Articles

ਆਤਮਾ ਦੀ ਸਭ ਤੋਂ ਗਹਿਰੀ ਲੋੜ 

Harkirat Kaur Sabhara
ਲੇਖਕ: ਹਰਕੀਰਤ ਕੌਰ ਸਭਰਾ, ਤਰਨਤਾਰਨ

ਸਾਡੀਆਂ ਆਤਮਾਵਾਂ ਦੀ ਸਭ ਤੋਂ ਡੂੰਘੀ ਲੋੜ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਮਨੁੱਖ ਜਾਤੀ ਦਾ ਭਲਾ ਕਰਨ ਵਾਲੇ ਮਹਿਸੂਸ ਕਰੀਏ। ਜਦੋਂ ਅਸੀਂ ਮਨੁੱਖ ਜਾਤੀ ਦੇ ਉੱਚੇ ਸੁੱਚੇ ਲਾਭਾ ਨਾਲ ਆਪਣੇ ਆਪ ਨੂੰ ਜੋੜਦੇ ਹਾਂ, ਕੇਵਲ ਉਦੋਂ ਹੀ ਅਸੀਂ ਆਪਣੇ ਸਮਾਜਿਕ ਅਤੇ ਇਸ ਲਈ ਆਪਣੇ ਪੂਰਨ ਮਨੋਰਥਾਂ ਵਾਲੇ ਹੋਕੇ ਹੀ ਸੰਸਾਰ ਵਿੱਚ ਵਿਚਰਦੇ ਹਾਂ, ਜਦੋਂ ਅਸੀਂ ਆਪਣੇ ਆਪ ਸੰਸਾਰ ਭਲਾਈ ਦੇ ਵਸੀਲੇ ਬਣਾ ਲੈਂਦੇ ਹਾਂ ਤਾਂ ਸਾਡੀਆਂ ਆਤਮਾ ਦੀਆਂ ਲੋੜਾਂ ਪੂਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਤਹਾਸ ਗਵਾਹ ਹੈ ਕਿ ਜੈਰੇਮੀਆਂ ਤੋਂ ਲੈਕੇ ਲਿੰਕਨ ਤਕ ਸੰਸਾਰ ਦੀ ਤਵਾਰੀਖ ਦੇ ਸਭ ਤੋਂ ਵੱਧ ਉਸਾਰੂ ਪ੍ਰਤਿਭਾਸ਼ੀਲ ਮਨੁੱਖ ਕੇਵਲ ਉਹੀ ਹਨ ਜਿੰਨਾਂ ਨੇ ਆਪਣੇ ਮਨੁੱਖੀ ਮਕਸਦ ਦੀ ਪਹਿਚਾਣ ਕੀਤੀ ਅਕਾਲ ਪੁਰਖ ਦੀ ਅਵਾਜ਼ ਨੂੰ ਆਪਣੇ ਅੰਦਰੋਂ ਸੁਣਿਆ ਅਤੇ ਆਪਣੇ ਆਪ ਨੂੰ ਮਨੁੱਖੀ ਨਸਲ ਦੀ ਸੇਵਾ ਲਈ ਤਨ, ਮਨ ਅਤੇ ਧਨ ਸਹਿਤ ਅਰਪਨ ਕਰ ਦਿੱਤਾ। ਅਜਿਹੇ ਵਿਅਕਤੀਗਤ ਵਾਲੇ ਲੋਕ ਕਰੋੜਾਂ ਗੁੰਮਨਾਮ ਚਿਹਰਿਆਂ ਵਿਚੋਂ ਵੀ ਚਮਕ ਪੈਂਦੇ ਹਨ। ਅੱਜ ਦਾ ਯੁੱਗ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ, ਸੁਖ ਸਹੂਲਤਾਂ ਤਾਂ ਵੱਧ ਰਹੀਆਂ ਹਨ, ਪਰ ਸਾਡੇ ਜੀਵਨ ਅਸਲ ਮਨੋਰਥ ਤੋਂ ਭਟਕ ਰਹੇ ਹਨ। ਅਸੀਂ ਸਰੀਰਕ ਲੋੜਾਂ ਦੀ ਪੂਰਤੀ ਕਰਨ ਦੇ ਚੱਕਰ ਵਿੱਚ ਆਪਣੀ ਆਤਮਾ ਦੀਆਂ ਲੋੜਾਂ ਨੂੰ ਭੁੱਲ ਕੇ ਜੀਵਨ ਬਤੀਤ ਕਰ ਰਹੇ ਹਾਂ। ਖੌਰੇ ਇਸੇ ਕਰਕੇ ਸਾਡੇ ਕੋਲ ਸਭ ਕੁਝ ਹੁੰਦਿਆਂ ਹੋਇਆਂ ਵੀ ਸਾਡੀ ਆਤਮਾ ਕਦੇ ਤ੍ਰਿਪਤ ਨਹੀਂ ਹੁੰਦੀ। ਮਨ ਹਮੇਸ਼ਾ ਉਡੋਂ ਉਡੋਂ ਕਰਦਾ ਪੂਰੇ ਬ੍ਰਹਿਮੰਡ ਦੇ ਚੱਕਰ ਕੱਢ ਕੇ ਆ ਜਾਂਦਾ ਹੈ। ਖੌਰੇ ਇਸੇ ਕਰਕੇ ਚੋਰੀਆਂ, ਮਕਾਰੀਆਂ, ਧੋਖੇ ਧੜੀਆਂ, ਭ੍ਰਿਸ਼ਟਾਚਾਰ ਆਦਿ ਦਾ ਬੋਲਬਾਲਾ ਜਿਆਦਾ ਹੋ ਗਿਆ ਹੈ। ਇਸ ਧਰਤੀ ਉੱਪਰ ਪਰਮਾਤਮਾ ਨੇ ਜਿਸ ਨੂੰ ਵੀ ਭੇਜਿਆ ਇੱਕ ਖਾਸ ਮਕਸਦ ਹੇਠ ਭੇਜਿਆ, ਆਤਮਾ ਨੂੰ ਪਰਮਾਤਮਾ ਦਾ ਅੰਸ਼ ਨਿਵਾਜ ਅਕਾਲ ਪੁਰਖ ਨੇ ਸਾਨੂੰ ਆਪਣੇ ਵਿਅਕਤੀਗਤ ਨੂੰ ਨਿਖਾਰਨ ਲਈ ਭੇਜਿਆ ਪਰ ਅਸੀਂ ਆਪਣੇ ਸ਼ਰੀਰਕ ਸੁੱਖਾਂ ਪਿੱਛੇ ਐਨੇ ਵਿਅਸਤ ਹੋ ਗਏ ਕਿ ਅਸੀਂ ਆਪਣੇ ਅਸਲੀ ਮਕਸਦ ਨੂੰ ਹੀ ਭੁੱਲ ਗਏ।

ਨੌਜਵਾਨ ਸਮਾਜ ਦਾ ਥੰਮ ਹੁੰਦੇ ਹਨ, ਪਰ ਅੱਜ ਦੀ ਸਿੱਖਿਆ ਪ੍ਰਣਾਲੀ ਜਾਂ ਮਾਪਿਆਂ ਨੇ ਇਸ ਵੱਲ ਬਿਲਕੁਲ ਗਹੁ ਨਹੀਂ ਕੀਤਾ ਕਿ ਨੌਜਵਾਨਾਂ ਵਿੱਚ ਉਸਾਰੂ ਸੋਚ ਸਿਰਜ ਕੇ ਉਹਨਾਂ ਨੂੰ ਸਮਾਜਿਕ ਲਾਭਾ ਲਈ ਵਰਤਿਆ ਜਾ ਸਕੇ। ਇਸ ਗੱਲ ਦਾ ਕਿਆਸ ਤੱਕ ਨਹੀਂ ਕੀਤਾ ਕਿ ਸਾਡੇ ਨੌਜਵਾਨਾਂ ਦੀਆਂ ਆਤਮਾਵਾਂ ਵਿੱਚ ਪਰਉਪਕਾਰ ਅਤੇ ਸੇਵਾ ਦੀਆਂ ਕਿੰਨੀਆਂ ਉੱਚ ਭਾਵਨਾਵਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ, ਜੇ ਉਹਨਾਂ ਦੇ ਹਿਰਦਿਆਂ ਨੂੰ ਵਿਸ਼ਵਾਸ਼ਹੀਣ  , ਕਠੋਰ ਤੇ ਵਿਗੜੇ ਰੂਪ ਵਾਲੀ ਦੁਨੀਆਂ ਖਰਾਬ ਨਾ ਕਰੇ ਤਾਂ! ਇੱਕ ਚੰਗਾ ਸਮਾਜ ਤਾਂ ਹੀ ਸਿਰਜਿਆ ਜਾ ਸਕਦਾ ਹੈ ਜੇਕਰ ਆਪਣੀਆਂ ਆਤਮਾਵਾਂ ਦੀ ਪੂਰਤੀ ਕਰਕੇ ਇੱਕ ਅਜਿਹੀ ਸ਼ਖਸੀਅਤ ਨਿਖਾਰੀ  ਜਾਵੇ ਜੋ ਆਪਣੇ ਆਸੇ ਪਾਸੇ ਹੋਰਾਂ ਨੂੰ ਵੀ ਰੁਸ਼ਨਾ  ਸਕੇ। ਸ਼ਰੀਰਕ ਲੋੜਾਂ ਤੋਂ ਜਿਆਦਾ ਆਪਣੀਆਂ ਆਤਮਾ ਦੀਆਂ ਗਹਿਰੀਆਂ ਲੋੜਾਂ ਉਪਰ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਤਾਂ ਜੋ ਇੱਕ ਵਧੀਆ ਸਮਾਜ ਸਿਰਜਣ ਵਿੱਚ ਆਪਣਾ ਯੋਗਦਾਨ ਪਾ ਸਕੀਏ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin