Articles

ਸਰਕਾਰੇ ਨੀ ਸਰਕਾਰੇ … ਜਿੰਮ ਤੇ ਖੇਡ ਟ੍ਰੇਨਿੰਗ ਸੈਂਟਰ ਖੋਲ ਦੇ ਸਾਰੇ….!

ਕੁਦਰਤ ਦੀ ਬਣਾਈ ਇਸ ਖੂਬਸੂਰਤ ਦੁਨੀਆਂ ਵਿੱਚ ਜੋ ਕੋਰੋਨਾ ਨਾਂ ਦੀ ਆਲਮੀ ਵਬਾ ਫੈਲ਼ੀ ਹੋਈ ਹੈ, ਓਸਨੇ ਸੰਸਾਰ ਦੇ ਹਰ ਖਿੱਤੇ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਕੋਰੋਨਾ ਦੀ ਮਾਰ ਤੋਂ ਫਿੱਟਨੈੱਸ ਅਤੇ ਖੇਡ ਜਗਤ ਵੀ ਅਛੂਤਾ ਨਹੀਂ ਰਿਹ ਸਕਿਆ। ਕਹਿੰਦੇ ਨੇ ‘ਇਲਾਜ ਨਾਲੋਂ ਪ੍ਰਹੇਜ਼ ਚੰਗਾ’ ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਵਿਕਸਿਤ ਦੇਸ਼ਾਂ ਨੇ ਮੈਡੀਕਲ ਸਹੂਲਤਾਂ ਤੋਂ ਪਹਿਲਾਂ ਖੇਡਾਂ ਅਤੇ ਫਿੱਟਨੈੱਸ ਨੂੰ ਤਰਜ਼ੀਹ ਦਿੱਤੀ ਹੈ ਤਾਂ ਜੋ ਆਮ ਲੋਕ ਸ਼ਰੀਰਕ ਪੱਖੋਂ ਮਜ਼ਬੂਤ ਬਣ ਸਕਣ ਅਤੇ ਕੋਈ ਵੀ ਵਾਇਰਲ ਇਨਫੈਕਸ਼ਨ ਉਹਨਾਂ ਦੇ ਇਮਿਉਨ ਸਿਸਟਮ ਨੂੰ ਭੇਦ ਨਾ ਸਕੇ। ਜੇਕਰ ਕੋਵਿਡ-19 ਵਰਗੀ ਵਾਇਰਲ ਇਨਫੈਕਸ਼ਨ ਕਿਸੇ ਨੂੰ ਹੋਵੇ ਵੀ ਤਾਂ ਉਹ ਛੇਤੀ ਰੀਕਵਰ ਕਰ ਜਾਵੇ। ਇਸਦੇ ਨਾਲ ਉਹਨਾਂ ਦੇ ਪੇਸ਼ੇਵਰ ਖਿਡਾਰੀਆਂ ਲਈ ਵੀ ਬਾਇਓ ਸਕਿਉਰ ਬਬਲ ਬਣਾਏ ਹਨ ਜਿੱਥੇ ਰਿਹ ਕੇ ਓਹਨਾਂ ਦੀ ਟੋਕੀਓ ਓਲਿੰਪਿਕਸ ਖੇਡਾਂ ਲਈ ਪ੍ਰੋਫੈਸਨਲ ਟ੍ਰੇਨਿੰਗ ਚੱਲ ਰਹੀ ਹੈ।

ਇਸ ਸਕੰਟ ਦੇ ਸਮੇਂ ਵਿੱਚ ਵਿਸ਼ਵ ਸਿਹਤ ਸੰਗਠਨ ਅਤੇ ਵੱਖੋ ਵੱਖਰੇ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਕਈ ਕੋਵਿਡ-19 ਗਾਈਡਲਾਈਨਜ਼ ਜਾਰੀ ਕਰ ਰਹੀਆਂ ਹਨ।

ਭਾਰਤ ਵਿੱਚ ਮਨਿਸਟਰੀ ਓਫ ਹੈਲਥ ਅਤੇ ਇੰਡੀਅਨ ਕੌਂਸਿਲ ਓਫ ਮੈਡੀਕਲ ਐਂਡ ਰਿਸਰਚ ਸਮੇਂ ਸਮੇਂ ਤੇ ਦੇਸ਼ ਦੇ ਨਾਗਰਿਕਾਂ ਨੂੰ ਕੋਵਿਡ-19 ਤੋਂ ਬਚਾਅ ਲਈ ਹਦਾਇਤਾਂ ਜਾਰੀ ਕਰਦੀ ਰਹਿੰਦੀ ਹੈ। ਪੰਜਾਬ ਵਿੱਚ ਇਹ ਦਾਰੋਮਦਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਹਿੱਸੇ ਆਉਂਦਾ ਹੈ। ਕੋਵਿਡ-19 ਗਾਈਡਲਾਈਨਜ਼ ਤਜ਼ਰਬੇਕਾਰ ਸਿਹਤ ਮਹਿਰਾਂ ਅਤੇ ਉੱਚ ਸਰਕਾਰੀ ਨੀਤੀ ਘਾੜਿਆਂ ਵੱਲੋਂ ਬਣਾਈ ਜਾਂਦੀ ਹੈ। ਪਰ ਕਿਤੇ ਨਾ ਕਿਤੇ ਇਹ ਦੇਖਣ ਵਿੱਚ ਲੱਗਦਾ ਹੈ ਕਿ ਇਹ ਨੀਤੀਆਂ ਏ.ਸੀ ਕਮਰਿਆਂ ਵਿੱਚ ਬੈਠਕੇ ਸਰਕਾਰ ਦੀ ਸਹੂਲਤ ਦੇ ਹਿਸਾਬ ਨਾਲ ਬਣਾਈਆਂ ਜਾਂਦੀਆਂ ਹਨ। ਇਹ ਗਾਈਡਲਾਈਨਜ਼ ਬਣਾਉਣ ਤੋਂ ਪਹਿਲਾਂ ਜ਼ਮੀਨੀ ਪੱਧਰ ਦੀ ਹਕੀਕਤ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ।

ਆਪਣੇ ਦੇਸ਼ ਵਿੱਚ ਕੋਵਿਡ ਲਾਕਡਾਊਨ ਦੇ ਨਾਂ ਤੇ ਖੇਡ ਸੈਂਟਰ ਅਤੇ ਜਿੰਮ ਤਾਂ ਬੰਦ ਕਰਵਾ ਦਿੱਤੇ ਹਨ ਪਰ ਸ਼ਰਾਬ ਦੇ ਠੇਕੇ, ਚੋਂਣ ਰੈਲੀਆਂ, ਧਾਰਮਿਕ ਸਮਾਗਮਾਂ ਆਦਿ ਤੇ ਵੋਟ ਬੈਂਕ ਦੀ ਰਾਜਨੀਤੀ ਦੇ ਚਲਦੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਚਾਹੇ ਕੇਂਦਰ ਸਰਕਾਰ ਦੀ ਕੋਵਿਡ-19 ਪ੍ਰਬੰਧਨ ਕਮੇਟੀ ਹੋਵੇ ਜਾਂ ਰਾਜਾਂ ਦੀ ਕਮੇਟੀ ਹੋਵੇ ਕਿਸੇ ਨੇ ਵੀ ਖੇਡ ਸੈਂਟਰ ਅਤੇ ਜਿੰਮ ਬੰਦ ਕਰਨ ਦੀ ਤਜਵੀਜ਼ ਪੇਸ਼ ਕਰਨ ਤੋਂ ਪਹਿਲਾਂ ਸਪੋਰਟਸ ਔਥੋਰਿਟੀ ਆਫ਼ ਇੰਡੀਆ ਦੇ ਕਿਸੇ ਨੁਮਾਇੰਦੇ, ਫਿੱਟਨੈੱਸ ਐਕਸਪਰਟ ਜਾਂ ਖੇਡ ਮਾਹਿਰ ਦੀ ਸਲਾਹ ਲੈਣ ਦੀ ਜ਼ਰੁਰਤ ਨਹੀਂ ਸਮਝੀ। ਹਾਲਾਂਕਿ ਆਪਣੇ ਦੇਸ਼ ਵੱਲੋਂ ਵੀ ਕਈ ਖਿਡਾਰੀ ਓਲੰਪਿਕਸ ਲਈ ਕੁਆਲੀਫ਼ਾਈ ਕਰ ਚੁਕੇ ਹਨ ਉਹਨਾਂ ਦੀ ਟ੍ਰੇਨਿੰਗ ਲਈ ਕਿਸੇ ਕਿਸਮ ਦੇ ਬਾਇਓ ਸਕਿਉਰ ਬਬਲ ਟ੍ਰੇਨਿੰਗ ਸੈਂਟਰ ਨੂੰ ਨਹੀਂ ਬਣਾਇਆ ਗਿਆ। ਇਹਨਾਂ ਮਹਾਨ ਨੀਤੀਵਾਨਾ ਨੇ ਤਾਂ ਇੰਡੋਰ ਜਿੰਮ ਅਤੇ ਆਊਟਡੋਰ ਖੇਡ ਕੰਪਲੈਕਸਾਂ ਨੂੰ ਇੱਕੋ ਰੱਸੇ ਪਰੋਕੇ ਰੱਖ ਦਿੱਤਾ। ਆਊਟਡੋਰ ਖੇਡ ਸੈਂਟਰਾਂ ਵਿੱਚ ਕੋਰੋਨਾ ਗਾਈਡਲਾਈਨਜ਼ ਨੂੰ ਧਿਆਨ ਵਿੱਚ ਰੱਖਦਿਆਂ ਬੜੀ ਆਸਾਨੀ ਨਾਲ ਟ੍ਰੇਨਿੰਗ ਕਰਵਾਈ ਜਾ ਸਕਦੀ ਹੈ। ਹਾਂ, ਇਸ ਵਿੱਚ ਕੋਈ ਦੋਰਾਏ ਨਹੀਂ ਕਿ ਕਿਸੇ ਵੀ ਇੰਡੋਰ ਕੰਪਲੈਕਸ ਵਿੱਚ ਕੋਰੋਨਾ ਦੀ ਲਾਗ ਦਾ ਖ਼ਤਰਾ ਵੱਧ ਸਕਦਾ ਹੈ। ਪਰ ਜੇਕਰ ਇੰਡੋਰ ਜਿੰਮ ਦਾ ਪ੍ਰਬੰਧਨ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਕੋਈ ਪਰੇਸ਼ਾਨੀ ਨਹੀਂ ਆਵੇਗੀ। ਖੇਡ ਜਗਤ ਨਾਲ ਜੁੜੇ ਹੋਏ ਲੋਕਾਂ ਅਤੇ ਫਿੱਟਨੈੱਸ ਪ੍ਰੇਮੀਆਂ ਦੀ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਦਰਖੁੱਆਸਤ ਹੈ ਕਿ ਅਗਲੇਰੀ ਨੀਤੀ ਬਨਾਉਣ ਤੋਂ ਪਹਿਲਾਂ ਇੱਕ ਵਾਰ ਹੇਠ ਲਿਖਿਆਂ ਤਜਵੀਜ਼ਾਂ ਤੇ ਗੌਰ ਫ਼ਰਮਾ ਪਿਛਲੀਆਂ ਗਾਈਡਲਾਈਨਜ਼ ਵਿੱਚ ਸੋਧਾਂ ਕਰ ਖੇਡ ਟ੍ਰੇਨਿੰਗ ਸੈਂਟਰ ਅਤੇ ਜਿੰਮ ਖੋਲ ਦੇਣ।

ਸਭ ਤੋਂ ਪਹਿਲਾਂ ਇੰਡੋਰ ਜਿੰਮ ਅਤੇ ਆਊਟਡੋਰ ਖੇਡ ਸੈਂਟਰਾਂ ਦੇ ਇੰਚਾਰਜਾਂ, ਕੋਚਾਂ ਅਤੇ ਖਿਡਾਰੀਆਂ ਨੂੰ ਨੈਤਿਕਤਾ ਦੇ ਆਧਾਰ ਤੇ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਜੇਕਰ ਉਹਨਾਂ ਵਿੱਚੋਂ ਕੋਈ ਬਿਮਾਰ ਚੱਲ ਰਿਹਾ ਹੈ ਜਾਂ ਕੋਰੋਨਵਾਇਰਸ ਵਾਲੇ ਕਿਸੇ ਮਰੀਜ਼ ਨਾਲ ਨੇੜਲੇ ਸੰਪਰਕ ਵਿੱਚ ਹੈ ਤਾਂ ਉਸ ਨੂੰ ਖੇਡ ਅਤੇ ਟ੍ਰੇਨਿੰਗ ਸੈਂਟਰ ਵਿਖ਼ੇ ਅਭਿਆਸ ਤੇ ਨਹੀਂ ਆਉਣਾ ਚਾਹੀਦਾ।

ਜੇਕਰ ਇੰਡੋਰ ਜਿੰਮ ਅਤੇ ਇੰਡੋਰ ਟ੍ਰੇਨਿੰਗ ਸੈਂਟਰਾਂ ਦੀ ਗੱਲ ਕਰੀਏ ਤਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਪੁਖਤਾ ਵੈਂਟੀਲੇਸ਼ਨ ਦੇ ਪ੍ਰਬੰਧਾਂ ਦੇ ਆਧਾਰ ਤੇ ਖੋਲਣ ਦੀ ਆਗਿਆ ਦੇਣੀ ਚਾਹੀਦੀ ਹੈ। ਜਿੰਮ ਹਵਾਦਾਰ ਹੋਣੇ ਚਾਹੀਦੇ ਹਨ, ਜਿੱਥੇ ਬਾਹਰ ਦੀ ਤਾਜ਼ੀ ਹਵਾ ਆਸਾਨੀ ਨਾਲ ਆ-ਜਾ ਸਕੇ। ਜਿੰਮ ਵਿੱਚ ਏ. ਸੀ ਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਉਸਦੀ ਬਜਾਏ ਐਗਜ਼ੋਸਟ ਫ਼ੈਨ ਲਗਾਉਣੇ ਚਾਹੀਦੇ ਹਨ। ਜਿੰਮ ਮਾਲਕਾਂ ਨੂੰ ਚਾਹੀਦਾ ਹੈ ਕਿ ਉਹ ਜਿੰਮ ਸੈਨਿਟਾਇਜ਼ ਰੱਖਣ ਅਤੇ ਸਾਰੇ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨ। ਜਿੰਮ ਟ੍ਰੇਨਰਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਟ੍ਰੇਨਿੰਗ ਸ਼ੈਡੀਉਲ ਇਸ ਹਿਸਾਬ ਨਾਲ ਬਣਾਉਣ ਜਿਸ ਨਾਲ ਪੁਲਿੰਗ ਅਤੇ ਪੁਸ਼ਿੰਗ ਵਾਲੀਆਂ ਕਸਰਤਾਂ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ ਵਿੱਚ ਰੱਖਦਿਆਂ ਵੱਖੋ ਵੱਖਰੀਆਂ ਕਰਵਾਈਆਂ ਜਾ ਸਕਣ। ਭਾਵ ਜਿਨ੍ਹਾਂ ਦਾ ਬੈਕ, ਬਾਈਸੈੱਪ ਅਤੇ ਫੋਰ-ਆਰਮ ਦਾ ਵਰਕਆਊਟ ਹੈ ਉਹਨਾਂ ਦੀਆਂ ਮਸ਼ੀਨਾਂ ਵੱਖਰੀ ਜਗ੍ਹਾ ਤੇ ਹੋਣ ਅਤੇ ਜਿਨ੍ਹਾਂ ਦਾ ਚੈਸਟ, ਸ਼ੋਲਡਰ ਅਤੇ ਟ੍ਰਾਈਸੈੱਪ ਦੀ ਟ੍ਰੇਨਿੰਗ ਹੈ ਉਹਨਾਂ ਦੇ ਉੱਪਕਰਣ ਅਲੱਗ ਰੱਖੇ ਜਾਣ। ਓਪਨ ਵੇਟ ਖੁੱਲ੍ਹੇ ਵਿੱਚ ਵੀ ਕੀਤੇ ਜਾ ਸਕਦੇ ਹਨ ਜਿੰਮ ਪ੍ਰਬੰਧਕਾਂ ਨੂੰ ਚਾਹੀਦਾ ਹੈ ਜਿੰਮ ਲਗਾਉਣ ਵਾਲਿਆਂ ਦੀ ਗਿਣਤੀ ਮਸ਼ੀਨਾਂ ਦੇ ਹਿਸਾਬ ਨਾਲ ਸੀਮਿਤ ਕੀਤੀ ਜਾਵੇ ਅਤੇ ਹਰ ਇੱਕ ਟ੍ਰੇਨਿੰਗ ਸੈਸ਼ਨ ਤੋਂ ਬਾਅਦ ਅਤੇ ਅਗਲੇ ਗਰੁੱਪ ਦੇ ਆਉਣ ਤੋਂ ਪਹਿਲਾਂ ਉਹਨਾਂ ਨੂੰ ਚੰਗੀ ਤਰ੍ਹਾਂ ਸੈਨੇਟਾਇਜ਼ ਕੀਤਾ ਜਾਵੇ।

ਆਊਟਡੋਰ ਖੇਡ ਸੈਂਟਰਾਂ ਵਿੱਚ ਜਿੱਥੋਂ ਤੱਕ ਸੰਭਵ ਹੋ ਸਕੇ ਆਪਣੇ ਨਿੱਜੀ ਟ੍ਰੇਨਿੰਗ ਉਪਕਰਣ ਲਿਆਉਣੇ ਚਾਹੀਦੇ ਹਨ। ਜਿਵੇੰ ਆਪਣੀਆਂ ਹਾਕੀਆਂ, ਬੱਲੇ, ਬਾਲਾਂ, ਥੇਰਾਬੈਂਡ, ਟੱਪਣ ਵਾਲੀ ਰੱਸੀ, ਯੋਗਾ ਮੈਟ, ਪਾਣੀ ਦੀਆਂ ਬੋਤਲਾਂ ਅਤੇ ਤੌਲੀਏ ਆਦਿ। ਇਹ ਸਾਰੇ ਉਪਕਰਣ ਅਤੇ ਨਿੱਜੀ ਚੀਜ਼ਾਂ ਆਪਣੇ ਬੈਗ ਵਿੱਚ ਲੇਬਲ ਕਰਕੇ ਰੱਖੀਆਂ ਜਾਣੀਆਂ ਚਾਹੀਦੀਆਂ ਹਨ। ਖੇਡ ਸਟੇਡੀਅਮ ਨੂੰ ਹਰ ਟ੍ਰੇਨਿੰਗ ਸੈਸ਼ਨ ਤੋਂ ਪਹਿਲਾਂ ਅਤੇ ਬਾਅਦ ਸੈਨੀਟਾਈਜ਼ ਕੀਤਾ ਜਾਣਾ ਚਾਹੀਦਾ ਹੈ ਇਹ ਕੋਸ਼ਿਸ ਕਰਨੀ ਚਾਹੀਦੀ ਹੈ ਸਟੇਡੀਅਮ ਵਿੱਚ ਬਣੇ ਟਾਇਲਟ, ਵਾਸ਼ਰੂਮ ਅਤੇ ਬੈਠਣ ਵਾਲੇ ਬੈੰਚ ਆਦਿਕ ਨੂੰ ਜਿਨ੍ਹਾਂ ਹੋ ਸਕੇ ਘੱਟ ਤੋਂ ਘੱਟ ਵਰਤਣਾ ਚਾਹੀਦਾ ਹੈ। ਹਰ ਇੱਕ ਖੇਡ ਸੈਂਟਰ ਦੇ ਐਂਟਰੀ ਪੁਆਇੰਟ ਤੇ ਹੈਂਡ ਸੈਨੀਟਾਈਜ਼ਰ, ਸਾਬਣ ਅਤੇ ਪਾਣੀ ਦਾ ਪੁਖ਼ਤਾ ਪ੍ਰਬੰਧ ਕਰਨਾ ਚਾਹੀਦਾ ਹੈ।

ਕੋਚ ਅਤੇ ਟ੍ਰੇਨਰ ਨੂੰ ਹਰ ਸਮੇਂ ਮਾਸਕ ਲਾਉਣਾ ਅਤੇ ਮੈਡੀਕਲ ਦਸਤਾਨੇ ਪਾਉਣੇ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ ਪਰ ਖਿਡਾਰੀਆਂ ਨੂੰ ਕਿਸੇ ਕਿਸਮ ਦੀ ਵੀ ਟ੍ਰੇਨਿੰਗ ਦੌਰਾਨ ਮਾਸਕ ਨਹੀਂ ਲਾਉਣਾ ਚਾਹੀਦਾ ਸਗੋਂ ਆਪਸ ਵਿੱਚ ਦੱਸ ਗਜ਼ ਤੋਂ ਜਿਆਦਾ ਫ਼ਿਜੀਕਲ ਡਿਸਟੈਂਸਿੰਗ ਰੱਖਦੇ ਹੋਏ ਵਰਕ ਆਊਟ ਕਰਨਾ ਚਾਹੀਦਾ ਹੈ। ਕਿਉਂਕਿ ਕਿਸੇ ਵੀ ਕਿਸਮ ਦੀ ਸ਼ਰੀਰਕ ਕਸਰਤ ਕਰਦਿਆਂ ਸਾਡੇ ਸ਼ਰੀਰ ਦਾ ਜਿਆਦਾ ਜ਼ੋਰ ਲੱਗਦਾ ਹੈ, ਜਿਸ ਨਾਲ ਕਾਰਡੀਓ ਰੈਸਪੀਰੇਟ੍ਰੀ ਸਿਸਟਮ ਨੂੰ ਕੰਮ ਕਰਨ ਲਈ ਜਿਆਦਾ ਆਕਸੀਜਨ ਦੀ ਲੋੜ ਪੈਂਦੀ ਹੈ ਅਤੇ ਮਾਸਕ ਲਗਾਉਣ ਤੇ ਪੂਰੀ ਆਕਸੀਜਨ ਮਸਲ ਸੈੱਲਾਂ ਤੱਕ ਨਹੀਂ ਪਹੁੰਚਦੀ। ਆਮ ਤੌਰ ਤੇ ਦੋ ਗਜ਼ ਸੋਸ਼ਲ ਡਿਸਟੈਂਸਿੰਗ ਦੀ ਹਦਾਇਤ ਕੀਤੀ ਗਈ ਹੈ ਪਰ ਵਰਕ ਆਊਟ ਦੇ ਸਮੇਂ ਸਾਡੀ ਸਾਹ ਲੈਣ ਦੀ ਕ੍ਰਿਆ ਤੇਜ਼ ਹੁੰਦੀ ਹੈ ਜਿਸ ਨਾਲ ਸਾਡੇ ਸ਼ਰੀਰ ਵਿੱਚੋਂ ਜਲਵਾਸ਼ਪ ਵੀ ਕਾਫ਼ੀ ਦੂਰੀ ਤੱਕ ਜਾਂਦੇ ਹਨ ਇਸ ਕਰਕੇ ਸਾਨੂੰ ਘੱਟੋਂ ਘੱਟ ਇੱਕ ਦੂਜੇ ਨਾਲੋਂ 10 ਗਜ਼ ਦੂਰ ਰਿਹ ਕੇ ਟ੍ਰੇਨਿੰਗ ਕਰਨੀ ਚਾਹੀਦੀ ਹੈ।

ਟ੍ਰੇਨਰਾਂ ਅਤੇ ਕੋਚਾਂ ਨੂੰ ਚਾਹੀਦਾ ਹੈ ਕੇ ਟ੍ਰੇਨਿਗ ਗਰੁੱਪ ਦੀ ਗਿਣਤੀ ਆਪਣੇ ਟ੍ਰੇਨਿੰਗ ਸੈਂਟਰ ਸਮਰੱਥਾ ਦੇ ਹਿਸਾਬ ਨਾਲ ਰੱਖਣੀ ਚਾਹੀਦੀ ਹੈ ਤਾਂਕਿ ਹਰ ਖਿਡਾਰੀ ਦਰਮਇਆਨ ਘਟੋਂ ਘੱਟ 10 ਗਜ਼ ਦੀ ਦੂਰੀ ਰੱਖੀ ਜਾ ਸਕੇ। ਪ੍ਰੈਕਟਿਸ ਕਰਦੇ ਵੇਲੇ ਖਿਡਾਰੀਆਂ ਦੇ ਗਰੁੱਪਾਂ ਦੀ ਹੱਦਬੰਦੀ ਕਰਕੇ ਤੇ ਉੱਥੇ ਮਾਰਕਿੰਗ ਕਰ ਦੇਣੀ ਚਾਹੀਦੀ ਹੈ ਤਾਂ ਜੋ ਟ੍ਰੇਨਿੰਗ ਦੌਰਾਨ ਖਿਡਾਰੀ ਇੱਕ ਦੂਜੇ ਦੇ ਨੇੜੇ ਨਾਂ ਆ ਸਕਣ।

ਟੀਮ ਗੇਮਾਂ ਜਾਂ ਕੰਪੈਕਟ ਸਪੋਰਟਸ ਵਾਲੇ ਖਿਡਾਰੀਆਂ ਦੀ ਇਕੱਠੀ ਟ੍ਰੇਨਿੰਗ ਜਾਂ ਪ੍ਰੈਕਟਿਸ ਮੈਚਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਹ ਆਪਣੀ ਖੇਡ ਪੋਸ਼ਿਸ਼ਨ ਦੇ ਹਿਸਾਬ ਨਾਲ ਆਪਣੀਆ ਇੰਡੀਵਿਜੂਯਲ ਸਕਿੱਲ ਅਤੇ ਡਰਿੱਲਾਂ ਦੀ ਟ੍ਰੇਨਿੰਗ ਕਰ ਸਕਦੇ ਹਨ ਜਾਂ ਫ਼ੇਰ ਆਪਣੀ ਜਨਰਲ ਜਾਂ ਫੰਕਸ਼ਨਲ ਫਿੱਟਨੈੱਸ ਤੇ ਧਿਆਨ ਦੇ ਸਕਦੇ ਹਨ।

ਖੇਡ ਸੈਂਟਰਾਂ ਤੇ ਕੋਵਿਡ ਸੰਬੰਧੀ ਜਾਣਕਾਰੀ ਦੇਣ ਲਈ ਕਿਸੇ ਮਾਹਿਰ ਹੈਲਥ ਐਕਸਪਰਟ ਦੀ ਵਰਕਸ਼ਾਪ ਲਗਾਉਣੀ ਚਾਹੀਦੀ ਹੈ ਅਤੇ ਸਮੇਂ ਸਮੇਂ ਤੇ ਹੈਲਥ ਮਨਿਸਟਰੀ ਵੱਲੋਂ ਜਾਰੀ ਕੋਵਿਡ ਹਦਾਇਤਾਂ ਤੋਂ ਜਾਣੂ ਕਰਵਾਉਂਦੇ ਰਹਿਣਾ ਚਾਹੀਦਾ ਹੈ।

ਅਜਿਹੇ ਨਾਜ਼ੁਕ ਦੌਰ ਵਿੱਚ ਖੇਡ ਮੈਦਾਨ ਅਤੇ ਟ੍ਰੇਨਿੰਗ ਸੈਂਟਰ ਲੋਕਾਂ ਦੀ ਸਿਹਤ ਲਈ ਵਰਦਾਨ ਸਾਬਿਤ ਹੋ ਸਕਦੇ ਹਨ। ਜਿਸ ਨਾਲ ਕੋਰੋਨਾ ਦਾ ਖ਼ਤਰਾ ਲੱਗਭਗ ਪੰਜਾਹ ਫ਼ੀਸਦੀ ਤੱਕ ਘੱਟ ਸਕਦਾ ਹੈ। ਕੇਂਦਰ ਅਤੇ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਹਾਲੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਇਸ ਲਈ ਅਗਾਂਹ ਤੋਂ ਜਾਰੀ ਹੋਣ ਵਾਲੀਆਂ ਕੋਵਿਡ-19 ਗਾਈਡਲਾਈਨਜ਼ ਵਿੱਚ ਆਊਟਡੋਰ ਖੇਡ ਸੈਂਟਰ ਅਤੇ ਇੰਡੋਰ ਜਿੰਮ ਉਪਰੋਕਤ ਤਜਵੀਜ਼ਾ ਨੂੰ ਆਧਾਰ ਤੇ ਖੋਲ ਦਿੱਤੇ ਜਾਣੇ ਚਾਹੀਦੇ ਹਨ ਤਾਂ ਜੋ ਪੇਸ਼ੇਵਰ ਖਿਡਾਰੀ ਆਪਣੇ ਮੁਲਕ ਲਈ ਓਲਿੰਪਿਕਸ ਅਤੇ ਹੋਰ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚੋਂ ਵੱਧ ਤੋਂ ਵੱਧ ਮੈਡਲ ਲਿਆ ਸਕਣ ਅਤੇ ਆਮ ਲੋਕ ਆਪਣੇ ਆਪ ਨੂੰ ਸ਼ਰੀਰਕ ਰੂਪ ਵਿੱਚ ਫਿੱਟ ਰੱਖਕੇ ਕੋਰੋਨਾ ਦੀ ਇਸ ਨਾਮੁਰਾਦ ਬਿਮਾਰੀ ਉੱਪਰ ਫ਼ਤਿਹ ਹਾਸਿਲ ਕਰ ਸਕਣ।

ਰੱਬ ਰਾਖਾ !

-ਡਾ. ਬਲਜਿੰਦਰ ਸਿੰਘ,ਸਹਾਇਕ ਪ੍ਰੋਫੈਸਰ,

ਸ਼ਰੀਰਿਕ ਸਿਖਿਆ ਵਿਭਾਗ,

ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸਧਾਰ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin