Punjab

ਵਿਸਾਖੀ ਮੌਕੇ ਸ੍ਰੀ ਕਰਤਾਰਪੁਰ ਸਾਹਿਬ (ਨਾਰੋਵਾਲ) ਵਿਖੇ ਨਤਮਸਤਕ ਹੋਏ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮਰੀਅਮ ਨਵਾਜ਼

ਕਰਤਾਰਪੁਰ ਸਾਹਿਬ – ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮਰੀਅਮ ਨਵਾਜ਼ ਵਿਸਾਖੀ ਮੌਕੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਭਾਰਤੀ ਜਥੇ ਨਾਲ ਦਰਬਾਰ ਸਾਹਿਬ ਵਿਖੇ ਕਰਵਾਏ ਗਏ ਵਿਸਾਖੀ ਸਮਾਗਮਾਂ ਵਿਚ ਹਾਜ਼ਰੀ ਭਰੀ।
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਲਹਿੰਦੇ ਪੰਜਾਬ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਵਲੋਂ ਉਨ੍ਹਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਨਤਮਸਤਕ ਹੋਣ ਉਪਰੰਤ ਮਰੀਅਮ ਨਵਾਜ਼ ਨੇ ਪੰਗਤ ਵਿਚ ਬੈਠ ਕੇ ਲੰਗਰ ਛਕਿਆ ਅਤੇ ਭਾਰਤੀ ਸ਼ਰਧਾਲੂਆਂ ਸਣੇ ਸਮੂਹ ਸੰਗਤ ਨਾਲ ਮੁਲਾਕਾਤ ਕੀਤੀ।
ਇਸ ਉਪਰੰਤ ਉਨ੍ਹਾਂ ਨੇ ਉਸ ਥਾਂ ਉਤੇ ਕਣਕ ਦੀ ਵਾਢੀ ਕੀਤੀ, ਜਿਥੇ ਬਾਬੇ ਨਾਨਕ ਨੇ ਖੇਤੀ ਕੀਤੀ ਸੀ । ਦੱਸ ਦੇਈਏ ਕਿ ਪਾਕਿਸਤਾਨ ਸਥਿਤ ਗੁਰਧਾਮਾਂ ਵਿਖੇ ਵਿਸਾਖੀ ਪੂਰਬ ਮਨਾਉਣ ਲਈ ਭਾਰਤ ਤੋਂ 3000 ਸ਼ਰਧਾਲੂਆਂ ਦਾ ਜਥਾ 13 ਅਪ੍ਰੈਲ ਨੂੰ ਪਾਕਿਸਤਾਨ ਰਵਾਨਾ ਹੋਇਆ ਸੀ।
ਇਹ ਜਥਾ ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸੱਚਾ ਸੌਦਾ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ ਲਾਹੌਰ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਅਤੇ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਦੇ ਦਰਸ਼ਨ ਕਰਨ ਮਗਰੋਂ 22 ਅਪ੍ਰੈਲ ਨੂੰ ਵਾਪਸ ਭਾਰਤ ਪਰਤੇਗਾ।
ਮਰੀਅਮ ਨਵਾਜ਼ ਨੇ ਭਾਰਤੀ ਸਿੱਖ ਸ਼ਰਧਾਲੂਆਂ ਨਾਲ ਕੀਤੀ ਮੁਲਾਕਾਤ; ਕਿਹਾ, ‘ਸਾਨੂੰ ਅਪਣੇ ਗੁਆਂਢੀਆਂ ਨਾਲ ਨਹੀਂ ਲੜਨਾ ਚਾਹੀਦਾ’
ਮਰੀਅਮ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਵਿਚ ਸਰਕਾਰੀ ਪੱਧਰ ’ਤੇ ਵਿਸਾਖੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।
ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਵਿਸਾਖੀ ਮੌਕੇ ਪਾਕਿਸਤਾਨ ਪਹੁੰਚੇ ਭਾਰਤੀ ਸਿੱਖ ਸ਼ਰਧਾਲੂਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਯਾਦ ਕੀਤਾ ਕਿ ਉਨ੍ਹਾਂ ਦੇ ਪਿਤਾ ਨਵਾਜ਼ ਸ਼ਰੀਫ ਨੇ ਕਿਹਾ ਸੀ ਕਿ ਦੇਸ਼ ਨੂੰ ਅਪਣੇ ਗੁਆਂਢੀਆਂ ਨਾਲ ਨਹੀਂ ਲੜਨਾ ਚਾਹੀਦਾ। ਭਾਰਤ ਤੋਂ ਲਗਭਗ 2,400 ਸਿੱਖ ਵਿਸਾਖੀ ਸਮਾਗਮਾਂ ਵਿਚ ਹਿੱਸਾ ਲੈਣ ਪਾਕਿਸਤਾਨ ਗਏ ਹਨ। ।
ਕਰਤਾਰਪੁਰ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਮਰੀਅਮ ਨੇ ਅਪਣੇ ਪਿਤਾ ਅਤੇ ਤਿੰਨ ਵਾਰ ਸਾਬਕਾ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ਼ ਦੇ ਹਵਾਲੇ ਨਾਲ ਕਿਹਾ, “ਸਾਨੂੰ ਆਪਣੇ ਗੁਆਂਢੀਆਂ ਨਾਲ ਨਹੀਂ ਲੜਨਾ ਚਾਹੀਦਾ। ਸਾਨੂੰ ਉਨ੍ਹਾਂ ਲਈ ਅਪਣੇ ਦਿਲ ਖੋਲ੍ਹਣ ਦੀ ਲੋੜ ਹੈ।”
ਮਰੀਅਮ (50) ਨੂੰ ਨਵਾਜ਼ ਸ਼ਰੀਫ਼ ਦੀ ਸਿਆਸੀ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ। ਉਹ ਫਰਵਰੀ ਵਿਚ ਪਾਕਿਸਤਾਨ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਚੁਣੀ ਗਈ ਸੀ।
ਮਰੀਅਮ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਵਿਚ ਸਰਕਾਰੀ ਪੱਧਰ ’ਤੇ ਵਿਸਾਖੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ, “ਇਹ ਮੇਰਾ ਪੰਜਾਬ ਹੈ ਅਤੇ ਅਸੀਂ ਸਾਰੇ ਘੱਟ ਗਿਣਤੀ ਤਿਉਹਾਰ ਹੋਲੀ, ਈਸਟਰ ਅਤੇ ਵਿਸਾਖੀ ਇਕੱਠੇ ਮਨਾ ਰਹੇ ਹਾਂ ।”
ਉਨ੍ਹਾਂ ਅੱਗੇ ਕਿਹਾ, “ਅਸੀਂ ਇਥੇ ਭਾਰਤੀ ਪੰਜਾਬ ਦੇ ਲੋਕਾਂ ਵਾਂਗ ਪੰਜਾਬੀ ਬੋਲਣਾ ਚਾਹੁੰਦੇ ਹਾਂ । ਮੇਰੇ ਦਾਦਾ ਜੀ ਮੀਆਂ ਸ਼ਰੀਫ ਜਾਤੀ ਉਮਰਾ ਅੰਮ੍ਰਿਤਸਰ ਦੇ ਵਸਨੀਕ ਸਨ । ਜਦੋਂ ਇਕ ਪੰਜਾਬੀ ਭਾਰਤੀ ਜਾਤੀ ਉਮਰਾ ਦੀ ਮਿੱਟੀ ਲੈ ਕੇ ਆਏ, ਤਾਂ ਮੈਂ ਉਸ ਨੂੰ ਉਨ੍ਹਾਂ ਦੀ ਕਬਰ ’ਤੇ ਰੱਖ ਦਿੱਤਾ”।
ਮਰੀਅਮ ਨੇ ਅੰਮ੍ਰਿਤਸਰ ਦੀ ਇਕ ਭਾਰਤੀ ਔਰਤ ਨੂੰ ਗਲੇ ਲਗਾਇਆ ਅਤੇ ਇਕ ਦੂਜੇ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਕਿਸੇ ਸੂਬੇ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ, ਭਾਰਤ ਤੋਂ ਬਹੁਤ ਸਾਰੇ ਵਧਾਈ ਸੰਦੇਸ਼ ਮਿਲੇ ਹਨ।

Related posts

ਨੀਲ ਗਰਗ ਦਾ ਪਰਗਟ ਸਿੰਘ ਨੂੰ ਠੋਕਵਾਂ ਜਵਾਬ-ਸਾਡੀ ਚਿੰਤਾ ਨਾ ਕਰੋ, ਆਪਣੇ ਲੀਡਰਾਂ ਦੀ ਚਿੰਤਾ ਕਰੋ, ਅੱਧੀ ਪੰਜਾਬ ਕਾਂਗਰਸ ਪਹਿਲਾਂ ਹੀ ਭਾਜਪਾ ਵਿੱਚ ਹੋ ਚੁੱਕੀ ਹੈ ਸ਼ਾਮਲ

editor

ਕਾਂਗਰਸ ਦੀ ਜਿੱਤ ਤੋਂ ਬਾਅਦ ਸਭ ਤੋਂ ਪਹਿਲਾਂ ਅਗਨੀਵੀਰ ਵਰਗੀਆਂ ਸਕੀਮਾਂ ਨੂੰ ਖਤਮ ਕਰਨਾ ਹੋਵੇਗਾ।

editor

ਸ੍ਰੀ ਫ਼ਤਿਹਗੜ੍ਹ ਸਾਹਿਬ ‘ਚ ਭਗਵੰਤ ਮਾਨ ਨੇ ਕਿਹਾ- ਗੁਰਪ੍ਰੀਤ ਜੀਪੀ ਦੀ ਜਿੱਤ ਪੱਕੀ, ਸਿਰਫ਼ ਐਲਾਨ ਹੋਣਾ ਬਾਕੀ

editor