Articles Magazine

. . . ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਜਹਾਨੋ ਕੱਢਦੀ ਹਾਂ!

ਗੱਲ ਕਹਿੰਦੀ ਹੈ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਜਹਾਨੋ ਕੱਢਦੀ ਹਾਂ। ਇਨਸਾਨ ਲਈ ਸਭ ਤੋਂ ਔਖਾ ਕੰਮ ਆਪਣੀ ਜ਼ੁਬਾਨ ‘ਤੇ ਕੰਟਰੋਲ ਕਰਨਾ ਹੀ ਹੁੰਦਾ ਹੈ। ਢਾਈ, ਤਿੰਨ ਇੰਚ ਦਾ ਇਹ ਅੰਗ ਬਹੁਤ ਹੀ ਜਿਆਦਾ ਖਤਰਨਾਕ ਹੈ। ਇਹ ਇਨਸਾਨ ਨੂੰ ਤਖਤ ‘ਤੇ ਵੀ ਬਿਠਾ ਦਿੰਦਾ ਹੈ ਤੇ ਫਾਂਸੀ ਦੇ ਤਖਤੇ ‘ਤੇ ਵੀ ਪਹੁੰਚਾ ਦਿੰਦਾ ਹੈ। ਇਸ ਦੀ ਗਲਤ ਵਰਤੋਂ ਕਰਨ ਕਾਰਨ ਹੀ ਕਈ ਲੋਕ ਚੰਗਾ ਭਲਾ ਰਾਜ ਪਾਟ ਗਵਾ ਬੈਠਦੇ ਹਨ। ਕਿਸੇ ਸਮੇਂ ਮਾਝੇ ਦੇ ਇੱਕ ਨੌਜਵਾਨ ਪੰਥਕ ਲੀਡਰ ਦੀ ਬਹੁਤ ਤੂਤੀ ਬੋਲਦੀ ਸੀ। ਪਰ ਉਹ ਕੁਝ ਜਿਆਦਾ ਹੀ ਫੂਕ ਛਕ ਗਿਆ ‘ਤੇ ਪਾਰਟੀ ਹਾਈ ਕਮਾਂਡ ਦੇ ਖਿਲਾਫ ਹੀ ਅਪਸ਼ਬਦ ਬੋਲ ਬੈਠਾ। ਇੱਕ ਤਾਂ ਵਿਚਾਰੇ ਦੀ ਟਿਕਾ ਕੇ ਛਿਤਰੌਲ ਹੋਈ ਤੇ ਦੂਸਰਾ ਚੰਗਾ ਭਲਾ ਚੱਲ ਰਿਹਾ ਰਾਜਨੀਤਕ ਕੈਰੀਅਰ ਵੀ ਬਰਬਾਦ ਹੋ ਗਿਆ। ਹੁਣ ਵਿਚਾਰਾ ਅਦਾਲਤ ਦੇ ਹੁਕਮਾਂ ਨਾਲ ਗੰਨਮੈਨ ਲੈ ਕੇ ਜਾਨ ਲੁਕਾਉਂਦਾ ਫਿਰਦਾ ਹੈ। ਜ਼ੁਬਾਨ ਦੀ ਹੋਈ ਗਲਤ ਵਰਤੋਂ ਕਾਰਨ ਹੀ ਕੁਝ ਸਾਲ ਪਹਿਲਾਂ ਪੰਜਾਬ ਅਸੈਂਬਲੀ ਵਿੱਚ ਦੋ ਸੀਨੀਅਰ ਲੀਡਰ ਜੱਫਿਉ ਜੱਫੀ ਹੁੰਦੇ ਮਸਾਂ ਬਚੇ ਸਨ। ਮਹਾਂਭਾਰਤ ਤਾਂ ਹੋਇਆ ਹੀ ਦਰੋਪਦੀ ਦੀ ਜ਼ੁਬਾਨ ਕਰ ਕੇ ਸੀ। ਜੇ ਉਹ ਦੁਰਯੋਧਨ ਨੂੰ ਇਹ ਨਾ ਕਹਿੰਦੀ ਕਿ ਅੰਨ੍ਹੇ ਦਾ ਬੇਟਾ ਵੀ ਅੰਨ੍ਹਾਂ ਹੁੰਦਾ ਹੈ ਤਾਂ ਸ਼ਾਇਦ ਇਹ ਮਹਾਂ ਵਿਨਾਸ਼ਕਾਰੀ ਯੁੱਧ ਹੋਣ ਤੋਂ ਬਚ ਜਾਂਦਾ।
ਕਈ ਵਿਅਕਤੀ ਸਿਰਫ ਆਪਣੀ ਮਾੜੀ ਜ਼ੁਬਾਨ ਕਾਰਨ ਹੀ ਚੰਗਾ ਭਲਾ ਹੁੰਦਾ ਕੰਮ ਖਰਾਬ ਕਰ ਬਹਿੰਦੇ ਹਨ। ਪੁਰਾਣੇ ਸਮੇਂ ਦੀ ਗੱਲ ਹੈ ਕਿ ਕੋਈ ਰਾਹੀ ਲੰਬੇ ਸਫਰ ‘ਤੇ ਜਾ ਰਿਹਾ ਸੀ। ਉਸ ਕੋਲ ਕੁਝ ਆਟਾ ਸੀ, ਭੁੱਖ ਲੱਗੀ ਤਾਂ ਉਸ ਨੇ ਰਸਤੇ ਵਿੱਚ ਕਿਸੇ ਘਰ ਔਰਤ ਦੀ ਮਿੰਨਤ ਕੀਤੀ ਕਿ ਉਸ ਨੂੰ ਰੋਟੀਆਂ ਪਕਾ ਦੇਵੇ। ਭਲੇ ਜ਼ਮਾਨੇ ਸਨ, ਔਰਤ ਮੰਨ ਗਈ। ਉਹ ਆਟਾ ਗੁੰਨਣ ਲੱਗ ਪਈ ਤੇ ਯਾਤਰੀ ਘਰ ਦਾ ਜਾਇਜ਼ਾ ਲੈਣ ਲੱਗਾ। ਉਸ ਦਾ ਆਪਣੀ ਜ਼ੁਬਾਨ ‘ਤੇ ਕੋਈ ਕੰਟਰੋਲ ਨਹੀਂ ਸੀ। ਉਸ ਨੇ ਔਰਤ ਨੂੰ ਪੁੱਛਿਆ, “ਬੀਬੀ ਤੂੰ ‘ਕੱਲੀ ਰਹਿੰਦੀ ਆਂ ਕਿ ਕੋਈ ਖਸਮ ਗੋਸਾਈਂ ਵੀ ਹੈ?” ਉਹ ਔਰਤ ਬੋਲੀ ਕਿ ਸੁੱਖ ਨਾਲ ਉਸ ਦੇ ਦੋ ਲੜਕੇ ਤੇ ਪਤੀ ਹਨ ਜੋ ਖੇਤਾਂ ਵੱਲ ਗਏ ਹਨ। ਉਹ ਫਿਰ ਬੋਲਿਆ, “ਬੀਬੀ ਤੇਰੀ ਮੱਝ ਬਹੁਤ ਸਿਹਤਮੰਦ ਹੈ।” ਔਰਤ ਨੇ ਬਹੁਤ ਮਾਣ ਨਾਲ ਦੱਸਿਆ ਕਿ ਮੱਝ ਪਰਿਵਾਰ ਲਈ ਦੁੱਧ ਦਾ ਇੱਕੋ ਇੱਕ ਸੋਮਾ ਹੈ। ਇਸ ਲਈ ਉਹ ਮੱਝ ਦੀ ਖਲ ਪੱਠੇ ਨਾਲ ਰੱਜ ਕੇ ਸੇਵਾ ਕਰਦੇ ਹਨ। “ਪਰ ਬੀਬੀ ਤੁਹਾਡੇ ਘਰ ਦਾ ਦਰਵਾਜ਼ਾ ਬਹੁਤ ਭੀੜਾ ਹੈ,” ਉਸ ਵਿਅਕਤੀ ਕੋਲੋਂ ਨਾ ਰਿਹਾ ਗਿਆ। “ਵੀਰ ਅਸੀਂ ਕਿਹੜੈ ਹਾਥੀ ਲੰਘਾਉਣੇ ਹਨ?” ਔਰਤ ਨੇ ਸਹਿਜ ਸੁਭਾ ਜਵਾਬ ਦਿੱਤਾ। “ਨਹੀਂ ਮੈਂ ਸੋਚਦਾਂ ਕਿ ਮੱਝ ਬਹੁਤ ਮੋਟੀ ਹੈ ਤੇ ਦਰਵਾਜ਼ਾ ਬਹੁਤ ਭੀੜਾ ਹੈ। ਜੇ ਕਿਤੇ ਮੱਝ ਮਰ ਜਾਵੇ ਤਾਂ ਇਸ ਦੀ ਲਾਸ਼ ਘਰ ਤੋਂ ਬਾਹਰ ਕਿਵੇਂ ਕੱਢੋਗੇ?” ਭੈੜੀ ਜ਼ੁਬਾਨ ਵਾਲਾ ਵਿਅਕਤੀ ਬੋਲਿਆ। “ਤੇਰਾ ਬੇੜਾ ਗਰਕ ਹੋ ਜੇ। ਤੇਰੇ ਮੂੰਹ ਵਿੱਚ ਅੱਗ ਪਵੇ ਸਾਡੀ ਮੱਝ ਬਾਰੇ ਅਜਿਹੀ ਮਾੜੀ ਗੱਲ ਕਰਨ ਵਾਲੇ ਦੇ। ਬਲ ਜੇ ਤੇਰੀ ਕਾਲੀ ਜ਼ੁਬਾਨ।” ਉਸ ਦੀ ਬਕਵਾਸ ਤੋਂ ਅੱਕੀ ਸੜੀ ਜਨਾਨੀ ਨੇ ਅੱਧ ਗੁੰਨਿਆਂ ਆਟਾ ਚੁੱਕ ਕੇ ਉਸ ਦੀ ਝੋਲੀ ਵਿੱਚ ਸੁੱਟ ਦਿੱਤਾ ਤੇ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ। ਰਸਤੇ ਵਿੱਚ ਉਸ ਦੀ ਝੋਲੀ ਵਿੱਚੋਂ ਵਗਦੇ ਪਾਣੀ ਨੂੰ ਵੇਖ ਕੇ ਕਿਸੇ ਨੇ ਪੁੱਛਿਆ ਕਿ ਇਹ  width=ਕੀ ਚੋਂਦਾ ਹੈ? “ਇਹ ਮੇਰੀ ਜ਼ੁਬਾਨ ਦਾ ਰਸ ਚੋਂਦਾ ਹੈ,” ਉਸ ਨੇ ਜਵਾਬ ਦਿੱਤਾ।
ਪੁਰਾਣੀ ਗੱਲ ਹੈ ਲੁਧਿਆਣੇ ਦੇ ਕਿਸੇ ਪਿੰਡ ਦਾ ਨਾਜਰ ਆਪਣੀ ਗੱਪਾਂ ਮਾਰਨ ਦੀ ਆਦਤ ਕਾਰਨ ਬਹੁਤ ਬਦਨਾਮ ਸੀ। ਇਸੇ ਕਰ ਕੇ ਉਹ ਕਈ ਵਾਰ ਕੁੱਟ ਖਾ ਚੁੱਕਾ ਸੀ ਤੇ ਬੇਇੱਜ਼ਤੀ ਕਿੰਨੀ ਵਾਰ ਹੋਈ, ਕੋਈ ਗਿਣਤੀ ਨਹੀਂ। ਕੁਦਰਤੀ ਏਰੀਏ ਦੇ ਇੱਕ ਮਸ਼ਹੂਰ ਬਦਮਾਸ਼ ਦਾ ਕਤਲ ਹੋ ਗਿਆ, ਲਾਸ਼ ਨਹਿਰ ਦੇ ਪੁਲ ਤੋਂ ਲੱਭੀ ਤੇ ਕਾਤਲ ਦਾ ਕੋਈ ਪਤਾ ਨਹੀਂ ਸੀ ਲੱਗ ਰਿਹਾ। ਬਦਮਾਸ਼ ਦੇ ਪਰਿਵਾਰ ਵਾਲੇ ਚੰਗੀ ਪਹੁੰਚ ਰੱਖਦੇ ਸਨ, ਉਹਨਾਂ ਨੇ ਸਿਆਸੀ ਦਬਾਅ ਪਵਾ ਕੇ ਪੁਲਿਸ ਦੇ ਨਾਸੀਂ ਧੂੰਆਂ ਲਿਆ ਦਿੱਤਾ। ਅਫਸਰਾਂ ਤੋਂ ਦਬਕੇ ਸੁਣ ਸੁਣ ਕੇ ਅੱਕੇ ਸੜੇ ਐਸ.ਐਚ.ਉ. ਨੇ ਇਲਾਕੇ ਦੇ ਕੁੱਲ ਨਾਮੀਂ ਬਦਮਾਸ਼ ਤੇ ਸ਼ੱਕੀ ਵਿਅਕਤੀ ਕੁੱਟ ਕੁੱਟ ਹਸਪਤਾਲ ਪਾ ਛੱਡੇ, ਪਰ ਕਤਲ ਨਾ ਲੱਭਾ। ਨਾਜਰ ਕਿਤੇ ਬੱਸ ‘ਚ ਬੈਠਾ ਜਾ ਰਿਹਾ ਸੀ। ਰਸਤੇ ਵਿੱਚ ਸਵਾਰੀਆਂ ਉਸੇ ਕਤਲ ਦੀ ਗੱਲ ਕਰਨ ਲੱਗ ਪਈਆਂ ਕਿ ਅਜੇ ਤੱਕ ਕਾਤਲ ਨਹੀਂ ਲੱਭੇ, ਪਤਾ ਨਹੀਂ ਕੌਣ ਕਤਲ ਕਰ ਗਿਆ? ਨਾਜਰ ਅੰਦਰਲਾ ਕੀੜਾ ਕੁਲਬਲਾ ਉੱਠਿਆ। ਟੌਹਰ ਨਾਲ ਮੁੱਛਾਂ ਨੂੰ ਵੱਟ ਦੇ ਕੇ ਉੱਚੀ ਸਾਰੀ ਬੋਲਿਆ ਤਾਂ ਜੋ ਸਾਰੇ ਸੁਣ ਲੈਣ, “ਹੂੰ, ਅਖੇ ਕਤਲ ਨਹੀਂ ਲੱਭਾ। ਕਤਲ ਕਿਵੇਂ ਲੱਭ ਜੂ? ਅਸੀਂ ਐਵੇਂ ਤਿੰਨ ਮਹੀਨੇ ਤੋਂ ਪਿੰਡ ਛੱਡੀ ਫਿਰਦੇ ਆਂ?” ਮੁਖਬਰਾਂ ਦੇ ਕੰਨ ਖੜੇ ਹੋ ਗਏ, ਮਿੰਟੋ ਮਿੰਟੀ ਖਬਰ ਥਾਣੇ ਪਹੁੰਚ ਗਈ। ਐਸ.ਐਚ.ਉ. ਨੂੰ ਲਾਲੀਆਂ ਚੜ੍ਹ ਗਈਆਂ। ਉਸ ਨੇ ਥਾਣੇ ਲਿਆ ਕੇ ਨਾਜਰ ਦੇ ਕੁੱਟ ਕੁੱਟ ਕੇ ਹੱਡ ਵਿੰਗੇ ਕਰ ਦਿੱਤੇ। ਜਦੋਂ ਪੁਲਿਸ ਨੇ ਗੱਲ ਨਾ ਸੁਣੀ ਤਾਂ ਨਾਜਰ ਦੇ ਪਿੰਡ ਦੀ ਪੰਚਾਇਤ ਨੇ ਮਰਨ ਵਾਲੇ ਦੇ ਘਰਦਿਆਂ ਦੀ ਮਿੰਨਤ ਕੀਤੀ। ਗੁਆਂਢ ਪਿੰਡ ਹੋਣ ਕਰ ਕੇ ਉਹ ਵੀ ਨਾਜਰ ਦੀਆਂ ਆਦਤਾਂ ਬਾਰੇ ਚੰਗੀ ਤਰਾਂ ਜਾਣਦੇ ਸਨ। ਉਹਨਾਂ ਤੋਂ ਥਾਣੇ ਕਹਾਇਆ ਗਿਆ ਤਾਂ ਜਾ ਕੇ ਉਸ ਦਾ ਛੁਟਕਾਰਾ ਹੋਇਆ।
ਇੱਕ ਵਾਰ ਨਾਜਰ ਆਪਣੇ ਸਾਂਢੂ ਨੂੰ ਮਿਲਣ ਉਸ ਦੇ ਪਿੰਡ ਗਿਆ। ਜਾਂਦਿਆਂ ਨੂੰ ਸਾਂਢੂ ਕੋਲ ਸਿਵਲ ਕੱਪੜਿਆਂ ਵਿੱਚ ਉਸ ਦਾ ਦੋਸਤ ਥਾਣੇਦਾਰ ਬੈਠਾ ਸੀ। ਥਾਣੇਦਾਰ ਇਲਾਕੇ ਵਿੱਚ ਵਧਦੇ ਜਾ ਰਹੇ ਨਸ਼ੇ ਵੇਚਣ ਦੇ ਧੰਦੇ ਬਾਰੇ ਗੱਲਾਂ ਕਰ ਰਿਹਾ ਸੀ। ਨਾਜਰ ਨੇ ਵੀ ਚਲਦੀ ਗੱਲ ਵਿੱਚ ਆਪਣੀ ਆਦਤ ਮੁਤਾਬਕ ਛੁਰਲੀ ਛੱਡ ਦਿੱਤੀ, “ਭਾਊ ਜੀ, ‘ਫੀਮ ਤਾਂ ਮੈਂ ਵੇਚੀ ਸੀ। ਲੋਕ ਵੀ ਹੈਰਾਨ ਰਹਿ ਗਏ ਸਨ ਕਿ ਤਿੰਨ ਮਹੀਨਿਆਂ ਵਿੱਚ ਈ ਫੋਰਡ ਟਰੈਕਟਰ ਦੀਆਂ ਕਿਸ਼ਤਾਂ ਕਿਵੇਂ ਲਾਹ ਦਿੱਤੀਆਂ ਨਾਜਰ ਨੇ?” ਸਾਂਢੂ ਦੇ ਰੰਗ ਉੱਡ ਗਏ। ਉਹ ਹੌਲੀ ਜਿਹੀ ਨਾਜਰ ਦੇ ਕੰਨ ‘ਚ ਬੋਲਿਆ, “ਸਾਲਿਆ ਚੁੱਪ ਰਹਿ, ਇਹ ਥਾਣੇਦਾਰ ਆ ਤੇਰਾ ਪਿਉ।” ਨਾਜਰ ਨੂੰ ਪਿਛਲੀ ਕੁੱਟ ਯਾਦ ਆ ਗਈ। ਡਰ ਨਾਲ ਉਸ ਦਾ ਪਿੱਤਾ ਪਾਣੀ ਹੋ ਗਿਆ, ਪਰ ਮਾੜੀ ਆਦਤ ਕਾਰਨ ਰਹਿ ਫਿਰ ਵੀ ਨਾ ਸਕਿਆ, “ਪਰ ਭਾਜੀ ਵੇਚੀ ਐਵੇਂ ਚਾਰ ਕੁ ਮਹੀਨੇ ਈ ਸੀ।” ਥਾਣੇਦਾਰ ਨੇ ਸੁਣ ਕੇ ਸਹੇ ਵਾਂਗ ਕੰਨ ਕੱਸ ਲਏ। ਸਾਂਢੂ ਨੇ ਬੜੀ ਮੁਸ਼ਕਲ ਨਾਲ ਥਾਣੇਦਾਰ ਨੂੰ ਸਮਝਾਇਆ ਕਿ ਇਹ ਮੂੰਹ ਫੱਟ ਤੇ ਗਪੌੜੀ ਆਦਮੀ ਹੈ, ਇਸ ਨੇ ਅਫੀਮ ਸਵਾਹ ਵੇਚਣੀ ਹੈ।
ਅੱਜ ਕਲ੍ਹ ਦੇ ਸੋਸ਼ਲ ਮੀਡੀਆ ਵਾਲੇ ਜ਼ਮਾਨੇ ਵਿੱਚ ਤਾਂ ਜ਼ੁਬਾਨ ‘ਤੇ ਕੰਟਰੋਲ ਰੱਖਣਾ ਹੋਰ ਵੀ ਜਿਆਦਾ ਜਰੂਰੀ ਹੋ ਗਿਆ ਹੈ। ਆਡਿਉ, ਵੀਡੀਉ ਕਲਿਪਾਂ ਮਿੰਟੋ ਮਿੰਟੀ ਵਾਇਰਲ ਹੋ ਜਾਂਦੀਆਂ ਹਨ। ਅਨੇਕਾਂ ਨੇਤਾਵਾਂ ਅਤੇ ਅਫਸਰਾਂ ਦਾ ਕੈਰੀਅਰ ਅਜਿਹੀਆਂ ਕਲਿੱਪਾਂ ਕਾਰਨ ਬਰਬਾਦ ਹੋ ਚੁੱਕਾ ਹੈ। ਮਾਝੇ ਦੇ ਇੱਕ ਨੇਤਾ ਦੀ ਵਾਇਰਲ ਹੋਈ ਵੀਡੀਉ ਨੇ ਉਸ ਨੂੰ ਸਾਰੇ ਵਿਸ਼ਵ ਵਿੱਚ ਮਜ਼ਾਕ ਦਾ ਕੇਂਦਰ ਤਾਂ ਬਣਾਇਆ ਹੀ, ਘਰ ਬੈਠਣ ਲਈ ਵੀ ਮਜ਼ਬੂਰ ਕਰ ਦਿੱਤਾ। ਇੱਕ ਹੋਰ ਨੇਤਾ ਦੀ ਐਸ.ਐਚ.ਉ. ਨੂੰ ਜੁੱਲੀ ਬਿਸਤਰਾ ਬੰਨ੍ਹ ਦੇਣ ਦੀ ਧਮਕੀ ਵਾਲੀ ਆਡੀਉ, ਮੰਜੇ ਬਿਸਤਰੇ ਫਿਲਮ ਨਾਲੋਂ ਵੀ ਜਿਆਦਾ ਮਸ਼ਹੂਰ ਹੋਈ। ਪਿੱਛੇ ਜਿਹੇ ਇੱਕ ਨੇਤਾ ਵੱਲੋਂ ਇੱਕ ਡੀ.ਐਸ.ਪੀ. ਨੂੰ ਧਮਕਾਉਣ ਵਾਲੀ ਆਡਿਉ ਵੀ ਕਾਫੀ ਚੱਲੀ ਸੀ। ਸਮਾਰਟ ਫੋਨ ਕਾਰਨ ਹਰੇਕ ਵਿਅਕਤੀ ਦੇ ਹੱਥ ਵਿੱਚ ਕੈਮਰਾ ਹੈ ਤੇ ਜਿਆਦਾਤਰ ਦੀ ਆਡਿਉ ਰਿਕਾਰਡਿੰਗ ਆਟੋਮੈਟਿਕ ਚੱਲਦੀ ਰਹਿੰਦੀ ਹੈ। ਕਿਸੇ ਵੀ ਵਿਅਕਤੀ ਦੀ ਛੋਟੀ ਤੋਂ ਛੋਟੀ ਹਰਕਤ ਅਤੇ ਸ਼ਬਦ ਪਤਾ ਨਹੀਂ ਕਿੰਨੇ ਕੁ ਵਿਅਕਤੀ ਰਿਕਾਰਡ ਕਰ ਰਹੇ ਹੁੰਦੇ ਹਨ। ਵੈਸੇ ਵੀ ਸਾਡੇ ਸਮਾਜ ਵਿੱਚ ਚੁਗਲਖੋਰਾਂ ਦੀ ਭਰਮਾਰ ਹੈ। ਤੁਹਾਡੇ ਮੂੰਹ ਵਿੱਚੋਂ ਗੱਲ ਨਿਕਲਦੀ ਬਾਅਦ ਵਿੱਚ ਹੈ, ਉਹ ਸਹੀ ਸਥਾਨ ‘ਤੇ ਪਹਿਲਾਂ ਪਹੁੰਚਾ ਦਿੰਦੇ ਹਨ। ਇਸ ਲਈ ਤੁਹਾਡੀ ਸਿਹਤ, ਸਮਾਜਿਕ ਅਤੇ ਰਾਜਨੀਤਕ ਕੈਰੀਅਰ ਲਈ ਇਹ ਬਹੁਤ ਜਰੂਰੀ ਹੈ ਕਿ ਪਹਿਲਾਂ ਤੋਲੋ, ਫਿਰ ਬੋਲੋ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin