Articles

ਇਹ ਫਾਟਕ ਕੋਟ ਕਪੂਰੇ ਦਾ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਇਹ ਬੰਦ ਪਿਆ ਦਰਵਾਜ਼ਾ, ਜਿਵੇਂ ਫਾਟਕ ਕੋਟ ਕਪੂਰੇ ਦਾ” ਦੀਦਾਰ ਸੰਧੂ ਤੇ ਅਮਰ ਨੂਰੀ ਦਾ ਗਾਇਆ ਇਹ ਉਹ ਗੀਤ ਹੈ ਜੋ ਪਿਛਲੀ ਸਦੀ ਦੇ ਅੱਸੀਵੇਂ ਦਹਾਕੇ ਦਾ ਬਹੁਚਰਚਿਤ ਗੀਤ ਰਿਹਾ ਤੇ ਲੋਕ ਦਿਲਾਂ ਅਤੇ ਚੇਤਿਆ ‘ਤੇ ਉਕਰਿਆ ਗਿਆ ਤੇ ਸਦਾ ਬਹਾਰ ਬਣ ਗਿਆ । ਇਹ ਉਕਤ ਗੀਤ ਅੱਜ ਵੀ ਤਰੋ-ਤਾਜ਼ਾ ਹੈ ਤੇ ਹਮੇਸ਼ਾ ਰਹੇਗਾ । ਮਰਹੂਮ ਦੀਦਾਰ ਸੰਧੂ ਤੇ ਅਮਰ ਨੂਰੀ ਨੂੰ ਇਸ ਗੀਤ ਨੇ ਬਹੁਤ ਮਾਣ ਮਸ਼ਹੂਰੀ ਦਿੱਤੀ ਜਿਸ ਤੋਂ ਬਾਅਦ ਇਹ ਦੁਗਾਣਾ ਜੋੜੀ ਲੋਕਾਂ ਚ ਬਹੁਤ ਹਰਮਨ ਪਿਆਰੀ ਹੋਈ ।
ਦੀਦਾਰ ਸੰਧੂ ਇਸ ਫਾਨੀ ਸੰਸਾਰ ਤੋਂ ਕਈ ਸਾਲ ਪਹਿਲਾਂ ਵਿਦਾ ਹੋ ਚੁੱਕਾ ਹੈ ਜਦ ਕਿ ਅਮਰ ਨੂਰੀ ਮਰਹੂਮ ਸਰਦੂਲ ਸਿਕੰਦਰ ਦੀ ਅਰਧਾਂਗਣੀ ਬਣਕੇ ਜ਼ਿੰਦਗੀ ਦੀ ਦਰਦ ਚ ਅੱਗੇ ਵੱਧ ਗਈ, ਪਰ ਦੀਦਾਰ ਤੇ ਨੂਰੀ ਦਾ ਇਹ ਗੀਤ ਅੱਜ ਲੋਕ ਯਾਦਾਂ ਤੇ ਚੇਤਿਆ ਚ ਵਸਕੇ ਲੋਕ-ਗੀਤ ਦਾ ਰੁਤਬਾ ਧਾਰ ਚੁੱਕਾ ਹੈ ।
ਲਗਭਗ ਅੱਧੇ ਦਹਾਕੇ ਤੋ ਵੱਧ ਸਮੇਂ ਬਾਅਦ ਦੁਬਾਰਾ ਪੰਜਾਬ ਫੇਰੀ ਦਾ ਸੁਭਾਗ ਪ੍ਰਾਪਤ ਹੋਇਆ ਤੇ ਖੁਸ਼ਕਿਸਮਤੀ ਨਾਲ ਫਰੀਦਕੋਟ ਵੱਲ ਜਾਂਦਿਆਂ ਕੋਟਕਪੂਰਾ ਤੋਂ ਗੁਜ਼ਰਦਿਆਂ ਉਸੇ ਪੁਰਾਣੇ ਫਾਟਕ ਦੇ ਰਿਸ਼ਤੇ ਗੁਜ਼ਰਦਿਆਂ ਇਕ ਵਾਰ ਦੀਦਾਰ ਤੇ ਨੂਰੀ ਦੇ ਉਕਤ ਗੀਤ ਦੀ ਯਾਦ ਤਾਜਾ ਹੋ ਗਈ, ਡਰਾਇਵਰ ਨੂੰ ਤੁਰੰਤ ਕਾਰ ਰੋਕਣ ਦੀ ਬੇਨਤੀ ਕੀਤੀ ਤਾਂ ਕਿ ਫਾਟਕ ਨੂੰ ਚੰਗੀ ਤਰੀਂ ਨੀਝ ਨਾਲ ਦੇਖ ਸਕਾਂ ।
ਬੇਸ਼ੱਕ ਇਸ ਫਾਟਕ ਨੂੰ ਕਿਸੇ ਗ੍ਰਿਸਤ ਵਿਹੁਣੇ ਘਰ ਦੇ ਬੰਦ ਪਏ ਦਰਵਾਜ਼ੇ ਦੇ ਸੰਦਰਭ ਵਿੱਚ ਸ਼ਿੰਬਲ ਵਜੋਂ ਵਰਤਿਆਂ ਗਿਆ ਹੈ ਪਰ ਸੱਚ ਇਹ ਵੀ ਹੈ ਕਿ ਗੀਤਕਾਰ ਦੁਆਰਾ ਇਸ ਦੀ ਕੀਤੀ ਗਈ ਵਰਤੋਂ ਫਾਟਕ ਦੇ ਇਸ਼ਾਰੇ ਚ ਜ਼ਿੰਦਗੀ ਦਾ ਬਹੁਤ ਵੱਡਾ ਕੌੜਾ ਸੱਚ ਬਿਆਨ ਕਰ ਜਾਂਦੀ ਹੈ ।
ਇਸ ਫਾਟਕ ਵਾਲੀ ਜਗਾ ਉੱਪਰ ਬੇਸ਼ੱਕ ਅੱਜ ਫਲਾਈਓਵਰ ਬਣ ਚੁੱਕਾ ਹੈ, ਪਰ ਫਲਾਈਓਵਰ ਦੇ ਹੇਠ ਅੱਜ ਵੀ ਇਹ ਫਾਟਕ ਉਸੇ ਤਰਾਂ ਕਾਇਮ ਹੈ, ਭਾਵੇਂ ਕਿ ਫਾਟਕ ਤੋ ਥੋੜਾ ਬਾਹਰਵਲ ਅੱਗੇ ਕਰਕੇ ਹੁਣ ਢਾਂਗਾ ਬੈਰੀਕੇਡ ਵੀ ਲਗਾ ਦਿੱਤੇ ਗਏ ਹਨ ।
ਦੱਸਿਆ ਜਾਂਦਾ ਹੈ ਕਿ ਇਹ ਫਾਟਕ ਕੋਟਕਪੂਰਾ ਦੇ ਵੱਡੇ ਜੰਕਸ਼ਨ ਤੇ ਹੋਣ ਕਾਰਨ ਬਹੁਤਾ ਸਮਾਂ ਬੰਦ ਹੀ ਰਹਿੰਦਾ ਸੀ ਜਿਸ ਕਾਰਨ ਆਮ ਲੋਕਾਂ ਨੂੰ ਫਾਟਕ ਦੇ ਆਰ-ਪਾਰ ਜਾਣ ਵਾਸਤੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਲੰਮੀ ਇੰਤਜ਼ਾਰ ਦੇ ਨਾਲ ਨਾਲ ਭੀੜ ਚ ਗੁਜ਼ਰਨ ਕਾਰਨ ਵਕਤ ਦਾ ਹਰਜਾ ਵੀ ਹੁੰਦਾ ਸੀ । ਇਹ ਵੀ ਸੁਣਿਆ ਜਾਂਦਾ ਹੈ ਜਦੋਂ ਤੋ ਦੀਦਾਰ ਨੇ ਇਸ ਨੂੰ ਆਪਣੇ ਗੀਤ ਦਾ ਹਿੱਸਾ ਬਣਾਇਆ ਉਦੋਂ ਤੋ ਜਿਥੇ ਇਹ ਫਾਟਕ ਬਹੁਤ ਮਸ਼ਹੂਰ ਹੋ ਗਿਆ ਉੱਥੇ ਰੇਲ ਵਿਭਾਗ ਨੇ ਵੀ ਇਸ ਫਾਟਕ ਕਾਰਨ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਦਾ ਹੱਲ ਲੱਭਣਾ ਸ਼ੁਰੂ ਕੀਤਾ ਜਿਸ ਦੇ ਫਲਸਰੂਪ ਫਾਟਕ ਵਾਲੇ ਜੰਕਸ਼ਨ ਤੋ ਗੁਜ਼ਰਨ ਵਾਲੀਆਂ ਰੇਲਾਂ ਦੇ ਸਮੇਂ ਸਾਰਨੀ ਚ ਵੱਡੀ ਤਬਦੀਲੀ ਕੀਤੀ ਗਈ ਤੇ ਹੁਣ ਲੋਕ ਸਮੱਸਿਆ ਦੇ ਪੱਕੇ ਹੱਲ ਵਾਸਤੇ ਸਮੇਂ ਦੀ ਸਰਕਾਰ ਵੱਲੋਂ ਕੁੱਜ ਕੁ ਸਾਲ ਪਹਿਲਾਂ ਓਵਰਬਰਿਜ ਵੀ ਉਸਾਰ ਦਿੱਤਾ ਗਿਆ ਹੈ ।
ਇਸ ਫਾਟਕ ਨੂੰ ਦੇਖ ਕੇ ਅਕਹਿ ਖ਼ੁਸ਼ੀ ਹੋਈ । ਉਸ ਜਗਾ ‘ਤੇ ਖੜੇ ਹੋ ਕੇ ਕੁੱਜ ਸਮਾਂ ਫਾਟਕ ਨੂੰ ਨਿਹਾਰਿਆ ਵੀ ਦੀਦਾਰ ਤੇ ਨੂਰੀ ਦਾ ਗਾਇਆ ਉਸ ਸੰਬੰਧੀ ਅਮਰ ਗੀਤ ਵੀ ਗੁਣ ਗੁਣਾਇਆ ਤੇ ਕੈਮਰੇ ਦੀ ਅੱਖ ਨਾਲ ਤਸਵੀਰ ਚ ਕੈਦ ਕਰਕੇ ਆਪਣੇ ਇਸ ਜਗਾ ‘ਤੇ ਬਿਤਾਏ ਪਲਾਂ ਨੂੰ ਯਾਦਗਾਰੀ ਵੀ ਬਣਾਇਆਂ ਜੋ ਆਪ ਸਭ ਅਜ਼ੀਜ਼ ਦੋਸਤਾਂ ਨਾਲ ਸਾਂਝੇ ਕਰਨ ਦੀ ਅਸੀਮ ਖ਼ੁਸ਼ੀ ਲੈ ਰਿਹਾ ਹਾਂ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin