੇ ਸਥਾਨ ਦਾ ਅਜੇ ਦੌਰਾ ਕੀਤਾ ਜਾਣਾ ਹੈ ਇਸ ਲਈ ਉਸਦਾ ਰਿਮਾਂਡ ਦਿੱਤਾ ਜਾਣਾ ਚਾਹੀਦਾ ਹੈ। ਅਦਾਲਤ ਨੇ ਨਿਹੰਗ ਸਰਬਜੀਤ ਸਿੰਘ ਨੂੰ ਕਰੀਬ ਇੱਕ ਘੰਟੇ ਤੱਕ ਚੱਲੀ ਬਹਿਸ ਤੋਂ ਬਾਅਦ 7 ਦਿਨਾਂ ਦਾ ਪੁਲਿਸ ਰਿਮਾਂਡ ਦੇ ਦਿੱਤਾ।

ਇਸ ਤੋਂ ਪਹਿਲਾਂ ਨਿਹੰਗ ਸਰਬਜੀਤ ਸਿੰਘ ਦੀ ਆਮਦ ਦੇ ਮੱਦੇਨਜ਼ਰ ਸੋਨੀਪਤ ਅਦਾਲਤ ਦੀ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਅਦਾਲਤ ਦਾ ਗੇਟ ਅੰਦਰੋਂ ਬੰਦ ਰੱਖਿਆ ਗਿਆ ਸੀ। ਸਾਦੇ ਕੱਪੜਿਆਂ ਵਾਲੇ ਪੁਲਿਸ ਮੁਲਾਜ਼ਮ ਵੀ ਅਦਾਲਤ ਵਿੱਚ ਤਾਇਨਾਤ ਸਨ ਜਿੱਥੇ ਸੁਣਵਾਈ ਚੱਲ ਰਹੀ ਸੀ। ਕਰੀਬ 2.30 ਵਜੇ ਪੁਲਿਸ ਨਿਹੰਗ ਸਰਬਜੀਤ ਸਿੰਘ ਦੇ ਨਾਲ ਅਦਾਲਤ ਦੇ ਬਾਹਰ ਆਈ। ਨਿਹੰਗ ਸਰਬਜੀਤ ਸਿੰਘ ਦੀ ਪਗੜੀ ਅਦਾਲਤ ਦੇ ਵਿਹੜੇ ਤੋਂ ਬਾਹਰ ਨਿਕਲਦੇ ਸਮੇਂ ਮੀਡੀਆ ਵਾਲਿਆਂ ਨਾਲ ਹੋਏ ਵਿੱਚ ਲਹਿ ਗਈ। ਜਿਸ ਕਰਕੇ ਸਰਬਜੀਤ ਗੁੱਸੇ ਵਿੱਚ ਆ ਗਿਆ ਅਤੇ ਉਸਨੇ ਮੀਡੀਆ ਕਰਮੀਆਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਸੀਆਈਏ ਇੰਚਾਰਜ ਇੰਸਪੈਕਟਰ ਯੋਗੇਂਦਰ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਨੂੰ ਕੋਰਟ ‘ਚ ਪੇਸ਼ ਕੀਤਾ ਤੇ ਰਿਮਾਂਡ ਦੀ ਮੰਗ ਕੀਤੀ ਸੀ। ਅਦਾਲਤ ਕੰਪਲੈਕਸ ਤੋਂ ਬਾਹਰ ਨਿਕਲਦੇ ਸਮੇਂ ਮੀਡੀਆ ਨਾਲ ਧੱਕਾਮੁੱਕੀ ਦੌਰਾਨ ਸਰਬਜੀਤ ਦੀ ਪੱਗੜੀ ਲੱਥ ਗਈ। ਇਸ ਤੋਂ ਬਾਅਦ ਸਰਬਜੀਤ ਗੁੱਸੇ ਨਾਲ ਭੜਕ ਪਿਆ ਤੇ ਉਸ ਨੇ ਮੀਡੀਆ ਨੂੰ ਅਪਸ਼ਬਦ ਵੀ ਕਹੇ।

ਲਖਬੀਰ ਸਿੰਘ ਦਾ ਅੰਤਿਮ ਸੰਸਕਾਰ

ਸਿੰਘੂ ਸਰਹੱਦ ‘ਤੇ ਮਾਰੇ ਗਏ ਲਖਵੀਰ ਸਿੰਘ ਦੀ ਲਾਸ਼ ਸ਼ਨੀਵਾਰ ਸ਼ਾਮ 6:40 ਵਜੇ ਤਰਨਤਾਰਨ ਜ਼ਿਲ੍ਹੇ ਦੇ ਉਨ੍ਹਾਂ ਦੇ ਪਿੰਡ ਚੀਮਾ ਪਹੁੰਚੀ। ਐਂਬੂਲੈਂਸ ਜਿਸ ਵਿੱਚ ਲਾਸ਼ ਲਿਆਂਦੀ ਗਈ ਸੀ ਨੂੰ ਸਿੱਧਾ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਲਿਜਾਇਆ ਗਿਆ। ਲਾਸ਼ ਸ਼ਮਸ਼ਾਨਘਾਟ ਪਹੁੰਚਣ ਤੋਂ ਪਹਿਲਾਂ ਹੀ ਅੰਤਮ ਸੰਸਕਾਰ ਲਈ ਚਿਖਾ ‘ਤੇ ਲੱਕੜਾਂ ਰੱਖੀਆਂ ਹੋਈਆਂ ਸਨ। ਪੁਲਿਸ ਨੇ ਉਸਦੀ ਪਤਨੀ ਜਸਪ੍ਰੀਤ ਕੌਰ, ਭੈਣ ਰਾਜ ਕੌਰ ਅਤੇ ਹੋਰ ਰਿਸ਼ਤੇਦਾਰਾਂ ਨੂੰ ਸ਼ਮਸ਼ਾਨਘਾਟ ਬੁਲਾਇਆ। ਲਾਸ਼ ਨੂੰ ਐਂਬੂਲੈਂਸ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਸਿੱਧਾ ਚਿਤਾ ਉੱਤੇ ਰੱਖਿਆ ਗਿਆ। ਅੰਤਿਮ ਸੰਸਕਾਰ ਦੌਰਾਨ ਕੋਈ ਪ੍ਰਾਰਥਨਾ ਨਹੀਂ ਕੀਤੀ ਗਈ ਸੀ। ਇੱਥੋਂ ਤੱਕ ਕਿ ਪੋਲੀਥੀਨ ਵਿੱਚ ਲਪੇਟੇ ਲਖਬੀਰ ਸਿੰਘ ਦਾ ਚਿਹਰਾ ਵੀ ਉਸਦੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਦਿਖਾਇਆ ਗਿਆ। ਪਤਨੀ ਜਸਪ੍ਰੀਤ ਕੌਰ ਨੇ ਕਈ ਵਾਰ ਕੋਸ਼ਿਸ਼ ਕੀਤੀ ਪਰ ਉਸ ਨੂੰ ਆਪਣੇ ਪਤੀ ਦਾ ਚਿਹਰਾ ਨਹੀਂ ਦਿਖਾਇਆ ਗਿਆ। ਆਮ ਤੌਰ ‘ਤੇ ਪੋਸਟਮਾਰਟਮ ਤੋਂ ਬਾਅਦ ਜਿਸ ਪੋਲੀਥੀਨ ਵਿੱਚ ਸਰੀਰ ਨੂੰ ਲਪੇਟਿਆ ਜਾਂਦਾ ਹੈ, ਉਹ ਚਿਖਾ ਨਾਲ ਨਹੀਂ ਸਾੜਿਆ ਜਾਂਦਾ ਪਰ ਇਹ ਪੋਲੀਥੀਨ ਲਖਬੀਰ ਦੇ ਸਰੀਰ ਤੋਂ ਨਹੀਂ ਹਟਾਈ ਗਈ। ਲਾਸ਼ ਨੂੰ ਸ਼ਮਸ਼ਾਨ ਘਾਟ ਵਿੱਚ ਲਿਆਉਣ ਤੋਂ ਬਾਅਦ ਸਿਰਫ 10 ਮਿੰਟਾਂ ਦੇ ਅੰਦਰ ਚਿਤਾ ਨੂੰ ਅੱਗ ਲਗਾ ਦਿੱਤੀ ਗਈ। ਲਖਬੀਰ ਸਿੰਘ ਦੇ ਅੰਤਿਮ ਸੰਸਕਾਰ ਸਮੇਂ ਤਰਨਤਾਰਨ ਦੇ ਡੀਐਸਪੀ ਸੁੱਚਾ ਸਿੰਘ ਦੀ ਅਗਵਾਈ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਸੀ। ਚੀਮਾ ਪਿੰਡ ਦਾ ਕੋਈ ਵੀ ਵਿਅਕਤੀ ਸਮਾਗਮ ਵਿੱਚ ਸ਼ਾਮਲ ਨਹੀਂ ਹੋਇਆ। ਇਸ ਤੋਂ ਪਹਿਲਾਂ ਸ਼ਨੀਵਾਰ ਸਵੇਰੇ ਚੀਮਾ ਪਿੰਡ ਦੇ ਪੰਚਾਇਤ ਮੈਂਬਰਾਂ ਅਤੇ ਲੋਕਾਂ ਨੇ ਸਪੱਸ਼ਟ ਕੀਤਾ ਸੀ ਕਿ ਲਖਬੀਰ ‘ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋਸ਼ ਹੈ ਇਸ ਲਈ ਉਹ ਇਸ ਦੇ ਸੰਸਕਾਰ ਆਪਣੇ ਪਿੰਡ ਵਿੱਚ ਨਹੀਂ ਕਰਨ ਦੇਣਗੇ। ਇਸ ਤੋਂ ਬਾਅਦ ਚੀਮਾ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਲਖਬੀਰ ਦੀਆਂ ਅੰਤਿਮ ਰਸਮਾਂ ਨਿਭਾਉਣ ਲਈ ਸਹਿਮਤੀ ਦੇ ਦਿੱਤੀ ਪਰ ਪਿੰਡ ਵਾਸੀਆਂ ਨੇ ਸਪੱਸ਼ਟ ਕੀਤਾ ਕਿ ਪਿੰਡ ਦਾ ਕੋਈ ਵੀ ਵਿਅਕਤੀ ਸਮਾਰੋਹ ਵਿੱਚ ਨਹੀਂ ਜਾਵੇਗਾ।

ਵਰਨਣਯੋਗ ਹੈ ਕਿ ਇੱਕ 36 ਸਾਲਾ ਲਖਬੀਰ ਸਿੰਘ ਟੀਟੂ ਦੀ ਅੰਦੋਲਨ ਵਾਲੀ ਥਾਂ ਸਿੰਘੂ ਬਾਰਡਰ ‘ਤੇ ਬੜੀ ਹੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਉਸਨੂੰ ਪਹਿਲਾਂ ਫੜਕੇ ਘੜੀਸਿਆ ਗਿਆ, ਇੱਕ ਹੱਥ ਅਤੇ ਲੱਤ ਕੱਟ ਦਿੱਤੀ ਗਈ ਅਤੇ ਉਸਨੂੰ ਕਿਸਾਨ ਅੰਦੋਲਨ ਵਾਲੀ ਸਟੇਜ ਦੇ ਨੇੜੇ ਲਟਕਾ ਦਿੱਤਾ ਗਿਆ ਸੀ। ਮ੍ਰਿਤਕ 36 ਸਾਲਾ ਲਖਬੀਰ ਸਿੰਘ ਟੀਟੂ ਪੰਜਾਬ ਦੇ ਤਰਨਤਾਰਨ ਜਿਲ੍ਹੇ ਦੇ ਪਿੰਡ ਚੀਮਾ ਦਾ ਰਹਿਣ ਵਾਲਾ ਸੀ ਅਤੇ ਉਹ ਨਸ਼ੱਈ ਸੀ। ਉਸਦੇ ਪਿਤਾ ਦਾ ਨਾਂ ਦਰਸ਼ਨ ਸਿੰਘ ਸੀ ਜਿਸਦੀ ਕਰੀਬ 6 ਸਾਲ ਪਹਿਲਾਂ ਮੌਤ ਹੋ ਗਈ ਸੀ। ਮ੍ਰਿਤਕ ਲਖਬੀਰ ਸਿੰਘ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਦੋਸ਼ ਹੈ। ਹਾਲਾਂਕਿ ਇਸ ਨੂੰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਵੀ ਕਿਹਾ ਜਾ ਰਿਹਾ ਹੈ।

Related posts

ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਭਰੇ ਕਾਗਜ਼, ਜੇਲ੍ਹ ’ਚੋਂ ਹੀ ਲੜਨਗੇ ਚੋਣ

editor

ਕਾਂਗਰਸ ਨੇ ਆਪਣੇ ਸ਼ਾਸਨਕਾਲ ਦੌਰਾਨ 80 ਵਾਰ ਸੰਵਿਧਾਨ ’ਚ ਕੀਤੀ ਸੀ ਸੋਧ: ਗਡਕਰੀ

editor

ਜੀ.ਐੱਸ.ਟੀ. ਦੀ ਵਸੂਲੀ ਲਈ ਜ਼ਬਰਦਸਤੀ ਨਾ ਕਰੇ ਕੇਂਦਰ : ਸੁਪਰੀਮ ਕੋਰਟ

editor