Articles

ਹਾਲਾਤਾਂ ਦੇ ਬਦਲੇ ਹੋਏ ਸਮੀਂਕਰਨਾਂ ਦਾ ਸਾਹਮਣਾ ਕਿਵੇਂ ਕਰੀਏ ?

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਸਮਾਂ ਬੜਾ ਬੇਅੰਤ ਹੈ, ਕਦੋਂ ਕਿਹਦੀ ਗੁੱਡੀ ਚੜ੍ਹ ਜਾਏ , ਤੇ ਕਿਹਦੀ ਬੋ ਕਾਟਾ ਹੋ ਜਾਏ, ਕਿਹੜਾ ਜੀਰੋ ਤੋਂ ਹੀਰੋ ਜਾਂ ਹੀਰੋ ਤੋਂ ਜੀਰੋ ਬਣ ਜਾਏ, ਕਿਹਦੀਆਂ ਅਸਮਾਨੀ ਕੁੱਤੀਆਂ ਭੌਂਕਣ ਲੱਗ ਪੈਂਣ ਤੇ ਕੌਣ ਆਤਿਸ਼ਬਾਜੀ ਦੀ ਤਰਾਂ ਅਸਮਾਨੱ ਚੜ੍ਹਕੇ ਪਟਾਕਾ ਪੈਣ ਵਾਂਗ ਸਿੱਧਾ ਪਟਕ ਕੇ ਧਰਤ ‘ਤੇ ਆ ਡਿਗੇ ਆਦਿ ਸਭ ਕੁੱਜ ਸਮੇਂ ਦੇ ਗਰਭ ਦਾ ਚਮਤਕਾਰ ਹੈ, ਚੜ੍ਹਦੀ ਸਵੇਰ ਕਿਸਦਾ ਸਿਤਾਰਾ ਚਮਕਦਾ ਹੈ ਤੇ ਕਿਸ ਦਾ ਸਿਤਾਰਾ ਗਰਦਸ਼ ‘ਚ ਜਾਂਦਾ ਹੈ ਜਾਂ ਗੁੱਲ ਹੁੰਦਾ ਹੈ, ਕੋਣ ਸਾਹਿਬ ਤੋਂ ਆਮ ਹੋ ਜਾਏ ਤੇ ਕੌਣ ਕੈਪਟਨ ਤੋਂ ਸਵਾਰੀ ਜਾਂ ਸਵਾਰੀ ਤੋਂ ਕੈਪਟਨ ਹੋ ਜਾਏ, ਇਸ ਦੀ ਤਾਜਾ ਮਿਸਾਲ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਦੀ ਮੁੱਖ ਮੰਤਰੀ ਵਜੋਂ ਫੇਰ ਬਦਲ ਨੇ ਪੇਸ਼ ਕੀਤੀ ਹੈ ।
ਉਕਤ ਫੇਰ ਬਦਲ ਨੇ ਇਹ ਵੀ ਦੱਸ ਦਿੱਤਾ ਹੈ ਕਿ ਸਵੇਰ ਤੋਂ ਸ਼ਾਮ ਤੱਕ ਤੇ ਸ਼ਾਮ ਤੋ ਸਵੇਰ ਤੱਕ ਜੋ ਕਿਸੇ ਨੇ ਮਨ ਚ ਧਾਰਿਆ ਇਹ ਜ਼ਰੂਰੀ ਨਹੀਂ ਕਿ ਉਹ ਉਸਦੀ ਇਛਾ ਮੁਤਾਬਿਕ ਉੰਜ ਹੀ ਹੋਵੇ ਜਿਵੇਂ ਕੋਈ ਸੋਚਦਾ ਹੈ । ਬੇਸ਼ੱਕ ਪੰਜਾਬ ਸਰਕਾਰ ਵਿਚ ਹੋਇਆ ਫੇਰਬਦਲ ਸਿਆਸੀ ਤਿਕੜਮਬਾਜੀ ਹੀ ਹੋਵੇ ਪਰ ਇਸ ਨੇ ਸਭ ਨੂੰ ਇਹ ਜ਼ਰੂਰ ਦੱਸ ਦਿੱਤਾ ਹੈ ਕਿ ਲੋਕਾਂ ਨੂੰ ਫ਼ੋਨ ਤੇ ਨੌਕਰੀਆਂ ਵੰਡਣ ਦੇ ਲਾਰੇ ਲਾ ਕੇ ਰਾਜ ਕਰਨ ਵਾਲਾ ਕਦੇ ਆਪ ਵੀ ਬੇਰੁਜ਼ਗਾਰ ਹੋ ਸਕਦਾ ਹੈ ।
ਮਨੁੱਖੀ ਮਾਨਸਿਕਤਾ ਪਾਰੇ ਵਾਂਗ ਤਰਲ ਹੁੰਦੀ ਹੈ, ਇਹ ਪਾਰੇ ਵਾਂਗ ਹੀ ਕਦੇ ਵੀ ਸ਼ਥਿਰ ਨਹੀਂ ਰਹਿ ਸਕਦੀ । ਏਹੀ ਕਾਰਨ ਹੈ ਕਿ ਜਦੋਂ ਕਿਸੇ ਦੀ ਮਾਨਸਿਕਤਾ ਥੋੜ੍ਹੇ ਜਿਹੇ ਦਬਾਅ ਹੇਠ ਆ ਜਾਂਦੀ ਹੈ ਤਾਂ ਉਸ ਵਿਅਕਤੀ ਵਿੱਚ ਮਾਨਸਿਕ ਉਲਾਰ ਦੇਖਿਆ ਜਾ ਸਕਦਾ ਹੈ, ਪਰ ਜੇਕਰ ਕੋਈ ਤਖਤ ਤੇ ਤਖ਼ਤੇ ‘ਤੇ ਆ ਜਾਵੇ ਤੇ ਤਖਤੇ ਵਾਲਾ ਛਾਲ ਮਾਰਕੇ ਤਖਤ ‘ਤੇ ਜਾ ਬੈਠੇ ਤਾਂ ਫਿਰ ਉਲਾਰ ਮਾਨਸਿਕਤਾ ਦਾ ਝੂਟਾ ਤੇ ਝਟਕਾ ਬਹੁਤ ਵੱਡਾ ਹੁੰਦਾ ਹੈ । ਇਸ ਤਰਾਂ ਦੀ ਸਥਿਤੀ ਵਿੱਚ ਜੇਕਰ ਕੋਈ ਮਾਨਸਿਕ ਤਵਾਜਨ ਗੁਆ ਕੇ ਆਲ ਪਤਾਲ ਦੀਆਂ ਮਾਰਨ ਲੱਗ ਜਾਏ ਤਾਂ ਇਹ ਕੋਈ ਅਚੰਭੇ ਵਾਲੀ ਗੱਲ ਨਹੀ ਹੁੰਦੀ, ਮਿਸਾਲ ਵਜੋਂ ਕੈਪਟਨ ਦੇ ਅਸਤੀਫ਼ੇ ਦੀ ਇਬਾਰਤ ਤੇ ਉਸ ਤੋਂ ਬਾਅਦ ਵਾਲੇ ਉਸ ਦੇ ਨਵਜੋਤ ਸਿੰਘ ਸਿੱਧੂ ਬਾਰੇ ਦਿੱਤੇ ਗਏ ਬਿਆਨ ਪੇਸ਼ ਕੀਤੇ ਜਾ ਸਕਦੇ ਹਨ । ਉਹਨਾਂ ਬਿਆਨਾਂ ਨੂੰ ਸੁਣਕੇ ਖਸਿਆਨੀ ਬਿੱਲੀ ਦੇ ਖੰਬਾ ਨੋਚਣ ਵਾਲੀ ਕਹਾਵਤ ਵੀ ਬਿਲਕੁਲ ਸੱਚੀ ਸਿੱਧ ਹੋ ਜਾਂਦੀ ਹੈ ਤੇ ਵਾਪਰੇ ਘਟਨਾਕ੍ਰਮ ਕਾਰਨ ਕੈਪਟਨ ਦੀ ਮਾਨਸਿਕਤਾ ‘ਤੇ ਪਏ ਦੁਰਪ੍ਰਭਾਵ ਦਾ ਵੀ ਪਤ ਲੱਗ ਜਾਂਦਾ ਹੈ ।
ਤਖਤ ਛੱਡਕੇ ਤਖ਼ਤੇ ‘ਤੇ ਬੈਠਣਾ ਕੋਈ ਖਾਲਾ ਜੀ ਦਾ ਵਾੜਾ ਜਾਂ ਮਾੜੀ ਮੋਟੀ ਗੱਲ ਨਹੀਂ । ਇਹ ਬਹੁਤ ਔਖਾ ਕੰਮ ਹੈ, ਨੀੰਦ ਹਰਾਮ ਹੋ ਜਾਂਦੀ ਹੈ, ਸੁਭਾਅ ਚਿੜਚਿੜਾ, ਤਲਖ ਤੇ ਈਰਖਾਲੂ ਹੋ ਜਾਂਦਾ ਹੈ, ਵਾਰ ਵਾਰ ਕਿਸੇ ਵਿਰੋਧੀ ਨੂੰ ਬੁਰਾ ਭਲਾ ਬੋਲਣ ਨੂੰ ਜੀਅ ਕਰਦਾ ਹੈ, ਪਾਣੀ ਪੀ ਪੀ ਕੋਸਣ ਦੀ ਆਮਦ ਹੁੰਦੀ ਹੈ ਜਾਂ ਫਿਰ ਬਦੋ ਬੰਦੀ ਮੂੰਹੋਂ ਸੁੱਤਿਆਂ ਪਿਆਂ ਵੀ ਗਾਲ਼ੀਂ ਗਲੋਚ ਨਿਕਲਦੀਆ ਹਨ ਜਾਂ ਫਿਰ ਵਿਰੋਧੀ ਨੂੰ ਢਾਹ ਕੇ ਕੁੱਟਣ ਨੂੰ ਜੀਅ ਕਰਦਾ ਹੈ। ਜੇਕਰ ਨਹੀਂ ਯਕੀਨ ਤਾਂ ਕੈਪਟਨ ਦੇ ਅੱਜ ਤੇ ਭਲ਼ਕ ਦੇ ਨਵਜੋਤ ਸਿੰਘ ਸਿੱਧੂ ਬਾਰੇ ਬਿਆਨ ਸੁਣ ਲਓ !
ਰਾਜ ਭਾਗ ਖੁਸ਼ ਜਾਣ ਦੇ ਬਾਅਦ ਵੀ ਕਈਆਂ ਨੂੰ ਉਹਨਾ ਦੀ ਹਿੱਲੀ ਹੋਈ ਮਾਨਸਿਕਤਾ ਕਾਰਨ ਰਾਜਿਆ ਮਹਾਂਰਾਜਿਆ ਵਾਲੀ ਫੀਲਿੰਗ ਆਉੰਦੀ ਹੀ ਨਹੀਂ ਬਲਕਿ ਪਹਿਲਾਂ ਨਾਲ਼ੋਂ ਵੀ ਪ੍ਰਬਲ ਰੂਪ ਚ ਕਾਇਮ ਰਹਿੰਦੀ ਹੈ, ਜਿਸ ਕਾਰਨ ਉਹ ਆਪਣੀ ਓਕਾਤ ਤੋਂ ਵਧਕੇ ਵੱਡੇ ਵੱਡੇ ਬਿਆਨ ਦੇਣ ਲੱਗ ਜਾਂਦੇ ਹਨ, ਮਿਸਾਲ ਏਥੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਹੀ ਦਿੱਤੀ ਜਾ ਸਕਦੀ ਹੈ । ਉਹ ਇਸ ਵੇਲੇ ਨਾ ਹੀ ਕੈਪਟਨ, ਰਾਜਾ ਤੇ ਮੁੱਖ ਮੰਤਰੀ ਹਨ, ਪਰ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਬਿਆਨ ਦੇਸ਼ ਦੇ ਗ੍ਰਹਿ ਮੰਤਰੀ ਤੇ ਪਰਧਾਨ ਮੰਤਰੀ ਵਾਲੇ ਦੇਈ ਜਾ ਰਹੇ ਹਨ ।
ਸਿਆਸਤ ਵੀ ਪਾਰੇ ਵਾਂਗ ਹੀ ਤਰਲ ਹੁੰਦੀ ਹੈ, ਇਸ ਵਿੱਚ ਵੀ ਅਣਕਿਆਸੇ ਉਤਰਾਅ ਚੜ੍ਹਾ ਆਉਦੇ ਰਹਿੰਦੇ ਹਨ, ਸਮੀਕਰਨ ਬਦਲਦਿਆਂ ਦੇਰ ਨਹੀਂ ਲਗਦੀ, ਕਦੇ ਕਿਸੇ ਨੇਤਾਂ ਨੇ ਡੱਡੂ ਛੜੱਪਾ ਮਾਰਕੇ ਕਿਹੜੀ ਪਾਰਟੀ ਦੇ ਪਾਲੇ ਚ ਜਾ ਛਲਾਂਗ ਮਾਰਨੀ ਹੈ, ਇਹ ਪਹਿਲਾਂ ਕਦੇ ਵੀ ਤਹਿ ਨਹੀਂ ਹੁੰਦਾ, ਕਿਆਸ ਅਰਾਈਆਂ ਜ਼ਰੂਰ ਲੱਗਦੀਆਂ ਰਹਿੰਦੀਆ ਹਨ, ਪਰ ਗੱਲ “ਆਵੇਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ ਬੱਲੇ ਓਏ ਚਲਾਕ ਸੱਜਣਾਂ” ਵਾਲੀ ਹੁੰਦੀ ਹੈ ਤੇ ਪਤਾ ਉਸ ਵੇਲੇ ਲਗਦਾ ਹੈ ਜਦ ਕੋਈ ਸਵੇਰ ਵੇਲੇ ਤੁਹਾਡੇ ਨਾਲ ਮਰ ਮਿਟਣ ਤੇ ਤੋੜ ਨਿਭਣ ਦੇ ਵਾਅਦੇ ਕਰਕੇ ਇਕੋ ਥਾਵੀ ਚ ਖਾਣ ਵਾਲਾ, ਸ਼ਾਮ ਵੇਲੇ ਕਿਸੇ ਹੋਰ ਨਾਲ ਖੁਰਲੀ ਚ ਪੱਠੇ ਵੀ ਖਾ ਰਿਹਾ ਹੁੰਦਾ ਹੈ ਤੇ ਉਹ ਵੀ ਤੁਹਾਡੀਆਂ ਅੱਖਾਂ ਦੇ ਸਾਹਮਣੇ, ਤੁਹਾਡੇ ਹੱਥ ‘ਤੇ ਸਰੋਂ ਜਮਾ ਕੇ, ਹਿਕ ‘ਤੇ ਪਿੱਪਲ਼ ਲਾ ਕੇ ਤੇ ਤੁਹਾਡੀ ਛਾਤੀ ‘ਤੇ ਮੂੰਗ ਵੀ ਦਲ ਰਿਹਾ ਹੁੰਦਾ ਹੈ । ਇਹ ਗੱਲ ਅੱਜ ਦੀ ਭਾਰਤੀ ਸਿਆਸਤ ਬਾਰੇ ਹੈ, ਪਰ ਅਮਰਿੰਦਰ ਸਿੰਘ ਨਾਲ ਇਸ ਦਾ ਕੋਈ ਸੰਬੰਧ ਨਹੀਂ ਭਾਵੇਂ ਕਿ ਪਿਛਲੇ ਸਾਢੇ ਕੁ ਚਾਰ ਸਾਲ ਦੇ ਤੇ ਹੁਣ ਅਸਤੀਫ਼ੇ ਤੋਂ ਬਾਅਦ ਵਾਲੇ ਉਸ ਦੇ ਸਾਰੇ ਬਿਆਨ ਭਾਜਪਾ ਦੇ ਬੁਲਾਰੇ ਵਜੋਂ ਹੀ ਦਿੱਤੇ ਗਏ ਜਾਪਦੇ ਹਨ ।
ਮੁੱਕਦੀ ਗੱਲ ਇਹ ਕਿ ਬੰਦੇ ਨੂੰ ਮਾਣ ਹੰਕਾਰ ਨਹੀਂ ਕਰਨਾ ਚਾਹੀਦਾ, ਜੇਕਰ ਅੱਜ ਸਮਾਂ ਚੰਗਾ ਚੱਲ ਰਿਹਾ ਹੈ ਤਾਂ ਅੱਗੇ ਹਾਲਾਤ ਖ਼ਰਾਬ ਹੋਣ ਵਿੱਚ ਵੀ ਪਲ ਨਹੀੰ ਲਗਦਾ । ਜ਼ਿੰਦਗੀ ਖਾਹਿਸ਼ਾਂ ਮੁਤਾਬਿਕ ਜੋ ਵੀ ਜੀਵੇਗਾ , ਉਹ ਜ਼ਿੰਦਗੀ ਵਿੱਚ ਸੁੱਖ ਨਹੀਂ ਪਾਵੇਗਾ, ਜਿਸ ਨੂੰ ਜ਼ਿੰਦਗੀ ਜ਼ਰੂਰਤਾਂ ਮੁਤਾਬਿਕ ਜਿਊਣੀ ਆ ਗਈ, ਉਹ ਕਦੇ ਮਾਨਸਿਕ ਤੌਰ ‘ਤੇ ਨਾ ਹੀ ਤੰਗ ਹੋਵੇਗਾ ਤੇ ਨਾ ਹੀ ਪਰੇਸ਼ਾਨ । ਇਸ ਤਰਾਂ ਦਾ ਬੰਦਾ ਆਪਣੇ ਜੀਵਨ ਵਿੱਚ ਸਹਿਜਤਾ ਨਾਲ ਵਿਚਰਦਾ ਹੋਇਆ ਵਧੀਆ ਜ਼ਿੰਦਗੀ ਬਤੀਤ ਕਰੇਗਾ ਜਿਸ ਦੇ ਬਾਰੇ ਚ ਮੇਰੇ ਵਰਗੇ ਸਾਰੀ ਉਮਰ ਏਹੀ ਸੋਚਦੇ ਰਹਿ ਜਾਂਦੇ ਹਨ ਕਿ “ਯਾਰ ! ਇਹ ਬੰਦਾ ਏਨਾ ਖੁਸ਼ ਮਿਜ਼ਾਜ ਕਿਓਂ ਰਹਿੰਦਾ ਹੈ ?
ਖ਼ੈਰ ! ਗੱਲ ਸਮੇਂ ‘ਤੇ ਹਾਲਾਤਾਂ ਤੋਂ ਸ਼ੁਰੂ ਕੀਤੀ ਸੀ, ਇਹ ਹਾਲਾਤ ਸਿਆਸੀ, ਸਮਾਜਿਕ, ਪਰਿਵਾਰਕ ਜਾਂ ਫਿਰ ਨਿੱਜੀ ਹੋਣ, ਹਾਲਾਤਾਂ ਦੇ ਸਮੀਕਰਣ ਸਮੇਂ ਸਮੇਂ ਸਭਨਾ ਦੇ ਹੀ ਬਦਲਦੇ ਰਹਿੰਦੇ ਹਨ । ਜ਼ਿੰਦਗੀ ਵਿੱਚ ਕੁੱਜ ਵੀ ਪੱਕਾ ਨਹੀਂ, ਜੋ ਅੱਜ ਸਾਡਾ ਹੈ, ਕੱਲ ਕਿਲੇ ਹੋਰ ਦਾ ਹੋਵੇਗਾ ਤੇ ਫਿਰ ਅੱਗੇ ਦਰ ਅਗੇਰੇ ਏਹੀ ਸਿਲਸਿਲਾ ਮੁਸੱਲਸਲ ਚੱਲਦਾ ਰਹੇਗਾ । ਜ਼ਿੰਦਗੀ ਨੂੰ ਸਹਿਜ ਬਣਾਉਣਾ ਮਨੁੱਖ ਦੇ ਆਪਣੇ ਹੱਥ ਹੈ, ਜੋ ਅਜਿਹਾ ਕਰਨ ਚ ਸਫਲ ਹੋ ਜਾਂਦਾ, ਉਹ ਸ਼ਾਂਤ ਹੋ ਜਾਂਦਾ ਹੈ ਤੇ ਜੋ ਅਸਫਲ ਹੋ ਜਾਂਦਾ ਹੈ, ਉਹ ਕੈਪਟਨ ਅਮਰਿੰਦਰ ਸਿੰਘ ਵਾਂਗ ਸਿਆਸੀ ਝਟਕਾ ਖਾਣ ਤੋਂ ਬਾਅਦ ਅਸ਼ਾਂਤ ਹੋ ਕੇ ਅੰਦਰੋਂ ਅੰਦਰ ਹੀ ਖਿੱਝਦਾ ਤੇ ਵਿਸ ਘੋਲਦਾ ਰਹਿੰਦਾ ਹੈ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin