Articles

ਜਰੂਰੀ ਹੈ ਹਰ ਪਿੰਡ ਅਤੇ ਸ਼ਹਿਰ ਵਿੱਚ ਲਾਇਬ੍ਰੇਰੀ ਦਾ ਹੋਣਾ

Harkirat Kaur Sabhara
ਲੇਖਕ: ਹਰਕੀਰਤ ਕੌਰ ਸਭਰਾ, ਤਰਨਤਾਰਨ

ਅਸੀਂ ਸਾਰੇ ਸਮਾਜ ਸੁਧਾਰ ਦੀਆਂ ਗੱਲਾਂ ਕਰਦੇ ਹਾਂ , ਸਮਾਜ ਦੀ ਵਿਵਸਥਾ ਦੇ ਵਿਗੜਦੇ ਢਾਂਚੇ ਬਾਰੇ ਚਿੰਤਤ ਹੁੰਦੇ ਹਾਂ । ਨੋਜਵਾਨ ਪੀੜੀ ਦੇ ਵਿਵਹਾਰ ਵਿੱਚ ਆ ਰਹੇ ਪਰਿਵਰਤਨ ਬਾਰੇ ਘਰਾਂ ਵਿੱਚ ਜਾਂ ਹੋਰ ਜਗ੍ਹਾ ਜਿੱਥੇ ਵੀ ਅਸੀਂ ਵਿਚਰਦੇ ਹਾਂ ਵਿਚਾਰ ਚਰਚਾ ਕਰਦੇ ਹਾਂ , ਇਸ ਆਈ ਤਬਦੀਲੀ ਦਾ ਕਾਰਣ ਆਧੁਨਿਕੀਕਰਨ ਮੰਨਿਆ ਜਾਂਦਾ ਹੈ ਜੇ ਗੱਲ ਅਧੁਨਿਕਤਾ ਦੇ ਵਿਗਾੜ ਦੀ ਆਉਦੀਂ ਹੈ ਤਾਂ ਮੋਬਾਇਲ ਦਾ ਖਿਆਲ ਸਭ ਤੋਂ ਪਹਿਲਾਂ ਆਉਂਦਾ ਹੈ । ਹਰ ਹੱਥ ਵਿੱਚ ਮੋਬਾਇਲ ਹੈ ਅਤੇ ਮੋਬਾਇਲ ਵਿੱਚ ਦੁਨੀਆਂ ਸਮਾਈ ਹੋਈ ਹੈ, ਹਰ ਤਰ੍ਹਾਂ ਦੇ ਲੋਕ, ਹਰ ਤਰ੍ਹਾਂ ਦੇ ਮੰਨੋਰੰਜਨ ਦੇ ਸਾਧਨ, ਹਰ ਤਰ੍ਹਾਂ ਦਾ ਗਿਆਨ। ਜੇ ਜ਼ਿਕਰ ਗਿਆਨ ਦਾ ਕੀਤਾ ਤਾਂ ਗਿਆਨ ਦਾ ਸਭ ਤੋਂ ਵੱਡਾ ਸੋਮਾ ਲਾਇਬ੍ਰੇਰੀਆਂ ਨੂੰ ਮੰਨਿਆ ਜਾਂਦਾ ਹੈ। ਜਿੰਨੇ ਵੀ ਮਹਾਨ ਲੋਕਾਂ ਦੀ ਜੀਵਨੀ ਪੜੀ ਜਾਵੇ ਸਿੱਟਾ ਇੱਕੋ ਹੀ ਨਿਕਲਦਾ ਹੈ ਕਿ ਉਹਨਾਂ ਦੇ ਜੀਵਨ ਵਿੱਚ ਕਿਤਾਬਾਂ ਦਾ ਇੱਕ ਖਾਸ ਮਹੱਤਵ ਸੀ। ਉਹਨਾਂ ਦੇ ਨਿੱਤ ਦੇ ਕੰਮਾਂ ਵਿੱਚ ਲਾਇਬ੍ਰੇਰੀ ਜਾਣਾ ਵੀ ਸ਼ਾਮਿਲ ਹੁੰਦਾ ਸੀ। ਜਿਵੇਂ ਮੈਂ ਸ਼ੁਰੂਆਤ ਵਿੱਚ ਜ਼ਿਕਰ ਕੀਤਾ ਕਿ ਅਸੀਂ ਸਮਾਜ ਨੂੰ ਲੈਕੇ ਚਿੰਤਤ ਹਾਂ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਉਸ ਵਿੱਚ ਬਦਲਾਵ ਲਿਆਉਣ ਲਈ ਕੰਮ ਕੀ ਕਰ ਰਹੇ ਹਾਂ? ਵਿਕਾਸ ਅਤੇ ਸਮਾਜ ਅਸੀਂ ਵਿਕਸਿਤ ਦੇਸ਼ਾਂ ਵਰਗਾ ਚਾਹੁੰਦੇ ਹਾਂ ਪਰ ਉਸ ਲਈ ਕੋਈ ਵੀ ਉਦਮ ਕਰਨ ਲਈ ਤਿਆਰ ਨਹੀਂ। ਜਿੰਨੇ ਵੀ ਵਿਕਸਿਤ ਦੇਸ਼ ਹਨ ਉਸ ਪਿੱਛੇ ਕਿਤਾਬਾਂ ਦੀ ਇੱਕ ਬਹੁਤ ਵੱਡੀ ਭੂਮਿਕਾ ਰਹੀ ਹੈ। ਪਰ ਸਾਡੇ ਸਮਾਜ ਵਿਚੋਂ ਕਿਤਾਬਾਂ ਪ੍ਰਤੀ ਸਨੇਹ ਜਿਵੇਂ ਖਤਮ ਹੀ ਹੁੰਦਾ ਜਾ ਰਿਹਾ। ਜੇਕਰ ਗੱਲ ਪੰਜਾਬ ਦੀ ਹੀ ਕਰ ਲਈ ਜਾਵੇ ਤਾਂ ਬਹੁਤ ਘੱਟ ਅਜਿਹੇ ਜਿਲ੍ਹੇ ਹੋਣਗੇ ਜਿੰਨਾ ਵਿੱਚ ਲਾਇਬ੍ਰੇਰੀਆਂ ਹੋਣਗੀਆਂ। ਪਿੰਡ ਤਾਂ ਸੋ ਵਿਚੋਂ ਕੋਈ ਇੱਕ ਹੀ ਹੋਵੇਗਾ ਜਿੱਥੇ ਲਾਇਬ੍ਰੇਰੀ ਬਣੀ ਹੋਵੇਗੀ, ਜੇ ਕਿਸੇ ਪਿੰਡ ਸ਼ਹਿਰ ਵਿੱਚ ਲਾਇਬ੍ਰੇਰੀ ਬਣੀ ਵੀ ਹੈ ਤਾਂ ਉਸ ਦੀ ਹਾਲਤ ਏਨੀ ਤਰਸਯੋਗ ਹੈ ਕਿ ਉਸਦਾ ਹੁਲੀਆ ਵੇਖ ਕੋਈ ਅੰਦਰ ਜਾਣ ਦੀ ਜੁਅਰਤ ਨਹੀਂ ਕਰਦਾ, ਅੰਦਰ ਜਾਣ ਵਾਲੇ ਨੂੰ ਲਾਇਬ੍ਰੇਰੀ ਦੀ ਹਾਲਤ ਦੇਖ ਡਰ ਲੱਗਣ ਲੱਗਦਾ ਹੈ ਕਿ ਕਿਤੇ ਇਹ ਖਸਤਾ ਹਾਲਤ ਵਿੱਚ ਬਣੀਆਂ ਲਾਇਬ੍ਰੇਰੀਆਂ ਦੀ ਬਿਲਡਿੰਗ ਹੀ ਨਾ ਡਿੱਗ ਪਵੇ ! ਲਾਇਬ੍ਰੇਰੀ ਵਿੱਚ ਕੋਈ ਲਾਇਬ੍ਰੇਰੀਅਨ ਨਹੀ ਹਨ, ਕੋਈ ਕਿਤਾਬਾਂ ਦੀ ਸਾਂਭ ਸੰਭਾਲ ਲਈ ਨਹੀਂ ਹੈ, ਕੋਈ ਅਜਿਹਾ ਨਹੀਂ ਜੋ ਹਿੰਮਤ ਕਰਕੇ ਨੋਜਵਾਨਾਂ ਨੂੰ ਪ੍ਰੇਰਿਤ ਕਰ ਸਕੇ ਕਿ ਕੁਝ ਸਮਾਂ ਲਾਇਬ੍ਰੇਰੀ ਲਈ ਵੀ ਜਰੂਰ ਕੱਢੋ।

ਜਿਸ ਸਮਾਜ ਦਾ ਨੋਜਵਾਨ ਵਰਗ ਕਿਤਾਬਾਂ ਨਾਲ ਜੁੜਿਆ ਹੁੰਦਾ ਹੈ ਉਸ ਸਮਾਜ ਵਿੱਚ ਸੁਨਿਹਰੀ ਭਵਿੱਖ ਦੀ ਉਮੀਦ ਰੱਖੀ ਜਾ ਸਕਦੀ ਹੈ , ਪਰ ਜਿੱਥੇ ਜਨਤਕ ਲਾਇਬ੍ਰੇਰੀ ਹੀ ਨਾ ਹੋਣ ਜੇ ਹੋਣ ਵੀ ਤਾਂ ਤਰਸਯੋਗ ਹਾਲਤ ਵਿੱਚ ਤਾਂ ਉਥੇ ਅਸੀਂ ਜਿਆਦਾ ਸੁਲਝੇ ਹੋਏ ਲੋਕਾਂ ਦੇ ਸਮਾਜ ਦੀ ਆਸ ਨਹੀਂ ਰੱਖ ਸਕਦੇ।
ਮੈਂ ਅਕਸਰ ਦੇਖਦੀ ਹਾਂ ਸਾਹਿਤ ਨਾਲ ਜੁੜੀਆਂ ਕਿੰਨੀਆਂ ਗਤੀਵਿਧੀਆਂ ਹੁੰਦੀਆਂ ਹਨ, ਕਿੰਨੇ ਸਮਾਰੋਹ ਕਰਵਾਏ ਜਾਂਦੇ ਹਨ, ਕਿੰਨੇ ਕਵੀ ਸੰਮੇਲਨ ਹੁੰਦੇ ਹਨ, ਪਰ ਅਫਸੋਸ ਸਾਰੇ ਫੋਕੇ, ਅਫਸੋਸ ਸਾਰੇ ਸਨਮਾਨ ਚਿੰਨ੍ਹ ਦੇਣ ਅਤੇ ਪ੍ਰਾਪਤ ਕਰਨ ਤੱਕ ਸੀਮਤ ਹਨ। ਵੱਡੇ ਵੱਡੇ ਬੁਲਾਰੇ ਆਉਦੇ ਹਨ , ਬੋਲ ਕੇ ਚਲੇ ਜਾਂਦੇ ਹਨ, ਸੁਣਨ ਵਾਲੇ ਵੀ ਸੁਣ ਕੇ ਨਾਲ ਲੈਕੇ ਜਾਣ ਦੀ ਬਜਾਇ ਜੋ ਸੁਣਿਆ ਹੁੰਦਾ ਹੈ ਉੱਥੇ ਹੀ ਛੱਡ ਰਾਹ ਪੈਂਦੇਂ ਹਨ।ਕਿਸੇ ਨੇ ਜਨਤਕ ਲਾਇਬ੍ਰੇਰੀਆਂ ਦੀ ਸਾਂਭ ਸੰਭਾਲ ਲਈ ਕਦਮ ਚੁੱਕਣ ਦਾ ਹੀਲਾ ਨਹੀਂ ਕੀਤਾ ਅਤੇ ਨਾ ਹੀ ਬੋਲਣ ਦਾ।ਕਹਿਣ ਤੋਂ ਭਾਵ ਕਿ ਸਾਹਿਤ ਦਾ ਸਭ ਤੋਂ ਵੱਡਾ ਘਰ ਲਾਇਬ੍ਰੇਰੀਆਂ ਹਨ, ਵੱਡੇ ਵੱਡੇ ਸਾਹਿਤਕਾਰ ਜਾਂ ਸਮਾਜ ਦੇ ਆਗੂਆਂ ਨੂੰ ਲਾਇਬ੍ਰੇਰੀਆਂ ਦੀ ਹੋਂਦ ਲਈ ਹੰਬਲਾ ਜਰੂਰ ਮਾਰਨਾ ਚਾਹੀਦਾ ਹੈ।
ਲਾਇਬ੍ਰੇਰੀ ਦੀ ਉਸਾਰੀ ਅਤੇ ਸਾਂਭ ਸੰਭਾਲ ਲਈ ਬਹੁਤ ਸਾਰੇ ਕਦਮ ਚੁੱਕਣ ਦੀ ਜਰੂਰਤ ਹੈ। ਜਿਹੜੀਆਂ ਸਰਕਾਰਾਂ ਫੋਨ, ਲੈਪਟਾਪ ਜਾਂ ਅਜਿਹੀਆਂ ਹੋਰ ਨਿੱਕੀਆਂ ਮੋਟੀਆਂ ਚੀਜ਼ਾਂ ਦੇ ਲਾਲਚ ਦੇ ਤੇ ਲਾਰੇ ਲਾਕੇ ਵੋਟਾਂ ਮੰਗਦੀਆਂ ਹਨ , ਉਹਨਾਂ ਨੂੰ ਚਾਹੀਦਾ ਹੈ ਕਿ ਭੁੱਲੇ ਚੁੱਕੇ ਕਿਤੇ ਇਹ ਵੀ ਕਹਿ ਦੇਣ ਕਿ ਹਰ ਪਿੰਡ ਹਰ ਸ਼ਹਿਰ ਵਿੱਚ ਲਾਇਬ੍ਰੇਰੀ ਬਣਾਈ ਜਾਵੇਗੀ, ਤਾਂ ਜੋ ਪੜਣ ਦੇ ਸ਼ੌਕੀਨ ਉਹ ਲੋਕ ਜਿੰਨਾ ਕੋਲ ਕਿਤਾਬਾਂ ਖਰੀਦਣ ਦੀ ਗੁੰਜਾਇਸ਼ ਨਹੀਂ ਹੈ ਇਸਦਾ ਲਾਭ ਉਠਾ ਸਕਣ ।
ਇਸ ਤੋਂ ਇਲਾਵਾ ਜਿੰਨਾ ਸ਼ਹਿਰਾਂ ਜਾਂ ਪਿੰਡਾਂ ਵਿੱਚ ਲਾਇਬ੍ਰੇਰੀਆਂ ਬਣੀਆਂ ਹਨ ਪਰ ਸੰਭਾਲ ਨਹੀਂ ਹੈ ਤਾਂ ਉਥੋਂ ਦੇ ਵਸਨੀਕਾਂ ਨੂੰ ਲਾਇਬ੍ਰੇਰੀ ਨੂੰ ਵੀ ਇੱਕ ਗਿਆਨ ਦਾ ਮੰਦਿਰ ਸਮਝ ਸਾਂਭ ਸੰਭਾਲ ਕਰ ਲੈਣੀ ਚਾਹੀਦੀ ਹੈ। ਕਿਤਾਬਾਂ ਸਾਡੀਆਂ ਸਭ ਤੋਂ ਵੱਡੀਆਂ ਰਾਹ ਦਸੇਰਾ ਹਨ। ਮੁਹਤਬਰਾਂ ਨੂੰ ਚਾਹੀਦਾ ਹੈ ਕਿ ਪਿੰਡ ਤੇ ਸ਼ਹਿਰਾਂ ਦੀ ਸੜਕਾਂ ਤੇ ਹੋਰ ਕੰਮਾਂ ਲਈ ਗ੍ਰਾਂਟਾ ਮੰਗਣ ਵੇਲੇ ਲਾਇਬ੍ਰੇਰੀ ਦਾ ਖਿਆਲ ਵੀ ਕਰ ਲਿਆ ਜਾਵੇ। ਮਾਪਿਆਂ ਨੂੰ ਵੀ ਬੱਚਿਆਂ ਨੂੰ ਫੋਨ ਦੇ ਆਹਰੇ ਲਗਾਉਣ ਦੀ ਬਜਾਇ ਲਾਇਬ੍ਰੇਰੀ ਵਿੱਚ ਕੁਝ ਸਮਾਂ ਜਰੂਰ ਲੈਕੇ ਜਾਣਾ ਚਾਹੀਦਾ ਹੈ।
ਸੋ ਜੇਕਰ ਅਸੀਂ ਇੱਕ ਸੁਲਝਿਆ ਹੋਇਆ ਸਮਾਜ ਸਿਰਜਣਾ ਚਾਹੁੰਦੇ ਹਾਂ ਤਾਂ ਕਿਤਾਬਾਂ ਨਾਲ ਸਾਂਝ ਪਾਉਣੀ ਪਵੇਗੀ। ਕੋਈ ਵੀ ਵਰਗ ਹੋਵੇ, ਰਾਜਨੇਤਾ, ਪਿੰਡਾਂ ਸ਼ਹਿਰਾਂ ਦੇ ਮੁਹਤਬਰ, ਆਮ ਜਨਤਾ, ਮਾਪੇ ਸਾਰਿਆਂ ਨੂੰ ਇਸ ਲਈ ਹੰਭਲਾ ਮਾਰਨ ਦੀ ਜਰੂਰਤ ਹੈ। ਕਿਤਾਬਾਂ ਨਾਲ ਜੁੜ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ, ਇੱਕ ਅਜਿਹਾ ਸਮਾਜ ਜੋ ਆਪਣੇ ਅਤੇ ਦੂਸਰਿਆਂ ਦੇ ਹੱਕਾਂ ਪ੍ਤੀ ਜਾਗਰੂਕ ਹੋਵੇ, ਇੱਕ ਅਜਿਹਾ ਸਮਾਜ ਜੋ ਫੋਕੇ ਦਿਖਾਵੇ ਤੋਂ ਕੋਹਾਂ ਦੂਰ ਹੋਵੇ ਤੇ ਪਿਆਰ, ਸਤਿਕਾਰ ਤੇ ਮਿਲਵਰਤਨ ਦੀ ਭਾਵਨਾ ਦਾ ਸੁਨੇਹਾ ਦਿੰਦਾ ਹੋਵੇ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin