Articles

ਸਿੱਖਾਂ ਵੱਲੋਂ ਦਿੱਲੀ ਦੀ ਜਿੱਤ, ਸਤਾਰਾਂ ਸੌ ਤਰਾਸੀ।

17 ਅਕਤੂਬਰ 1762 ਈਸਵੀ ਨੂੰ ਦੀਵਾਲੀ ਵਾਲੇ ਦਿਨ ਅਫਗਾਨਿਸਤਾਨ ਦੇ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਦਾ ਵੱਡੇ ਘੱਲੂਘਾਰੇ ਤੋਂ ਸਿਰਫ 8 ਮਹੀਨੇ (ਫਰਵਰੀ 1762) ਮਹੀਨੇ ਬਾਅਦ ਸਿੱਖਾਂ ਨਾਲ ਅੰਮ੍ਰਿਤਸਰ ਸਾਹਿਬ ਵਿਖੇ ਪਿਪਲੀ ਸਾਹਿਬ (ਪੁਤਲੀਘਰ ਦੇ ਨਜ਼ਦੀਕ) ਦੇ ਸਥਾਨ ‘ਤੇ ਭਿਆਨਕ ਯੁੱਧ ਹੋਇਆ। ਬਿਨਾਂ ਵਕਤ ਗਵਾਏ ਤੜ੍ਹਕੇ ਹੀ ਦਲ ਖਾਲਸਾ ਮੌਤ ਬਣ ਕੇ ਅਬਦਾਲੀ ਦੀ ਫੌਜ ‘ਤੇ ਟੁੱਟ ਪਿਆ। ਸਿੱਖ ਫੌਜ ਦੀ ਕਮਾਂਡ ਸ. ਜੱਸਾ ਸਿੰਘ ਆਹਲੂਵਾਲੀਆ ਦੇ ਹੱਥ ਸੀ। ਤਕਰੀਬਨ ਸਾਰੀਆਂ ਮਿਸਲਾਂ ਨੇ ਇਸ ਜੰਗ ਵਿੱਚ ਹਿੱਸਾ ਲਿਆ ਤੇ ਸਾਰਾ ਦਿਨ ਘੋਰ ਯੁੱਧ ਚੱਲਦਾ ਰਿਹਾ। ਅੰਨ੍ਹੇ ਜੋਸ਼ ਨਾਲ ਲੜ ਰਹੀ ਸਿੱਖ ਫੌਜ ਦਾ ਪੱਲੜਾ ਸ਼ੁਰੂ ਤੋਂ ਹੀ ਭਾਰੀ ਹੋ ਗਿਆ। ਪਾਣੀਪੱਤ ਅਤੇ ਮੱਧ ਏਸ਼ੀਆ ਦਾ ਗਾਜ਼ੀ ਅਹਿਮਦ ਸ਼ਾਹ ਅਬਦਾਲੀ ਸ਼ਾਮ ਤੱਕ ਬੁਰੀ ਤਰਾਂ ਨਾਲ ਹਾਰ ਕੇ ਲਾਹੌਰ ਨੂੰ ਦੌੜ ਗਿਆ। ਜੇ ਉਸ ਦੇ ਅੰਗ ਰੱਖਿਅਕ ਉਸ ਨੂੰ ਰਣ ਤੱਤੇ ਵਿੱਚੋਂ ਧੂਹ ਕੇ ਨਾ ਲੈ ਜਾਂਦੇ ਤਾਂ ਸ਼ਾਇਦ ਉਹ ਇਥੇ ਹੀ ਮਾਰਿਆ ਜਾਂਦਾ। ਇਸ ਜੰਗ ਤੋਂ ਬਾਅਦ ਫਿਰ ਅਬਦਾਲੀ ਦੇ ਭਾਰਤ ਵਿੱਚ ਪੈਰ ਨਾ ਲੱਗੇ। ਨਵੰਬਰ ਵਿੱਚ ਕਸ਼ਮੀਰ ਤੋਂ ਵਾਪਸ ਆਈ ਫੌਜ ਨੂੰ ਲੈ ਕੇ ਉਹ ਦੁਬਾਰਾ ਸਿੱਖਾਂ ਦੇ ਮਗਰ ਚੜ੍ਹਿਆ, ਪਰ ਸਿੱਖਾਂ ਨੇ ਛਾਪਾਮਾਰ ਯੁੱਧ ਨਾਲ ਅਬਦਾਲੀ ਦੀ ਜਾਨ ਤੰਗ ਕਰ ਦਿੱਤੀ। ਇੱਕ ਦਿਨ ਇੱਕ ਇਕੱਲਾ ਸਿੱਖ ਹੀ ਘੋੜਾ ਦੌੜਾ ਕੇ ਅਬਦਾਲੀ ਨੂੰ ਜਾ ਪਿਆ। ਉਹ ਤਾਂ ਉਸ ਦੇ ਅੰਗ ਰੱਖਿਅਕਾਂ ਹੱਥੋਂ ਮਾਰਿਆ ਗਿਆ, ਪਰ ਇਸ ਗੱਲ ਨੇ ਅਬਦਾਲੀ ਦੇ ਦਿਲ ‘ਤੇ ਬਹੁਤ ਗਹਿਰਾ ਅਸਰ ਕੀਤਾ। ਉਹ ਮੁਹਿੰਮ ਵਿੱਚੇ ਛੱਡ ਕੇ ਵਾਪਸ ਲਾਹੌਰ ਆ ਬੈਠਾ। ਇਲਾਕੇ ਦਾ ਪ਼੍ਰਬੰਧ ਕਰ ਕੇ 12 ਦਸੰਬਰ 1762 ਈਸਵੀ ਨੂੰ ਲਾਹੌਰ ਤੋਂ ਕਾਬਲ ਲਈ ਤੁਰ ਪਿਆ। ਉਸ ਦੇ ਰਾਵੀ ਪਾਰ ਕਰਦੇ ਹੀ ਸਿੱਖਾਂ ਨੇ ਉਸ ਦੀ ਫੌਜ ‘ਤੇ ਹਮਲਾ ਕਰ ਦਿੱਤਾ। ਮੱਧ ਏਸ਼ੀਆ ਦਾ ਸਭ ਤੋਂ ਵੱਡਾ ਜਰਨੈਲ ਆਪਣੇ ਸਾਹਮਣੇ ਦੂਸਰੇ ਕਿਨਾਰੇ ‘ਤੇ ਤਬਾਹ ਹੁੰਦੀ ਫੌਜ ਨੂੰ ਬਚਾਉਣ ਲਈ ਕੁਝ ਨਾ ਕਰ ਸਕਿਆ ਤੇ ਕੰਨ ਵਲੇਟ ਕੇ ਕਾਬਲ ਵੱਲ ਤੁਰ ਗਿਆ।
ਅਬਦਾਲੀ ਦੇ ਛੇਵੇਂ ਹਮਲੇ ਦੌਰਾਨ ਹੋਈ ਇਸ ਜੰਗ ਨੇ ਪੰਜਾਬ ਦੇ ਇਤਿਹਾਸ ਦਾ ਰੁਖ ਹੀ ਮੋੜ ਦਿੱਤਾ। ਇਸ ਤੋਂ ਬਾਅਦ ਅਬਦਾਲੀ ਨੇ ਭਾਰਤ ਉੱਪਰ ਪੰਜ ਹਮਲੇ ਹੋਰ ਕੀਤੇ ਪਰ ਉਸ ਨੂੰ ਪਹਿਲਾਂ ਵਾਲੀ ਸਫਲਤਾ ਹਾਸਲ ਨਾ ਹੋ ਸਕੀ ਤੇ ਉਹ ਮੁੜ ਕਦੇ ਵੀ ਦਿੱਲੀ ਤੱਕ ਨਾ ਪਹੁੰਚ ਸਕਿਆ। ਸਿੱਖਾਂ ਨੇ ਉਸ ਨੂੰ ਤੰਗ ਕਰ ਕੇ ਕਦੇ ਅੰਬਾਲੇ ਤੇ ਕਦੇ ਲਾਹੌਰ ਤੋਂ ਵਾਪਸ ਮੁੜਨ ਲਈ ਮਜ਼ਬੂਰ ਕਰ ਦਿਤਾ। ਦਸਵੇਂ ਅਤੇ ਗਿਆਰਵੇਂ ਹਮਲੇ ਵੇਲੇ ਤਾਂ ਦਲ ਖਾਲਸਾ ਨੇ ਉਸ ਨੂੰ ਝਨ੍ਹਾਂ ਦਰਿਆ ਨਾ ਟੱਪਣ ਦਿੱਤਾ। 14 ਮਾਰਚ 1770 ਨੂੰ ਉਸ ਦੇ ਸਾਰੀ ਜ਼ਿੰਦਗੀ ਅੰਗ ਸੰਗ ਰਿਹਾ ਵਫਾਦਾਰ ਜਰਨੈਲ ਜਹਾਨ ਖਾਨ ਮਰ ਗਿਆ ਤੇ ਆਖਰ ਟੁੱਟੇ ਦਿਲ ਨਾਲ ਅਬਦਾਲੀ ਵੀ 14 ਅਪਰੈਲ 1772 ਨੂੰ ਜ਼ਿੰਦਗੀ ਦੀ ਜੰਗ ਹਾਰ ਗਿਆ। ਉਸ ਦੀ ਪਿੰਡ ਮਾਰੂਫ (ਕੰਧਾਰ) ਵਿਖੇ 50 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਉਸ ਦਾ ਮਕਬਰਾ ਕੰਧਾਰ ਵਿੱਚ ਬਣਿਆ ਹੋਇਆ ਹੈ। ਅਬਦਾਲੀ ਦੇ ਜਿਊਂਦੇ ਜੀਅ ਹੀ ਸਿੱਖ ਮਿਸਲਾਂ ਸਾਰੇ ਪੰਜਾਬ ਵਿੱਚ ਖਿਲਰ ਗਈਆਂ ਸਨ ਤੇ ਉਸ ਦੇ ਮਰਦੇ ਸਾਰ ਮਿਸਲਾਂ ਨੇ ਜੰਮੂ ਤੋਂ ਲੈ ਕੇ ਮੁਲਤਾਨ ਅਤੇ ਜਮਨਾਂ ਦਰਿਆ ਤੋਂ ਲੈ ਕੇ ਜਮਰੌਦ ਤੱਕ ਦੇ ਇਲਾਕਿਆਂ ‘ਤੇ ਆਪਣਾ ਕਬਜ਼ਾ ਜਮਾ ਲਿਆ।
ਵੱਡੇ ਘੱਲੂਘਾਰੇ ਤੋਂ ਦਸ ਸਾਲ ਬਾਅਦ ਦਲ ਖਾਲਸਾ ਨੇ ਸਤੰਬਰ 1772 ਨੂੰ ਪਹਿਲੀ ਵਾਰ ਪੰਜਾਬ ਤੋਂ ਉੱਤਰ ਵੱਲ ਚੜ੍ਹਾਈ ਕੀਤੀ। ਤਰਨਾ ਦਲ ਅਤੇ ਬੱੁਢਾ ਦਲ ਨੇ ਰਲ ਕੇ ਸਹਾਰਨਪੁਰ ਅਤੇ ਰੁਹੇਲਖੰਡ ਦੇ ਚੌਧਰੀਆਂ ਤੋਂ ਨਜ਼ਰਾਨੇ ਵਸੂਲ ਕੀਤੇ। ਇਸ ਤੋਂ ਬਾਅਦ 1778 ਨੂੰ ਭਰਤਪੁਰ ਦੇ ਰਾਜੇ ਸੂਰਜ ਮੱਲ ਨੇ ਮਰਾਠਿਆਂ ਦੇ ਖਿਲਾਫ ਮਦਦ ਮੰਗੀ ਤਾਂ ਦਲ ਖਾਲਸਾ ਤੇ ਭਰਤਪੁਰ ਦੀਆਂ ਫੌਜਾਂ ਨੇ ਧੌਲਪੁਰ ਦਾ ਇਲਾਕਾ ਲੱੁਟ ਰਹੇ ਮਰਾਠਾ ਜਨਰਲ ਮਲਹਾਰ ਰਾਉ ਨੂੰ ਜਾ ਘੇਰਿਆ। ਮਰਾਠੇ ਹਾਰ ਕੇ ਦੌੜ ਗਏ ਤੇ ਮਰਾਠਾ ਸਰਦਾਰ ਸੁਲਤਾਨ ਜੀ ਜ਼ਖਮੀ ਹਾਲਤ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਦਲ ਖਾਲਸਾ ਦੀਆਂ ਵੱਖ ਵੱਖ ਮਿਸਲਾਂ ਨੇ ਮੌਜੂਦਾ ਹਰਿਆਣਾ, ਯੂ.ਪੀ. ਅਤੇ ਰਾਜਸਥਾਨ ਦੇ ਵੱਖ ਰਾਜਿਆਂ ਅਤੇ ਨਵਾਬਾਂ ਜਿਵੇਂ ਰੁਹੇਲਖੰਡ ਦੇ ਨਜੀਬਉਦੌਲਾ, ਨਵਾਬ ਪਟੌਦੀ, ਰਿਵਾੜੀ, ਕੁਟਾਨਾ, ਝੰਝਾਨਾ, ਬੁਢਾਨਾ, ਅੰਬੇਟਾ, ਨਨੌਟਾ, ਮੇਰਠ ਅਤੇ ਜੈਪੁਰ ਦੇ ਰਾਜੇ ਮਾਧੋ ਸਿੰਘ ਆਦਿ ਦੇ ਇਲਾਕਿਆਂ ‘ਤੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਸਿੱਖ ਗੰਗਾ ਨਦੀ ਤੱਕ ਛਾ ਗਏ। ਜਮਨਾ ਅਤੇ ਗੰਗਾ ਦੇ ਵਿਚਕਾਰਲੇ ਇਲਾਕੇ ਦੇ ਚੌਧਰੀਆਂ ਨੇ ਰੋਜ਼ ਦੀ ਲੱੁਟ ਮਾਰ ਤੋਂ ਤੰਗ ਆ ਕੇ ਦਲ ਖਾਲਸਾ ਦੀ ਅਧੀਨਗੀ ਮੰਨ ਲਈ ਤੇ ਰਾਖੀ ਟੈਕਸ ਦੇਣ ਲੱਗ ਪਏ। ਮਿਸਲਦਾਰਾਂ ਦੇ ਥੋੜ੍ਹੇ ਜਿਹੇ ਸਿਪਾਹੀ ਛੇ ਮਹੀਨੇ ਬਾਅਦ ਜਾ ਕੇ ਰਾਖੀ ਉਗਰਾਹ ਕੇ ਲੈ ਆਉਂਦੇ। ਸਿੱਖਾਂ ਦੇ ਦਿਲ ਵਿੱਚ ਦਿੱਲੀ ਫਤਿਹ ਕਰਨ ਦੀ ਬਹੁਤ ਰੀਝ ਸੀ। ਉਸ ਵੇਲੇ ਦਿੱਲੀ ਦਾ ਬਾਦਸ਼ਾਹ ਸ਼ਾਹ ਆਲਮ ਦੂਸਰਾ ਸੀ ਜੋ ਬਹੁਤ ਹੀ ਕਮਜ਼ੋਰ ਕਿਸਮ ਦਾ ਸਖਸ਼ ਸੀ। ਉਸ ਦਾ ਰਾਜ ਸਿਰਫ ਦਿੱਲੀ ਅਤੇ ਆਸ ਪਾਸ ਦੇ ਕੁਝ ਇਲਾਕਿਆਂ ਤੱਕ ਹੀ ਸੀਮਤ ਰਹਿ ਗਿਆ ਸੀ। ਉਸ ਨੂੰ ਮਰਾਠਿਆਂ ਦੁਆਰਾ ਥਾਪਿਆ ਗਿਆ ਸੀ ਤੇ ਦਿੱਲੀ ਦਾ ਅਸਲ ਮਾਲਕ ਗਵਾਲੀਅਰ ਦਾ ਮਰਾਠਾ ਸਰਦਾਰ ਮਹਾਦਾ ਜੀ ਸਿੰਧੀਆ ਸੀ। ਪਰ ਪਾਣੀਪੱਤ ਦੀ ਤੀਸਰੀ ਜੰਗ (14 ਜਨਵਰੀ 1761) ਵਿੱਚ ਸਖਤ ਹਾਰ ‘ਤੇ ਭਾਰੀ ਨੁਕਸਾਨ ਉਠਾਉਣ ਤੋਂ ਬਾਅਦ ਮਰਾਠਿਆਂ ਨੇ ਨਵੀਂ ਉੱਭਰਦੀ ਸ਼ਕਤੀ ਸਿੱਖਾਂ ਦੇ ਮਾਮਲਿਆਂ ਵਿੱਚ ਦਖਲ ਦੇਣਾ ਬੰਦ ਕਰ ਦਿੱਤਾ ਸੀ। ਉਸ ਸਮੇਂ ਤੱਕ ਅੰਗਰੇਜ਼ ਵੀ ਭਾਰਤ ਵਿੱਚ ਆਪਣੇ ਪੈਰ ਜਮਾ ਚੁੱਕੇ ਸਨ ਤੇ ਬੰਗਾਲ, ਬਿਹਾਰ ਅਤੇ ਉੜੀਸਾ ‘ਤੇ ਕਬਜ਼ਾ ਕਰਨ ਤੋਂ ਬਾਅਦ ਇਲਾਹਾਬਾਦ ਤੱਕ ਪਹੁੰਚ ਚੁੱਕੇ ਸਨ। ਹੁਣ ਉਨ੍ਹਾਂ ਦੀ ਅੱਖ ਭਾਰਤ ਦੀ ਰਾਜਧਾਨੀ ਦਿੱਲੀ ‘ਤੇ ਲੱਗੀ ਹੋਈ ਸੀ।
ਦਲ ਖਾਲਸਾ ਦੀ ਦਿੱਲੀ ਜਿੱਤ ਦਾ ਸੂਤਰਧਾਰ ਸਰਦਾਰ ਬਘੇਲ ਸਿੰਘ ਕਰੋੜਸਿੰਘੀਆ ਸੀ। ਉਸ ਦੀ ਮਿਸਲ ਦੇ ਕਬਜ਼ੇ ਹੇਠ ਮੌਜੂਦਾ ਹਰਿਆਣੇ ਅਤੇ ਯੂ.ਪੀ. ਵਿੱਚ ਅੰਬਾਲਾ, ਕਰਨਾਲ, ਥਾਨੇਸਰ, ਹਿਸਾਰ, ਮੇਰਠ, ਸਹਾਰਨਪੁਰ ਅਤੇ ਅਵਧ ਦੇ ਕੁਝ ਇਲਾਕੇ ਸਨ। ਦਿੱਲੀ ਦੇ ਨਜ਼ਦੀਕ ਹੋਣ ਕਾਰਨ ਉਹ ਮੁਗਲ ਦਰਬਾਰ ਦੀ ਅੰਦਰੂਨੀ ਰਾਜਨੀਤੀ ਅਤੇ ਕਮਜ਼ੋਰੀਆਂ ਤੋਂ ਭਲੀ ਭਾਂਤ ਵਾਕਿਫ ਸੀ। ਉਸ ਨੇ ਦਲ ਖਾਲਸਾ ਦੇ ਪ੍ਰਧਾਨ ਸੈਨਾਪਤੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਦਿੱਲੀ ‘ਤੇ ਕਬਜ਼ੇ ਲਈ ਪ੍ਰੇਰਿਤ ਕੀਤਾ। ਦਿੱਲੀ ‘ਤੇ ਕਬਜ਼ਾ ਕਰਨ ਲਈ 60000 ਦੀ ਫੌਜ ਲੈ ਕੇ ਦਲ ਖਾਲਸਾ ਨੇ 4 ਫਰਵਰੀ 1783 ਨੂੰ ਸਰਹੰਦ ਤੋਂ ਕੂਚ ਕੀਤਾ। ਦਲ ਖਾਲਸਾ ਦੀ ਕਮਾਂਡ ਸ. ਜੱਸਾ ਸਿੰਘ ਆਹਲੂਵਾਲੀਆ ਅਤੇ ਸ. ਬਘੇਲ ਸਿੰਘ ਦੇ ਹੱਥ ਸੀ। 9 ਮਾਰਚ ਨੂੰ ਸਿੱਖ ਫੌਜ ਦਿੱਲੀ ਪਹੁੰਚ ਗਈ ਤੇ 11 ਮਾਰਚ ਨੂੰ ਸਿੱਖਾਂ ਤੇ ਮੁਗਲਾਂ ਵਿਚਕਾਰ ਮੌਜੂਦਾ ਨਵੀਂ ਦਿੱਲੀ ਦੇ ਸਥਾਨ ‘ਤੇ ਭਾਰੀ ਲੜਾਈ ਹੋਈ। ਭਾਵੇਂ ਬਾਦਸ਼ਾਹ ਸ਼ਾਹ ਆਲਮ ਮਹਾਦਾ ਜੀ ਸਿੰਧੀਆ ਦੀ ਸੁਰੱਖਿਆ ਹੇਠ ਸੀ, ਪਰ ਕਈ ਵਾਰ ਸਿੱਖਾਂ ਨਾਲ ਦੋ ਦੋ ਹੱਥ ਕਰ ਚੁੱਕੇ ਮਰਾਠੇ ਇਸ ਜੰਗ ਤੋਂ ਬਾਹਰ ਰਹੇ। 12 ਮਾਰਚ ਨੂੰ ਸਿੱਖ ਫੌਜ ਨੇ ਲਾਲ ਕਿਲ੍ਹੇ ਨੂੰ ਘੇਰਾ ਪਾ ਲਿਆ ਤੇ ਮੁਖਬਰਾਂ ਦੀ ਦਿੱਤੀ ਸੂਹ ਮੁਤਾਬਕ ਇੱਕ ਕਮਜ਼ੋਰ ਥਾਂ ਤੋਂ ਦੀਵਾਰ ਤੋੜ ਕੇ ਅੰਦਰ ਜਾ ਵੜੇ। ਬਾਦਸ਼ਾਹ ਸ਼ਾਹ ਆਲਮ ਅਤੇ ਉਸ ਦੇ ਜਰਨੈਲ ਮਹਿਲਾਂ ਅੰਦਰ ਛਿਪ ਗਏ।
ਲਾਲ ਕਿਲ੍ਹੇ ਤੋਂ ਮੁਗਲਾਂ ਦਾ ਝੰਡਾ ਉਤਾਰ ਕੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਗਿਆ। ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਦੀਵਾਨੇ ਆਮ ਦੇ ਤਖਤ ‘ਤੇ ਬਿਠਾ ਕੇ ਸੁਲਤਾਨ ਉਲ ਕੌਮ ਦੀ ਉਪਾਧੀ ਦਿੱਤੀ ਗਈ। ਨਵਾਬ ਕਪੂਰ ਸਿੰਘ ਦੇ ਕੀਤੇ ਬਚਨ ਪੂਰੇ ਹੋਏ ਕਿ ਸਿੱਖ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਹਨ। ਇਨ੍ਹਾਂ ਨੇ ਮੈਨੂੰ ਨਵਾਬੀ ਲੈ ਕੇ ਦਿੱਤੀ ਸੀ, ਤੈਨੂੰ ਬਾਦਸ਼ਾਹੀ ਲੈ ਕੇ ਦੇਣਗੇ। ਸ. ਜੱਸਾ ਸਿੰਘ ਰਾਮਗੜ੍ਹੀਆ ਵੱਲੋਂ ਇਤਰਾਜ਼ ਕਰਨ ‘ਤੇ ਅਤੇ ਸਿੱਖਾਂ ਨੂੰ ਭਰਾ ਮਾਰੂ ਜੰਗ ਤੋਂ ਬਚਾਉਣ ਲਈ ਸ. ਜੱਸਾ ਸਿੰਘ ਆਹਲੂਵਾਲੀਆ ਤਖਤ ਤੋਂ ਉੱਤਰ ਆਇਆ। ਸ਼ਾਹ ਆਲਮ ਨੇ ਮਹਾਦਾ ਜੀ ਸਿੰਧੀਆ ਅਤੇ ਬੇਗਮ ਸਮਰੂ ਨੂੰ ਵਿੱਚ ਪਾ ਕੇ ਸਿੱਖਾਂ ਨਾਲ ਸੰਧੀ ਕਰ ਲਈ। ਸੰਧੀ ਦੇ ਮੁਤਾਬਕ ਤਿੰਨ ਲੱਖ ਨਜ਼ਰਾਨਾ ਅਤੇ ਦਿੱਲੀ ਦੀ 13% ਚੁੰਗੀ ਅਤੇ ਕੋਤਵਾਲੀ ਇਲਾਕੇ ‘ਤੇ ਸਿੱਖਾਂ ਦਾ ਹੱਕ ਮੰਨ ਲਿਆ ਗਿਆ। ਸਭ ਤੋਂ ਮਹੱਤਵਪੂਰਨ ਫੈਸਲਾ ਇਹ ਹੋਇਆ ਕਿ ਸਿੱਖਾਂ ਨੂੰ ਦਿੱਲੀ ਵਿੱਚ ਗੁਰੂ ਸਾਹਿਬਾਨ ਨਾਲ ਸਬੰਧਿਤ ਗੁਰਦਵਾਰੇ ਉਸਾਰਨ ਦਾ ਹੱਕ ਪ੍ਰਾਪਤ ਹੋ ਗਿਆ। ਗੁਰਦਵਾਰੇ ਉਸਾਰਨ ਤੱਕ ਸ. ਬਘੇਲ ਸਿੰਘ ਨੇ 4000 ਸੈਨਿਕਾਂ ਸਮੇਤ ਦਿੱਲੀ ਵਿੱਚ ਸਬਜ਼ੀ ਮੰਡੀ ਵਾਲੇ ਇਲਾਕੇ ਵਿੱਚ ਛਾਉਣੀ ਪਾ ਕੇ ਰਹਿਣਾ ਸੀ। ਚੁੰਗੀ ਉਗਰਾਹੁਣ ਦਾ ਹੱਕ ਬਘੇਲ ਸਿੰਘ ਨੂੰ ਦੇ ਕੇ ਸਿੱਖ ਫੌਜ ਪੰਜਾਬ ਨੂੰ ਪਰਤ ਆਈ। ਬਘੇਲ ਸਿੰਘ ਨੇ ਨਿਸ਼ਾਨਦੇਹੀ ਕਰਵਾ ਕੇ ਗੁਰਦਵਾਰਾ ਮਾਤਾ ਸੁੰਦਰੀ, ਗੁਰਦਵਾਰਾ ਬੰਗਲਾ ਸਾਹਿਬ, ਗੁਰਦਵਾਰਾ ਰਕਾਬ ਗੰਜ, ਗੁਰਦਵਾਰਾ ਸੀਸ ਗੰਜ ਅਤੇ ਗੁਰਦਵਾਰਾ ਮਜਨੂੰ ਕਾ ਟਿੱਲਾ ਦੀ ਉਸਾਰੀ ਕਾਰਵਾਈ। ਜਿਸ ਥਾਂ ‘ਤੇ ਸ. ਬਘੇਲ ਸਿੰਘ ਨੇ ਜੰਗ ਵੇਲੇ 30000 ਸੈਨਿਕਾਂ ਨਾਲ ਪੜਾਉ ਕੀਤਾ ਸੀ, ਉਥੇ ਹੁਣ ਦਿੱਲੀ ਦੀ ਹਾਈ ਕੋਰਟ, ਤੀਸ ਹਜ਼ਾਰੀ ਅਦਾਲਤਾਂ ਬਣੀਆਂ ਹੋਈਆਂ ਹਨ।

– ਲੇਖਕ: ਜਸਵੰਤ ਸਿੰਘ ‘ਅਜੀਤ’

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin