India

ਸ਼ਾਹਜਹਾਂਪੁਰ ‘ਚ ਪੀਐੱਮ ਮੋਦੀ ਬੋਲੇ

ਸ਼ਾਹਜਹਾਂਪੁਰ – ਪੱਛਮ ਤੋਂ ਪੂਰਬ ਤਕ ਵਿਕਾਸ ਦਾ ਐਕਸਪ੍ਰੈੱਸ ਵੇਅ, ਚੋਣਾਂ ਦਾ ਮੌਸਮ ਅਤੇ ਭੀੜ ਨਾਲ ਭਰਿਆ ਮੈਦਾਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਵਿਕਾਸ ਦੀ ਗੱਡੀ ਖ਼ੂਬ ਦੌੜਾਈ ਅਤੇ ਫਿਰ ਪਾਵਰ ਸਟੇਅਰਿੰਗ ਰਾਜਨੀਤੀ ਵੱਲ ਵੀ ਬਾਖੂਬੀ ਘੁਮਾਈ। ਉਨ੍ਹਾਂ ਕਿਹਾ ਕਿ ਅਸੀਂ ਯੂਪੀ ਤੋਂ ਮਾਫ਼ੀਆ ਅਤੇ ਕੱਟਾ ਲਹਿਰਾਉਣ ਵਾਲਿਆਂ ਦਾ ਰਾਜ ਖ਼ਤਮ ਕਰ ਦਿੱਤਾ। ਸੂਬੇ ਦੀ ਯੋਗੀ ਸਰਕਾਰ ਮਾਫ਼ੀਆ ’ਤੇ ਕਾਰਵਾਈ ਕਰਦੀ ਹੈ ਤਾਂ ਇਨ੍ਹਾਂ ਨੂੰ ਪਾਲਣ ਵਾਲਿਆਂ ਨੂੰ ਦਰਦ ਹੁੰਦਾ ਹੈ। ਇਹ ਉਹੀ ਲੋਕ ਹਨ ਜਿਹੜੇ ਸਰਕਾਰੀ ਵਿਕਾਸ ਪ੍ਰਾਜੈਕਟਾਂ ਦੇ ਪੈਸੇ ਨਾਲ ਆਪਣਾ ਘਰ ਭਰਦੇ ਸਨ। ਉਨ੍ਹਾਂ ਯੂਪੀ ਅਤੇ ਯੋਗੀ ਨੂੰ ਜੋੜ ਕੇ ਬਹੁ-ਉਪਯੋਗੀ ਦਾ ਨਵਾਂ ਫਾਰਮੂਲਾ ਸਮਝਾਇਆ। ਉਨ੍ਹਾਂ ਕਿਹਾ ਕਿ ਜਨਤਾ ਕਹਿ ਰਹੀ ਹੈ ਕਿ ਯੂਪੀ ਪਲੱਸ ਯੋਗੀ ਬਹੁਤ ਉਪਯੋਗੀ ਹਨ। ਯੂਪੀ ਦੇ ਵਿਕਾਸ ਲਈ ਡਬਲ ਇੰਜਣ ਦੀ ਸਰਕਾਰ ਦੇ ਦਮਖਮ ਦੀ ਲੋੜ ਹੈ।ਪ੍ਰਧਾਨ ਮੰਤਰੀ ਮੋਦੀ ਨੇ ਸ਼ਨਿਚਰਵਾਰ ਦੁਪਹਿਰ ਰੋਜਾ ’ਚ ਮੇਰਠ ਤੋਂ ਪ੍ਰਯਾਗਰਾਜ ਤਕ ਬਣਨ ਵਾਲੇ 594 ਕਿਲੋਮੀਟਰ ਲੰਬੇ ਛੇ ਮਾਰਗੀ ਗੰਗਾ ਐਕਸਪ੍ਰੈੱਸ ਵੇਅ ਦਾ ਨੀਂਹ ਪੱਥਰ ਰੱਖਿਆ। 12 ਜ਼ਿਲ੍ਹਿਆਂ ਤੋਂ ਗੁਜ਼ਰਨ ਵਾਲੇ ਐਕਸਪ੍ਰੈੱਸ ਵੇਅ ਨਿਰਮਾਣ ’ਤੇ 26230 ਕਰੋੜ ਰੁਪਏ ਖ਼ਰਚ ਹੋਣਗੇ। ਮੋਦੀ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਪੱਛਮੀ ਯੂਪੀ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਅਜਿਹੀ ਸੀ ਕਿ ਕਿਹਾ ਜਾਂਦਾ ਸੀ ਕਿ ਦੀਵਾ ਬਲ਼ੇ ਤਾਂ ਘਰ ਪਰਤ ਆਉਣਾ। ਕੱਟਾ ਲਹਿਰਾਉਣ ਵਾਲੇ ਸੂਰਜ ਡੁੱਬਣ ਦਾ ਇੰਤਜ਼ਾਰ ਕਰਦੇ ਸਨ। ਉਨ੍ਹਾਂ ਲੋਕਾਂ ਤੋਂ ਪੁੱਛਿਆ ਕਿ ਹੁਣ ਕੱਟਾ ਗਿਆ ਕਿ ਨਹੀਂ? ਮੋਦੀ ਨੇ ਕਿਹਾ ਕਿ ਪਹਿਲਾਂ ਬੇਟੀਆਂ ਬਾਮੁਸ਼ਕਿਲ ਸਕੂਲ ਜਾ ਪਾਉਂਦੀਆਂ ਸਨ। ਕਾਰੋਬਾਰੀਆਂ ਨੂੰ ਜ਼ਮੀਨ ’ਤੇ ਕਬਜ਼ੇ ਦੀ ਚਿੰਤਾ ਹੁੰਦੀ ਸੀ। ਦੰਗਾ ਅਤੇ ਅਗਜ਼ਨੀ ਜਦੋਂ ਚਾਹੋ ਉਦੋਂ ਹੋ ਜਾਂਦੇ ਸਨ। ਮੇਰਠ ਤੋਂ ਸੋਤੀਗੰਜ ਵਿਚ ਤਾਂ ਸਾਰੇ ਦੇਸ਼ ਦੀਆਂ ਚੋਰੀ ਦੀਆਂ ਗੱਡੀਆਂ ਕੱਟੀਆਂ ਜਾਂਦੀਆਂ ਸਨ। ਯੋਗੀ ਨੇ ਇਹ ਸਭ ਖ਼ਤਮ ਕਰ ਦਿੱਤਾ। ਹੁਣ ਗ਼ੈਰ ਕਾਨੂੰਨੀ ਜਾਇਦਾਦ ’ਤੇ ਬੁਲਡੋਜ਼ਰ ਚੱਲ ਰਿਹਾ ਹੈ ਤਾਂ ਉਨ੍ਹਾਂ ਨੂੰ ਪਾਲਣ ਵਾਲਿਆਂ ਨੂੰ ਦਰਦ ਹੋ ਰਿਹਾ ਹੈ। ਜਿਨ੍ਹਾਂ ਨੂੰ ਮਾਫ਼ੀਆ ਪਸੰਦ ਹੈ, ਉਹ ਉਸ ਦਾ ਗੁਣਗਾਨ ਕਰ ਰਹੇ ਹਨ, ਅਸੀਂ ਉਨ੍ਹਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ਦੇਸ਼ ਬਣਾਇਆ। ਉਹ ਲੋਕ ਸਰਕਾਰੀ ਪੈਸੇ ਦਾ ਇਸਤੇਮਾਲ ਕੁਝ ਪਰਿਵਾਰਾਂ ਦੀ ਖ਼ੁਸ਼ਹਾਲੀ ਲਈ ਕਰਦੇ ਸਨ, ਪਰ ਯੋਗੀ ਵਿਕਾਸ ਵਿਚ ਲਗਾਉਂਦੇ ਹਨ। ਮੋਦੀ ਨੇ ਸ ਤੋਂ ਸੜਕ ਨਾਲ ਖ਼ੁਸ਼ਹਾਲੀ ਦਾ ਮਾਰਗ ਦੱਸਿਆ।ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਸਿਆਸੀ ਦਲਾਂ ਨੂੰ ਵੋਟ ਬੈਂਕ ਦੀ ਚਿੰਤਾ ਵਿਚ ਵਿਕਾਸ ਅਤੇ ਵਿਰਾਸਤ ਤੋਂ ਦਿੱਕਤ ਹੁੰਦੀ ਹੈ। ਕਾਸ਼ੀ ਵਿਚ ਸ਼ਾਨਦਾਰ ਧਾਮ ਤੋਂ ਦਿੱਕਤ, ਰਾਮ ਮੰਦਰ ਅਤੇ ਇੱਥੋਂ ਤਕ ਕਿ ਗੰਗਾ ਦੀ ਸਫ਼ਾਈ ਨਾਲ ਵੀ ਇਨ੍ਹਾਂ ਨੂੰ ਪਰੇਸ਼ਾਨੀ ਹੁੰਦੀ ਹੈ?। ਅਸੀਂ ਅੱਤਵਾਦ ਦੇ ਆਕਾਵਾਂ ’ਤੇ ਕਾਰਵਾਈ ਕਰਦੇ ਹਾਂ ਤਾਂ ਇਹ ਲੋਕ ਸਵਾਲ ਉਠਾਉਂਦੇ ਹਨ। ਭਾਰਤੀ ਵੈਕਸੀਨ ਬਣਾਉਂਦੇ ਹਨ ਤਾਂ ਇਨ੍ਹਾਂ ਨੂੰ ਵਿਸ਼ਵਾਸ ਨਹੀਂ ਹੁੰਦਾ।ਮੋਦੀ ਨੇ ਕਿਹਾ ਕਿ ਗੰਗਾ ਐਕਸਪ੍ਰੈੱਸ ਵੇਅ ਯੂਪੀ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦੇਵੇਗਾ। ਯੂਪੀ ਨੈਕਸਟ ਜਨਰੇਸ਼ਨ ਇੰਫ੍ਰਾਸਟ੍ਰਕਚਰ ਦੇ ਨਾਲ ਮੋਹਰੀ ਸੂਬਾ ਬਣੇਗਾ। ਇਹ ਬਿਹਾਰ ਅਤੇ ਦਿੱਲੀ ਨੂੰ ਲਾਭ ਦੇਣ ਦੇ ਨਾਲ ਪੱਛਮ ਨੂੰ ਪੂਰਬ ਦੇ ਲੋਕਾਂ ਦੇ ਦਿਲ ਨਾਲ ਵੀ ਜੋੜੇਗਾ। ਉਦਯੋਗ ਅਤੇ ਰੁਜ਼ਗਾਰ ਦੇ ਨਵੇਂ ਬੂਹੇ ਖੁੱਲ੍ਹਣਗੇ।ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਪਹਿਲੇ ਦੀਆਂ ਸਰਕਾਰਾਂ ’ਚ ਵਿਕਾਸ ਕੰਮ ਕਾਗਜ਼ ’ਤੇ ਹੁੰਦੇ ਸਨ। ਪਿਛਲੇ ਸਾਢੇ ਚਾਰ ਸਾਲਾਂ ਵਿਚ ਇਹ ਜ਼ਮੀਨ ’ਤੇ ਉਤਰੇ ਹਨ। 1947 ਤੋਂ ਲੈ ਕੇ 2017 ਤੋਂ ਪਹਿਲਾਂ ਤਕ ਸੂਬੇ ਵਿਚ ਸਿਰਫ਼ ਡੇਢ ਐਕਸਪ੍ਰੈੱਸ ਵੇਅ ਬਣੇ ਸਨ, ਜਦਕਿ ਪਿਛਲੇ ਸਾਢੇ ਚਾਰ ਸਾਲਾਂ ਵਿਚ ਛੇ ਨਵੇਂ ਐਕਸਪ੍ਰੈੱਸ ਵੇਅ ਦਿੱਤੇ ਜਾ ਚੁੱਕੇ ਹਨ।

Related posts

ਰਾਜਧਾਨੀ ਦੀਆਂ ਸੜਕਾਂ ’ਤੇ ਨਿਹੰਗ ਸਿੰਘਾਂ ਨੇ ਖੇਡਿਆ ਗਤਕਾ

editor

ਸਮਿ੍ਰਤੀ ਇਰਾਨੀ ਨੇ ਅਮੇਠੀ ਤੋਂ ਭਰਿਆ ਨਾਮਜ਼ਦਗੀ ਪੱਤਰ

editor

ਚੋਣ ਪ੍ਰਚਾਰ ’ਚ ਪੱਖੀ ਨਹੀਂ ਝੱਲ ਸਕੀ ਅਖਿਲੇਸ਼ ਦੀ ਧੀ ਆਦਿਤੀ

editor