Articles

ਰਾਸ਼ਰਟੀ ਵਿਗਿਆਨ ਦਿਵਸ-2021 ਵਿਚ ਥੀਮ, ਉਦੇਸ਼ ਕੀ ਹਨ ?

ਲੇਖਕ: ਵਿਜੈ ਗਰਗ ਸਾਬਕਾ ਪਿ੍ੰਸੀਪਲ, ਮਲੋਟ

ਭਾਰਤ ‘ਚ ਹਰ ਸਾਲ 28 ਫਰਵਰੀ ਦਾ ਦਿਨ ‘ਰਾਸ਼ਟਰੀ ਵਿਗਿਆਨ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਸੰਨ 1928 ‘ਚ ਇਸੇ ਦਿਨ ਮਹਾਨ ਸਾਇੰਸਦਾਨ ਚੰਦਰਸ਼ੇਖਰ ਵੈਂਕਟਾਰਮਨ (ਸੀ. ਵੀ. ਰਮਨ) ਨੇ ਭੌਤਿਕ ਵਿਗਿਆਨ ਦੇ ਖੇਤਰ ਵਿਚ ਨਿਵੇਕਲੇ ‘ਰਮਨ ਇਫੈਕਟ’ ਦੀ ਖੋਜ ਕੀਤੀ ਸੀ। ਰਮਨ ਦੀ ਇਹ ਖੋਜ ‘ਕੁਆਂਟਮ ਥਿਊਰੀ ਆਫ ਲਾਈਟ’ ਦਾ ਇਕ ਪ੍ਰਤੱਖ ਸਬੂਤ ਸੀ। ਭਾਰਤ ਸਰਕਾਰ ਵੱਲੋਂ ‘ਰਾਸ਼ਟਰੀ ਵਿਗਿਆਨ ਦਿਵਸ’ ਮਨਾਉਣ ਦਾ ਫ਼ੈਸਲਾ 1986 ਵਿਚ ਕੀਤਾ ਗਿਆ ਸੀ। ਵਿਗਿਆਨ ਦਿਵਸ ਨੂੰ ਭਾਰਤ ਸਰਕਾਰ ਵੱਲੋਂ ਹਰ ਵਰ੍ਹੇ ਇਕ ਥੀਮ ਨਾਲ ਜੋੜਿਆ ਜਾਂਦਾ ਹੈ। ਪਿਛਲੇ ਕੁਝ ਵਰ੍ਹਿਆਂ ਵਿਚ ਦੇਸ਼ ਦੇ ਵੱਕਾਰੀ ਪੁਲਾੜ ਮਿਸ਼ਨਾਂ ਚੰਦਰਯਾਨ ਅਤੇ ਮੰਗਲਯਾਨ ਵਿਚ ਔਰਤਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਰਹੀ ਹੈ।  ਸਾਲ 2020 ਲਈ ਰਾਸ਼ਟਰੀ ਵਿਗਿਆਨ ਦਿਵਸ ਦਾ ਥੀਮ ‘ਵਿਗਿਆਨ ਵਿਚ ਔਰਤਾਂ’ (ਵੁਮੈੱਨ ਇਨ ਸਾਇੰਸ) ਰੱਖਿਆ ਗਿਆ ਹੈ। ਇਸ ਥੀਮ ਦਾ ਮੁੱਖ ਉਦੇਸ਼ ਵਿਗਿਆਨ ਪਸਾਰ, ਪ੍ਰਚਾਰ, ਪ੍ਰਸਾਰ ਅਤੇ ਖੋਜ ਖੇਤਰ ਵਿਚ ਔਰਤਾਂ ਦੀ ਸ਼ਮੂਲੀਅਤ ਨੂੰ ਹੋਰ ਉਤਸ਼ਾਹਤ ਕਰਨਾ ਹੈ।

ਰਾਸ਼ਟਰੀ ਵਿਗਿਆਨ ਦਿਵਸ 2021 ਦਾ ਵਿਸ਼ਾ (ਥੀਮ) ਕੀ ਹੈ?
 ਇਸ ਸਾਲ, ਰਾਸ਼ਟਰੀ ਵਿਗਿਆਨ ਦਿਵਸ 2021 ਦਾ ਵਿਸ਼ਾ ਹੈ “ਐਸਟੀਆਈ ਦਾ ਭਵਿੱਖ: ਸਿੱਖਿਆ, ਹੁਨਰ ਅਤੇ ਕਾਰਜ ‘ਤੇ ਪ੍ਰਭਾਵ”
 ਰਾਸ਼ਟਰੀ ਵਿਗਿਆਨ ਦਿਵਸ ਦਾ ਉਦੇਸ਼ ਕੀ ਹੈ?
 ਇਸ ਦਿਨ ਦਾ ਉਦੇਸ਼ ਵਿਦਿਆਰਥੀਆਂ ਨੂੰ ਵਿਗਿਆਨ ਦੇ ਖੇਤਰ ਵਿਚ ਆਪਣੇ ਹੱਥ ਅਜਮਾਉਣ ਲਈ ਪ੍ਰੇਰਿਤ ਕਰਨਾ ਹੈ.
 ਸੀ.ਵੀ.ਰਮਨ ਵਿਗਿਆਨ ਖੇਤਰ ਵਿਚ ਨੋਬਲ ਪੁਰਸਕਾਰ ਜਿੱਤਣ ਵਾਲੇ ਪਹਿਲੇ ਭਾਰਤੀ ਵਿਗਿਆਨੀ ਸਨ। ਇਸ ਮਹਾਨ ਵਿਗਿਆਨੀ ਦਾ ਜਨਮ 7 ਨਵੰਬਰ 1888 ਨੂੰ ਦੱਖਣੀ ਭਾਰਤ ਵਿਚ ਸਥਿਤ ਛੋਟੇ ਜਿਹੇ ਸ਼ਹਿਰ ਤਿਰੁਚਿਰਾਪੱਲੀ (ਤਮਿਲਨਾਡੂ) ਵਿਚ ਹੋਇਆ ਸੀ। ਰਮਨ ਦੇ ਪਿਤਾ ਕਾਲਜ ਵਿਚ ਹਿਸਾਬ ਅਤੇ ਭੌਤਿਕ ਵਿਗਿਆਨ ਦੇ ਪ੍ਰੋਫ਼ੈਸਰ ਸਨ। ਸੀ. ਵੀ. ਰਮਨ ਨੇ 11 ਸਾਲ ਦੀ ਉਮਰ ਵਿਚ ਦਸਵੀਂ ਅਤੇ 13 ਸਾਲ ਦੀ ਉਮਰ ਵਿਚ ਵਜ਼ੀਫ਼ੇ ਨਾਲ ਐੱਫਏ ਦੀ ਪ੍ਰੀਖਿਆ ਪਾਸ ਕੀਤੀ। ਆਪਣੀ ਮੁੱਢਲੀ ਸਿੱਖਿਆ ਪੂਰੀ ਕਰਨ ਉਪਰੰਤ ਉਹ ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) ਦੇ ਏਵੀਐੱਨ ਕਾਲਜ ਵਿਚ ਦਾਖ਼ਲ ਹੋ ਗਏ। ਪੰਦਰਾਂ ਸਾਲ ਦੀ ਉਮਰ ਵਿਚ ਸੀ.ਵੀ. ਰਮਨ ਨੇ ਬੀਏ ਦੀ ਡਿਗਰੀ ਪ੍ਰਾਪਤ ਕਰ ਲਈ ਅਤੇ ਆਪਣੀ ਜਮਾਤ ‘ਚੋਂ ਪਹਿਲੇ ਸਥਾਨ ‘ਤੇ ਰਹੇ। ਅਠਾਰਾਂ ਸਾਲ ਦੀ ਉਮਰ ਵਿਚ ਉਨ੍ਹਾਂ ਨੇ ਐੱਮ.ਏ. ਆਨਰਜ਼ ਦੀ ਡਿਗਰੀ ਪ੍ਰਾਪਤ ਕੀਤੀ। ਵਿਦਿਆਰਥੀ ਸਮੇਂ ਦੌਰਾਨ ਉਨ੍ਹਾਂ ਨੇ ਆਪਣੇ ਪੱਧਰ ‘ਤੇ ਹੀ ਵਿਗਿਆਨ ਦੇ ਕਈ ਵਿਸ਼ਿਆਂ ‘ਤੇ ਖੋਜਾਂ ਕੀਤੀਆਂ ਅਤੇ ਉਨ੍ਹਾਂ ਦਾ ਇਕ ਖੋਜ ਪੱਤਰ 1906 ਵਿਚ ‘ਫਿਲੋਸਫੀਕਲ ਮੈਗਜ਼ੀਨ’ ਲੰਡਨ ਵਿਚ ਪ੍ਰਕਾਸ਼ਿਤ ਹੋਇਆ।
ਸੀ. ਵੀ. ਰਮਨ ਨੇ 6 ਮਈ 1907 ਨੂੰ ਲੋਕਾਸੁੰਦਰੀ ਅੱਮਾਲ (1892-1980) ਨਾਲ ਵਿਆਹ ਕਰਵਾਇਆ। ਉਨ੍ਹਾਂ ਦੇ ਘਰ ਦੋ ਬੇਟੇ ਪੈਦਾ ਹੋਏ ਚੰਦਰਸ਼ੇਖਰ ਅਤੇ ਰੇਡੀਓ ਐਸਟਰੋਨੋਮਰ ਰਾਧਾਕ੍ਰਿਸ਼ਣਨ। ਸੀਵੀ ਰਮਨ ਸੁਬਰਾਮਣੀਅਨ ਚੰਦਰਸ਼ੇਖਰ ਦੇ ਚਾਚੇ-ਤਾਇਆਂ ‘ਚੋਂ ਸਨ ਜਿਨ੍ਹਾਂ ਨੇ 1983 ਵਿਚ ਫਜ਼ਿਕਸ ਵਿਚ ਨੋਬਲ ਪੁਰਸਕਾਰ ਪ੍ਰਾਪਤ ਕੀਤਾ ਸੀ। ਬੇਸ਼ੱਕ ਸੀ.ਵੀ. ਰਮਨ ਨੇ ਵਿਗਿਆਨ ਵਿਚ ਆਪਣੀ ਮੁਹਾਰਤ ਦਰਸਾਈ ਪਰ ਫਿਰ ਵੀ ਉਸ ਸਮੇਂ ਵਿਗਿਆਨ ਨੂੰ ਕਿੱਤੇ ਵਜੋਂ ਚੁਣਨ ਲਈ ਉਨ੍ਹਾਂ ਨੂੰ ਹੱਲਾਸ਼ੇਰੀ ਨਹੀਂ ਮਿਲੀ ਅਤੇ ਆਪਣੇ ਪਿਤਾ ਦੇ ਕਹਿਣ ‘ਤੇ ਉਨ੍ਹਾਂ ਨੇ ‘ਭਾਰਤੀ ਵਿੱਤੀ ਸਿਵਲ ਸੇਵਾਵਾਂ’ ਵਿਚ ਦਾਖ਼ਲੇ ਲਈ ਪ੍ਰੀਖਿਆ ਦਿੱਤੀ। ਇਸ ਪ੍ਰੀਖਿਆ ਵਿਚ ਪਾਸ ਹੋਣ ਉਪਰੰਤ ਉਨ੍ਹਾਂ ਨੂੰ ਮਾਲ ਮਹਿਕਮੇ ਵਿਚ ਅਸਿਸਟੈਂਟ ਅਕਾਊਟੈਂਟ ਜਨਰਲ ਦੀ ਨੌਕਰੀ ਮਿਲ ਗਈ। ਮਹਿਕਮੇ ਦੇ ਕਲਕੱਤਾ ਸਥਿਤ ਦਫ਼ਤਰ ਵਿਚ ਨੌਕਰੀ ਕਰਦੇ ਸਮੇਂ ਉਨ੍ਹਾਂ ਦੀ ਮੁਲਾਕਾਤ ‘ਇੰਡੀਅਨ ਐਸੋਸੀਏਸ਼ਨ ਫਾਰ ਕਲਟੀਵੇਸ਼ਨ ਆਫ਼ ਸਾਇੰਸ’ ਦੇ ਆਨਰੇਰੀ ਸਕੱਤਰ ਅੰਮ੍ਰਿਤ ਲਾਲ ਸਿਰਕਾਰ ਨਾਲ ਹੋਈ। ਸਿਰਕਾਰ ਦੇ ਕਹਿਣ ‘ਤੇ ਰਮਨ ਨੇ ਐਸੋਸੀਏਸ਼ਨ ਦੀ ਪ੍ਰਯੋਗਸ਼ਾਲਾ ਵਿਚ ਖੋਜ ਕਾਰਜ ਕਰਨਾ ਸ਼ੁਰੂ ਕਰ ਦਿੱਤਾ। ਇੱਥੇ ਉਨ੍ਹਾਂ ਕੰਮ ਕਰਦਿਆਂ 30 ਦੇ ਲਗਪਗ ਖੋਜ ਪੱਤਰ ਲਿਖੇ। ਉਨ੍ਹਾਂ ਦਾ ਖੋਜ ਕਾਰਜ ਵਿਗਿਆਨ ਦੇ ਸਰਬੋਤਮ ਮੰਨੇ ਜਾਂਦੇ ਰਸਾਲਿਆਂ ਜਿਵੇਂ ਕਿ ‘ਨੇਚਰ’, ‘ਫਿਜ਼ਿਕਸ ਰਿਵਿਊਜ਼’, ‘ਫਿਲੋਸਫੀਕਲ ਮੈਗਜ਼ੀਨ’ ਵਿਚ ਪ੍ਰਕਾਸ਼ਿਤ ਹੋਇਆ। ਇਸੇ ਦੌਰਾਨ ਉਨ੍ਹਾਂ ਦਾ ਦੋ ਵਾਰ ਤਬਾਦਲਾ ਵੀ ਹੋਇਆ ਪਰ ਉਨ੍ਹਾਂ ਆਪਣਾ ਖੋਜ ਕਾਰਜ ਜਾਰੀ ਰੱਖਿਆ। ਸੰਨ 1917 ਵਿਚ ਮਹਾਨ ਸਾਇੰਸਦਾਨ ਆਸ਼ੂਤੋਸ਼ ਮੁਖਰਜੀ ਜਦ ਕਲਕੱਤਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣੇ ਤਾਂ ਉਨ੍ਹਾਂ ਨੇ ਸੀ. ਵੀ. ਰਮਨ ਨੂੰ ਪ੍ਰੋਫ਼ੈਸਰਸ਼ਿਪ ਦੀ ਪੇਸ਼ਕਸ਼ ਕੀਤੀ ਜਿਸ ਨੂੰ ਉਨ੍ਹਾਂ ਨੇ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਰ ਲਿਆ। ਬੇਸ਼ੱਕ ਉਨ੍ਹਾਂ ਦੀ ਤਨਖ਼ਾਹ ਆਪਣੀ ਪਹਿਲੀ ਨੌਕਰੀ ਤੋਂ ਅੱਧੀ ਸੀ ਪਰ ਉਨ੍ਹਾਂ ਮਾਲ ਮਹਿਕਮੇ ਦੀ ਨੌਕਰੀ ਛੱਡਣ ‘ਚ ਇਕ ਮਿੰਟ ਵੀ ਨਾ ਲਾਇਆ। ਮਾਲ ਮਹਿਕਮੇ ਵਾਲੇ ਉਨ੍ਹਾਂ ਨੂੰ ਨੌਕਰੀ ਛੱਡ ਕੇ ਜਾਣ ਨਹੀਂ ਦੇਣਾ ਚਾਹੁੰਦੇ ਸਨ ਕਿਉਂਕਿ ਉਹ ਵਧੀਆ ਅਫ਼ਸਰਾਂ ‘ਚੋਂ ਇਕ ਸਨ। ਯੂਨੀਵਰਸਿਟੀ ਵਿਚ ਕੰਮ ਕਰਦਿਆਂ 1921 ਵਿਚ ਜਦ ਉਹ ਇੰਗਲੈਂਡ ਗਏ ਤਾਂ ਉੱਥੇ ਗਹਿਰੇ ਨੀਲੇ ਸਾਗਰਾਂ ਨੂੰ ਦੇਖ ਕੇ ਮੰਤਰ-ਮੁਗਧ ਹੋ ਗਏ। ਇਨ੍ਹਾਂ ਸਾਗਰਾਂ ਨੂੰ ਦੇਖਦੇ ਹੋਏ ਸੀ.ਵੀ.ਰਮਨ ਨੇ ਰੌਸ਼ਨੀ ਦੇ ਬਿਖਰਨ ਸਬੰਧੀ ਵਿਸ਼ੇ ‘ਤੇ ਖੋਜ ਕਰਨ ਬਾਰੇ ਵਿਚਾਰ ਬਣਾਇਆ। ਸੰਨ 1924 ਵਿਚ ਉਨ੍ਹਾਂ ਨੂੰ ਰਾਇਲ ਸੁਸਾਇਟੀ ਲੰਡਨ ਦਾ ਫੈਲੋ ਚੁਣਿਆ ਗਿਆ। ਚਾਰ ਸਾਲ ਬਾਅਦ 1928 ਵਿਚ ਦੱਖਣੀ ਭਾਰਤ ਵਿਗਿਆਨ ਸੰਸਥਾ ਅਤੇ ਸੈਂਟਰ ਕਾਲਜ ਬੰਗਲੌਰ ਦੇ ਸਾਇੰਸ ਕਲੱਬ ਦੀ ਸਾਂਝੀ ਮੀਟਿੰਗ ‘ਚ ਉਨ੍ਹਾਂ ਨੇ ਆਪਣੀ ਖੋਜ ‘ਰਮਨ ਇਫੈਕਟ’ ਬਾਰੇ ਐਲਾਨ ਕੀਤਾ। ਵਿਗਿਆਨ ਦੇ ਖੇਤਰ ਵਿਚ ਕੀਤੇ ਗਏ ਇਸੇ ਖੋਜ ਕਾਰਜ ਕਾਰਨ ਉਨ੍ਹਾਂ ਨੂੰ 1929 ਵਿਚ ‘ਸਰ’ ਦੀ ਉਪਾਧੀ ਨਾਲ ਨਿਵਾਜਿਆ ਗਿਆ ਅਤੇ 1930 ਵਿਚ ‘ਨੋਬਲ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਸੰਨ 1934 ਵਿਚ ਉਹ ਆਈਆਈਐੱਸਸੀ, ਬੰਗਲੌਰ ਦੇ ਡਾਇਰੈਕਟਰ ਬਣੇ ਜਿੱਥੇ ਉਹ ਸੇਵਾ ਮੁਕਤੀ ਤਕ ਰਹੇ। ਰਿਟਾਇਰ ਹੋਣ ਤੋਂ ਬਾਅਦ ਉਨ੍ਹਾਂ ਨੇ ਬੰਗਲੌਰ ਵਿਚ ਪਹਿਲਾਂ ‘ਰਮਨ ਇੰਸਟੀਚਿਊਟ’ ਅਤੇ ਬਾਅਦ ਵਿਚ ‘ਇੰਡੀਅਨ ਅਕੈਡਮੀ ਆਫ ਸਾਇੰਸਜ਼’ ਦੀ ਸਥਾਪਨਾ ਕੀਤੀ। ਭਾਰਤ ਸਰਕਾਰ ਵੱਲੋਂ ਵਿਗਿਆਨਕ ਯੋਗਦਾਨ ਲਈ ਸੰਨ 1954 ਵਿਚ ਉਨ੍ਹਾਂ ਨੂੰ ਭਾਰਤ ਰਤਨ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇੱਕੀ ਨਵੰਬਰ 1970 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਇੱਛਾ ਅਨੁਸਾਰ ‘ਰਮਨ ਇੰਸਟੀਚਿਊਟ’ ਦੇ ਬਗੀਚੇ ਵਿਚ ਹੀ ਉਨ੍ਹਾਂ ਦਾ ਕਿਰਿਆ-ਕਰਮ ਕੀਤਾ ਗਿਆ। ਉਹ ਇਕ ਸਾਦਾ ਤੇ ਭਾਵੁਕ ਇਨਸਾਨ ਸਨ। ਉਹ ਇਹ ਵਿਚਾਰ ਰੱਖਦੇ ਸਨ ਕਿ ਭਾਰਤ ਦੀਆਂ ਸਮੱਸਿਆਵਾਂ ਦਾ ਹੱਲ ਕੇਵਲ ਵਿਗਿਆਨ ਕੋਲ ਹੀ ਹੈ ਅਤੇ ਸਾਨੂੰ ਆਪਣੀਆਂ ਮੁਸ਼ਕਲਾਂ ਦੇ ਹੱਲ ਲਈ ਪੱਛਮ ਵੱਲ ਨਹੀਂ ਝਾਕਣਾ ਚਾਹੀਦਾ ਬਲਕਿ ਉਨ੍ਹਾਂ ਦੇ ਹੱਲ ਆਪ ਲੱਭਣੇ ਚਾਹੀਦੇ ਹਨ। ਸੀ. ਵੀ. ਰਮਨ ਇਕ ਮਹਾਨ ਵਿਗਿਆਨੀ ਹੀ ਨਹੀਂ ਬਲਕਿ ਪੱਕੇ ਦੇਸ਼ ਭਗਤ ਵੀ ਸਨ। ਸੀ. ਵੀ. ਰਮਨ ਨੇ ਜੀਵਨ ਕਾਲ ਵਿਚ ਨਗਾਂ, ਮਿਨਰਲਾਂ ਤੇ ਹੋਰ ਕੁਝ ਦਿਲਚਸਪ ਵਸਤਾਂ ਦੀ ਕੁਲੈਕਸ਼ਨ ਇਕੱਠੀ ਕੀਤੀ ਹੋਈ ਸੀ ਜੋ ਰਮਨ ਰਿਸਰਚ ਇੰਸਟੀਚਿਊਟ ਵਿਖੇ ਪ੍ਰਦਰਸ਼ਿਤ ਕੀਤੀ ਗਈ ਹੈ ਜਿੱਥੇ ਉਨ੍ਹਾਂ ਨੇ ਪੜ੍ਹਾਇਆ ਤੇ ਕੰਮ ਕੀਤਾ ਸੀ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin