Articles

ਭਾਰਤ ਦੇ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਹਨ ਬਾਲ-ਮਜ਼ਦੂਰ !

ਲੇਖਕ: ਮਾਸਟਰ ਪ੍ਰੇਮ ਸਰੂਪ ਛਾਜਲੀ

ਅੱਜ 14 ਸਾਲ ਤੋਂ ਘੱਟ ਉਮਰ ਦੇ ਹਰ 5 ਬੱਚਿਆਂ ਵਿੱਚੋਂ ਇੱਕ ਮਜ਼ਦੂਰੀ ਕਰ ਰਿਹਾ ਹੈ। ਬਾਲ ਮਜ਼ਦੂਰੀ ਦਾ ਰੁਝਾਨ ਸ਼ਹਿਰੀ ਖੇਤਰਾਂ ਨਾਲੋਂ ਜ਼ਿਆਦਾ ਪੇਂਡੂ ਖੇਤਰਾਂ ਵਿੱਚ ਹੈ। ਪੇਂਡੂ ਤਬਕੇ ਦੇ ਲੋਕ ਆਪਣੇ ਬੱਚਿਆਂ ਨੂੰ ਸ਼ਹਿਰੀ ਖੇਤਰਾਂ ਵਿੱਚ ਮਜ਼ਦੂਰੀ ਲਈ ਭੇਜ ਦਿੰਦੇ ਹਨ ਅਤੇ ਇਹ ਬੱਚੇ ਸ਼ਹਿਰਾਂ ਵਿੱਚ ਕਾਰਖਾਨਿਆਂ, ਦੁਕਾਨਾਂ, ਹੋਟਲਾਂ, ਢਾਬਿਆਂ ’ਤੇ ਕੰਮ ਕਰਦੇ ਹਨ। ਉਹ ਬਹੁਤ ਸਖ਼ਤ ਹਾਲਤਾਂ ਵਿੱਚ ਗੰਦਗੀ ਤੇ ਮਾਰੂ ਅਸਰ ਵਾਲੀਆਂ ਖ਼ਤਰਨਾਕ ਥਾਵਾਂ ’ਤੇ ਕੰਮ ਕਰਨ ਲਈ ਮਜਬੂਰ ਹਨ। ਅਸੀਂ ਕਈ ਵਾਰੀ ਇਸ ਦਾ ਕਾਰਨ ਮਾਂ-ਬਾਪ ਦੀ ਅਨਪੜ੍ਹਤਾ ਨੂੰ ਲੈਂਦੇ ਹਾਂ ਪਰ ਇਸ ਹਾਲਾਤ ਵਿੱਚ ਜਦੋਂ ਮਾਂ-ਬਾਪ ਹਮੇਸ਼ਾਂ ਪਰਿਵਾਰ ਦੇ ਗੁਜ਼ਾਰੇ ਦੀ ਫਿਕਰ ਵਿੱਚ ਰਹਿੰਦੇ ਹੋਣ, ਉਨ੍ਹਾਂ ਦਾ ਪੜ੍ਹੇ-ਲਿਖੇ ਜਾਂ ਅਨਪੜ੍ਹ ਹੋਣਾ ਕੋਈ ਮਾਅਨੇ ਨਹੀਂ ਰੱਖਦਾ। ਬਾਲ ਮਜ਼ਦੂਰ ਹਰ ਖੇਤਰ ਵਿੱਚ ਵੇਖਣ ਨੂੰ ਮਿਲਦੇ ਹਨ-ਘਰਾਂ ਵਿੱਚ, ਖੇਤੀਬਾੜੀ, ਹੋਟਲਾਂ, ਢਾਬਿਆਂ, ਫੈਕਟਰੀਆਂ, ਉਸਾਰੀ ਦੇ ਕੰਮਾਂ ਵਿੱਚ। ਬਾਲ ਮਜ਼ਦੂਰੀ ਦਾ ਸਰਮਾਏਦਾਰਾਂ ਨੂੰ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਬੱਚੇ ਮਾਲਕ ਦੀ ਡਾਂਟ-ਫਿਟਕਾਰ ਚੁੱਪ-ਚਾਪ ਸਹਿ ਲੈਂਦੇ ਹਨ ਤੇ ਉਨ੍ਹਾਂ ਦੇ ਵਿਰੋਧ ਕਰਨ ਦਾ ਖਤਰਾ ਵੀ ਨਹੀਂ ਹੁੰਦਾ। ਇਸੇ ਕਰਕੇ ਮਾਲਕ ਉਨ੍ਹਾਂ ਤੋਂ ਘੱਟ ਤਨਖਾਹ ’ਤੇ ਵੱਧ ਕੰਮ ਲੈਂਦੇ ਹਨ। ਇਸ ਤਰ੍ਹਾਂ ਵੇਖਦੇ ਹਾਂ ਕਿ ਬੱਚਿਆਂ ਦਾ ਮਾਨਸਿਕ ਤੇ ਸਰੀਰਕ ਦੋਵੇਂ ਤਰ੍ਹਾਂ ਦਾ ਸ਼ੋਸ਼ਣ ਹੋ ਰਿਹਾ ਹੈ। ਹਰ ਸਾਲ ਦੀਵਾਲੀ ’ਤੇ ਅਸੀਂ ਵੱਡੇ-ਵੱਡੇ ਪਟਾਕੇ, ਆਤਿਸ਼ਬਾਜ਼ੀ ਚਲਾਉਂਦੇ ਹਾਂ ਤੇ ਖ਼ੁਸ਼ ਹੁੰਦੇ ਹਾਂ ਪਰ ਇਹ ਨਹੀਂ ਸੋਚਦੇ ਕਿ ਜਾਨ ਜੋਖਮ ਵਿੱਚ ਪਾ ਕੇ ਇਹ ਬਾਰੂਦ ਨਾਲ ਭਰੇ ਪਟਾਕੇ ਬਣਾਉਂਦਾ ਕੌਣ ਹੈ? ਇਹ ਉਨ੍ਹਾਂ ਛੋਟੇ-ਛੋਟੇ ਬੱਚਿਆਂ ਦੁਆਰਾ ਬਣਾਏ ਜਾਂਦੇ ਹਨ, ਜਿਹੜੇ ਉਦਾਸੀਆਂ ਅੱਖਾਂ ਨਾਲ ਸਿਰਫ਼ ਇਨ੍ਹਾਂ ਖ਼ੁਸ਼ੀਆਂ ਨੂੰ ਵੇਖਣ ਜੋਗੇ ਹੁੰਦੇ ਹਨ। ਕੱਪੜਾ ਬਣਾਉਣ ਦੇ ਕਾਰਖਾਨਿਆਂ ਵਿੱਚ ਬੱਚੇ ਮਜ਼ਦੂਰੀ ਕਰ ਰਹੇ ਹਨ, ਜਿਨ੍ਹਾਂ ਨੂੰ ਹਫ਼ਤੇ ਦੇ 6-7 ਦਿਨ ਰੋਜ਼ਾਨਾ 12-12 ਘੰਟੇ ਕੰਮ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਸਾਨੂੰ ਘਰਾਂ ਤੇ ਹੋਟਲਾਂ ਵਿੱਚ ਛੋਟੇ-ਛੋਟੇ ਬੱਚੇ ਕੰਮ ਕਰਦੇ ਦਿਖਾਈ ਦਿੰਦੇ ਹਨ। ਖ਼ੁਦ ਢਿੱਡੋਂ ਭੁੱਖੇ ਇਹ ਬੱਚੇ ਦੂਜਿਆਂ ਨੂੰ ਵੰਨ-ਸੁਵੰਨੇ ਪਕਵਾਨ ਬਣਾ ਕੇ ਪਰੋਸ ਰਹੇ ਹੁੰਦੇ ਹਨ। ਇਸ ਤੋਂ ਇਲਾਵਾ ਹੋਰ ਵੀ ਹਜ਼ਾਰਾਂ-ਲੱਖਾਂ ਦੀ ਗਿਣਤੀ ਵਿੱਚ ਬਾਲ ਮਜ਼ਦੂਰ ਹਨ, ਜੋ ਉਸਾਰੀ, ਮੁਰੰਮਤ ਆਦਿ ਦੇ ਕੰਮਾਂ ਵਿੱਚ ਲੱਗੇ ਹੋਏ ਹਨ।
ਹਰ ਸਾਲ 12 ਜੂਨ ਨੂੰ ਵਿਸ਼ਵ ਪੱਧਰ ‘ਤੇ ਇਕ ਅਜਿਹਾ ਦਿਨ ਮਨਾਇਆ ਜਾਂਦਾ ਹੈ, ਜੋ ਇਨਸਾਨੀਅਤ ਦੇ ਨਾਤੇ ਤਾਂ ਆਪਣੀ ਅਹਿਮੀਅਤ ਰੱਖਦਾ ਹੈ ਪਰ ਸਰਕਾਰ ਜਾਂ ਆਮ ਲੋਕਾਂ ਦਾ ਉਸ ਨਾਲ ਬਹੁਤਾ ਲੈਣਾ-ਦੇਣਾ ਨਹੀਂ ਹੁੰਦਾ। ਸਾਡੇ ਦੇਸ਼ ਵਿਚ ਨਹਿਰੂ ਦਾ ਜਨਮ ਦਿਨ ‘ਬਾਲ ਦਿਵਸ’ ਵਜੋਂ ਹਰ ਸਾਲ ਮਨਾਇਆ ਜਾਂਦਾ ਹੈ ਪਰ ਦੁਨੀਆ ਵਿਚ ਕੁਝ ਬੱਚੇ ਅਜਿਹੇ ਵੀ ਹਨ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਬਚਪਨ ਵੀ ਜ਼ਿੰਦਗੀ ਦਾ ਹਿੱਸਾ ਹੁੰਦਾ ਹੈ। ਉਨ੍ਹਾਂ ਨੂੰ 4-5 ਸਾਲ ਦੇ ਹੁੰਦਿਆਂ ਹੀ ਕੰਮ ਕਰਨ ਲਈ ਭੇਜ ਦਿੱਤਾ ਜਾਂਦਾ ਹੈ।
ਇਹ ਕੰਮ ਭੀਖ ਮੰਗਣ ਤੋਂ ਲੈ ਕੇ ਘਰੇਲੂ ਕੰਮ, ਢਾਬਿਆਂ ‘ਤੇ ਭਾਂਡੇ ਮਾਂਜਣ, ਪੈਂਚਰ ਲਾਉਣ, ਭੱਠੀ ਵਿਚ ਕੋਲਾ ਸੁੱਟਣ, ਖਤਰਨਾਕ ਕੈਮੀਕਲ ਨਾਲ ਕੱਪੜੇ ਜਾਂ ਚਮੜੇ ਦੀ ਰੰਗਾਈ ਕਰਨ, ਕੱਚ ਦੀਆਂ ਵੰਗਾਂ ਜਾਂ ਹੋਰ ਚੀਜ਼ਾਂ ਬਣਾਉਣ ਦਾ ਹੁੰਦਾ ਹੈ। ਇਹ ਕੰਮ ਸ਼ਾਇਦ ਵੱਡੀ ਉਮਰ ਵਾਲਾ ਵੀ ਕੋਈ ਨਾ ਕਰੇ ਅਤੇ ਜੇ ਕਰਨ ਲਈ ਮੰਨ ਵੀ ਜਾਵੇ ਤਾਂ ਉਹ ਕੰਮ ਦੇ ਮੁਤਾਬਿਕ ਮਿਹਨਤਾਨਾ ਮੰਗੇਗਾ।
ਬਾਲ ਮਜ਼ਦੂਰੀ ਦਿਵਸ ਕੌਮਾਂਤਰੀ ਪੱਧਰ ‘ਤੇ ਮਨਾਉਣ ਦੀ ਸ਼ੁਰੂਆਤ ਇਸ ਲਈ ਕੀਤੀ ਗਈ ਕਿ ਦੁਨੀਆ ਵਿਚ ਇਹ ਕੰਮ ਬੱਚਿਆਂ ਤੋਂ ਨਾ ਕਰਵਾਏ ਜਾਣ ਅਤੇ ਬੱਚੇ ਉਹ ਕੰਮ ਕਰਨ, ਜੋ ਉਨ੍ਹਾਂ ਨੂੰ ਬਚਪਨ ਦਾ ਅਹਿਸਾਸ ਕਰਵਾਉਣ, ਭਾਵ ਉਨ੍ਹਾਂ ਦਾ ਕੰਮ ਪੜ੍ਹਨਾ-ਲਿਖਣਾ, ਖੇਡਣਾ ਅਤੇ ਹਲਕੀਆਂ-ਫੁਲਕੀਆਂ ਸ਼ਰਾਰਤਾਂ ਕਰਨਾ ਹੀ ਹੋਵੇ। ਅਸੀਂ ਬੱਚਿਆਂ ਨੂੰ ‘ਦੇਸ਼ ਦਾ ਭਵਿੱਖ’ ਕਹਿੰਦੇ ਨਹੀਂ ਥੱਕਦੇ ਪਰ ਸਵਾਲ ਇਹ ਹੈ ਕਿ ਕੀ ਮਜ਼ਦੂਰੀ ਕਰਨ ਵਾਲੇ ਇਹ ਬੱਚੇ ਦੇਸ਼ ਦਾ ਭਵਿੱਖ ਨਹੀਂ ਹਨ?
ਦੁਨੀਆ ਦੀ ਗੱਲ ਕੀ ਕਰੀਏ, ਭਾਰਤ ਵਿਚ ਹੀ ਕਰੋੜਾਂ ਬਾਲ ਮਜ਼ਦੂਰ ਹਨ। ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇ ਇਹ ਕਰੋੜਾਂ ਬੱਚੇ ਭੀਖ ਮੰਗਣ ਜਾਂ ਮਜ਼ਦੂਰੀ ਕਰਨ ਦੀ ਥਾਂ ਪੜ੍ਹ-ਲਿਖ ਕੇ ਕੁਝ ਬਣਨ ਦੇ ਰਾਹ ‘ਤੇ ਚੱਲਦੇ ਤਾਂ ਦੇਸ਼ ਨੂੰ ਕਿੰਨਾ ਸਮਾਜਿਕ ਤੇ ਆਰਥਿਕ ਫਾਇਦਾ ਹੁੰਦਾ। ਅਸਲੀਅਤ ਇਹ ਹੈ ਕਿ ਬਾਲ ਮਜ਼ਦੂਰੀ ਦੀ ਮਜਬੂਰੀ ਨੂੰ ਗਰੀਬੀ ਦਾ ਬਹਾਨਾ ਬਣਾ ਕੇ ਟਾਲ ਦਿੱਤਾ ਜਾਂਦਾ ਹੈ ਪਰ ਅਸਲੀਅਤ ਇਹ ਹੈ ਕਿ ਸਾਡਾ ਲਾਲਚ, ਧੱਕੇਸ਼ਾਹੀ, ਸ਼ੋਸ਼ਣ ਕਰਨ ਦੀ ਮਾਨਸਿਕਤਾ ਅਤੇ ਜ਼ੋਰ-ਜ਼ਬਰਦਸਤੀ ਕਰਨ ਤੋਂ ਲੈ ਕੇ ਬੱਚਿਆਂ ‘ਤੇ ਜ਼ੁਲਮ ਕਰਨ ਦੀ ਆਦਤ ਹੀ ਬਾਲ ਮਜ਼ਦੂਰੀ ਨੂੰ ਖਤਮ ਨਹੀਂ ਹੋਣ ਦਿੰਦੀ। ਇਸ ਅੱਗੇ ਕਾਨੂੰਨ ਦੀ ਸਖ਼ਤੀ ਦਾ ਵੀ ਕੋਈ ਅਰਥ ਨਹੀਂ ਹੁੰਦਾ।
ਸੋਚ ਬਦਲਣੀ ਪਵੇਗੀ ਚਲੋ ਇਕ ਹੋਰ ਦ੍ਰਿਸ਼ ਦਾ ਅਹਿਸਾਸ ਕਰਵਾਉਂਦੇ ਹਾਂ। ਪਰਿਵਾਰ ਵਿਚ ਇਕ ਪਾਸੇ ਸਾਫ-ਸੁਥਰੀ ਡ੍ਰੈੱਸ ਪਹਿਨੀ ਬੱਚੇ ਸਕੂਲ ਜਾਣ ਲਈ ਤਿਆਰ ਹਨ ਅਤੇ ਉਸੇ ਘਰ ਵਿਚ ਉਨ੍ਹਾਂ ਹੀ ਬੱਚਿਆਂ ਦੀ ਉਮਰ ਦਾ ਨੌਕਰ ਜਾਂ ਨੌਕਰਾਣੀ ਵੀ ਹੈ, ਤਾਂ ਇਨ੍ਹਾਂ ਹਮਉਮਰ ਬੱਚਿਆਂ ਦੀ ਸੋਚ ਦਾ ਅੰਦਾਜ਼ਾ ਲਾਓ। ਇਕ ਨੇ ਹੁਕਮ ਚਲਾਉਣਾ ਹੈ, ਤਾਂ ਦੂਜੇ ਨੇ ਹੁਕਮ ਮੰਨਣਾ ਹੈ। ਜੇ ਉਸ ਤੋਂ ਕੋਈ ਗਲਤੀ ਹੋ ਜਾਵੇ ਤਾਂ ਸਜ਼ਾ ਮਿਲਣੀ ਤੈਅ ਹੈ।
ਇਕ ਹੋਰ ਸੀਨ ਹੈ। ਕਿਸੇ ਕਾਰਖਾਨੇ ਜਾਂ ਦੁਕਾਨ ਵਿਚ ਗਰਮੀ, ਸਰਦੀ, ਬਰਸਾਤ ਵਿਚ ਦਿਨ-ਰਾਤ ਭੁੱਖੇ ਢਿੱਡ ਜਾਂ ਰੁੱਖੀ-ਸੁੱਕੀ ਰੋਟੀ ਖਾ ਕੇ ਕੰਮ ਕਰਨ ਵਾਲੇ 8-9 ਤੋਂ 12-14 ਸਾਲ ਦੀ ਉਮਰ ਦੇ ਬੱਚੇ ਨੂੰ ਜ਼ਰਾ ਜਿੰਨੀ ਗਲਤੀ ‘ਤੇ ਤਸ਼ੱਦਦ ਝੱਲਣਾ ਪੈਂਦਾ ਹੈ। ਕੀ ਇਹ ਗੱਲਾਂ ਇਹ ਸੋਚਣ ਲਈ ਮਜਬੂਰ ਨਹੀਂ ਕਰਦੀਆਂ ਕਿ ਦੁਨੀਆ ਭਰ ਦੀ ਗੱਲ ਕਰਨ ਦੀ ਬਜਾਏ ਆਪਣੇ ਹੀ ਦੇਸ਼ ‘ਚੋਂ ਇਸ ਬੁਰਾਈ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਉਨ੍ਹਾਂ ਉਪਾਵਾਂ ਬਾਰੇ ਸੋਚਿਆ ਜਾਵੇ, ਜਿਨ੍ਹਾਂ ਨਾਲ ਬਾਲ ਮਜ਼ਦੂਰਾਂ ਨੂੰ ਇਸ ਨਰਕ ‘ਚੋਂ ਕੱਢਿਆ ਜਾ ਸਕੇ।
ਬਾਲ ਮਜ਼ਦੂਰੀ ਦੀ ਵਜ੍ਹਾ ਜ਼ਿਆਦਾਤਰ  ਸਾਡਾ ਸੁਆਰਥੀ ਹੋਣਾ ਹੈ। ਬੱਚਿਆਂ ਦਾ ਖੁੱਸਿਆ ਬਚਪਨ ਵਾਪਿਸ ਲਿਆਉਣ ਦਾ ਕੰਮ ਕਰਨ ਵਿਚ ਜਿੰਨਾ ਪੁੰਨ ਮਿਲ ਸਕਦਾ ਹੈ, ਓਨਾ ਸ਼ਾਇਦ ਤੀਰਥਾਂ ਦੀ ਯਾਤਰਾ ਅਤੇ ਪੂਜਾ-ਪਾਠ ਕਰਨ ਨਾਲ ਵੀ ਨਾ ਮਿਲੇ। ਇਸ ਦੇ ਲਈ ਕਿਸੇ ਰਾਕੇਟ ਸਾਇੰਸ ਦੀ ਨਹੀਂ, ਸੱਚ ਨੂੰ ਸਮਝਣ ਅਤੇ ਸੋਚ ਨੂੰ ਬਦਲਣ ਦੀ ਲੋੜ ਹੈ।
ਬਾਲ ਮਜ਼ਦੂਰੀ ਦਾ ਸਭ ਤੋਂ ਵੱਡਾ ਬੁਰਾ ਨਤੀਜਾ ਇਹ ਹੁੰਦਾ ਹੈ ਕਿ ਇਨ੍ਹਾਂ ਬੱਚਿਆਂ ਨੂੰ ਪੜ੍ਹਾਈ-ਲਿਖਾਈ ਬੇਕਾਰ ਲੱਗਣ ਲੱਗਦੀ ਹੈ ਕਿਉਂਕਿ ਮਾਲਕਾਂ ਵਲੋਂ ਉਨ੍ਹਾਂ ਨਾਲ ਅਜਿਹਾ ਸਲੂਕ ਕੀਤਾ ਜਾਂਦਾ ਹੈ ਕਿ ਸਕੂਲ ਦੇ ਨਾਂ ਤੋਂ ਹੀ ਉਨ੍ਹਾਂ ਨੂੰ ਚਿੜ੍ਹ ਹੋਣ ਲੱਗਦੀ ਹੈ। ਉਨ੍ਹਾਂ ਦੇ ਮਨ ਵਿਚ ਇਹ ਗੱਲ ਬਿਠਾ ਦਿੱਤੀ ਜਾਂਦੀ ਹੈ ਕਿ ਪੜ੍ਹਨ ਤੋਂ ਬਾਅਦ ਵੀ ਉਨ੍ਹਾਂ ਦੀ ਆਮਦਨ ਜ਼ਿੰਦਗੀ ਭਰ ਓਨੀ ਨਹੀਂ ਹੋਵੇਗੀ, ਜਿੰਨੀ ਉਨ੍ਹਾਂ ਦੀ ਹੁਣ ਹੈ।
ਅਸਲੀਅਤ ਨੂੰ ਧਿਆਨ ਵਿਚ ਰੱਖਦਿਆਂ ਇਹ ਕਹਿਣਾ ਗਲਤ ਹੋਵੇਗਾ ਕਿ ਸਿਰਫ ਗਰੀਬੀ ਹੀ ਇਸ ਦੀ ਵਜ੍ਹਾ ਹੈ, ਸਗੋਂ ਬਾਲ ਮਜ਼ਦੂਰੀ ਵਿਚ ਲੱਗੇ ਬੱਚਿਆਂ ਦੇ ਮਾਪਿਆਂ ਦਾ ਲਾਲਚ ਅਤੇ ਕਾਰਖਾਨੇਦਾਰਾਂ ਵਲੋਂ ਉਨ੍ਹਾਂ ਦਾ ਮਾਨਸਿਕ ਤੇ ਸਰੀਰਕ ਸ਼ੋਸ਼ਣ ਵੀ ਮੁੱਖ ਕਾਰਨ ਹੈ। ਬਾਲ ਮਜ਼ਦੂਰੀ ਰੋਕਣ ਲਈ ਜੋ ਕਾਨੂੰਨ ਬਣੇ ਹਨ, ਉਨ੍ਹਾਂ ਦੀ ਵਰਤੋਂ ਜਿਸ ਢਿੱਲ-ਮੱਠ ਨਾਲ ਹੁੰਦੀ ਹੈ, ਉਸ ਵਿਚ ਸਿਆਸੀ ਦਬਾਅ ਤੇ ਰਿਸ਼ਵਤਖੋਰੀ ਦਾ ਬੋਲਬਾਲਾ ਹੁੰਦਾ ਹੈ।
ਇਸ ਹਾਲਤ ਵਿਚ ਸਰਕਾਰ ਅਤੇ ਕਾਨੂੰਨ ਤੋਂ ਜ਼ਿਆਦਾ ਉਮੀਦ ਰੱਖਣ ਦੀ ਬਜਾਏ ਬੁੱਧੀਜੀਵੀ ਨਾਗਰਿਕਾਂ ਨੂੰ ਅੱਗੇ ਆਉਣਾ ਪਵੇਗਾ। ਸਭ ਤੋਂ ਪਹਿਲਾਂ ਸ਼ੁਰੂਆਤ ਆਪਣੇ ਘਰ ਤੋਂ ਹੀ ਕਰਨੀ ਪਵੇਗੀ। 4 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਨੂੰ ਘਰੇਲੂ ਕੰਮਾਂ ਲਈ ਨੌਕਰ ਵਜੋਂ ਨਾ ਰੱਖਣ ਦੀ ਪਹਿਲ ਕਰਨੀ ਪਵੇਗੀ। ਜੇ ਕੋਈ ਅਜਿਹਾ ਬੱਚਾ ਤੁਹਾਡੇ ਕੋਲ ਆਉਂਦਾ ਵੀ ਹੈ ਤਾਂ ਉਸ ਦੀ ਪੜ੍ਹਾਈ-ਲਿਖਾਈ ਦਾ ਖਰਚਾ ਖ਼ੁਦ ਚੁੱਕਣ ਅਤੇ ਉਸ ਨੂੰ ਜ਼ਰੂਰੀ ਸਹੂਲਤਾਂ ਦੇਣ ਦੀ ਪਹਿਲ ਕਰੋ।
ਜੇ ਤੁਸੀਂ ਇਸ ਉਮਰ ਦੇ ਕਿਸੇ ਬੱਚੇ ਨੂੰ ਦੁਕਾਨ, ਢਾਬੇ ਜਾਂ ਫੈਕਟਰੀ ਵਿਚ ਕੰਮ ਕਰਦਾ ਦੇਖੋ ਤਾਂ ਅੱਖਾਂ ਫੇਰਨ ਦੀ ਬਜਾਏ ਉਸ ਨੂੰ ਉਥੋਂ ਕੱਢਣ ਦੀ ਯੋਜਨਾ ਬਣਾਓ। ਇਸ ਦੇ ਲਈ ਇਸ ਖੇਤਰ ਵਿਚ ਕੰਮ ਕਰ ਰਹੀਆਂ ਸੰਸਥਾਵਾਂ ਦਾ ਸਹਿਯੋਗ ਲਓ ਅਤੇ ਅਜਿਹੇ ਬੱਚਿਆਂ ਦੀ ਆਰਥਿਕ ਤੌਰ ‘ਤੇ ਮਦਦ ਕਰੋ।
ਜੇ ਹਰੇਕ ਕਸਬੇ, ਪਿੰਡ ਜਾਂ ਜ਼ਿਲੇ ਤਕ ਵਿਚ ਵੀ ਅਜਿਹੀ ਵਿਵਸਥਾ ਕੀਤੇ ਜਾਣ ਦਾ ਸੰਕਲਪ ਨਾਗਰਿਕ ਕਰ ਲੈਣ ਤਾਂ ਇਸ ਸਮੱਸਿਆ ਨੂੰ ਜੜ੍ਹੋਂ ਖਤਮ ਕੀਤਾ ਜਾ ਸਕਦਾ ਹੈ। ਜੇ ਪਾਠਕਾਂ ਕੋਲ ਕੋਈ ਯੋਜਨਾ ਹੈ, ਜਿਸ ਨਾਲ ਇਹ ਬੁਰਾਈ ਦੂਰ ਹੋ ਸਕੇ ਤਾਂ ਉਸ ਨੂੰ ਅਮਲ ਵਿਚ ਲਿਆਉਣ ਦਾ ਸੰਕਲਪ ਲਓ ਕਿਉਂਕਿ ਇਹ ਮੁੱਦਾ ਦੇਸ਼ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ।
ਅੱਜ ਬਾਲ ਮਜ਼ਦੂਰੀ ਸਾਡੇ ਦੇਸ਼ ਵਿੱਚ ਅਮਰਵੇਲ ਵਾਂਗ ਵਧ ਰਹੀ ਹੈ। ਭਾਵੇਂ ਸਰਕਾਰ ਨੇ ਇਸ ਤਰ੍ਹਾਂ ਦੇ ਹੋਰ ਵੀ ਕਈ ਮਜ਼ਦੂਰੀ ਰੋਕੂ ਕਾਨੂੰਨ ਬਣਾਏ ਹੋਏ ਹਨ ਪਰ ਸਿਰਫ਼ ਤੇ ਸਿਰਫ਼ ਕਾਨੂੰਨ ਬਣਾ ਕੇ ਹੀ ਬਾਲ ਮਜ਼ਦੂਰੀ ਨਹੀਂ ਰੋਕੀ ਜਾ ਸਕਦੀ। ਇਸ ਦੇ ਮੂਲ ਕਾਰਨ ਜਾਨਣ, ਸਮਝਣ ਅਤੇ ਉਨ੍ਹਾਂ ਦੇ ਹੱਲ ਲੱਭਣ ਦੀ ਲੋੜ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin