International

ਦੱਖਣੀ ਏਸ਼ੀਆ ’ਤੇ ਖ਼ੁਦਮੁਖ਼ਤਾਰੀ ਨਹੀਂ ਕਰਨਾ ਚਾਹੁੰਦਾ ਚੀਨ : ਜਿਨਪਿੰਗ

ਬੀਜਿੰਗ – ਗਿਰਗਿਟ ਵਾਂਗ ਰੰਗ ਬਦਲਣ ਵਾਲੇ ਚਾਲਬਾਜ਼ ਚੀਨ ਨੇ ਦੱਖਣ ਪੂਰਬੀ ਏਸ਼ੀਆ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ ਹੈ, ਜਿਸ ’ਤੇ ਸ਼ਾਇਦ ਹੀ ਕੋਈ ਭਰੋਸਾ ਕਰੇ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੱਖਣੀ ਚੀਨ ਸਾਗਰ ਨੂੰ ਲੈ ਕੇ ਚੱਲ ਰਹੇ ਟਕਰਾਅ ਦਰਮਿਆਨ ਕਿਹਾ ਕਿ ਉਨ੍ਹਾਂ ਦਾ ਦੇਸ਼ ਦੱਖਣ ਪੂਰਬੀ ਏਸ਼ੀਆ ’ਤੇ ਖ਼ੁਦਮੁਖ਼ਤਾਰੀ ਹਾਸਲ ਨਹੀਂ ਕਰੇਗਾ ਤੇ ਨਾ ਹੀ ਆਪਣੇ ਛੋਟੇ ਗੁਆਂਢੀਆਂ ਨਾਲ ਦਬੰਗਪੁਣਾ ਕਰੇਗਾ। ਜਿਨਪਿੰਗ ਨੇ ਸੋਮਵਾਰ ਨੂੰ ਦੱਖਣ ਪੂਰਬੀ ਏਸ਼ੀਆਈ ਰਾਸ਼ਟਰ ਸੰਘ (ਆਸੀਆਨ) ਦੇ ਮੈਂਬਰਾਂ ਨਾਲ ਇਕ ਆਨਲਾਈਨ ਸੰਮੇਲਨ ਦੌਰਾਨ ਇਹ ਗੱਲਾਂ ਕਹੀਆਂ। ਇਹ ਸੰਮੇਲਨ ਦੋਵਾਂ ਧਿਰਾਂ ਦਰਮਿਆਨ ਸਬੰਧਾਂ ਦੀ 30ਵੀਂ ਵਰ੍ਹੇਗੰਢ ਦੇ ਸਬੰਧ ’ਚ ਕਰਵਾਇਆ ਗਿਆ ਸੀ।ਜਿਨਪਿੰਗ ਦੇ ਹਵਾਲੇ ਨਾਲ ਦੇਸ਼ ਦੀ ਅਧਿਕਾਰਕ ਸਮਾਚਾਰ ਏਜੰਸੀ ਸ਼ਿਨਹੁਆ ਨੇ ਕਿਹਾ, ‘ਚੀਨ ਖ਼ੁਦਮੁਖ਼ਤਾਰਵਾਦ ਤੇ ਸੱਤਾ ਦੀ ਸਿਆਸਤ ਦਾ ਦ੍ਰਿੜ੍ਹਤਾ ਨਾਲ ਵਿਰੋਧ ਕਰਦਾ ਹੈ। ਅਸੀਂ ਆਪਣੇ ਗੁਆਂਢੀਆਂ ਨਾਲ ਦੋਸਤਾਨਾ ਸਬੰਧ ਤੇ ਖਿੱਤੇ ’ਚ ਸਥਾਈ ਸ਼ਾਂਤੀ ਬਣਾਈ ਰੱਖਣਾ ਚਾਹੁੰਦੇ ਹਾਂ।’ ਸ਼ੀ ਨੇ ਇਹ ਟਿੱਪਣੀ ਚੀਨੀ ਕੋਸਟ ਗਾਰਡ ਬੇੜਿਆਂ ਵੱਲੋਂ ਵਿਵਾਦਤ ਦੱਖਣੀ ਚੀਨ ਸਾਗਰ ਤੱਟ ’ਤੇ ਸੈਨਿਕਾਂ ਨੂੰ ਸਪਲਾਈ ਕਰਨ ਵਾਲੀਆਂ ਦੋ ਫਿਲਪੀਨੀ ਕਿਸ਼ਤੀਆਂ ਨੂੰ ਰੋਕਣ ਤੇ ਉਨ੍ਹਾਂ ’ਤੇ ਪਾਣੀ ਦੀ ਤੇਜ਼ ਵਾਛੜ ਕਰਨ ਦੇ ਕੁਝ ਦਿਨਾਂ ਬਾਅਦ ਕੀਤੀ ਹੈ। ਦੱਖਣੀ ਚੀਨ ਸਾਗਰ ’ਤੇ ਆਸੀਆਨ ਮੈਂਬਰ ਮਲੇਸ਼ੀਆ, ਵੀਅਤਨਾਮ, ਬਰੂਨੇਈ ਤੇ ਫਿਲਪੀਨ ਵੀ ਦਾਅਵਾ ਕਰਦੇ ਹਨ।ਫਿਲਪੀਨ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤੇਰਤੇ ਨੇ ਚੀਨੀ ਕੋਸਟ ਗਾਰਡਾਂ ਵੱਲੋਂ ਆਪਣੇ ਦੇਸ਼ ਦੀਆਂ ਕਿਸ਼ਤੀਆਂ ਰੋਕੇ ਜਾਣ ’ਤੇ ਇਤਰਾਜ਼ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਚੀਨ ਨੂੰ ਸਾਲ 1982 ਦੇ ਸੰਯੁਕਤ ਰਾਸ਼ਟਰ ਸੰਮੇਲਨ ਦੇ ਸਮੁੰਦਰੀ ਕਾਨੂੰਨ ਸਬੰਧੀ ਨਤੀਜਿਆਂ ਤੇ ਸਾਲ 2016 ਦੇ ਹੇਗ ਸਥਿਤ ਕੌਮਾਂਤਰੀ ਅਦਾਲਤ ਵੱਲੋਂ ਦੱਖਣੀ ਚੀਨ ਸਾਗਰ ਨੂੰ ਲੈ ਕੇ ਸੁਣਾਏ ਗਏ ਫ਼ੈਸਲੇ ਨੂੰ ਯਾਦ ਰੱਖਣਾ ਚਾਹੀਦਾ ਹੈ। ਕੌਮਾਂਤਰੀ ਅਦਾਲਤ ਨੇ ਦੱਖਣੀ ਚੀਨ ਸਾਗਰ ’ਤੇ ਚੀਨ ਦੇ ਦਾਅਵਿਆਂ ਨੂੰ ਖ਼ਾਰਜ ਕਰ ਦਿੱਤਾ ਸੀ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਇਸਮਾਈਲ ਸਾਬਰੀ ਯਾਕੂਬ ਨੇ ਦੱਖਣੀ ਚੀਨ ਸਾਗਰ ਦੇ ਵਿਵਾਦ ਨੂੰ ਸ਼ਾਂਤਮਈ ਤਰੀਕੇ ਨਾਲ ਨਜਿੱਠਣ ਦੀ ਅਪੀਲ ਕੀਤੀ। ਉੱਧਰ, ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਪੱਤਰਕਾਰ ਸੰਮੇਲਨ ’ਚ ਸਾਲ 2016 ਦੇ ਕੌਮਾਂਤਰੀ ਅਦਾਲਤ ਦੇ ਫ਼ੈਸਲੇ ਨੂੰ ਸਵੀਕਾਰ ਨਾ ਕਰਨ ਦੀ ਗੱਲ ਦੁਹਰਾਈ।ਦੋ ਸਫ਼ੀਰਾਂ ਨੇ ਦੱਸਿਆ ਕਿ ਸੰਮੇਲਨ ’ਚ ਆਸੀਆਨ ਮੈਂਬਰ ਮਿਆਂਮਾਰ ਨੂੰ ਪ੍ਰਤੀਨਿਧਤਾ ਨਹੀਂ ਦਿੱਤੀ ਗਈ, ਕਿਉਂਕਿ ਉੱਥੋਂ ਦੀ ਫ਼ੌਜੀ ਸਰਕਾਰ ਨੇ ਸੰਗਠਨ ਦੇ ਪ੍ਰਤੀਨਿਧੀਆਂ ਨੂੰ ਅਹੁਦਿਓਂ ਲੱਥੀ ਆਗੂ ਆਂਗ ਸਾਨ ਸੂ ਕੀ ਤੇ ਹੋਰਨਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਚੀਨ ਨੇ ਸਾਰੇ 10 ਮੈਂਬਰਾਂ ਦੇ ਸੰਮੇਲਨ ’ਚ ਹਿੱਸਾ ਲੈਣ ਦੀ ਇੱਛਾ ਪ੍ਰਗਟਾਈ ਸੀ, ਪਰ ਸਮੂਹ ਦੇ ਮੌਜੂਦਾ ਮੁਖੀ ਬਰੂਨੇਈ ਨੇ ਮਿਆਂਮਾਰ ’ਤੇ ਇਤਰਾਜ਼ ਪ੍ਰਗਟਾ ਦਿੱਤਾ।

Related posts

ਇਟਲੀ ’ਚ ਸਿੱਖ ਭਾਈਚਾਰੇ ਨੂੰ ਮਿਲੀ ਵੱਡੀ ਰਾਹਤ ਟ੍ਰੈਵਲ ਕਰਨ ਮੌਕੇ ਕਿਰਪਾਨ ਰੱਖਣ ’ਤੇ ਹੁਣ ਨਹੀਂ ਹੋਵੇਗਾ ਪਰਚਾ

editor

ਬਰਤਾਨਵੀ ਸੰਸਦ ’ਚ ਗੁਰਬਾਣੀ ਦੀਆਂ ਧੁਨਾਂ ਗੂੰਜੀਆਂ

editor

ਉੱਤਰੀ ਕੋਰੀਆ ਦੇ ਤਾਨਾਸ਼ਾਹ ਨੂੰ ਖੁਸ਼ ਰੱਖਣ ਲਈ ਬਣਾਇਆ ਜਾਂਦੈ ‘ਪਲੈਯਰ ਸਕੁਐਡ’

editor