Articles

ਸੁਖਪਾਲ ਖਹਿਰਾ ਤੇ ਸਾਥੀਆ ਦੀ ਕਾਂਗਰਸ ਚ ਸ਼ਮੂਲੀਅਤ ਇਕ ਸਿਆਸੀ ਆਤਮਘਾਤ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਪੰਜਾਬ ਵਿੱਚ ਕਾਂਗਰਸ ਦੀ ਅਂਦਰੂਨੀ ਸਿਆਸੀ ਖਾਨਾਜੰਗੀ ਅਜੇ ਸੁਲਝੀ ਨਹੀਂ, ਹਾਈ ਕਮਾਂਡ ਦੀ ਤਿੰਨ ਮੈਂਬਰੀ ਕਮੇਟੀ ਦਿੱਲੀ ਚ ਅਜੇ ਪਿਛਲੇ ਕਈ ਦਿਨਾਂ ਤੋਂ ਸੁਣਵਾਈ ਕਰ ਰਹੀ ਹੈ ਕਿ ਹੁਣ ਭੁਲੱਥ ਤੋਂ ਆਮ ਆਦਮੀ ਪਾਰਟੀ ਦੀ ਸੀਟ ‘ਤੇ ਜਿੱਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ, ਭਦੌੜ ਦੇ ਆਮ ਆਦਮੀ ਦੇ ਵਿਧਾਇਕ ਪਿਰਮਲ ਸਿੰਘ ਅਤੇ ਹਲਕਾ ਮੌੜ ਦੇ ਆਮ ਆਦਮੀ ਦੇ ਰੁਸੇ ਹੋਏ ਵਿਧਾਇਕ ਜਗਦੇਵ ਸਿੰਘ ਕਮਾਲੂ ਦੀ, ਕੈਪਟਨ ਅਮਰਿੰਦਰ ਸਿੰਘ ਵਲੋ ਪੰਜਾਬ ਕਾਂਗਰਸ ਚ ਬਹੁਤ ਕਾਹਲੀ ਨਾਲ ਕਰਵਾਈ ਸ਼ਮੂਲੀਅਤ ਨੇ ਨਵਾਂ ਸੱਪ ਕੱਢਕੇ ਕਾਂਗਰਸ ਅੰਦਰਲੇ ਚੱਲ ਰਹੇ ਕਜੀਏ ਨੂੰ ਨਵਾਂ ਮੌੜ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅਜਿਹਾ ਕਰਕੇ ਬੇਸ਼ੱਕ ਨਵਜੋਤ ਸਿੱਧੂ ਵਰਗੇ ਆਪਣੇ ਵੱਡੇ ਵਿਰੋਧੀਆ ਨੂੰ ਗੁੱਠੇ ਲਾਉਣ ਦਾ ਸਿਆਸੀ ਪੈਂਤੜਾ ਖੇਡਿਆ ਹੋਏਗਾ, ਪਰ ਉਸ ਦੇ ਇਸ ਪੈਂਤੜੇ ਦੇ ਕਾਂਗਰਸ ਦੇ ਅੰਦਰ ਤੇ ਬਾਹਰ ਵਿਰੋਧ ਹੋਣ ਦੇ ਨਾਲ ਹੀ. ਸੁਖਪਾਲ ਖਹਿਰਾ ਸਮੇਤ ਕਾਂਗਰਸ ਚ ਸ਼ਾਮਿਲ ਹੋਏ ਦੂਜੇ ਦੋ ਵਿਧਾਇਕਾਂ ਨੂੰ ਵੀ ਪੁੱਠਾ ਪੈਂਦਾ ਨਜਰ ਆ ਰਿਹਾ ਹੈ।
ਸ਼ੋਸ਼ਲ ਮੀਡੀਏ ਉਤੇ ਗਰਾਉੰਡ ਜੀਰੋ ਉਤੇ ਇਹਨਾ ਉਕਤ ਤਿੰਨਾ ਵਿਧਾਇਕਾ ਨੁੰ ਲੋਕਾਂ ਦੇ ਤਕੜੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਦੇ ਅਜਿਹਾ ਕਰਨ ਪਿੱਛੇ ਕੁੱਜ ਕੁ ਲੋਕ ਇਹ ਵੀ ਸਮਝ ਰਹੇ ਹਨ ਕਿ ਉਹਨਾ ਨੇ ਅਜਿਹਾ ਸਿਰਫ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆ ਨੂੰ ਪਿੱਛੇ ਸੁੱਟਣ ਤੇ ਪਾਰਟੀ ਦੇ ਅੰਦਰੋ ਉਹਨਾ ਵਾਅਦਿਆਂ ਨੂੰ ਪੂਰੇ ਕਰਨ ਦੀਆ ਉਠ ਰਹੀਆ ਅਵਾਜਾਂ ਨੂੰ ਦਬਾਉਣ ਵਾਸਤੇ ਕੀਤਾ ਹੈ। ਕੁਜ ਕੁ ਇਹ ਵੀ ਕਹਿ ਰਹੇ ਹਨ ਕਿ ਇਹ ਪਰਸ਼ਾਂਤ ਕਿਸ਼ੋਰ ਦੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾ ਨੂੰ ਮੁੱਖ ਰੱਖਕੇ ਅਪਣਾਈ ਗਈ ਕੋਈ ਨਵੀ ਰਣਨੀਤੀ ਹੈ, ਪਰ ਕਾਰਨ ਕੋਈ ਵੀ ਹੋਵੇ, ਇਕ ਗੱਸ ਸਮਝ ਲੈਣੀ ਇਸ ਸਮੇ ਬਹੁਤ ਜਰੂਰੀ ਹੈ ਕਿ ਇਹ 21ਵੀਂ ਸਦੀ, ਸ਼ੋਸ਼ਲ ਮੀਡੀਏ ਦਾ ਯੁੱਗ ਹੈ, ਤੇ ਸ਼ੋਸ਼ਲ ਮੀਡੀਆ ਮਿੰਟੋ ਮਿੰਟੀ ਸਭ ਦੇ ਪੋਤੜੇ ਫੋਲ ਦਿੰਦਾ ਹੈ। ਸ਼ਾਇਦ ਏਹੀ ਕਾਰਨ ਹੈ ਪਿਛਲੇ ਦੋ ਕੁ ਦਿਨਾਂ ਤੋ ਜਿਥੇ ਸੁਖਪਾਲ ਸਿੰਘ ਖਹਿਰਾ ਤੇ ਉਸ ਦੇ ਨਾਲ ਆਪ ਚੋਂ ਕਾਂਗਰਸ ਚ ਸ਼ਾਮਿਲ ਹੋਏ ਦੋ ਹੋਰ ਵਿਧਾਇਕਾਂ ਦੀ ਸ਼ੋਸ਼ਲ ਮੀਡੀਏ ਉਕੇ ਭਾਰੀ ਕੁੱਤੇਖਾਣੀ ਹੋ ਰਹੀ ਹੈ, ਉਸ ਦੇ ਨਾਲ ਹੀ ਕੈਪਟਨ ਦੁਆਰਾ ਪਿਛਲੀਆ ਚੋਣਾ ਵੇਲੇ ਕੀਤੇ ਵਾਅਦਿਆ ਅਤੇ ਉਸ ਤੋਂ ਬਾਅਦ ਅਜ ਤੱਕ ਬੋਲੇ ਝੂਠ ਤੇ ਤੋਲੇ ਗਏ ਕੁਫਰ ਦੀਆਂ ਆਡੀਓ ਵੀਡੀਓ ਟੇਪਾਂ ਵੀ ਦੁਬਾਰਾ ਤੋਂ ਸ਼ੋਸ਼ਲ ਮੀਡੀਏ ਉਤੇ ਇਕ ਵਾਰ ਫਿਰ ਤੋਂ ਨਸ਼ਰ/ਵਾਇਰਲ ਹੋ ਰਹੀਆ ਹਨ।
ਉਹ ਸੁਖਪਾਲ ਸਿੰਘ ਖਹਿਰਾ ਜੋ ਕਿ ਬਹੁਤ ਹੀ ਜਲੀਲ ਹੋ ਕੇ ਕਾਂਗਰਸ ਵਿਚੋ ਬਾਹਰ ਨਿਕਲਿਆ ਸੀ ਤੇ ਜੋ ਨਿੱਤ ਕਾਂਗਰਸ ਪਾਰਟੀ ਨੂੰ ਪਾਣੀ ਪੀ ਪੀ ਕੇ ਕੋਸਦਾ ਸੀ, ਜਿਸ ਨੇ ਆਪ ਵਲੋ ਵਿਰੋਧੀ ਧਿਰ ਦਾ ਨੇਤਾ ਬਣਕੇ ਬਹੁਤ ਹੀ ਖੜਕੇ ਦੜਕੇ ਵਾਲੀ ਭੂਮਿਕਾ ਨਿਭਾ ਕੇ ਜਿਥੇ ਕਾਂਗਰਸ ਦੀ ਚੂਲ ਹਿਲਾਈ ਸੀ ਉਥੇ ਪੰਜਾਬ ਦੇ ਲੋਕਾਂ ਚ ਚੰਗਾ ਨਾਮਣਾ ਵੀ ਖੱਟਿਆ ਸੀ ਭਾਵੇਂ ਆਮ ਆਦਮੀ ਪਾਰਟੀ ਨੇ ਉਸ ਨੂੰ ਚਾਹ ਵਿਚੋਂ ਮੱਖੀ ਦੀ ਤਰਾਂ ਬਾਹਰ ਕਰ ਦਿੱਤਾ ਸੀ, ਪਰ ਇਕ ਵਾਰ ਉਸ ਨੇ ਇਹ ਜਰੂਰ ਦੱਸ ਦਿੱਤਾ ਕਿ ਵਿਧਾਨ ਸਭਾ ‘ਚ ਵਿਰੋਧੀ ਧਿਰ ਦੀ ਅਸਲ ਭੂਮਿਕਾ ਕੀ ਹੁੰਦੀ ਹੈ। ਖਹਿਰੇ ਨੇ ਫਿਰ ਆਪਣੀ ਸਿਆਸੀ ਪਾਰਟੀ ਬਣਾ ਕੇ 2019 ਚ ਲੋਕ ਸਭਾ ਚੋਣ ਵੀ ਲੜੀ ਪਰ ਜਮਾਨਤ ਜਬਤ ਹੋਈ। ਉਸ ਉਤੇ ਕੁਰਸੀ ਦਾ ਭੁੱਖਾ ਹੋਣ ਦਾ ਇਲਜਾਮ ਵੀ ਲਗਦਾ ਰਿਹਾ, ਪਰ ਉਹ ਇਸ ਇਲਜਾਮ ਨੂੰ ਹਮੇਸ਼ਾ ਹੀ ਮੁੱਢ ਤੋਂ ਨਕਾਰਦਾ ਰਿਹਾ। ਨਵਜੋਤ ਸਿੱਧੂ, ਬੈਂਸ ਭਰਾਵਾਂ ਤੇ ਪਰਗਟ ਸਿੰਘ ਨਾਲ ਵੀ ਉਸ ਨੇ ਸਾਂਝ ਭਿਆਲੀ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਦਾਲ ਨਾ ਗਲੀ, ਪੰਜਾਬ ਕਾਂਗਰਸ ਵਲੋਂ ਉਸ ਨੂੰ ਨਿੱਤ ਨਵੇ ਕੇਸਾਂ ਚ ਫਸਾਇਆ ਜਾਂਦਾ ਰਿਹਾ ਜਿਹਨਾ ਚੋਂ ਪੰਜ ਸੱਤ ਅਜੇ ਵੀ ਉਚ ਅਦਾਲਤਾਂ ਚ ਉਸ ਦੇ ਵਿਰੁੱਧ ਚੱਲ ਰਹੇ ਹਨ।
ਕਨਸੋਅ ਇਹ ਵੀ ਪੈ ਰਹੀ ਹੈ ਕਿ ਸੁਖਪਾਲ ਖਹਿਰੇ ਨੇ ਕਾਂਗਰਸ ਚ ਵਾਪਸੀ ਕੈਪਟਨ ਦੀ ਘੁਰਕੀ ਤੋਂ ਡਰਦੇ ਨੇ ਇਹ ਸੋਚ ਕੇ ਕੀਤੀ ਹੈ ਕਿ ਉਸ ਉਤੇ ਚੱਲ ਰਹੇ ਕੇਸ ਵੀ ਖਤਮ ਕਰਵਾ ਦਿੱਤੇ ਜਾਣਗੇ ਤੇ ਅਗਾਮੀ ਚੋਣਾ ਚ ਉਸ ਨੂੰ ਕਾਂਗਰਸ ਵਲੋ ਟਿਕਟ ਵੀ ਮਿਲ ਜਾਵੇਗੀ।
ਇਹ ਵੀ ਸੱਚ ਹੈ ਕਿ ਪੰਜਾਬ ਕਾਂਗਰਸ ਵਿੱਚ ਰਾਣੇ ਗੁਰਜੀਤ ਲਿੰਘ ਵਰਗੇ ਉਸ ਦੇ ਕੱਟੜ ਵਿਰੋਧੀ ਜਿਹਨਾ ਨੂੰ ਖਹਿਰਾ ਫੁੱਟੀ ਅੱਖ ਵੀ ਨਹੀਂ ਭਾਉਂਦਾ. ਵੀ ਬੈਠੇ ਹਨ ਤੇ ਜੋ ਕਦੇ ਵੀ ਪੰਜਾਬ ਦੀ ਸਿਆਸਤ ਚ ਖਹਿਰੇ ਨੂੰ ਉਪਰ ਨਹੀ ਉੱਠਣ ਦੇਣਗੇ। ਇਸ ਦੇ ਨਾਲ ਇਹ ਵੀ ਕਿਹਾ ਜਾ ਸਕਦਾ ਹੈ ਕਿ ਚਾਹੇ ਕੈਪਟਨ ਅਮਰਿੰਦਰ ਸਿੰਘ ਨੇ, ਤਿੰਨ ਰੁੱਸੇ ਹੋਏ ਆਪ ਵਿਧਾਇਕਾਂ ਨੂੰ ਪੰਜਾਬ ਕਾਂਗਰਸ ਚ ਸ਼ਾਮਿਲ ਕਰਕੇ ਆਪਣੇ ਅੰਦਰੂਨੀ ਤੇ ਬਾਹਰੀ ਵਿਰੋਧੀਆ ਵਿਰੋਧੀਆ ਵਿਰੁਧ ਸਿਆਸੀ ਪੱਤਾ ਖੇਡਿਆ ਹੈ, ਆਮ ਆਦਮੀ ਪਾਰਟੀ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਆਪਣੀ ਹਾਈ ਕਮਾਂਡ ਦੇ ਅਦੇਸ਼ਾਂ ਦੀ ਪਾਲਣਾ ਕੀਤੀ ਹੈ ਜਾਂ ਫਿਰ ਪਰਸ਼ਾਂਤ ਕਿਸ਼ੋਰ ਦੀ ਨਵੀਂ ਰਣਨੀਤੀ ਨੂੰ ਲਾਗੂ ਕੀਤਾ ਹੈ, ਪਰ ਇਹ ਗੱਲ ਪੱਕੀ ਹੈ ਕਿ ਉਹ ਦਿਲੋ ਮਨੋ ਕਦੇ ਵੀ ਖਹਿਰਾ ਤੇ ਉਸ ਨਾਲ ਸ਼ਾਮਿਲ ਹੋਣ ਸਾਥੀਆਂ ਦਾ ਭਲਾ ਨਹੀ ਚਾਹੇਗਾ। ਇਸ ਦੇ ਨਾਲ ਇਹ ਗੱਲ ਵੀ ਕਹੀ ਦਾ ਸਕਦੀ ਹੈ ਕਿ ਪੰਜਾਬ ਦੀ ਸਿਆਸਤ ਚ ਡੱਡੂ ਟਪੂਸੀਆਂ ਮਾਰਨ ਵਾਲਾ ਕੋਈ ਵੀ ਸਿਆਸੀ ਨੇਤਾ ਜਿਥੇ ਲੋਕਾਂ ਦੀਆਂ ਨਜਰਾਂ ਚ ਬਹੁਤ ਨੀਵਾਂ ਗਰਕ ਜਾਂਦਾ ਹੈ ਉਥੇ ਅਜਿਹਾ ਕਰਕੇ ਉਹ ਆਪਣੇ ਸਿਆਸੀ ਭਵਿੱਖ ਦਾ ਆਪਣੇ ਆਪ ਹੀ ਆਤਮਘਾਤ ਵੀ ਕਰ ਲੈਂਦਾ ਹੈ ਤੇ ਹੋ ਸਕਦਾ ਕੈਪਟਨ ਨੇ ਸੁਖਪਾਲ ਖਹਿਰਾ ਤੇ ਉਸ ਦੇ ਦੋ ਹੋਰ ਸਾਥੀਆ ਨੂੰ ਕਾਂਗਰਸ ਵਿਚ ਕਾਹਲੀ ਨਾਲ ਸ਼ਾਮਿਲ ਕਰਨ ਵੇਲੇ ਇਸ ਕੂਟਨੀਤੀ ਨੂੰ ਵੀ ਧਿਆਨ ਚ ਰੱਖਿਆ ਹੋਵੇ ਕਿ ਇਸ ਤਰਾ ਕਰਨ ਨਾਲ ਇਕ ਤੀਰ ਕਈ ਨਿਸ਼ਾਨੇ ਵਿਨ੍ਹੇ ਜਾਣਗੇ, ਕਹਿਣ ਦਾ ਭਾਵ ਸੱਪ ਵੀ ਮਰਜੂ ਤੇ ਲਾਠੀ ਵੀ ਬਚੀ ਰਹੂ।
ਹੁਣ ਸਵਾਲ ਇਹ ਹੈ ਜੇਕਰ ਉਪਰੋਕਤ ਸਭ ਕੁਜ ਸਹੀ ਹੈ ਤਾਂ ਫਿਰ ਸੁਖਪਾਲ ਸਿੰਘ ਖਹਿਰਾ ਤੇ ਉਸ ਦੇ ਨਾਲ ਸ਼ਾਮਿਲ ਹੋਣ ਵਾਲੇ ਦੋ ਹੋਰ ਆਪ ਵਿਧਾਇਕਾਂ ਨੇ ਏਡਾ ਵੱਡਾ ਆਤਮਘਾਤੀ ਸਿਆਸੀ ਫੈਸਲਾ ਕਿਉਂ ਲਿਆ? ਇਸ ਸਵਾਲ ਦਾ ਉੱਤਰ ਸਹੀ ਮਾਨਿਆ ਜਾਂ ਤਾਂ ਸੁਖਪਾਲ ਖਹਿਰਾ ਤੇ ਉਸ ਦੇ ਸਾਥੀਆ ਕੋਲ ਹੈ ਜਾਂ ਫਿਰ ਅਜੇ ਭਵਿੱਖ ਦੀ ਬੁਕਲ ਵਿਚ ਹੈ, ਪਰ ਰਿਝ ਰਹੀ ਟੇਢੀ ਖੀਰ ਤੋਂ ਜੋ ਭਾਫ ਨਿਕਲਕੇ ਬਾਹਰ ਆ ਰਹੀ ਹੈ, ਉਸ ਤੋਂ ਸਾਫ ਤੌਰ ‘ਤੇ ਏਹੀ ਪਤਾ ਲਗ ਰਿਹਾ ਹੈ ਕਿ ਜਦ ਕਿਸੇ ਦਾ ਮਾੜਾ ਸਮਾਂ ਚੱਲ ਰਿਹਾ ਹੁੰਦਾ ਹੈ ਤਾਂ ਉਸ ਵੇਲੇ ਉਸ ਦੀ ਬੁੱਧ ਕੰਮ ਕਰਨੋ ਜਵਾਬ ਦੇ ਜਾਂਦੀ ਹੈ ਜਿਸ ਕਾਰਨ ਅਜਿਹੇ ਸਮੇਂ ਦਾ ਸ਼ਿਕਾਰ ਵਿਅਕਕੀ ਇਕ ਤੋ ਬਾਅਦ ਇਕ ਲਗਾਤਾਰ ਗਲਤ ਫੈਸਲੇ ਲੈਂਦਾ ਹੈ ਜਿਸ ਨੂੰ ਸੰਸਕਿ੍ਰਤ ਚ “ਵਿਨਾਸ਼ੁ ਕਾਲ ਵਿਪਰੀਤ ਬੁੱਧੀ” ਵੀ ਕਿਹਾ ਜਾਂਦਾ ਹੈ।
ਬੇਸ਼ੱਕ, ਅਜੇ ਭੁਲੱਥ, ਭਦੌੜ ਤੇ ਮੌੜ ਦੇ ਕੁਜ ਕੁ ਲੋਕਾਂ ਨੂੰ ਇਸ ਵੇਲੇ ਇਸ ਤਰਾਂ ਦਾ ਭੁਲੇਖਾ ਵੀ ਲਗਦਾ ਹੋਵੇਗਾ ਕਿ ਸ਼ਾਇਦ ਉਹਨਾ ਦੇ ਹਲਕਿਆ ਦੇ ਵਿਧਾਇਕਾਂ ਨੇ ਇਹ ਫੈਸਲਾ ਲੋਕਾਂ ਦੇ ਭਲੇ ਹਿੱਤ ਲਿਆ ਹੋਵੇ, ਪਰ ਇਸ ਸਮੇਂ ਅਜਿਹਾ ਸੋਚਣ ਵਾਲਿਆਂ ਨੂੰ ਕੈਪਟਨ ਸਰਕਾਰ ਦੀ ਪਿਛਲੀ ਸਾਢੇ ਚਾਰ ਸਾਲ ਦੀ ਕਾਰਗੁਜਾਰੀ ‘ਤੇ ਨਜਰਸਾਨੀ ਕਰਕੇ ਆਪਣਾ ਉਕਤ ਭੁਲੇਖਾ ਜਰੂਰ ਦੂਰ ਕਰ ਲੈਣਾ ਚਾਹੀਦਾ ਹੈ।
ਕੁਲ ਮਿਲਾ ਕੇ ਹਾਲ ਦੀ ਘੜੀ ਤਾਂ ਏਹੀ ਕਿਹਾ ਜਾ ਸਕਦਾ ਹੈ ਸੁਖਪਾਲ ਸਿੰਘ ਖਹਿਰਾ ਸਮੇਤ ਕਾਂਗਰਸ ਚ ਸ਼ਾਮਿਲ ਹੋਣ ਵਾਲੇ ਆਮ ਆਦਮੀ ਪਾਰਟੀ ਦੇ ਰੁੱਸੇ ਹੋਏ ਵਿਧਾਇਕਾਂ ਦਾ ਨਾ ਹੀ ਕਾਂਗਰਸ ਪਾਰਟੀ ਨੂੰ ਕੋਈ ਫਾਇਦਾ ਹੈ ਤੇ ਨਾ ਇਸ ਪਾਰਟੀ ਨੇ ਇਹਨਾ ਨੂੰ ਕੋਈ ਫਾਇਦਾ ਦੇਣਾ ਹੈ। ਸ਼ਾਮਿਲ ਹੋਣ ਵਾਲੇ ਵਿਧਾਇਕਾਂ ਨੂੰ ਵੀ ਕਾਂਗਰਸ ਪਾਰਟੀਂ ਚ ਸ਼ਾਮਿਲ ਹੋਣ ਕਾਰਨ ਕੋਈ ਲਾਭ ਮਿਲਣ ਦੀ ਬਜਾਏ ਭਵਿੱਖ ‘ਚ ਉਹਨਾਂ ਦਾ ਵੱਡਾ ਸਿਆਸੀ ਨੁਕਸਾਨ ਹੋਣ ਦਾ ਅੰਦੇਸ਼ਾ ਜਿਸ ਨਾਲ ਕਿ ਉਹਨਾ ਦਾ ਸਿਆਸੀ ਭਵਿੱਖ ਵੀ ਸ਼ਮਾਪਤ ਹੋ ਸਕਦਾ ਹੈ, ਇਸ ਵੇਲੇ ਜਿਆਦਾ ਹੈ।
ਦਰਅਸਲ, ਦੋਹਾਂ ਧਿਰਾਂ ਵਲੋ ਕਾਹਲੀ ਨਾਲ ਲਿਆ ਗਿਆ ਇਹ ਫੈਸਲਾ ਕਿਸੇ ਦੇ ਵੀ ਹਿਤ ਚ ਨਹੀ ਤੇ ਨਾ ਹੀ ਕਿਸੇ ਪੱਖੋਂ ਢੁਕਵਾਂ ਜਾਂ ਸੂਝ ਵਾਲਾ ਜਾਪਦਾ ਹੈ। ਕੈਪਟਨ ਦੇ ਇਸ ਫੈਸਲੇ ਦਾ ਪੰਜਾਬ ਕਾਂਗਰਸ ਦੇ ਅੰਦਰੂਨੀ ਕਾਟੋ ਕਲੇਸ਼ ਉਤੇ ਕੋਈ ਚੰਗਾ ਅਸਰ ਪੈਣ ਦੇ ਅਸਾਰ ਬਹੁਤ ਮੱਧਮ ਹਨ। ਬਾਕੀ ਜਿਵੇ ਜਿਵੇਂ ਅਗਾਮੀ ਚੋਣਾ ਦਾ ਸਮਾਂ ਨੇੜੇ ਆਉਂਦਾ ਜਾਵੇਗਾ, ਸਾਰੀ ਸਥਿਤੀ ਸਾਫ ਵੀ ਹੁੰਦੀ ਜਾਏਗੀ ਤੇ ਸ਼ਪੱਸ਼ਟ ਵੀ। ਸੁਖਪਾਲ ਖਹਿਰਾ ਤੇ ਉਸ ਦੇ ਸਾਥੀਆ ਵਲੋ ਲਏ ਗਏ ਇਸ ਫੈਸਲੇ ਨੇ ਜਿੱਥੇ ਉਹਨਾ ਦੀ ਭਰੋਸੇਸੋਗਤਾ ਉਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ ਇਸ ਦੇ ਨਾਲ ਇਹ ਵੀ ਸ਼ਪੱਸ਼ਟ ਕਰ ਦਿੱਤਾ ਹੈ ਕਿ ਸਿਆਸੀ ਲੋਕ, ਲੋਕ ਹਿੱਤਾਂ ਦੀ ਬਜਾਏ ਹਮੇਸ਼ਾ ਹੀ ਨਿੱਜੀ ਹਿੱਤਾਂ ਨੂੰ ਮੂਹਰੇ ਰੱਖਦੇ ਹਨ ਤੇ ਇਹਨਾਂ ਦਾ ਇਕੋ ਨਿਸ਼ਾਨਾ ਕੁਰਸੀ ਦੀ ਚੌਧਰ ਪਰਾਪਤ ਕਰਨਾ ਹੀ ਹੁੰਦਾ ਹੈ ਜਿਸ ਵਾਸਕੇ ਇਹ ਵਾਰ ਵਾਰ ਥੁਕ ਕੇ ਚੱਟਦੇ ਹਨ ਤੇ ਆਪਣੇ ਸਿਆਸੀ ਵਿਰੋਧੀਆ ਨਾਲ ਹੱਥ ਮਿਲਾਉਦੇ ਹਨ ਤੇ ਉਹਨਾ ਨਾਲ ਘਿਓ ਖਿਚੜੀ ਹੁੰਦੇ ਹਨ। ਇਹ ਲੋਕ ਆਪਣੇ ਹਿਤਾਂ ਦੀ ਪੂਰਤੀ ਵਾਸਤੇ ਇਕ ਦੂਜੇ ਵਿਰੁੱਧ ਬਿਆਨਬਾਜੀ ਕਰਦੇ ਹਨ, ਲੋਕਾਂ ਨੂੰ ਬੁੱਧੂ ਬਣਾਉਂਦੇ ਹਨ, ਉਹਨਾ ਚ ਫੁੱਟ ਦੀ ਸੇਹ ਦਾ ਤੱਕਲਾ ਗੱਡਕੇ, ਰਲ ਮਿਲਕੇ ਸਿਆਸੀ ਰੋਟੀਆ ਸੇਕਦੇ ਹਨ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin