Articles

ਘੁਲਾਟੀਏ ਬਨਾਮ ਘੁਟਾਲੀਏ

ਲੇਖਕ:-ਰਣਜੀਤ ਸਿੰਘ ਹਿਟਲਰ,
ਫਿਰੋਜ਼ਪੁਰ

ਭਾਰਤ ਦੇਸ਼ ਹਮੇਸ਼ਾ ਤੋਂ ਗਰੀਬ ਮੁਲਕ ਨਹੀਂ ਸੀ।ਇਤਿਹਾਸ ਦੱਸਦਾ ਹੈ ਕਿ ਜਿੰਨੇ ਵੀ ਵਿਦੇਸ਼ੀ ਲੁਟੇਰਿਆਂ ਨੇ ਭਾਰਤ ਉਤੇ ਹਮਲੇ ਕੀਤੇ,ਉਨਾਂ ਦੀ ਅੱਖ ਸਿਰਫ ਭਾਰਤੀ ਉਪਜਾਊ ਜ਼ਮੀਨ ਅਤੇ ਖਜਾਨੇ ਉਤੇ ਸੀ।ਪਹਿਲਾਂ ਅਫਗਾਨਾਂ,ਮੁਗਲ ਸ਼ਾਸ਼ਕਾਂ ਅਤੇ ਫਿਰ ਅੰਗਰੇਜ਼ੀ ਹਕੂਮਤ ਦਾ ਮੁੱਖ ਮੰਤਵ ਹੀ ਭਾਰਤ ਲੁੱਟਣਾ ਅਤੇ ਕੁੱਟਣਾ ਸੀ।ਅੰਗਰੇਜ਼ਾਂ ਦਾ ਮੁੱਖ ਉਦੇਸ਼ ਮੁਗਲਾਂ ਨੂੰ ਭਾਰਤੀ ਰਾਜਿਆਂ ਦੀ ਮਦਦ ਨਾਲ ਭਾਰਤ ਵਿੱਚੋ ਬਾਹਰ ਕੱਢਣਾ ਅਤੇ ਉਹਨਾਂ ਦੀ ਜਗ੍ਹਾ ਖੁਦ ਇਸ ਦੇਸ਼ ਨੂੰ ਗੁਲਾਮ ਬਣਾਕੇ ਲੁੱਟਣਾ ਸੀ।ਅੰਗਰੇਜ਼ਾਂ ਵੱਲੋਂ ਥੋੜ੍ਹੇ ਸਮੇਂ ਵਿੱਚ ਹੀ ਭਾਰਤ ਨੂੰ ਗੁਲਾਮ ਬਣਾ ਲੈਣ ਦੀ ਮੁੱਖ ਵਜ੍ਹਾ ਸੀ,ਦੇਸ਼ ਦੇ ਬਹੁਤੇ ਰਾਜਿਆਂ ਵੱਲੋਂ ਅੰਗਰੇਜ਼ਾ ਦੀ ਚਾਪਲੂਸੀ ਕਰਨਾ।ਕਿਉਂਕਿ ਉਨ੍ਹਾਂ ਨੂੰ ਆਪਣੀਆਂ ਜਗੀਰਾਂ ਖੁੱਸ ਜਾਣ ਦਾ ਡਰ ਸੀ।ਦੂਜਾ!ਅੰਗਰੇਜ਼ਾ ਦੀ ਸੈਨਿਕ ਅਤੇ ਰਾਜਨੀਤਕ ਸਮਝ ਬਹੁਤ ਜ਼ਿਆਦਾ ਸੀ।ਪਰੰਤੂ ਜਿਵੇਂ ਸਮਾਂ ਬੀਤਦਾ ਗਿਆ ਅੰਗਰੇਜ਼ਾ ਦੀਆਂ ਦੇਸ਼ ਦੇ ਆਮ ਲੋਕਾਂ ਉੱਪਰ ਜਿਆਦਤੀਆਂ ਵੀ ਵੱਧਦੀਆਂ ਗਈਆਂ।ਜਦੋਂ ਬਹੁਤੇ ਰਾਜਿਆਂ ਨੇ ਹਕੂਮਤ ਅੱਗੇ ਆਪਣੇ ਨਿੱਜੀ ਸੁਆਰਥਾਂ ਕਰਕੇ ਗੋਡੇ ਟੇਕ ਦਿੱਤੇ।ਤਾਂ ਇਸੇ ਭਾਰਤ ਵਿੱਚ ਆਮ ਘਰਾਂ ਤੋਂ ਅਨੇਕਾਂ ਹੀ ਅਜਿਹੇ ਕਰਾਂਤੀਕਾਰੀ,ਅਜ਼ਾਦੀ ਘੁਲਾਟੀਏ ਪੈਦਾ ਹੋਏ,ਜਿੰਨਾ ਨੇ ਅੰਗਰੇਜ਼ਾ ਦੇ ਵੱਡੇ ਸਾਮਰਾਜ ਦੀ ਨੀਂਹ ਹਿਲਾ ਕੇ ਰੱਖ ਦਿੱਤੀ।ਇੰਨਾ ਮਹਾਨ ਯੋਧਿਆਂ ਦੀ ਲਹਿਰ ਵਿੱਚ ਵੈਸੇ ਤਾਂ ਹਰ ਵਰਗ,ਰਾਜ ਦੇ ਲੋਕਾਂ ਨੇ ਵੱਧ ਚੜ੍ਹ ਯੋਗਦਾਨ ਪਾਇਆ।ਪਰੰਤੂ ਪੰਜਾਬੀਅਤ ਨੂੰ ਬੜਾ ਮਾਣ ਹੈ ਕਿ ਇੱਥੇ ਵੀ ਸਭ ਤੋਂ ਅੱਗੇ ਪੰਜਾਬੀ ਹੀ ਸਨ।ਘੁਲਾਟੀਏ ਸ਼ਬਦ ਅਤੇ ਭਾਰਤ ਵਿੱਚ ਇਸਦੇ ਇਤਿਹਾਸ ਬਾਰੇ ਪੜਦੇ ਹਾਂ ਤਾਂ,ਸਾਡੇ ਰੂਹ-ਕੰਢੇ ਖੜ੍ਹੇ ਹੋ ਜਾਂਦੇ ਹਨ ਅਤੇ ਸਤਿਕਾਰ ਵਿੱਚ ਉਹਨਾਂ ਮਹਾਨ ਆਤਮਾਵਾਂ ਅੱਗੇ ਸਿਰ ਝੁਕ ਜਾਂਦਾ ਹੈ।ਦਿਮਾਗ ਵਿੱਚ ਆਉਂਦਾ ਹੈ ਕਿ ਕਿਵੇਂ ਉਹਨਾਂ ਸੂਰਵੀਰ ਯੋਧਿਆਂ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਕੋਈ ਪਰਵਾਹ ਨਾ ਕਰਦੇ ਹੋਏ ਸਾਰੀ ਜਿੰਦਗੀ ਦੇਸ਼ ਦੇ ਲੇਖੇ ਲਗਾ ਦਿੱਤੀ।ਉਹ ਵੀ ਬਿੰਨਾ ਕਿਸੇ ਲੋਭ ਲਾਲਚ ਦੇ।ਪਰੰਤੂ ਅਜੋਕੇ ਦੌਰ ਵਿੱਚ ਸਾਡੇ ਦੇਸ਼ ਦੇ ਮੋਹਰੀ,ਸੱਤਾਧਾਰੀ ਜਾਂ ਸੱਤਾ ਦੀ ਤਲਾਸ਼ ਵਿਚ ਭਟਕਦੇ ਸੁਆਰਥੀ ਲੋਕ ਮੁਲਕ ਨੂੰ ਪੂਰੀ ਤਰ੍ਹਾਂ ਬਰਬਾਦ ਕਰਨ ਉੱਪਰ ਤੁਲ ਚੁੱਕੇ ਹਨ।ਜਿੰਨਾ ਦਾ ਉਦੇਸ਼ ਵੀ ਸਿਰਫ ਔਰ ਸਿਰਫ ਰਾਜ ਕਰਨਾ ਹੈ।ਪੁਰਾਣੇ ਸਮੇਂ ਵਿੱਚ ਆਜ਼ਾਦੀ ਘੁਲਾਟੀਆਂ ਨੇ ਦੇਸ਼ ਲਈ ਲੜਾਈਆਂ ਲੜੀਆਂ ਅਤੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਫਾਂਸੀ ਦੇ ਫੰਦੇ ਵੀ ਚੁੰਮ ਲਏ।ਪ੍ਰੰਤੂ ਅੱਜ ਕੋਈ ਉਨ੍ਹਾਂ ਵਰਗਾ ਘੁਲਾਟੀਆਂ ਤਾਂ ਨਜ਼ਰੀਂ ਨਹੀਂ ਪੈਂਦਾ ਪਰ ਘੁਟਾਲੀਏ ਬਹੁਤ ਹਨ।ਜੋ ਆਏ ਦਿਨ ਕਰੋੜਾਂ ਅਰਬਾਂ ਰੁਪਏ ਦੇ ਘੋਟਾਲੇ ਕਰਕੇ,ਸਾਡੇ ਮੁਲਕ ਨੂੰ ਅੰਦਰੋ ਅੰਦਰੀ ਖੋਖਲਾ ਕਰ ਰਹੇ ਹਨ।ਗਰੀਬ ਲੋਕਾਂ ਦੀ ਜਿੰਦਗੀ ‘ਬਦ ਤੋਂ ਵੀ ਬਦਤਰ’ ਹੁੰਦੀ ਜਾ ਰਹੀ ਹੈ।ਦਰਮਿਆਨੇ ਵਰਗ ਦਾ ਵੀ ‘ਤੋਰੀ-ਫੁਲਕਾ’ ਸੜਨਾ ਸ਼ੁਰੂ ਹੋ ਗਿਆ ਹੈ।ਕੀ ਸਾਡੇ ਉਹਨਾਂ ਮਹਾਨ ਸ਼ਹੀਦਾਂ ਦੀ ਆਤਮਾ ਨਹੀਂ ਰੌਂਦੀ ਹੋਵੇਗੀ,ਜਦੋਂ ਉਹ ਦੇਸ਼ ਦੇ ਭਵਿੱਖ ਨੂੰ ਮਿੱਟੀ ਖਾਕੇ ਮਰਦਾ ਦੇਖਦੇ ਹੋਣਗੇ।ਕੀ ਉਨ੍ਹਾਂ ਦੇ ਅੱਥਰੂ ਨਾ ਵਹਿੰਦੇ ਹੋਣਗੇ ਜਦੋਂ ਉਹ ਆਪਣੇ ਸੁਪਨਿਆਂ ਦੇ ਭਾਰਤ ਦੀ ਇੰਨਾ ਕਾਲੇ ਅੰਗਰੇਜ਼ਾ ਵੱਲੋ ਹੁੰਦੀ ਕੁਪੱਤੀ ਦੇਖਦੇ ਹੋਣਗੇ।ਅੱਜ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਅਤੇ ਗਰੀਬੀ ਆਪਣੇ ਆਖਰੀ ਸਾਹਾਂ ‘ਤੇ ਹੈ।ਕੀ ਇਹ ਸਭ ਦੇਖਣ ਲਈ ਹੀ ਸਾਨੂੰ ਉਨ੍ਹਾਂ ਮਹਾਨ ਸ਼ਹੀਦਾਂ ਨੇ ਆਵਦੀਆਂ ਕੀਮਤੀ ਜਾਨਾਂ ਦੇਕੇ ਆਜ਼ਾਦ ਕਰਵਾਇਆ ਸੀ।ਕੀ ਉਹਨਾਂ ਨੂੰ ਪਤਾ ਸੀ ਕਿ ਜਿੰਨਾ ਲਈ ਅਸੀਂ ਕੁਰਬਾਨੀ ਦੇ ਰਹੇ ਹਾਂ ਉਹ ਬਾਅਦ ਵਿਚ ਸਾਨੂੰ ਹੀ ਆਪਣਾ ਸ਼ਹੀਦ ਮੰਨਣ ਅਤੇ ਸ਼ਹੀਦ ਕਹਿਣ ਵਿੱਚ ਹਿਚਕਚਾਉਣਗੇ।ਜੇਕਰ ਪਤਾ ਹੁੰਦਾ ਤਾਂ ਉਹ ਅਜਿਹੇ ਗੱਦਾਰ ਅਤੇ ਮੌਕਾਪ੍ਰਸਤ ਲੋਕਾਂ ਲਈ ਕਦੇ ਵੀ ਜਾਨ ਨਾ ਦਿੰਦੇ।ਅੱਜ ਵੀ ਅਸੀਂ ਗੁਲਾਮ ਹੀ ਹਾਂ ਕਿਉਂਕਿ ਸਾਡੀ ਸੋਚ ਹੀ ਸਾਡੇ ਹੱਥ ਵਿੱਚ ਨਹੀਂ ਹੈ।ਹੁਣ ਸਾਨੂੰ ਗੁਲਾਮੀ ਦਾ ਅਹਿਸਾਸ ਨਹੀਂ ਹੋ ਰਿਹਾ ਕਿਉਂਕਿ ਹੁਣ ਅਸੀਂ ਗੁਲਾਮੀ ਆਪਣੇ ਹਮਸ਼ਕਲਾਂ ਦੀ ਕਰ ਰਹੇ ਹਾਂ।ਇਹ ਘੁਟਾਲੀਏ ਸਾਨੂੰ ਲੱਗਦੇ ਤਾਂ ਆਪਣੇ ਵਰਗੇ ਹਨ,ਪਰੰਤੂ ਇਹਨਾਂ ਦੀ ਸੋਚ ਉਹੀ ਪੁਰਾਣੇ ਲੁਟੇਰਿਆਂ ਵਰਗੀ ਹੈ।ਅਜੇ!ਸਾਡੀ ਉਨੀਂ ਮਾੜੀ ਕਿਸਮਤ ਨਹੀਂ ਹੈ ਜਿੰਨੀ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਹੋਵੇਗੀ,ਪਰੰਤੂ ਅਜੇ ਤੱਕ ਸਾਨੂੰ ਇਸ ਗੱਲ ਦਾ ਕੋਈ ਅਹਿਸਾਸ ਨਹੀਂ ਹੈ।ਘੁਟਾਲੀਆਂ ਦੀ ਨਸਲ ਹਰ ਪੰਜ ਸਾਲ ਬਾਅਦ ਦਿਖਾਈ ਜ਼ਰੂਰ ਦਿੰਦੀ ਹੈ ਪ੍ਰੰਤੂ ਫਿਰ ਗਾਇਬ ਹੋ ਜਾਂਦੀ ਹੈ।ਇਹ ਘੁਟਾਲੀਏ ਸਾਡੇ ਮੁਲਕ ਨੂੰ ਕਿਸੇ ਖੂਨ ਪੀਣੀ ਜੋਕ ਵਾਂਗ ਚਹੁੰ ਪਾਸਿਓ ਚਿੰਬੜੇ ਹੋਏ ਨੇ।ਇਹ ਸਾਡੇ ਲਈ ਲੱਗੀ ਹੋਈ ਉਸ ਘੁਣ ਸਮਾਨ ਹਨ।ਜੋ ਸਾਡੇ ਮੁਲਕ ਅਤੇ ਸਾਡੀ ਸੋਚ ਸਮਝ ਨੂੰ ਅੰਦਰ ਤੋਂ ਖੋਖਲਾ ਬਣਾਉਂਦੀ ਜਾ ਰਹੀ ਹੈ।ਸਾਨੂੰ ਸਾਡੇ ਸ਼ਹੀਦਾਂ ਦੀ ਮਹਾਨ ਸੋਚ ਉੱਪਰ ਚੱਲਣਾ ਚਾਹੀਦਾ ਹੈ,ਜਿੰਨਾ ਨੇ ਸਾਨੂੰ ਆਜ਼ਾਦੀ ਲੈਕੇ ਦਿੱਤੀ।ਪਰੰਤੂ ਇਹ ਘਟੀਆ ਘੁਟਾਲੀਏ ਉਦੋਂ ਪੈਦਾ ਹੋਏ ਜਦੋਂ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਉਨਾਂ ਮਹਾਨ ਸ਼ਹੀਦਾਂ ਨੂੰ ਛੱਡ ਕੇ ਇਹਨਾਂ ਦੀ ਪੈਰੋਕਾਰ ਬਣ ਗਈ।ਸਾਡੇ ਸਮਾਜ ਨੂੰ ਚਾਹੀਦਾ ਹੈ ਕਿ ਉਨ੍ਹਾਂ ਮਹਾਨ ਕਰਾਂਤੀਕਾਰੀਆਂ ਦੀ ਸੋਚ ਉੱਪਰ ਚੱਲਿਆ ਜਾਵੇ।ਖ਼ਾਸਕਰ ਸਾਡੀ ਭਾਰਤੀ ‘ਨੌਜਵਾਨ ਪੀੜੀ’ ਨੂੰ ਇਹਨਾਂ ਘੁਟਾਲੀਆਂ ਦੀ ਪਰਖ ਕਰਨੀ ਚਾਹੀਦੀ ਹੈ, ਤਦੇ ਸਾਡਾ ਦੇਸ਼ ਤਰੱਕੀ ਦੇ ਰਾਹੇ ਪੈ ਸਕਦਾ ਹੈ, ਨਹੀਂ ਤਾਂ ਕੰਮ ਔਖਾ ਹੀ ਜਾਪਦਾ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin