Bollywood

ਨਿ੍ਰਤ ਨੂੰ ਜਿਊਣ ਵਾਲੀ ਮਧੂਮਤੀ

ਅਜ਼ੂਰੀ, ਸਿਤਾਰਾ ਦੇਵੀ, ਕੁੱਕੂ ਤੇ ਹੈਲਨ ਵਰਗੀਆਂ ਮਸ਼ਹੂਰ ਫ਼ਿਲਮੀ ਨਾਚੀਆਂ ਤੋਂ ਬਾਅਦ ਨਿ੍ਰਤ ਅਦਾਕਾਰੀ ਦੇ ਖੇਤਰ ਵਿੱਚ ਛਾ ਜਾਣ ਵਾਲੀ ਮਧੂਮਤੀ ਉਰਫ਼ ਹਿਊਟੋਕਸੀ ਦਾਰਾ ਰਿਪੋਰਟਰ ਦੀ ਪੈਦਾਇਸ਼ 30 ਮਈ 1941 ਨੂੰ ਠਾਣੇ ਦੇ ਇੱਕ ਖ਼ੁਸ਼ਹਾਲ ਪਾਰਸੀ ਪਰਿਵਾਰ ਵਿੱਚ ਹੋਈ। ਮਧੂਮਤੀ ਦੇ ਪਿਤਾ ਖ਼ਾਨ ਸਾਹਿਬ ਦਾਰਾ ਬਹਿਰਾਮ ਜੀ ਰਿਪੋਰਟਰ ਪੇਸ਼ੇ ਵਜੋਂ ਜੱਜ ਸਨ ਅਤੇ ਮਾਤਾ ਦਾ ਨਾਮ ਪੈਰੀਨ ਸੀ। ਬਾਲ ਵਰੇਸੇ ਹੀ ਮਧੂਮਤੀ ਨੂੰ ਨਿ੍ਰਤ ਕਲਾ ਨਾਲ ਬੇਪਨਾਹ ਉਲਫ਼ਤ ਸੀ। ਪਿਤਾ ਦੀ ਮੁਖ਼ਾਲਫ਼ਤ ਦੇ ਬਾਵਜੂਦ ਉਸ ਨੇ 7 ਸਾਲ ਦੀ ਉਮਰ ਵਿੱਚ ਲਖਨਊ ਘਰਾਣੇ ਦੇ ਗੁਰੂ ਦੁਲਾਰੀ ਸ੍ਰੀਵਾਸਤਵ ਕੋਲੋਂ ਕੱਥਕ ਨਿ੍ਰਤ ਸਿੱਖਿਆ। ਸਕੂਲ ਪੜ੍ਹਦਿਆਂ ਹੀ ਮਧੂਮਤੀ ਨੇ ਮਣੀਪੁਰੀ ਤੇ ਕਥਾਕਲੀ ਨਿ੍ਰਤ ਸਿੱਖਿਆ। ਉਸ ਨੇ ਗੁਰੂ ਆਰ. ਕੇ. ਸ਼ੈਟੀ ਅਤੇ ਗੁਰੂ ਚੰਦਰ ਸ਼ੇਖਰ ਪਿੱਲੇ ਕੋਲੋਂ ਭਰਤ ਨਾਟੀਅਮ ਦੀ ਸਿਖਲਾਈ ਹਾਸਲ ਕੀਤੀ। ਇਸ ਤੋਂ ਇਲਾਵਾ ਪੰਜਾਬੀ ਲੋਕ ਨਾਚ ਮਨੋਹਰ ਦੀਪਕ ਕੋਲੋਂ ਸਿੱਖਿਆ। ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਉਸ ਨੇ ਠਾਣੇ ਵਿੱਚ ਆਪਣੀ ਡਾਂਸ ਅਕੈਡਮੀ ਖੋਲ੍ਹ ਲਈ। ਹੌਲੀ-ਹੌਲੀ ਨਿ੍ਰਤ ਕਲਾ ਦਾ ਇਹੀ ਸ਼ੌਕ ਉਸ ਨੂੰ ਹਿੰਦੀ ਤੇ ਪੰਜਾਬੀ ਫ਼ਿਲਮਾਂ ਵੱਲ ਖਿੱਚ ਲਿਆਇਆ। ਬਾਅਦ ’ਚ ਉਸ ਨੇ ਕਈ ਮਰਾਠੀ, ਗੁਜਰਾਤੀ ਅਤੇ ਬੰਗਲਾ ਫ਼ਿਲਮਾਂ ਵਿੱਚ ਬਤੌਰ ਡਾਂਸਰ, ਮੁੱਖ ਅਦਾਕਾਰਾ ਤੇ ਚਰਿੱਤਰ ਅਦਾਕਾਰਾ ਵਜੋਂ ਭਰਪੂਰ ਨਾਂ ਤੇ ਸ਼ੋਹਰਤ ਖੱਟੀ। ਜਦੋਂ ਰਾਮੂਭਾਈ ਦੇਸਾਈ ਨੇ ਆਪਣੇ ਫ਼ਿਲਮਸਾਜ਼ ਅਦਾਰੇ ਪ੍ਰਭਾ ਪਿਕਚਰਜ਼, ਬੰਬੇ ਦੇ ਬੈਨਰ ਹੇਠ ਧੀਰੂਭਾਈ ਦੇਸਾਈ ਦੀ ਹਿਦਾਇਤਕਾਰੀ ਵਿੱਚ ਪੌਰਾਣਿਕ ਫ਼ਿਲਮ ‘ਹਰੀਸ਼ਚੰਦਰ’ ਉਰਫ਼ ‘ਰਾਜਾ ਹਰੀਸ਼ਚੰਦਰ’ (1958) ਬਣਾਈ ਤਾਂ ਪਾਰਸੀ ਮੁਟਿਆਰ ਹਿਊਟੋਕਸੀ ਨੂੰ ‘ਮਧੂਮਤੀ’ ਦੇ ਨਵੇਂ ਨਾਮ ਨਾਲ ਮੁਤਆਰਿਫ਼ ਕਰਵਾਇਆ। ਸ਼ਾਹੂ ਮੋਦਕ ਤੇ ਸੁਲੋਚਨਾ ਦੇ ਮਰਕਜ਼ੀ ਕਿਰਦਾਰਾਂ ਵਾਲੀ ਇਸ ਫ਼ਿਲਮ ਵਿੱਚ ਮਧੂਮਤੀ ਨੇ ਸੁਸ਼ਾਂਤ ਬੈਨਰਜੀ ਦੇ ਸੰਗੀਤ ’ਚ ਸਜੇ ਗੀਤ ‘ਆਜਾ ਰਾਜਾ ਆਜਾ’ ਉੱਤੇ ਆਪਣੇ ਨਿ੍ਰਤ ਦੀ ਪਹਿਲੀ ਪੇਸ਼ਕਾਰੀ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਲਲਿਤ ਕਲਾ ਮੰਦਿਰ, ਬੰਬੇ ਦੀ ਅਰਬਿੰਦ ਸੈਨ ਨਿਰਦੇਸ਼ਿਤ ਫ਼ਿਲਮ ‘ਜਾਲਸਾਜ਼’ (1959), ਵੀ. ਕੇ. ਪ੍ਰੋਡਕਸ਼ਨਜ਼, ਬੰਬੇ ਦੀ ਆਰ. ਮਜੂਮਦਾਰ ਨਿਰਦੇਸ਼ਿਤ ਫ਼ਿਲਮ ‘ਹਮ ਭੀ ਇਨਸਾਨ ਹੈਂ’ (1959), ਪ੍ਰਭਾ ਪਿਕਚਰਜ਼, ਬੰਬੇ ਦੀ ਸ਼ਰਦ ਦੇਸਾਈ ਨਿਰਦੇਸ਼ਿਤ ਫ਼ਿਲਮ ‘ਸ਼ਰਵਨ ਕੁਮਾਰ’ (1960), ਮਧੂਸ਼ਾਲਾ, ਬੰਬੇ ਦੀ ਸੀ. ਕਾਂਤ ਨਿਰਦੇਸ਼ਿਤ ਫ਼ਿਲਮ ‘ਕੈਪਟਨ ਇੰਡੀਆ’ (1960), ਫ਼ਿਲਮਜ਼ ਮੇਕਰਜ਼, ਬੰਬੇ ਦੀ ਮੁਹੰਮਦ ਹੁਸੈਨ ਨਿਰਦੇਸ਼ਿਤ ਫ਼ਿਲਮ ‘ਤੀਰ ਔਰ ਤਲਵਾਰ’ (1960) ’ਚ ਨਿ੍ਰਤ ਗੀਤ ਕਰਨ ਤੋਂ ਬਾਅਦ ਚੰਦਰ ਮੂਵੀਜ਼, ਬੰਬੇ ਦੀ ਚੰਦੂਲਾਲ ਸ਼ਾਹ ਨਿਰਦੇਸ਼ਿਤ ਫ਼ਿਲਮ ‘ਜ਼ਮੀਨ ਕੇ ਤਾਰੇ’ (1960) ਵਿੱਚ ਪਹਿਲੀ ਵਾਰ ਹੀਰੋਇਨ ਵਜੋਂ ਡੇਜ਼ੀ ਇਰਾਨੀ ਦੀ ‘ਮਤਰੇਈ ਮਾਂ’ ਦਾ ਕਿਰਦਾਰ ਨਿਭਾਇਆ। ਮਧੂਮਤੀ ਨੇ ਆਪਣੇ ਪਤੀ ਮਨੋਹਰ ਦੀਪਕ ਦੇ ਫ਼ਿਲਮਸਾਜ਼ ਅਦਾਰੇ ਆਲਮਦੀਪ ਪ੍ਰੋਡਕਸ਼ਨਜ਼, ਬੰਬੇ ਦੀ ਧਰਮ ਕੁਮਾਰ ਨਿਰਦੇਸ਼ਿਤ ਫ਼ਿਲਮ ‘ਸੰਗਦਿਲ’ (1967) ਅਤੇ ਕੇ. ਡੀ. ਸ਼ਰਮਾ ਦੇ ਫ਼ਿਲਮਸਾਜ਼ ਅਦਾਰੇ ਕੇ. ਡੀ. ਫ਼ਿਲਮਜ਼, ਬੰਬੇ ਦੀ ਮਨੋਹਰ ਦੀਪਕ ਨਿਰਦੇਸ਼ਿਤ ਫ਼ਿਲਮ ‘ਜਯ ਜਵਾਲਾ’ ਉਰਫ਼ ‘ਪੂਜਾ ਔਰ ਪਾਇਲ’ (1972) ’ਚ ਅਦਾਕਾਰੀ ਕੀਤੀ। ਇਸ ਤੋਂ ਇਲਾਵਾ ਬਤੌਰ ਅਦਾਕਾਰਾ ਕ੍ਰਿਸ਼ਨਦੀਪ ਪ੍ਰੋਡਕਸ਼ਨਜ਼, ਬੰਬੇ ਦੀ ਧਰਮ ਕੁਮਾਰ ਨਿਰਦੇਸ਼ਿਤ ਫ਼ਿਲਮ ‘ਚਲੇ ਹੈਂ ਸੁਸਰਾਲ’ (1966) ’ਚ ਹੀਰੋ ਚੰਦਰਸ਼ੇਖਰ ਨਾਲ ਹੀਰੋਇਨ ਦਾ ਪਾਰਟ ਅਦਾ ਕੀਤਾ। ਓ. ਪੀ. ਰਲਹਨ ਦੇ ਫ਼ਿਲਮਸਾਜ਼ ਅਦਾਰੇ ਰਲਹਨ ਪ੍ਰੋਡਕਸ਼ਨਜ਼, ਬੰਬੇ ਦੀ ਓ. ਪੀ. ਰਲਹਨ ਨਿਰਦੇਸ਼ਿਤ ਫ਼ਿਲਮ ‘ਤਲਾਸ਼’ (1969) ’ਚ ਉਸ ਨੇ ਅਮਜ਼ਦ ਖ਼ਾਨ ਦੀ ਮਹਿਬੂਬਾ ਦਾ ਨਕਾਰਾਤਮਕ ਕਿਰਦਾਰ ਨਿਭਾਇਆ। ਉਸ ਦੀ ਨਿ੍ਰਤ ਅਦਾਕਾਰਾ ਵਜੋਂ ਆਖ਼ਰੀ ਹਿੰਦੀ ਫ਼ਿਲਮ ਐੱਮ. ਕੇ. ਡੀ. ਫ਼ਿਲਮਜ਼, ਬੰਬੇ ਦੀ ਮਨਮੋਹਨ ਦੇਸਾਈ ਨਿਰਦੇਸ਼ਿਤ ਫ਼ਿਲਮ ‘ਅਮਰ ਅਕਬਰ ਅਨਥੋਨੀ’ (1977) ਸੀ, ਜਿਸ ਵਿੱਚ ਉਸ ਨੇ ਤਵਾਇਫ਼ ‘ਬਿਜਲੀ ਬਾਈ’ ਦਾ ਕਿਰਦਾਰ ਨਿਭਾਇਆ। ਮਧੂਮਤੀ ਦੀ ਨਾਚ ਕਲਾ ਨਾਲ ਜੁੜੇ ਤੇ ਉਸ ’ਤੇ ਫ਼ਿਲਮਾਏ ਕੁਝ ਮਸ਼ਹੂਰ ਜ਼ਮਾਨਾ ਗੀਤ ‘ਅਭੀ ਕਮਸਿਨ ਹੋ ਨਾਦਾਂ ਹੋ ਜਾਨੇ ਜਾਨਾ’ (ਰਫ਼ੀ, ਕੋਰਸ/ਆਯਾ ਤੂਫ਼ਾਨ/1964), ‘ਆਂਖੋਂ-ਆਂਖੋਂ ਮੇਂ ਕਿਸੀ ਸੇ ਬਾਤ ਹੂਈ’ (ਆਸ਼ਾ ਭੌਸਲੇ/ਜਾਨਵਰ/1965), ‘ਹੁਜ਼ੂਰੇ ਵਾਲਾ ਜੋ ਹੋ ਇਜਾਜ਼ਤ ਤੋ ਹਮ ਯੇ ਸਾਰੇ ਜਹਾਂ ਸੇ ਕਹਿ ਦੇਂ’ (ਮੀਨੂੰ ਪ੍ਰਸ਼ੋਤਮ, ਆਸ਼ਾ ਭੌਸਲੇ/ਯੇਹ ਰਾਤ ਫਿਰ ਨਾ ਆਏਗੀ/1966), ‘ਮੁਸ਼ਕਿਲ ਮੇਂ ਪੜ ਗਈ ਜਾਨ’ (ਲਤਾ ਮੰਗੇਸ਼ਕਰ, ਊਸ਼ਾ ਮੰਗੇਸ਼ਕਰ/ਦੇਵਰ/1966), ‘ਨਾਈਟ ਇਨ ਲੰਦਨ’ (ਲਤਾ, ਰਫ਼ੀ, ਸਾਥੀ/ਨਾਈਟ ਇਨ ਲੰਦਨ/1967), ‘ਝਨਕ-ਝਨਕ ਮੋਰੇ ਬਾਜੇ ਪਾਯਲੀਆ’ (ਮੰਨਾ ਡੇਅ/ਮੇਰੇ ਹੁਜ਼ੂਰ/1968) ਆਦਿ ਦੀ ਲੰਮੇਰੀ ਸੂਚੀ ਹੈ। 1962 ਦੀ ਭਾਰਤ-ਚੀਨ ਜੰਗ ਦੌਰਾਨ ਨੇਫ਼ਾ ਬਾਰਡਰ ’ਤੇ ਜਾ ਕੇ ਫ਼ੌਜੀ ਭਰਾਵਾਂ ਦਾ ਹੌਸਲਾ ਵਧਾਉਣ ਵਾਲੀ ਮਧੂਮਤੀ ਪਹਿਲੀ ਬੀਬੀ ਸੀ। ਇਸ ਤੋਂ ਬਾਅਦ ਉਸ ਨੇ ਅਦਾਕਾਰ ਸੁਨੀਲ ਦੱਤ ਨਾਲ ਮਿਲਕੇ ‘ਅਜੰਤਾ ਆਰਟਸ ਕਲਚਰਲ ਟਰੂਪ’ ਦੀ ਸਥਾਪਨਾ ਕੀਤੀ। ਉਸ ਨੇ ਹਿੰਦੀ ਫ਼ਿਲਮਾਂ ਦੇ ਨਾਲ-ਨਾਲ ਪੰਜਾਬੀ ਫ਼ਿਲਮਾਂ ਵਿੱਚ ਨਿ੍ਰਤ ਅਦਾਕਾਰਾ ਵਜੋਂ ਕੰਮ ਕੀਤਾ। ਉਸ ਨੇ ਆਪਣੇ ਅਦਾਕਾਰ ਪਤੀ ਮਨੋਹਰ ਦੀਪਕ ਦੇ ਫ਼ਿਲਮਸਾਜ਼ ਅਦਾਰੇ ਸੰਗੀਤ ਪਿਕਚਰਜ਼, ਬੰਬੇ ਦੀ ਜੁਗਲ ਕਿਸ਼ੋਰ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਖੇਡਣ ਦੇ ਦਿਨ ਚਾਰ’ (1962) ’ਚ ਨਿ੍ਰਤ ਅਦਾਕਾਰਾ ਦਾ ਪਾਰਟ ਅਦਾ ਕੀਤਾ। ਹੰਸਰਾਜ ਬਹਿਲ ਦੇ ਸੰਗੀਤ ਵਿੱਚ ਨੰਦਲਾਲ ਨੂਰਪੁਰੀ ਦਾ ਲਿਖਿਆ ਇੱਕ ਗੀਤ ‘ਹੋਏ…ਦੁਹਾਈ ਨੀਂ ਦੁਹਾਈ ਨੈਣਾਂ ਨਾਲ ਹੋਣ ਲੱਗੀ ਨੈਣਾਂ ਦੀ ਲੜਾਈ’ (ਸ਼ਮਸ਼ਾਦ ਬੇਗ਼ਮ) ਮਧੂਮਤੀ, ਇੰਦਰਾ ਤੇ ਸਹੇਲੀਆਂ ਉੱਤੇ ਫ਼ਿਲਮਾਇਆ ਗਿਆ। ਰਾਜ ਕੁਮਾਰ ਕੋਹਲੀ ਦੇ ਫ਼ਿਲਮਸਾਜ਼ ਅਦਾਰੇ ਸ਼ੰਕਰ ਮੂਵੀਜ਼, ਬੰਬੇ ਦੀ ਪੰਜਾਬੀ ਫ਼ਿਲਮ ‘ਪਿੰਡ ਦੀ ਕੁੜੀ’ (1963) ’ਚ ਮਧੂਮਤੀ ਨੇ ਨਿਸ਼ੀ ਨਾਲ ਨਿ੍ਰਤ ਗੀਤ ‘ਹਾਏ ਨੀਂ ਹਾਲ ਪਾਰਿਆ’ (ਆਸ਼ਾ ਭੌਸਲੇ, ਸ਼ਮਸ਼ਾਦ ਬੇਗ਼ਮ) ’ਚ ਖ਼ੂਬ ਧਮਾਲਾਂ ਪਾਈਆਂ। ਮਨੋਹਰ ਦੀਪਕ ਤੇ ਜਸਮੇਰ ਗਿੱਲ ਦੇ ਫ਼ਿਲਮਸਾਜ਼ ਅਦਾਰੇ ਅਕਾਸ਼ਬਾਣੀ ਪਿਕਚਰਜ਼, ਬੰਬੇ ਦੀ ਹੈਨਰੀ ਜੂਲੀਅਸ (ਸਹਾਇਕ ਸਤਪਾਲ ਤੇ ਗੁਰਮੇਲ) ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਗੀਤ ਬਹਾਰਾਂ ਦੇ’ (1964) ’ਚ ਉਸ ਨੇ ‘ਮਧੂ’ ਦਾ ਤੇ ਜਗਦੇਵ ਭਾਂਬਰੀ ਨੇ ‘ਜਗਦੇਵ’ ਦਾ ਪਾਰਟ ਅਦਾ ਕੀਤਾ। ਫ਼ਿਲਮ ਦੇ ਮਰਕਜ਼ੀ ਕਿਰਦਾਰ ਵਿੱਚ ਮਨੋਹਰ ਦੀਪਕ ਤੇ ਜਬੀਨ ਜਲੀਲ ਜੋੜੀਦਾਰ ਵਜੋਂ ਮੌਜੂਦ ਸਨ। ਦੱਤਾ ਰਾਮ (ਸਹਾਇਕ ਸੋਨਿਕ) ਦੇ ਸੰਗੀਤ ਵਿੱਚ ਮਧੂਮਤੀ, ਜਗਦੇਵ, ਮਨੋਹਰ ਦੀਪਕ ਤੇ ਜਬੀਨ ’ਤੇ ਫ਼ਿਲਮਾਏ ਗੀਤ ‘ਕਿੱਕਲੀ ਕਲੀਰ ਦੀ…ਨੀਂ ਏਹਦਾ ਘੜੀ-ਘੜੀ ਪਲ-ਪਲ ਹੋਰ’ (ਆਸ਼ਾ ਭੌਸਲੇ, ਲਤਾ ਮੰਗੇਸ਼ਕਰ), ‘ਇੱਕ ਪਾਸੇ ਟਾਹਲੀ ਤੇ ਇੱਕ ਪਾਸੇ ਬੇਰੀ’ (ਲਤਾ ਮੰਗੇਸ਼ਕਰ, ਆਸ਼ਾ ਭੌਸਲੇ) ਤੋਂ ਇਲਾਵਾ ਕੱਵਾਲੀ ਗੀਤ ‘ਸੋਹਣੇ ਰੱਬ ਦੀਆਂ ਸਿਫ਼ਤਾਂ ਕੀ ਕਰੀਏ’ (ਮੁਹੰਮਦ ਰਫ਼ੀ, ਆਸ਼ਾ ਭੋਸਲੇ) ਵੀ ਬੜਾ ਪਸੰਦ ਕੀਤਾ ਗਿਆ। ਸ੍ਰੀਮਤੀ ਐੱਸ. ਐੱਸ. ਮਦਾਨ ਦੇ ਫ਼ਿਲਮਸਾਜ਼ ਅਦਾਰੇ ਸੋਭਾ ਪਿਕਚਰਜ਼, ਬੰਬੇ ਦੀ ਬੇਕਲ ‘ਅੰਮ੍ਰਿਤਸਰੀ’ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਕਿੱਕਲੀ’ (1964) ’ਚ ਮਧੂਮਤੀ ਨੇ ਹਰਬੰਸ ਦੇ ਸੰਗੀਤ ’ਚ ਬੇਕਲ ਦੇ ਲਿਖੇ ਗੀਤ ‘ਆਏ-ਹਾਏ…ਕੋਠੇ ਤੇ ਆਈਂ ਵੇ ਹਕੀਮ ਤਾਰਾ ਚੰਦ’ (ਆਸ਼ਾ ਭੌਸਲੇ, ਮੀਨੂੰ ਪ੍ਰਸ਼ੋਤਮ) ਮਧੂਮਤੀ, ਅਰੂਨਾ (ਇੰਦਰਾ) ਤੇ ਸਹੇਲੀਆਂ ’ਤੇ ਫ਼ਿਲਮਾਇਆ ਗਿਆ ਸੀ। ਸ਼ੰਕਰ ਮੂੂਵੀਜ਼, ਬੰਬੇ ਦੀ ਬਲਦੇਵ ਆਰ. ਝੀਂਗਣ ਨਿਰਦੇਸ਼ਿਤ ਫ਼ਿਲਮ ‘ਮੈਂ ਜੱਟੀ ਪੰਜਾਬ ਦੀ’ (1964) ’ਚ ਹੁਸਨਲਾਲ-ਭਗਤਰਾਮ ਦੇ ਸੰਗੀਤ ਵਿੱਚ ਵਰਮਾ ਮਲਿਕ ਦੇ ਲਿਖੇ ਇੱਕ ਗੀਤ ‘ਹਾਏ ਤੌਬਾ ਹਾਏ ਨੀਂ ਮੈਨੂੰ ਕੀ ਹੁੰਦਾ ਜਾਏ’ (ਸ਼ਮਸ਼ਾਦ ਬੇਗ਼ਮ, ਊਸ਼ਾ ਮੰਗੇਸ਼ਕਰ) ਉੱਤੇ ਮਧੂਮਤੀ ਤੇ ਨਿਸ਼ੀ ਨੇ ਸੋਹਣਾ ਨਿ੍ਰਤ ਪੇਸ਼ ਕੀਤਾ। ਗੋਪਾਲ ਸਹਿਗਲ ਦੇ ਫ਼ਿਲਮਸਾਜ਼ ਅਦਾਰੇ ਅਲਪਨਾ ਫ਼ਿਲਮਜ਼, ਬੰਬੇ ਦੀ ਰੌਸ਼ਨ ਭਾਰਦਵਾਜ ਨਿਰਦੇਸ਼ਿਤ ਮਜ਼ਾਹੀਆ ਫ਼ਿਲਮ ‘ਮਾਮਾ ਜੀ’ (1964) ’ਚ ਮਧੂਮਤੀ ਤੇ ਅਰੂਨਾ ’ਤੇ ਨਿ੍ਰਤ ਗੀਤ ‘ਤਿਲ੍ਹਕ ਗਿਆ ਮੇਰਾ ਪੈਰ ਨੀਂ’ (ਊਸ਼ਾ ਮੰਗੇਸ਼ਕਰ, ਮੀਨੂੰ ਪ੍ਰਸ਼ੋਤਮ) ਫ਼ਿਲਮਾਇਆ ਗਿਆ। 1962 ਦੀ ਹਿੰਦ-ਚੀਨ ਜੰਗ ਦੇ ਵਿਸ਼ੇ ’ਤੇ ਬਣੀ ਹਰਬੰਸ ਸਿੰਘ ਸੇਖੋਂ ਦੇ ਫ਼ਿਲਮਸਾਜ਼ ਅਦਾਰੇ ਪੰਜਾਬ ਫ਼ਿਲਮ ਆਰਟਸ, ਬੰਬੇ ਦੀ ਬਲਦੇਵ ਆਰ. ਝੀਂਗਣ ਨਿਰਦੇਸ਼ਿਤ ਫ਼ਿਲਮ ‘ਧਰਤੀ ਵੀਰਾਂ ਦੀ’ (1965) ’ਚ ਮਧੂਮਤੀ ਨੇ ਦੂਜੀ ਹੀਰੋਇਨ ‘ਬਚਨੀ’ ਦਾ ਪਾਰਟ ਅਦਾ ਕੀਤਾ। ਐੱਸ. ਮਦਨ ਦੇ ਸੰਗੀਤ ’ਚ ਨਕਸ਼ ਲਾਇਲਪੁਰੀ ਦੇ ਲਿਖੇ ਤੇ ਮਧੂਮਤੀ, ਰਾਜਿੰਦਰ ਕਪੂਰ ਤੇ ਨਿਸ਼ੀ ’ਤੇ ਫ਼ਿਲਮਾਏ ਗੀਤ ‘ਜੀਵੇ ਜਵਾਨੀਆਂ ਮਾਣੇ ਤੂੰ ਹੈ ਮੇਰੇ ਹਾਣ ਦੀ’ (ਆਸ਼ਾ ਭੌਸਲੇ, ਸੁਮਨ ਕਲਿਆਣਪੁਰ) ਤੋਂ ਇਲਾਵਾ ਭੰਗੜਾ ਗੀਤ ‘ਮੈਂ ਹਾਂ ਜੱਟ ਪੰਜਾਬ ਦਾ…ਗੋਰਾ ਰੰਗ ਤਿੱਖਾ ਨੱਕ ਸ਼ਾਵਾ-ਸ਼ਾਵਾ’ (ਮੁਹੰਮਦ ਰਫ਼ੀ, ਸ਼ਮਸ਼ਾਦ ਬੇਗ਼ਮ, ਸੁਰਿੰਦਰ ਕੋਹਲੀ, ਮਧੂਲਿਕਾ ਦੇਵੀ) ਖ਼ੂਬ ਚੱਲਿਆ। ਸ਼ੇਰੇ ਪੰਜਾਬ ਫ਼ਿਲਮਜ਼, ਬੰਬੇ ਦੀ ਬਲਦੇਵ ਰਾਜ ਝੀਂਗਣ ਨਿਰਦੇਸ਼ਿਤ ਫ਼ਿਲਮ ‘ਸੱਪਣੀ’ (1965) ’ਚ ਉਸ ਨੇ ਅਦਾਕਾਰਾ ਨਿਸ਼ੀ ਨਾਲ ਵਰਮਾ ਮਲਿਕ ਦੇ ਲਿਖੇ ਗੀਤ ‘ਛੱੱਡੋ ਰਸਤਾ ਕੇ ਚੱਲੀ ਏ ਜਵਾਨੀ ਸ਼ੂਕਦੀ’ (ਆਸ਼ਾ ਭੌਸਲੇ, ਮੀਨੂੰ ਪ੍ਰਸ਼ੋਤਮ) ’ਤੇ ਖ਼ੂਬਸੂਰਤ ਨਿ੍ਰਤ ਪੇਸ਼ ਕੀਤਾ। 1970ਵਿਆਂ ਦੇ ਦਹਾਕੇ ’ਚ ਵੀ ਮਧੂਮਤੀ ਆਪਣੇ ਖ਼ੂਬਸੂਰਤ ਨਿ੍ਰਤ ਗੀਤਾਂ ਜ਼ਰੀਏ ਪੰਜਾਬੀ ਫ਼ਿਲਮਾਂ ’ਚ ਛਾਈ ਰਹੀ। ਰੂਪ ਕਿਰਨ ਪਿਕਚਰਜ਼, ਬੰਬੇ ਦੀ ਜਗਿੰਦਰ ਸਮਰਾ ਨਿਰਦੇਸ਼ਿਤ ਫ਼ਿਲਮ ‘ਮੇਲੇ ਮਿੱਤਰਾਂ ਦੇ’ (1972) ’ਚ ਉਸ ਨੇ ਲਤਾ ਅਰੋੜਾ ਨਾਲ ਗੀਤ ‘ਮੈਂ ਮੁਟਿਆਰ ਪੰਜਾਬ ਦੀ’ (ਹੇਮਲਤਾ, ਰਾਜਿੰਦਰ ਰਾਜਨ, ਪਾਲ ਸਿੱਧੂ) ’ਤੇ ਸੋਹਣਾ ਨਾਚ ਪੇਸ਼ ਕੀਤਾ। ਕੰਵਰ ਮਹਿੰਦਰ ਸਿੰਘ ਬੇਦੀ ਦੇ ਫ਼ਿਲਮਸਾਜ਼ ਅਦਾਰੇ ਬੇਦੀ ਐਂਡ ਬਖ਼ਸ਼ੀ ਪ੍ਰੋਡਕਸ਼ਨਜ਼, ਬੰਬੇ ਦੀ ਫ਼ਿਲਮ ‘ਮਨ ਜੀਤੈ ਜਗੁ ਜੀਤੁ’ (1973) ’ਚ ਉਸ ਨੇ ਇੱਕ ਕੱਵਾਲੀ ਗੀਤ ‘ਤੂੰ ਵੀ ਡਾਕੂ ਤੇ ਮੈਂ ਵੀ ਡਾਕੂ’ (ਆਸ਼ਾ ਭੌਸਲੇ) ’ਤੇ ਆਪਣੇ ਫ਼ਨ ਦੀ ਪੇਸ਼ਕਾਰੀ ਕੀਤੀ। ਬੂਟਾ ਸਿੰਘ ਸ਼ਾਦ ਦੇ ਫ਼ਿਲਮਸਾਜ਼ ਅਦਾਰੇ ਬਰਾੜ ਪ੍ਰੋਡਕਸ਼ਨਜ਼, ਬੰਬੇ ਦੀ ਫ਼ਿਲਮ ‘ਸੱਚਾ ਮੇਰਾ ਰੂਪ ਹੈ’ (1976) ’ਚ ਗੀਤ ‘ਸੁਣ ਓ ਸ਼ਿਕਾਰੀਆ ਜੇ ਕਰਨਾ ਏ ਸ਼ਿਕਾਰ’ (ਮੀਨੂੰ ਪ੍ਰਸ਼ੋਤਮ) ਮਧੂਮਤੀ, ਸਰਿਤਾ, ਰਾਜਿੰਦਰ ਨਾਥ, ਗੋਪਾਲ ਸਹਿਗਲ ’ਤੇ ਫ਼ਿਲਮਾਇਆ ਗਿਆ ਸੀ। ਸਚਦੇਵਾ ਫ਼ਿਲਮਜ਼, ਬੰਬੇ ਦੀ ਪ੍ਰਤਾਪ ਸਾਗਰ ਨਿਰਦੇਸ਼ਿਤ ਫ਼ਿਲਮ ‘ਸ਼ਹੀਦ ਕਰਤਾਰ ਸਿੰਘ ਸਰਾਭਾ’ (1979) ’ਚ ਵੇਦਪਾਲ ਦੇ ਸੰਗੀਤ ’ਚ ਕਸ਼ਮੀਰ ਕਾਦਰ ਦਾ ਲਿਖਿਆ ਤੇ ਮਧੂਮਤੀ ’ਤੇ ਫ਼ਿਲਮਾਇਆ ਮੁਜਰਾ ਗੀਤ ‘ਯਾਰ ਦਾ ਰੁਤਬਾ…ਡੇਰਾ ਯਾਰ ਦੀ ਗਲੀ ਵਿੱਚ ਲਾ ਲੈ’ (ਮੀਨੂੰ ਪ੍ਰਸ਼ੋਤਮ) ਬਹੁਤ ਹਿੱਟ ਹੋਇਆ। 17 ਅਗਸਤ 1979 ਨੂੰ ਪ੍ਰਕਾਸ਼ ਥੀਏਟਰ, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ ਇਹ ਮਧੂਮਤੀ ਦੀ ਆਖ਼ਰੀ ਪੰਜਾਬੀ ਫ਼ਿਲਮ ਕਰਾਰ ਪਾਈ। 1960ਵਿਆਂ ਦੇ ਦਹਾਕੇ ਵਿੱਚ ਮਧੂਮਤੀ ਨੇ ਭੰਗੜਾ ਅਦਾਕਾਰ ਮਨੋਹਰ ਦੀਪਕ ਨਾਲ ਮਿਲ ਕੇ ‘ਮਧੂਮਤੀ-ਮਨੋਹਰ ਦੀਪਕ ਕਲਚਰ ਟਰੂਪ’ ਬਣਾਇਆ। ਇਸ ਗਰੁੱਪ ਦੇ 35 ਮੈਂਬਰ ਸਨ, ਜਿਨ੍ਹਾਂ ਨਾਲ ਮਿਲ ਕੇ ਉਨ੍ਹਾਂ ਨੇ ਦੁਨੀਆ ਵਿੱਚ ਕਈ ਸ਼ੋਅ ਪੇਸ਼ ਕੀਤੇ। 1963 ਵਿੱਚ ਮਨੋਹਰ ਦੀਪਕ ਦੀ ਪਹਿਲੀ ਪਤਨੀ ਜੋਤ ਕੌਰ ਫ਼ੌਤ ਹੋ ਗਈ। 1965 ਵਿੱਚ ਮਧੂਮਤੀ ਨੇ ਆਪਣੀ ਦੋਸਤ ਅਦਾਕਾਰਾ ਨਰਗਿਸ ਦੱਤ ਦੇ ਕਹਿਣ ’ਤੇ ਮਨੋਹਰ ਦੀਪਕ ਨਾਲ ਸਿੱਖ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾ ਲਿਆ। ਮਨੋਹਰ ਦੀਪਕ 31 ਅਕਤੂਬਰ 2006 ਨੂੰ 74 ਸਾਲਾਂ ਦੀ ਉਮਰ ਵਿੱਚ ਵਫ਼ਾਤ ਪਾ ਗਏ। ਪਤੀ ਦੀ ਮੌਤ ਤੋਂ ਬਾਅਦ ਆਪਣੇ-ਆਪ ਨੂੰ ਸੰਭਾਲਦਿਆਂ ਮਧੂਮਤੀ ਮੁਕੰਮਲ ਤੌਰ ’ਤੇ ਆਪਣੀ ਡਾਂਸ ਅਕੈਡਮੀ ਨੂੰ ਸਮਰਪਿਤ ਹੋ ਗਈ। ਧਾਰਮਿਕ ਆਸਥਾ ਵਾਲੀ ਮਧੂਮਤੀ ਅੱਜਕੱਲ੍ਹ ਮੁੰਬਈ ਵਿਖੇ ‘ਮਧੂਮਤੀ ਐਕਟਿੰਗ ਅਕੈਡਮੀ’ ਚਲਾ ਰਹੀ ਹੈ, ਜਿਸ ਵਿੱਚ ਨਾਚ ਕਲਾ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਨੌਜਵਾਨ ਤੇ ਬੱਚੇ ਉਨ੍ਹਾਂ ਕੋਲੋਂ ਨਿ੍ਰਤ ਸਿੱਖਣ ਆ ਰਹੇ ਹਨ। 80 ਸਾਲਾ ਮਧੂਮਤੀ ਨੇ ਦੱਸਿਆ ਕਿ ਮੇਰੀ ਡਾਂਸ ਅਕੈਡਮੀ ’ਚੋਂ ਅਕਸ਼ੈ ਕੁਮਾਰ, ਚੰਕੀ ਪਾਂਡੇ, ਫ਼ਰਹਾ, ਤੱਬੂ, ਸੁਮੀਤ ਸਹਿਗਲ, ਕਿਮੀ ਕਾਟਕਰ, ਸੋਨਮ, ਸ਼ਹਿਬਾਜ਼ ਖ਼ਾਨ, ਸ਼ਿਗ਼ੁਫ਼ਤਾ ਅਲੀ, ਪਰਮਵੀਰ ਆਦਿ ਅਦਾਕਾਰ ਨਿ੍ਰਤ ਸਿੱਖ ਕੇ ਫ਼ਿਲਮਾਂ ਵਿੱਚ ਨਾਮ ਕਮਾ ਚੁੱਕੇ ਹਨ।

Related posts

ਆਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ 2’ ਦੇ ਪਹਿਲੇ ਗੀਤ ‘ਪੁਸ਼ਪਾ ਪੁਸ਼ਪਾ’ ਨੇ ਜਿੱਤਿਆ ਲੋਕਾਂ ਦਾ ਦਿਲ

editor

ਸਟ੍ਰੀਮਿੰਗ ਮਾਮਲੇ ’ਚ ਸਾਈਬਰ ਸੈੱਲ ਸਾਹਮਣੇ ਪੇਸ਼ ਨਹੀਂ ਹੋਈ ਤਮੰਨਾ ਭਾਟੀਆ

editor

ਚਮਕੀਲਾ’ ਤੋਂ ਬਾਅਦ ਪਰਿਣੀਤੀ ਕਿਸੇ ਚੰਗੇ ਪ੍ਰੋਜੈਕਟ ਦਾ ਕਰ ਰਹੀ ਹੈ ਇੰਤਜ਼ਾਰ

editor