Punjab

ਕੈਪਟਨ ਰਸਮੀ ਤੌਰ ’ਤੇ ਅੱਜ ਭਾਜਪਾ ਦਾ ਅਟੁੱਟ ਹਿੱਸਾ ਬਣਿਆ

ਚੰਡੀਗੜ੍ਹ – ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਤੋਂ ਰਸਮੀ ਤੌਰ ’ਤੇ ਭਾਜਪਾ ਦਾ ਅਟੁੱਟ ਹਿੱਸਾ ਬਣ ਗਿਆ ਹੈ। ਅੰਦਰਖਾਤੇ ਤਾਂ ਉਹ ਬਹੁਤ ਪਹਿਲਾਂ ਹੀ ਭਾਜਪਾ ਨਾਲ ਰਲੇ ਹੋਏ ਸਨ ਪਰ ਅੱਜ ਨਵੀਂ ਪਾਰਟੀ ਬਣਾਉਣ ਤੇ ਭਾਜਪਾ ਨਾਲ ਸੀਟਾਂ ਦਾ ਸਮਝੌਤਾ ਕਰਨ ਦਾ ਐਲਾਨ ਕਰ ਕੇ ਸਾਬਕਾ ਮੁੱਖ ਮੰਤਰੀ ਨੇ ਇਸ ਦਾ ਰਸਮੀ ਐਲਾਨ ਕਰ ਦਿੱਤਾ ਹੈ। ਰੰਧਾਵਾ ਨੇ ਕਿਹਾ ਕਿ ਹੁਣ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਨਾ ਸਿਰਫ਼ ਕਾਂਗਰਸ ਪਾਰਟੀ ਸਗੋਂ ਪਿਛਲੇ 11 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਸਮੁੱਚੇ ਪੰਜਾਬੀਆਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਭਾਜਪਾ ਦੇ ਪਾਲੇ ਵਿਚ ਜਾਣ ਤੋਂ ਪਹਿਲਾਂ ਉਨ੍ਹਾਂ ਕਿਸਾਨਾਂ ਦੀ ਕੁਰਬਾਨੀ ਨੂੰ ਵੀ ਭੁਲਾ ਦਿੱਤਾ ਜਿਨ੍ਹਾਂ ਕਿਸਾਨੀ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਗੁਆਈਆਂ। ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਭਾਜਪਾ ਦੇ ਰੰਗ ਵਿਚ ਰੰਗਿਆ ਸਾਡਾ ਸਾਬਕਾ ਮੁੱਖ ਮੰਤਰੀ ਜਿਸ ਤਰ੍ਹਾਂ ਬੀਐੱਸਐੱਫ ਜ਼ਰੀਏ ਅੱਧੇ ਪੰਜਾਬ ’ਤੇ ਕਬਜ਼ਾ ਕਰਨ ਦੇ ਫ਼ੈਸਲੇ ਦੀ ਖੁੱਲ੍ਹ ਕੇ ਹਮਾਇਤ ਕਰ ਰਿਹਾ ਹੈ, ਉਸ ਤੋਂ ਜੱਗ ਜ਼ਾਹਿਰ ਹੈ ਕਿ ਹੁਣ ਉਨ੍ਹਾਂ ਨੂੰ ਨਿੱਜੀ ਹਿੱਤ ਪਿਆਰੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਆਪਣੀ ਸਾਰੀ ਉਮਰ ਦੀ ਖੱਟੀ ਕਮਾਈ ਖੂਹ ਵਿਚ ਪਾ ਰਿਹਾ ਹੈ। ਅਮਰਿੰਦਰ ਸਿੰਘ ਵੱਲੋਂ ਦਿੱਤੇ ਜਾ ਰਹੇ ਤਰਕ ਵੀ ਉਸ ਦੇ ਇਸ ਫ਼ੈਸਲੇ ਨੂੰ ਸਹੀ ਸਿੱਧ ਨਹੀਂ ਕਰ ਸਕਦੇ। ਉਹ ਕਹਿ ਰਹੇ ਹਨ ਕਿ ਡਰੋਨ 30 ਕਿਲੋਮੀਟਰ ਤਕ ਆ ਸਕਦੇ ਹਨ, ਫੇਰ ਤਾਂ ਇਸ ਲਿਹਾਜ਼ ਨਾਲ ਲੜਾਕੂ ਜਹਾਜ਼ ਤੇ ਹੈਲੀਕਾਪਟਰ ਤਾਂ 200 ਕਿਲੋਮੀਟਰ ਤਕ ਵੀ ਆ ਸਕਦੇ ਹਨ। ਅਮਰਿੰਦਰ ਸਿੰਘ ਨੇ ਭਾਜਪਾ ਦੇ ਆਪਣੇ ਆਕਾਵਾਂ ਨੂੰ ਖ਼ੁਸ਼ ਕਰਨ ਲੱਗਿਆਂ ਇਹ ਵੀ ਨਹੀਂ ਸੋਚਿਆ ਕਿ ਉਸ ਦੇ ਸੂਬੇ ਦੀ ਪੁਲਿਸ ਫੋਰਸ ਦਾ ਮਨੋਬਲ ਡਿੱਗੇਗਾ, ਜਿਸ ਫੋਰਸ ਦਾ ਉਹ ਸਾਢੇ 9 ਸਾਲ ਗ੍ਰਹਿ ਮੰਤਰੀ ਰਿਹਾ।ਉਪ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿਚ ਸਭ ਤੋਂ ਲੰਬਾ ਸਮਾਂ ਕਾਂਗਰਸੀ ਮੁੱਖ ਮੰਤਰੀ ਬਣੇ ਰਹਿਣ ਦਾ ਮਾਣ ਦਿੱਤਾ। ਜਿਸ ਕਾਂਗਰਸ ਪਾਰਟੀ ਦੇ ਇਕ-ਇਕ ਵਰਕਰ ਤੇ ਸਮਰਥਕ ਦੇ ਸਹਿਯੋਗ ਸਦਕਾ ਉਸ ਨੇ 2014 ਵਿਚ ਭਾਜਪਾ ਦੇ ਦਿੱਗਜ਼ ਆਗੂ ਅਰੁਣ ਜੇਤਲੀ ਨੂੰ ਹਰਾ ਕੇ ਪੂਰੇ ਦੇਸ਼ ਵਿਚ ਭੱਲ ਖੱਟੀ ਸੀ, ਅੱਜ ਕੈਪਟਨ ਅਮਰਿੰਦਰ ਸਿੰਘ ਉਸੇ ਕਾਂਗਰਸ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰ ਕੇ ਭਾਜਪਾ ਦੇ ਪਾਲੇ ਵਿਚ ਚਲਾ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਹਾਰੇ ਤੇ ਹੰਭੇ ਹੋਏ ਸਿਆਸਤਦਾਨ ਵਾਂਗ ਬਿਆਨ ਦੇ ਰਿਹਾ ਹੈ ਜਿਸ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਣਗੇ।

Related posts

ਨੀਲ ਗਰਗ ਦਾ ਪਰਗਟ ਸਿੰਘ ਨੂੰ ਠੋਕਵਾਂ ਜਵਾਬ-ਸਾਡੀ ਚਿੰਤਾ ਨਾ ਕਰੋ, ਆਪਣੇ ਲੀਡਰਾਂ ਦੀ ਚਿੰਤਾ ਕਰੋ, ਅੱਧੀ ਪੰਜਾਬ ਕਾਂਗਰਸ ਪਹਿਲਾਂ ਹੀ ਭਾਜਪਾ ਵਿੱਚ ਹੋ ਚੁੱਕੀ ਹੈ ਸ਼ਾਮਲ

editor

ਕਾਂਗਰਸ ਦੀ ਜਿੱਤ ਤੋਂ ਬਾਅਦ ਸਭ ਤੋਂ ਪਹਿਲਾਂ ਅਗਨੀਵੀਰ ਵਰਗੀਆਂ ਸਕੀਮਾਂ ਨੂੰ ਖਤਮ ਕਰਨਾ ਹੋਵੇਗਾ।

editor

ਸ੍ਰੀ ਫ਼ਤਿਹਗੜ੍ਹ ਸਾਹਿਬ ‘ਚ ਭਗਵੰਤ ਮਾਨ ਨੇ ਕਿਹਾ- ਗੁਰਪ੍ਰੀਤ ਜੀਪੀ ਦੀ ਜਿੱਤ ਪੱਕੀ, ਸਿਰਫ਼ ਐਲਾਨ ਹੋਣਾ ਬਾਕੀ

editor