Literature

ਪੁਸਤਕ ਰੀਵਿਊ: ‘ਪੰਜਾਬੀ ਲੋਕਧਾਰਾ ਦੇ ਵਿਸਰਦੇ ਵਰਤਾਰੇ’

ਪੰਜਾਬੀ ਲੋਕਧਾਰਾ ਦੇ ਵਿਸਰਦੇ ਵਰਤਾਰੇ ਡਾ. ਪ੍ਰਿਤਪਾਲ ਸਿੰਘ ਮਹਿਰੋਕ ਦੀ ਨਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਤਿੰਨ ਆਲੋਚਨਾ ਦੀਆਂ ਪੁਸਤਕਾਂ ‘ਪੰਜਾਬੀ ਕਹਾਣੀ : ਵਿਚਾਰਧਾਰਕ ਪਰਿਪੇਖ’, ‘ਪੰਜਾਬੀ ਸਾਹਿਤ : ਸਮੀਖਿਆ ਚੇਤਨਾ’, ‘ਪੰਜਾਬੀ ਸਾਹਿਤ ਵਿੱਚ ਮਿਰਜ਼ਾ ਸਾਹਿਬਾਂ ਦੇ ਕਿੱਸੇ’ਅਤੇ ਇੱਕ ਲੋਕਧਾਰਾ ਦੀ ਪੁਸਤਕ ‘ਦਿਨ ਚੜ੍ਹਦੇ ਦੀ ਲਾਲੀ’ਛਪ ਚੁੱਕੀਆਂ ਹਨ। ਇਹ ਹੱਥਲੀ ਪੁਸਤਕ ਲੋਕਧਾਰਾ ਨਾਲ ਸਬੰਧਤ ਦੂਜੀ ਪੁਸਤਕ ਹੈ।ਇਸ ਪੁਸਤਕ ਦੀ ਭੂਮਿਕਾ ਵਿੱਚ ਡਾ.ਲਖਵਿੰਦਰ ਸਿੰਘ ਜੌਹਲ ਲਿਖਦੇ ਹਨ ਕਿ ਇਹ ਪੁਸਤਕ ਡਾ. ਮਹਿਰੋਕ ਦੀ ਪੰਜਾਬੀ ਸਭਿਆਚਾਰ ਦੇ ਲੋਕਧਾਰਾਈ ਧਰਾਤਲਾਂ ਪ੍ਰਤੀ ਗਹਿਰੇ ਲਗਾਓ,ਸੂਖਮ ਸੂਝ,ਨੀਝ ਭਰੀ ਜਗਿਆਸਾ ਅਤੇ ਲਾਸਾਨੀ ਲਗਨ ਦਾ ਅਜਿਹਾ ਸ਼ਾਬਦਿਕ ਪਰਤੌ ਹੈ ਜਿਸ ਨੂੰ ਅਜੋਕੇ ਸਮਿਆਂ ਵਿੱਚ ਕਿਆਸਣਾ ਵੀ ਅਲੋਕਾਰ ਕਿਹਾ ਜਾ ਸਕਦਾ ਹੈ।ਡਾ.ਪ੍ਰਿਤਪਾਲ ਹੋਰਾਂ ਨੂੰ ਨਿੱਜੀ ਤੌਰ ‘ਤੇ ਜਾਨਣ ਵਾਲੇ ਡਾ.ਜੌਹਲ ਦੇ ਇਨ੍ਹਾਂ ਸ਼ਬਦਾਂ ਦੇ ਅਰਥ ਮਹਿਸੂਸ ਕਰ ਸਕਦੇ ਹਨ।ਜਿਸ ਜਗਿਆਸਾ ਤੇ ਲਗਨ ਨਾਲ ਡਾ. ਮਹਿਰੋਕ ਹੋਰੀਂ ਆਪਣੇ ਸਿਰਜਣਾਤਮਿਕ ਕਾਰਜਾਂ ਵਿੱਚ ਵਿਅਸਤ ਰਹਿੰਦੇ ਹਨ,ਸ਼ੋਸ਼ਲ ਮੀਡੀਆ ਦੇ ਰਾਮ ਰੌਲੇ ਵਾਲੇ ਇਨ੍ਹਾਂ ਸਮਿਆਂ ਅੰਦਰ ਉਸ ਦੀ ਕਲਪਨਾ ਕਰਨੀ ਵੀ ਕਠਿਨ ਕਾਰਜ ਲੱਗਦੀ ਹੈ।ਆਪਣੀ ਮਾਂ-ਬੋਲੀ,ਪੰਜਾਬੀ ਸਾਹਿਤ,ਪੰਜਾਬੀ ਸਭਿਆਚਾਰ ,ਸਾਹਿਤ ਸਿਰਜਣ ਅਤੇ ਸਾਹਿਤ ਸਮੀਖਿਆ ਪ੍ਰਤੀ ਉਨ੍ਹਾਂ ਦੀ ਸੁਹਿਰਦਤਾ ਨੂੰ ਸਲਾਮ ਕਰਨਾ ਬਣਦਾ ਹੈ।
ਲੋਕਧਾਰਾ ਕਿਸੇ ਲੋਕ ਭਾਈਚਾਰੇ ਵਿੱਚ ਪ੍ਰਵਾਹਮਾਨ ਲੋਕ ਗੀਤਾਂ,ਲੋਕ ਸੰਗੀਤ,ਲੋਕ ਨਾਚ,ਮਿੱਥਾਂ,ਲੋਕ ਕਹਾਣੀਆਂ,ਦੰਦ ਕਥਾਵਾਂ,ਜਬਾਨੀ ਇਤਿਹਾਸ ਕਹਾਵਤਾਂ,ਵਿਅੰਗ,ਬੁਝਾਰਤਾਂ,ਲੋਕ ਧਰਮ,ਲੋਕ ਵਿਸ਼ਵਾਸ,ਜਾਦੂ ਟੂਣੇ,ਵਹਿਮ ਭਰਮ,ਲੋਕ ਸਾਜ਼, ਸੰਦ,ਭਾਂਡੇ,ਅਤੇ ਲੋਕ ਹਥਿਆਰਾਂ ਆਦਿ ਦਾ ਇੱਕ ਜਟਿਲ ਤਾਣਾ ਬਾਣਾ ਹੁੰਦਾ ਹੈ।ਡਾ. ਮਹਿਰੋਕ ਹੋਰਾਂ ਇਸ ਤਾਣੇ ਬਾਣੇ ਦੀਆਂ ਗੰਢਾਂ ਖੋਲਦਿਆਂ ਇਸ ਪੁਸਤਕ ਨੂੰ ਪੰਜ ਭਾਗਾਂ ਵਿੱਚ ਵੰਡਿਆ ਹੈ।ਪਹਿਲੇ ਭਾਗ ਵਿੱਚ ਲੋਕ ਕਲਾ ਤੇ ਲੋਕ ਨਾਚ ਨਾਲ ਸਬੰਧਤ ਪਾਠ ਚਿੜੀ ਚੜੂੰਗਾ ਕੱਤ ਕੁੜੇ,ਤ੍ਰਿਜਣ ਦੀਆਂ ਕੁੜੀਆਂ,ਕਿੱਕਲੀ ਕਲੀਰ ਦੀ,ਹੇਅਰਾ,ਛੱਜ ਓਹਲੇ ਛਾਨਣੀ,ਜਾਗੋ ਆਈ ਆ ਅਤੇ ਹੋਇਆ ਪੂਰਾ ਥਾਲ ਸ਼ਾਮਲ ਹਨ।ਇਨ੍ਹਾਂ ਵਿਸਰ ਗਏ ਅਤੇ ਵਿਸਰ ਰਹੇ ਵਰਤਾਰਿਆਂ ਦੀ ਗੱਲ ਕਰਦਿਆਂ ਪਿਛੋਕੜ ਵਿੱਚ ਲੋਕ ਗੀਤਾਂ ਨੂੰ ਰੱਖਿਆ ਗਿਆ ਹੈ।ਜਿੱਥੇ ਛੇਆਂ ਦਹਾਕਿਆਂ ਨੂੰ ਟੱਪ ਚੁੱਕੀ ਪੀੜ੍ਹੀ ਦੇ ਚੇਤਿਆਂ ‘ਚ ਇਹ ਵਰਤਾਰੇ ਤਾਜ਼ੇ ਹੁੰਦੇ ਹਨ ਉਥੇ ਨਵੀਂ ਪੀੜ੍ਹੀ ਲਈ ਇਹ ਵਰਤਾਰੇ ਅਲੋਕਾਰ ਗੱਲਾਂ ਵੀ ਹੋ ਸਕਦੇ ਹਨ।ਪੁਸਤਕ ਦੇ ਦੂਜੇ ਯਾਨੀ ਅ ਭਾਗ ਵਿੱਚ ਲੋਕ ਲੋੜਾਂ,ਲੋਕ ਕਲਾ ਤੇ ਲੋਕ ਸੰਦ ਨਾਲ ਸਬੰਧਤ ਸੱਤ ਪਾਠ ਹਨ।ਪਹਿਲੇ ਪਾਠ ‘ਬੀਤੇ ਦੀ ਬਾਤ ਬਣ ਗਈਆਂ ਹੋਲਾਂ’ਨੂੰ ਪੜ੍ਹਦਿਆਂ ਬਚਪਨ ਵਿੱਚ ਭੁੰਨ ਕੇ ਖਾਧੀਆਂ ਹੋਲਾਂ ਯਾਦ ਆ ਗਈਆਂ।ਇਸ ਪਾਠ ਵਿੱਚ ਅਰਤਿੰਦਰ ਸੰਧੂ ਦੀ ਸਾਹਿਤਕ ਏਕਮ ਵਿੱਚ ਉਨ੍ਹਾਂ ਦੇ ਕਾਲਮ’ਪੈਣ ਕਪਾਹੀਂ ਫੁੱਲ’ਵਿਚੋਂ ਹੋਲਾਂ ਬਾਰੇ ਟਿੱਪਣੀ ਵੀ ਦਰਜ ਕੀਤੀ ਗਈ ਹੈ।’ਘਰ ਅੰਦਰ ਚੁੱਲਾ ਚੌਂਕਾ’ ਪਾਠ ਪੜ੍ਹਦਿਆਂ ਚੌਂਕੇ ਵਿੱਚ ਬਹਿਕੇ ਮਾਂ ਦੇ ਹੱਥਾਂ ਦੀਆਂ ਗਰਮ ਗਰਮ ਰੋਟੀਆਂ ਖਾਣ ਦਾ ਦ੍ਰਿਸ਼ ਸਾਕਾਰ ਹੋ ਗਿਆ।ਹੁਣ ਵੀ ਪਿੰਡਾਂ ਵਿੱਚ ਆਧੁਨਿਕ ਰਸੋਈਆਂ ਬਣੀਆਂ ਹੋਣ ਦੇ ਬਾਵਜੂਦ ਵਿਹੜੇ ਵਿੱਚ ਚੁੱਲਾ ਚੌਂਕਾ ਵੇਖਣ ਨੂੰ ਮਿਲ ਜਾਂਦਾ ਹੈ।’ਮਿੱਟੀ ਦਾ ਹਾਰਾ ਪੱਥਦੀ ਏ’ਵਿੱਚ ਹਾਰੇ ਦੀ ਪ੍ਰੀਭਾਸ਼ਾ ਬੜੀ ਦਿਲਚਸਪ ਹੈ।ਚੁੱਲੇ ਚੌਂਕੇ ਦੇ ਕੋਲ ਕਿਸੇ ਕੰਧ ਵਿਚ ਇੱਕ ਆਲਾ ਬਣਾਇਆ ਹੁੰਦਾ ਸੀ।ਉਸ ਵਿੱਚ ਥੋੜ੍ਹੀ ਡੂੰਘੀ ਢੋਲ ਦੀ ਸ਼ਕਲ ਬਣਾਈ ਦੀ ਬਣਾਈ ਗੋਲਾਕਾਰ ਥਾਂ ਨੂੰ ਲਿੱਪ-ਪੋਚ ਕੇ ਸੰਵਾਰ ਲਿਆ ਜਾਂਦਾ ਸੀ।ਉਸ ਵਿਚ ਪਾਥੀਆਂ ਜਾਂ ਗੋਹੇ ਧੁਖਾ ਲਏ ਜਾਂਦੇ ਸਨ।ਦਾਲ/ਸਬਜ਼ੀ ਰਿੰਨਣ ਲਈ ਉਪਰ ਤੌੜੀ ਜਾਂ ਦੁੱਧ ਕਾੜ੍ਹਨ ਲਈ ਕਾੜ੍ਹਨੀ ਰੱਖ ਦਿੱਤੀ ਜਾਂਦੀ ਸੀ।ਡਾ. ਪ੍ਰਿਤਪਾਲ ਹੋਰਾਂ ਦੀ ਖੂਬਸੂਰਤੀ ਇਹ ਹੈ ਕਿ ਉਹ ਹਰ ਸੰਦ ਦੀ ਜਾਣਕਾਰੀ ਦਿੰਦਿਆਂ ਵਰਤੀਆਂ ਵਸਤਾਂ ਦੇ ਨਾਲ ਨਾਲ ਔਰਤ ਦੇ ਹੱਥਾਂ ਦੀ ਕਲਾਕਾਰੀ ਬਾਰੇ ਵੀ ਬੜੇ ਸੂਖਮ ਵੇਰਵੇ ਦਿੰਦੇ ਹਨ।ਘਰੇਲੂ ਵਰਤੋਂ ਵਿੱਚ ਆਉਣ ਵਾਲੀ ਹੱਥ ਚੱਕੀ ਤਾਂ ਹੁਣ ਅਲੋਪ ਹੀ ਹੋ ਗਈ ਹੈ।ਇੰਝ ਹੀ ਭੱਠੀ ਤੋਂ ਦਾਣੇ ਭੁਨਾ ਕੇ ਚੱਬਣਾ ਵੀ ਵਿਸਰ ਗਿਆ ਚੇਤਾ ਬਣਕੇ ਰਹਿ ਗਿਆ ਹੈ।’ਮਧਾਣੀ ਮੇਰੀ ਰੰਗਲੀ’ਹੁਣ ਇਲੈਕਟ੍ਰਿਕ ਯੰਤਰ ਬਣ ਗਿਆ ਹੈ।’ਕੱਤਣੀ ਮੇਰੀ ਫੁੱਲਾਂ ਵਾਲੀ’ਵਿੱਚ ਕੱਤਣੀ ਦਾ ਜ਼ਿਕਰ ਬੜੀ ਖੂਬਸੂਰਤੀ ਨਾਲ ਹੋਇਆ ਹੈ।ਕੱਤਣੀ ਰੰਗ-ਬਰੰਗੀਆਂ ਤੀਲੀਆਂ ਜਾਂ ਮੋਰ ਦੇ ਖੂਬਸੂਰਤ ਖੰਭਾਂ ਨਾਲ ਬਣਾਈ ਬੋਹਣੀ ਹੁੰਦੀ ਸੀ ਜਿਸ ਵਿੱਚ ਪੂਣੀਆਂ ਅਤੇ ਗਲੋਟੇ ਰੱਖੇ ਜਾਂਦੇ ਸਨ।
e ਭਾਗ ਵਿੱਚ ਲੋਕ ਰਸਮਾਂ ਦੀ ਗੱਲ ਲੋਕ ਗੀਤਾਂ ਦੇ ਹਵਾਲੇ ਨਾਲ ਕੀਤੀ ਗਈ ਹੈ।ਹਰਿਆ ਤੇ ਭਾਗੀਂ ਭਰਿਆ ਲੋਕ ਗੀਤ ਬੱਚੇ ਦੇ ਜਨਮ ਦੀ ਖ਼ੁਸ਼ੀ ਵਿੱਚ ਗਾਏ ਜਾਂਦੇ ਸਨ।ਹਰਿਆ ਨੀ ਮਾਏ,ਹਰਿਆ ਨੀ ਭੈਣੇ,ਹਰਿਆ ਤੇ ਭਾਗੀਂ ਭਰਿਆ।ਹਰਿਆ ਸ਼ਬਦ ਦੇ ਕਈ ਅਰਥ ਹਨ।ਚੱਕੀ ਚੁੰਗ ਵਿਆਹ ਨਾਲ ਸਬੰਧਤ ਇੱਕ ਪ੍ਰਸਿੱਧ ਰਸਮ ਹੁੰਦੀ ਸੀ ਜੋ ਵਿਆਹ ਵਾਲੀ ਕੁੜੀ ਦੇ ਘਰ ਕੀਤੀ ਜਾਂਦੀ ਸੀ।ਇਸ ਰਸਮ ਨਾਲ ਜੁੜੇ ਗੀਤਾਂ ਅਤੇ ਕ੍ਰਿਆਵਾਂ ਦਾ ਵਿਸਥਾਰ ਨਾਲ ਵਰਣਨ ਹੈ ‘ਚੱਕੀ ਵਿੱਚ ਲੱਪ ਚੁੰਗ ਕੁੜੇ’ਪਾਠ ਵਿੱਚ।’ਘੜੋਲੀ ਭਰ ਆਈ ਆਂ’ਪਾਠ ਵਿੱਚ ਘੜੋਲੀ ਭਰਨੀ ਦੀ ਰਸਮ ਦਾ ਜ਼ਿਕਰ ਹੈ।ਘੜੋਲੀ ਛੋਟੇ ਘੜੇ ਨੂੰ ਕਿਹਾ ਜਾਂਦਾ ਸੀ।ਖਾਰੇ ਚੜ੍ਹਨਾ ਵਿਆਹ ਨਾਲ ਸਬੰਧਤ ਰਸਮ ਹੈ ਜਿਹੜੀ ਅੱਜ ਕੱਲ ਵੀ ਕਿਸੇ ਨਾ ਕਿਸੇ ਰੂਪ ਵਿੱਚ ਨਿਭਾਈ ਜਾਂਦੀ ਹੈ।ਇੰਝ ਹੀ ਕਲੀਰੇ ਬੰਂ੍ਹਣ ਤੇ ਵੰਡਣ ਦੀ ਰਸਮ ਵੀ ਅਜੇ ਪੂਰੀ ਤਰ੍ਹਾਂ ਵਿਸਰੀ ਨਹੀਂ।
ਡਾ.ਪ੍ਰਿਤਪਾਲ ਮਹਿਰੋਕ ਹੋਰਾਂ ਕੋਲ ਚੇਤਿਆਂ ਦੇ ਰੰਗ ਬੜੇ ਗੂਹੜੇ ਹਨ।ਪੰਜਾਬੀ ਲੋਕਧਾਰਾ ਦੇ ਵਿਸਰ ਰਹੇ ਵਰਤਾਰੇ ਉਨ੍ਹਾਂ ਦੇ ਚੇਤਿਆਂ ‘ਚ ਸੱਜਰੇ ਛਿਣਾ ਵਾਂਗ ਸਾਂਭੇ ਪਏ ਹਨ।ਪੁਸਤਕ ਦੇ ਚੌਥੇ ਭਾਗ ਲੋਕ ਕਲਾ(ਕਢਾਈ ਬੁਣਾਈ) ਤੇ ਹਾਰ ਸ਼ਿਗਾਰ ਵਿੱਚ ਜਿੰਨ੍ਹਾਂ ਲੋਕ ਕਲਾਵਾਂ ਦਾ ਜਿਕਰ ਹੈ ਉਸ ਵਿੱਚ ਪਰਾਂਦਾ,ਸੁਰਮਾ ਚਾਂਦੀ ਦੀਆਂ ਝਾਂਜਰਾਂ ਅਤੇ ਹੱਥੀ ਕੱਢਿਆ ਰੁਮਾਲ ਵਿਸ਼ੇਸ਼ ਹਨ।’ਰੁਮਾਲ ਤੇਰਾ ਕੱਢਿਆ ਪਇਆ ਈ’ਪਾਠ ਵਿੱਚ ਉਹ ਆਪਣੇ ਬਚਪਨ ਦੇ ਇੱਕ ਚੇਤੇ ਨੂੰ ਆਧਾਰ ਬਣਾਉਂਦੇ ਹਨ।ਪਿੰਡ ਵਿੱਚ ਲੱਗਦਾ ਮੇਲਾ ਤੇ ਉਸ ਮੇਲੇ ਵਿੱਚ ਦੀਵਾਰ ਨਾਲ ਲੱਗ ਕੇ ਬੈਠਾ ਅੱਧਖੜ ਉਮਰ ਦਾ ਇੱਕ ਫੱਕਰ ਕਿਸਮ ਦਾ ਬੰਦਾ ਜਿਸ ਦੇ ਮੂੰਹੋਂ ਨਿੱਕਲੇ ਗੀਤ ਦੇ ਬੋਲ,ਆਪ ਜਾ ਕੇ ਵਲੈਤ ਵਿੱਚ ਬਹਿ ਗਇਓਂ,ਰੁਮਾਲ ਤੇਰਾ ਕੱਢਿਆ ਪਇਆ ਈ ਓ,ਇਸ ਆਰਟੀਕਲ ਦਾ ਆਧਾਰ ਬਣਦੇ ਹਨ।ਰੁਮਾਲ ਕੱਢਦਿਆਂ ਔਰਤ ਨੇ ਆਪਣੇ ਅੰਦਰ ਜਿਹੜੀਆਂ ਰੀਝਾਂ,ਸੱਧਰਾਂ,ਉਮੰਗਾਂ ਸੰਜੋਈਆਂ ਹੋਣਗੀਆਂ,ਉਨ੍ਹਾਂ ਨੂੰ ਮਹਿਸੂਸ ਕਰਦਿਆਂ ਜਿੰਨੀ ਸੂਖਮਤਾ ਅਤੇ ਬਾਰੀਕਬੀਨੀ ਨਾਲ ਸ਼ਬਦਾਂ ਵਿੱਚ ਸਾਕਾਰ ਕੀਤਾ ਹੈ,ਉਹ ਕਮਾਲ ਹੈ।ਅਜਿਹੇ ਕਮਾਲ ਪਰਾਂਦੇ,ਸੁਰਮੇਂ ਅਤੇ ਝਾਂਜਰਾਂ ਦੀ ਗੱਲ ਕਰਦਿਆਂ ਵੀ ਹੋਏ ਹਨ।ਇਸ ਪੁਸਤਕ ਦਾ ਕਾਲਾਵਾ ਬਹੁਤ ਵੱਡਾ ਹੈ।ਇਸ ਦੇ ਆਖਰੀ ਅਧਿਆਇ ਵਿੱਚ ਲੋਕ ਕਲਾ,ਲੋਕ ਸ਼ੌਕ,ਲੋਕ ਨਾਟ,ਲੋਕ ਮਨੋਰੰਜਨ ਅਤੇ ਲੋਕ ਪੇਸ਼ਕਾਰੀਆਂ ਦੀ ਵਿਸਥਾਰ ਵਿੱਚ ਚਰਚਾ ਹੋਈ ਹੈ।’ਤੂੰ ਜਾਈ ਵੇ ਕਬੂਤਰਾ’ ਵਿੱਚ ਪੰਜਾਬੀ ਲੋਕਧਾਰਾ ਦੇ ਹਵਾਲਿਆਂ ਨਾਲ ਕਬੂਤਰ ਦੀ ਉਤਪਤੀ,ਸੁਭਾਅ,ਰੰਗ-ਰੂਪ,ਅੱਖਾਂ,ਉਡਾਣ,ਵਫਾਦਾਰੀ,ਪੈਰਾਂ ਪ੍ਰਾਣਾਂ ਆਦਿ ਬਾਰੇ ਮਹੀਨ ਜਾਣਕਾਰੀ ਸੁਹਜ ਨਾਲ ਭਰੀ ਹੈ।ਕਸੀਦਾ ਸੰਘਣੀ ਕਢਾਈ ਹੁੰਦੀ ਹੈ ਇਹ ਤਾਂ ਜਾਣਦੇ ਹਾਂ,ਇਹ ਇੱਕ ਲੋਕ ਕਾਵਿ ਵੀ ਹੈ,ਬਾਰੇ ਜਾਣਕਾਰੀ ਇਸ ਪੁਸਤਕ ਵਿਚੋਂ ਮਿਲਦੀ ਹੈ।ਬਹੁਤ ਘੱਟ ਜਾਣੇ ਜਾਂਦੇ ਲੋਕ ਨਾਟ ਖਿਉੜੇ ਬਾਰੇ ਵੀ ਇੱਕ ਪਾਠ ਵਿੱਚ ਗੱਲ ਹੋਈ ਹੈ।ਨਕਾਲ ਅਤੇ ਨਕਲਾਂ ਭਾਵੇਂ ਹੁਣ ਵੀ ਕਿਸੇ ਵਿਆਹ ਸ਼ਾਦੀ ਵਿੱਚ ਵੇਖਣ ਨੂੰ ਮਿਲ ਜਾਂਦੇ ਹਨ ਪਰ ਸੱਚੀ ਗੱਲ ਇਹ ਹੈ ਕਿ ਇਹ ਹੁਣ ਬੀਤੇ ਸਮਿਆਂ ਦੀ ਬਾਤ ਬਣ ਕੇ ਰਹਿ ਗਈਆਂ ਹਨ।ਇੰਝ ਹੀ ਸਵਾਂਗ ,ਕਠਪੁਤਲੀਆਂ ਦਾ ਤਮਾਸ਼ਾ ਅਤ ੇਨੌਟੰਕੀ ਹੁਣ ਵਿਸਰ ਗਏ ਲੋਕ ਨਾਟ ਹਨ।ਇਹ ਸਭ ਲੋਕ ਮਨੋਰੰਜਨ ਦੇ ਸਾਧਨ ਸਨ।ਅਜਿਹੀਆਂ ਪੇਸ਼ਕਾਰੀਆਂ ਦੇ ਅਲੋਪ ਹੋਣ ਨਾਲ ਹੁਣ ਮਨੋਰੰਜਨ ਦੇ ਸਾਧਨ ਵੀ ਬਦਲ ਗਏ ਹਨ ।ਇਨ੍ਹਾਂ ਸਾਧਨਾਂ ਵਿੱਚ ਭਾਈਚਾਰਕ ਸਾਂਝ,ਹਾਸਾ ਠੱਠਾ,ਬਰਦਾਸ਼ਤ ਕਰਨ ਦਾ ਮਾਦਾ ਮਨਫੀ ਹੋ ਗਏ ਹਨ।ਉਹ ਸਸਤੇ ਸਾਧਨ ਸਨ।ਹੁਣ ਸਾਰੇ ਮਨੋਰੰਜਨ ਪੂੰਜੀ ਨੇ ਹਥਿਆ ਲਏ ਹਨ।ਇਨ੍ਹਾਂ ਵਿਸਰ ਗਏ ਅਤੇ ਵਿਸਰ ਰਹੇ ਲੋਕ ਵਰਤਾਰਿਆਂ ਨੂੰ ਸਾਂਭਣ ਦੀ ਲੋੜ ਹੈ।ਡਾ.ਪ੍ਰਿਤਪਾਲ ਸਿੰਘ ਮਹਿਰੋਕ ਹੋਰਾਂ ਬੜੀ ਮਿਹਨਤ ਨਾਲ ਇਨ੍ਹਾਂ ਵਰਤਾਰਿਆਂ ਨੂੰ ਪੁਸਤਕ ਰੂਪ ਵਿੱਚ ਸਾਂਭਣ ਦਾ ਸਾਰਥਿਕ ਉਪਰਾਲਾ ਕੀਤਾ ਹੈ।ਇਸ ਪੁਸਤਕ ਨੂੰ ਸਪਤਰਿਸ਼ੀ ਪ੍ਰਕਾਸ਼ਨ ਨੇ ਛਾਪਿਆ ਹੈ। 182 ਪੰਨਿਆਂ ਵਾਲੀ ਇਸ ਪੁਸਤਕ ਦੀ ਕੀਮਤ 250/ ਰੁਪਏ ਹੈ।

ਰੀਵਿਊ: ਮਲਵਿੰਦਰ

Related posts

ਸੋਹਣ ਸਿੰਘ ਮੀਸ਼ਾ ਨੂੰ ਯਾਦ ਕਰਦਿਆਂ !

admin

ਸਾਹਾਂ ਦੀ ਸਰਗਮ- ਅਸੀਮ ਉਡਾਣ

admin

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਸਿਰਦਾਰ ਕਪੂਰ ਸਿੰਘ

admin