Story

ਤਾਰੀਖ 

Harkirat Kaur Sabhara
ਲੇਖਕ: ਹਰਕੀਰਤ ਕੌਰ, ਤਰਨਤਾਰਨ

ਧਰਮ ਸੁੰਹ ਫੌਜ ਵਿੱਚੋਂ ਰਿਟਾਇਰ ਹੋਇਆ ਸੀ, ਹਿੱਕ ਠੋਕ ਕੀ ਵੀਂਹ ਪੰਝੀ ਸਾਲ ਨੌਕਰੀ ਕੀਤੀ ਤੇ ਫਿਰ ਟੱਬਰ ਦੇ ਮੋਹ ਨੂੰ ਸਰਕਾਰੀ ਪੈਨਸ਼ਨ ਦਾ ਸਹਾਰਾ ਤਕ ਘਰ ਮੁੜ ਆਇਆ। ਹਾਲੇ ਘਰ ਆਏ ਨੂੰ ਥੋੜਾ ਹੀ ਵਕਤ ਲੰਘਿਆ ਸੀ ਕਿ ਉਸਦੀ ਘਰਵਾਲੀ ਜਹਾਨੋਂ ਕੂਚ ਕਰ ਗਈ। ਪਿਛਲੀ ਉਮਰੇ ਸਾਥੀ, ਸਾਥਣ ਦਾ ਸਾਥ ਬੜਾ ਜਰੂਰੀ ਹੁੰਦਾ, ਸੋ ਉਸਦੀ ਪਤਨੀ ਸੰਤੋਂ ਦੇ ਤੁਰ ਜਾਣ ਕਰਕੇ ਉਹ ਨੂੰਹ ਪੁੱਤ ਦੇ ਵੱਸ ਪੈ ਗਿਆ ਸੀ। ਸਮਾਂ ਬੀਤਦਾ ਗਿਆ। ਅੱਜ ਪਹਿਲੀ ਤਾਰੀਖ ਸੀ, ਨੂੰਹ ਨੇ ਅਵਾਜ਼ ਮਾਰੀ, ਭਾਪਾ ਜੀ ਉੱਠੋ, ਚਾਹ ਪੀ ਲਵੋ, ਅੱਜ ਤੁਸੀਂ ਸ਼ਹਿਰ ਜਾਣਾ। ਕੱਪੜੇ ਮੈਂ ਤਾਡੇ ( ਤੁਹਾਡੇ) ਪ੍ਰੈੱਸ ਕਰਕੇ ਕਿੱਲੀ ‘ਤੇ ਟੰਗੇ ਆ… ਫੇਰ ਆਪਣੇ ਪੁੱਤ ਕਿੰਦਰ ਨੂੰ ਅਵਾਜ਼ ਮਾਰ ਕੇ ਕਹਿੰਦੀ, ਅੱਜ ਤੂੰ ਸਕੂਲੋਂ ਛੁੱਟੀ ਕਰਲਾ, ਅੱਜ ਪਹਿਲੀ ਤਾਰੀਖ ਆ ਤੂੰ ਭਾਪੇ ਨਾਲ ਪੈਨਸ਼ਨ ਲੈਣ ਜਾਣਾ ਏ , ਚੰਗਾ ਕਹਿ ਕੇ ਕਿੰਦਰ ਮੋਟਰਸਾਇਕਲ ਲੈ ਪਿੰਡ ਦਾ ਗੇੜਾ ਕੱਢਣ ਉੱਡ ਗਿਆ।

ਦਸ, ਗਿਆਰਾਂ ਵਜੇ ਨਾਲ ਕਿੰਦਰ ਆਇਆ ਤਾਂ ਵੀਰੋ ( ਧਰਮ ਸੰਹੁ ਦੀ ਨੂੰਹ) ਨੇ ਕਿੰਦਰ ਨੂੰ ਪੈਨਸ਼ਨ ਵਾਲੀ ਕਾਪੀ ਫੜਾਈ ਤੇ ਕਹਿਣ ਲੱਗੀ, ਕਿੰਦਰਾ ਪੈਸੇ ਧਿਆਨ ਨਾਲ ਗਿਣ ਕੇ ਅੰਦਰਲੀ ਜੇਬ ਚ ਪਾ ਲਵੀਂ, ਭਾਪੇ ਨੂੰ ਕੁਝ ਪਤਾ ਨਹੀਂ ਲੱਗਦਾ, ਨਾ ਇਸ ਦਾ ਕੋਈ ਚੇਤਾ ਆ।
ਭਾਪਾ ਡਂਗੋਰੀ ਇੱਕ ਪਾਸੇ ਕਰਕੇ ਪੋਤੇ ਪਿੱਛੇ ਬਹਿ ਗਿਆ ਤੇ ਅੱਧੇ ਕੁ ਘੰਟੇ ਤੱਕ ਦੋਵੇਂ ਬੈਂਕ ਪਹੁੰਚ ਗਏ, ਭਾਪੇ ਨੂੰ ਦੇਖ ਉਸਦਾ ਇੱਕ ਜਾਣੂ ਹਰੀ ਸਿੰਘ ਮਿਲਿਆ ਤੇ ਕਹਿਣ ਲੱਗਾ, ਕਿ ਬੱਲੇ ਧਰਮ ਸਿਆਂ ਅੱਜ ਬੜਾ ਲਿਸ਼ਕੂ ਲਿਸ਼ਕੂ ਕਰਦਾ ਏ, ਬਸ ਹਰੀ ਸਿਆਂ ਆ ਕਾਪੀ ਦੀਆਂ ਬਰਕਤਾਂ ਨੇ। ਏਨਾਂ ਕਹਿ ਧਰ ਸੰਹੁ ਅੱਗੇ ਹੋ ਤੁਰਿਆ।
ਹੁਣ ਪੰਦਰਾਂ ਤਾਰੀਖ ਹੋ ਗਈ ਸੀ, ਧਰਮ ਸੰਹੁ ਪਾਸੇ ਮਾਰਦਾ ਹੋਇਆ ਕਹਿ ਰਿਹਾ ਸੀ, ਉਏ ਮੈਨੂੰ ਵੀ ਪੁੱਛ ਲਓ ਕੋਈ ਹੁਣ ਤੇ ਸੂਰਜ ਵੀ ਲਾਲੀ ਫੜ ਗਿਆ, ਚਾਹ ਦਾ ਘੁੱਟ ਹੀ ਦੇ ਜਾਓ। ਰਾਤ ਬਿੱਲੀ ਦੁੱਧ ਪੀ ਗਈ ਸੀ, ਮੱਝ ਆਪਣੀ ਲੰਘੇ ਡੰਗ ਆ, ਥੋੜਾ ਸਬਰ ਕਰ, ਤੇਰਾ ਵੀ ਮੱਥਾ ਡੰਮ ਦਿਆਂਗੇ। ਧਰਮ ਸੰਹੁ ਦੀ ਨੂੰਹ ਆਪ ਚਾਹ ਦੀ ਚੁਸਕੀ ਲੈਂਦੀ ਸੜੇ ਮੱਥੇ ਨਾਲ ਬੋਲੀ। ਇਹ ਗੱਲ ਸੁਣ ਧਰਮ ਸੰਹੁ ਦਿਲ ‘ਚ ਸੋਚਣ ਲੱਗਾ ਕਿ ਅੱਜ ਪੰਦਰ੍ਹਾਂ ਤਾਰੀਖ ਆ, ਹੋਰ ਹਫਤਾ ਖੰਡ ਬਿੱਲੀ ਨੇ ਏਸੇ ਤਰ੍ਹਾਂ ਦੁੱਧ ਪੀਣਾ। ਪਹਿਲੀ ਤਾਰੀਖ ਨੇੜੇ ਸਭ ਕੁਝ ਠੀਕ ਠਾਕ ਹੋ ਜਾਊ। ਸਮਾਂ ਹੋਰ ਲੰਘਿਆ ਤੇ ਪੋਤੇ ਕਿੰਦਰ ਨੂੰ ਕਹਿਣ ਲੱਗਾ, ਪੁੱਤ ਘੁੱਟ ਲੱਸੀ ਹੀ ਦੇ ਜਾਊ, ਖੋਹ ਜਿਹੀ ਪੈਂਦੀ ਢਿੱਡ ‘ਚ.. ਅੱਗੋ ਕਿੰਦਰ ਕਹਿੰਦਾ ਕੀ ਤੂੰ ਟੈਂ ਟੈਂ ਲਾਈ ਏ, ਲੱਸੀ ਤੇ ਸੀਰੀ ਪੀ ਗਿਆ ਸਬਰ ਕਰ ਬੁੱਢਿਆ। ਮਿਲ ਜਾਂਦੀ ਰੋਟੀ ਤੈਨੂੰ।
ਨੂੰਹ ਤੇ ਪੋਤਰੇ ਕੋਲੋਂ ਫਿਟਕਾਰਾਂ ਸੁਣ ਧਰਮ ਸੁੰਹ ਦਾ ਮਨ ਬੜਾ ਦੁਖੀ ਹੋਇਆ ਤੇ ਮਨ ਹੀ ਮਨ ਸੋਚਣ ਲੱਗਾ ਅੱਜ ਪੰਦਰ੍ਹਾਂ ਤਾਰੀਖ ਜੋ ਹੋਈ, ਪਹਿਲੀ ਤਾਰੀਖ ਆਉਣ ਦੇ ਫਿਰ ਵੇਖੀ ਤੇਰੀ ਸੇਵਾ ਹੁੰਦੀ … ਏਨੇ ਨੂੰ ਅੰਦਰੋ ਅਵਾਜ਼ ਆਈ ਧਰਮ ਸਿੰਆਂ ਸੇਵਾ ਤੇਰੀ ਨਹੀਂ ਤੇਰੀ ਪੈਨਸ਼ਨ ਵਾਲੀ ਕਾਪੀ ਦੀ ਹੁੰਦੀ। ਇੱਕ ਲੰਬਾ ਹੋਕਾ ਲੈ ਧਰਮ ਸੰਹੁ ਰੱਬ ਦਾ ਧਿਆਨ ਧਰਦਾ ਪੰਦਰ੍ਹਾਂ ਤਾਰੀਖ ਦੇ ਲੰਘਣ ਦੀ ਉਡੀਕ ਕਰਨ ਲੱਗਾ।

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin