Poetry Geet Gazal

ਇੰਦਰ ਸਰਾਂ (ਫ਼ਰੀਦਕੋਟ)

 

 

 

 

 

ਡੂੰਘੇ ਜਜ਼ਬਾਤ…

ਦਿਲ ਦੇ ਡੂੰਘੇ ਜਜ਼ਬਾਤ ਜੋ ਮੈਂ
ਇਨ੍ਹਾਂ ਕਾਗਜ਼ਾਂ ਉੱਤੇ ਉਕੇਰੇ ਨੇ
ਜੋ ਸ਼ਬਦ ਬਣ ਬਣ ਉੱਭਰੇ ਨੇ
ਕੁਝ ਤੇਰੇ ਨੇ ਤੇ ਕੁਝ ਮੇਰੇ ਨੇ

ਤੂੰ ਤਾਂ ਸ਼ਾਇਦ ਭੁੱਲ ਗਿਆ ਏਂ
ਪਰ ਦਿਲ ‘ਚ ਤੇਰੇ ਹੀ ਡੇਰੇ ਨੇ
ਤੈਨੂੰ ਰਤਾ ਹੁਣ ਫ਼ਰਕ ਨਾ ਪੈਣਾ
ਮੈਨੂੰ ਤੇਰੇ ਹੀ ਖ਼ਿਆਲ ਚੁਫ਼ੇਰੇ ਨੇ

ਕਦੇ ਪੁੱਛ ਦੇਖੀਂ ਤਨਹਾਈਆਂ ਨੂੰ
ਤੰਗ ਕਰਦੇ ਜੋ ਫ਼ਿਕਰ ਬਥੇਰੇ ਨੇ
ਤੇਰੀ ਖੁਸ਼ੀ ਖ਼ਾਤਿਰ ਬਰਬਾਦ ਹੋਏ
ਦੇਖ ਸਾਡੇ ਵੀ ਤਾਂ ਕਿੱਡੇ ਜ਼ੇਰੇ ਨੇ

ਦਿਲ ਤੈਨੂੰ ਕਰਦਾ ਰਹਿਣਾ ਯਾਦ
ਸੁਪਨਿਆਂ ‘ਚ ਵੀ ਤੇਰੇ ਚਿਹਰੇ ਨੇ
ਇਹ ਨਾ ਸੋਚੀਂ ਕਦੇ ਫ਼ੇਰ ਮਿਲਾਂਗੇ
‘ਇੰਦਰ’ ਜ਼ਿੰਦਗੀ ਦੇ ਪੰਧ ਲਮੇਰੇ ਨੇ

———————00000———————

ਡਾ. ਅੰਬੇਦਕਰ

ਭਾਰਤ ਦਾ ਨਾਮ ਜਿਸਨੇ

ਦੁਨੀਆਂ ਵਿੱਚ ਚਮਕਾਇਆ
ਸੱਭ ਤੋਂ ਵੱਡੇ ਲੋਕਤੰਤਰ ਦਾ
ਜਿਸਨੇ ਸੰਵਿਧਾਨ ਬਣਾਇਆ
14 ਅਪ੍ਰੈਲ 1891 ਨੂੰ ਧਰਤੀ ‘ਤੇ
ਇੱਕ ਯੁੱਗ ਪੁਰਸ਼ ਆਇਆ
14ਵਾਂ ਰਤਨ ਸੀ ਮਾਂ-ਬਾਪ ਦਾ
ਜੋ ਭਾਰਤ ਰਤਨ ਅਖਵਾਇਆ
ਸਾਰਾ ਜੀਵਨ ਜਿਸਨੇ
ਸੀ ਸੰਘਰਸ਼ ਹੰਢਾਇਆ
ਸਮਾਜ ਸੁਧਾਰਕ ਵਜੋਂ ਲੋਕਾਂ ਨੂੰ
ਸਹੀ ਰਸਤਾ ਦਿਖਾਇਆ
ਦੱਬੇ ਕੁਚਲਿਆਂ ਨੂੰ ਜਿਉਣ ਦਾ
ਜਿਸਨੇ ਹੱਕ ਤੇ ਢੰਗ ਸਿਖਾਇਆ
ਕਿਤਾਬਾਂ ਪੜ੍ਹਕੇ ਤੇ ਖੁਦ ਲਿਖ ਕੇ
ਜਾਗਰੂਕਤਾ ਦਾ ਪਾਠ ਪੜ੍ਹਾਇਆ
ਡਾ. ਭੀਮ ਰਾਓ ਅੰਬੇਦਕਰ ਜੋ ਦੇਸ਼ ਦਾ
ਪਹਿਲਾ ਕਾਨੂੰਨ ਮੰਤਰੀ ਅਖਵਾਇਆ

———————00000———————

ਵਿਸਾਖੀ ਪੰਜਾਬ ਦੀ 

ਜਦ ਸੋਨੇ ਰੰਗੀਆਂ ਕਣਕਾਂ
ਮਦਮਸਤ ਹਵਾਵਾਂ ਸੰਗ ਗਾਉਂਦੀਆਂ ਨੇ
ਤਾਂ ਵਿਸਾਖ ਦੀਆਂ ਵਾਢੀਆਂ
ਸਾਡੀਆਂ ਮਿਹਨਤਾਂ ਨੂੰ ਰੰਗ ਲਾਉਂਦੀਆਂ ਨੇ

ਜਦ ਵਿਸਾਖੀ ਦੇ ਮੇਲਿਆਂ ਵਿੱਚ
ਗੱਭਰੂ ਭੰਗੜੇ ਤੇ ਮੁਟਿਆਰਾਂ ਗਿੱਧਾ ਪਾਉਂਦੀਆਂ ਨੇ
ਤਾਂ ਸਾਡੇ ਵਿਰਸੇ ਸੱਭਿਆਚਾਰ ਦੀਆਂ
ਸਾਨੂੰ ਗੱਲਾਂ ਚੇਤੇ ਆਉਂਦੀਆਂ ਨੇ

ਚੇਤੇ ਆਉਂਦੀ ਹੈ ਅਨੰਦਪੁਰ ਸਾਹਿਬ ਦੀ ਵਿਸਾਖੀ
ਜਿੱਥੇ ਪੀ ਅੰਮ੍ਰਿਤ ਚਿੜੀਆਂ ਬਾਜਾਂ ਨਾਲ ਟਕਰਾਉਂਦੀਆਂ ਨੇ
ਖਾਲਸਾ ਪੰਥ ਦੇ ਜਨਮ ਦਿਹਾੜੇ ਮੌਕੇ
ਸੰਗਤਾਂ ਸ਼ਰਧਾ ਨਾਲ ਮੱਥੇ ਝੁਕਾਉਂਦੀਆਂ ਨੇ

ਚੇਤੇ ਆਉਂਦੀ ਹੈ ਜਲ੍ਹਿਆਂ ਵਾਲੇ ਬਾਗ ਦੀ ਵਿਸਾਖੀ ਵੀ
ਜਿੱਥੇ ਅੱਜ ਵੀ ਕੰਧਾਂ ਗੋਲੀਆਂ ਦੇ ਨਿਸ਼ਾਨ ਦਿਖਾਉਂਦੀਆਂ ਨੇ
ਖੂਨੀ ਖੂਹ ਤੇ ਇੱਥੋਂ ਦੀ ਉਹ ਤੰਗ ਜਿਹੀ ਗਲੀ
ਊਧਮ ਸਿੰਘ ਦੀ ਭਾਵਨਾ ਨੂੰ ਮਹਿਸੂਸ ਕਰਵਾਉਂਦੀਆਂ ਨੇ

ਨਾ ਜ਼ੁਲਮ ਕਰਨਾ ਤੇ ਨਾ ਹੀ ਸਹਿਣਾ
ਸਾਡੀਆਂ ਅਣਖਾਂ ਸਾਨੂੰ ਜਗਾਉਂਦੀਆਂ ਨੇ
ਸਰਬੱਤ ਦਾ ਭਲਾ ਅਸੀਂ ਰਹੀਏ ਮੰਗਦੇ
‘ਇੰਦਰ’ ਦੀਆਂ ਸਤਰਾਂ ਵੀ ਤਾਂ ਇਹੋ ਚਾਹੁੰਦੀਆਂ ਨੇ

———————00000———————
ਹੋਲੀ ਦੇ ਰੰਗ

ਅੱਜ ਦਿਨ ਹੈ ਹੋਲੀ ਦਾ
ਆਓ ਰੰਗਾਂ ਵਿੱਚ ਰੰਗ ਜਾਈਏ
ਫੁੱਲਾਂ ਦੇ ਰੰਗਾਂ ਦੇ ਵਾਂਗਰ
ਸਾਂਝਾਂ ਪਿਆਰ ਦੀਆਂ ਪਾਈਏ
ਕਦੇ ਕਿਸੇ ਦਾ ਬੁਰਾ ਨਾ ਤੱਕੀਏ
ਕਿਰਤ ਕਰੀਏ ਤੇ ਵੰਡ ਕੇ ਖਾਈਏ
ਲਹੂ ਦਾ ਰੰਗ ਜਦ ਇੱਕ ਹੀ ਹੁੰਦਾ
ਆ ਤੇਰੇ ਮੇਰੇ ਦਾ ਫ਼ਰਕ ਮਿਟਾਈਏ
ਚੜ੍ਹ ਕੇ ਜੋ ਨਾ ਉਤਰਣ ਕਦੇ ਵੀ
ਪਾਕ ਮੁਹੱਬਤਾਂ ਦੇ ਰੰਗ ਬਣ ਜਾਈਏ
ਹਉਮੈ ਦੇ ਰੰਗ ਉਤਰ ਜਾਵਣ
ਤੇ ਰੱਬ ਦਾ ਨਾਮ ਸਦਾ ਧਿਆਈਏ
‘ਇੰਦਰ’ ਦੁਨੀਆਂ ਰੰਗਾਂ ਦਾ ਮੇਲਾ
ਰਲ਼ ਮਿਲ ਖੁਸ਼ੀਆਂ ਨਾਲ ਮਨਾਈਏ

———————00000———————

ਸ਼ਹੀਦੀ ਦਿਹਾੜਾ

ਇਨਕਲਾਬ ਦੇ ਨਾਹਰੇ

ਲਗਾਉਣ ਤੋਂ ਪਹਿਲਾਂ,
ਭਗਤ ਸਿੰਘ ਵਰਗੇ
ਲਿਬਾਸ ਪਾ ਕੇ,
ਸਿਰਾਂ ਉੱਤੇ
ਕੇਸਰੀ ਪੱਗਾਂ ਸਜਾ ਕੇ,
ਮੁੱਛਾਂ ਨੂੰ ਵੱਟ ਚੜ੍ਹਾ ਕੇ,
ਮੋਟਰਸਾਈਕਲਾਂ ਉੱਤੇ
ਸਵਾਰ ਹੋ ਕੇ,
ਫੇਸਬੁੱਕ ’ਤੇ
ਸੈਲਫ਼ੀਆਂ ਪਾ ਕੇ,
ਅੱਜ ਫੇਰ ਨੌਜਵਾਨ
ਯਾਦ ਕਰਨਗੇ ਤੈਨੂੰ
ਤੇ ਕੱਲ੍ਹ ਤੋਂ ਫੇਰ ਸੱਭ ਕੁੱਝ
ਪਹਿਲਾਂ ਵਰਗਾ ਹੋ ਜਾਊਗਾ
ਤੇ ਫੇਰ ਅਗਲੇ ਸਾਲ
ਏਸੇ ਹੀ ਦਿਨ ਦੁਬਾਰਾ ਫੇਰ
ਇਹ ਸਭ ਕੁੱਝ
ਦੁਹਰਾਇਆ ਜਾਊਗਾ
ਤੇ ਤੇਰਾ ਸ਼ਹੀਦੀ ਦਿਹਾੜਾ
ਭਗਤ ਸਿੰਘਾ ਏਸੇ ਤਰ੍ਹਾਂ ਹੀ
ਫੇਰ ਮਨਾਇਆ ਜਾਊਗਾ।

———————00000———————

ਜੇ ਨਾ ਹੁੰਦੀ ਜੇ

ਜੇ ਨਾ ਹੁੰਦੀ ਜੇ…
ਤਾਂ ਜੇ ਨੂੰ ਜੇ ਨਾ ਕਹਿੰਦਾ ਕੋਈ
ਜੇ ਨਾ ਹੁੰਦੀ ਜੇ…
ਤਾਂ ਰੱਬ ਦਾ ਨਾਮ ਨਾ ਲੈਂਦਾ ਕੋਈ

ਜੇ ਨਾ ਹੁੰਦੀ ਜੇ…
ਤਾਂ ਬੰਦਾ ਪਛਤਾਵਾ ਨਾ ਕਰਦਾ
ਜੇ ਉਹ ਪਛਤਾਵਾ ਨਾ ਕਰਦਾ
ਤਾਂ ਰੱਬ ਤੋਂ ਸ਼ਾਇਦ ਕਦੇ ਨਾ ਡਰਦਾ

ਜੇ ਨਾ ਹੁੰਦੀ ਜੇ…
ਤਾਂ ਕਿਸਮਤ ਜੇਤੂ ਰੰਗ ਨਾ ਲਿਆਉਂਦੀ
ਜੇ ਕੁਦਰਤ ਸਤਰੰਗੀ ਪੀਂਘ ਨਾ ਪਾਉਂਦੀ
ਤਾਂ ਬਾਗਾਂ ਵਿੱਚ ਕਦੇ ਬਹਾਰ ਨਾ ਆਉਂਦੀ

ਜੇ ਨਾ ਹੁੰਦੀ ਜੇ…
ਤਾਂ ਜ਼ਿੰਦਗੀ ਵਿੱਚ ਬਦਲਾਅ ਨਾ ਹੁੰਦੇ
ਜੇ ਦੁੱਖ ਸੁੱਖ ਦੇ ਰਾਹ ਨਾ ਹੁੰਦੇ
ਤਾਂ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਤੇ ਚਾਅ ਨਾ ਹੁੰਦੇ

ਜੇ ਨਾ ਹੁੰਦੀ ਜੇ…
ਤਾਂ ਕੋਈ ਵੀ ਬੇਰੁਜ਼ਗਾਰ ਨਾ ਹੁੰਦਾ
ਜੇ ਦੁਨੀਆਂ ਵਿੱਚ ਪੈਸੇ ਦਾ ਵਪਾਰ ਨਾ ਹੁੰਦਾ
ਤਾਂ ਇਹ ਝੂਠਾਂ ਤੇ ਨਫ਼ਰਤਾਂ ਦਾ ਬਾਜ਼ਾਰ ਨਾ ਹੁੰਦਾ

ਜੇ ਨਾ ਹੁੰਦੀ ਜੇ…
ਤਾਂ ਜ਼ਿੰਦਗੀ ਇਹ ਹੁੰਦੀ ਜਾਂ ਉਹ ਹੁੰਦੀ
ਪਰ ਸਿਆਣੇ ਕਹਿੰਦੇ ਨੇ
ਜੇ ਕਦੇ ਵੀ ਕਿਸੇ ਹੱਥ ਨਾ ਆਉਂਦੀ

———————00000———————

Related posts

ਅਰਸ਼ਪ੍ਰੀਤ ਸਿੰਘ ‘ਮਧਰੇ’, ਬਟਾਲਾ

admin

ਡਾ. ਆਤਮਾ ਸਿੰਘ ਗਿੱਲ

admin

ਰਮਨਦੀਪ ਸੰਧੂ – ਵਿੰਟਰ ਵੈਲੀ, ਵਿਕਟੋਰੀਆ

admin