Articles

ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਬਹਾਲ ਕੀਤਾ ਜਾਵੇ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਕਰਤਾਰਪੁਰ ਸਾਹਿਬ ਦਾ ਲਾਂਘਾ ਬਣਿਆ ਤੇ ਬਹਾਲ ਹੋਇਆਂ ਇਸੇ ਮਹੀਨੇ ਦੀ 9 ਤਾਰੀਕ ਨੂੰ ਦੋ ਸਾਲ ਦਾ ਸਮਾਂ ਹੋ ਗਿਆ ਹੈ । 72 ਸਾਲ ਲਗਾਤਾਰ ਕੀਤੀਆ ਅਰਦਾਸਾਂ ਤੇ ਜੋੜਦੀਆਂ ਤੋਂ ਬਾਅਦ ਇਮਰਾਨ ਸਰਕਾਰ ਨੇ 2018 ਨੂੰ ਇਸ ਲਾਂਘੇ ਨੂੰ ਪ੍ਰਵਾਨਗੀ ਦਿੱਤੀ, 800 ਏਕੜ ਜ਼ਮੀਨ ਦਾ ਬੰਦੋਵਾਸਤ ਕਰਕੇ ਆਪਣੇ ਪੱਲਿਓਂ 14.2 ਮਿਲੀਅਨ ਡਾਲਰ ਖਰਚ ਕਰਕੇ ਬੜੇ ਚਾਅ, ਸ਼ਰਧਾ ਤੇ ਉਤਸ਼ਾਹ ਨਾਲ ਦਸ ਮਹੀਨੇ ਦੇ ਨਿੱਕੇ ਜਿਹੇ ਅਰਸੇ ਵਿੱਚ ਉਸਾਰ ਕੇ ਗੁਰੂ ਬਾਬਾ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸ਼ਵ ਦੇ ਸ਼ੁੱਭ ਮੌਕੇ ‘ਤੇ ਲੋਕ ਅਰਪਿਤ ਵੀ ਕੀਤਾ । ਇੱਥੇ ਦੱਸਣਯੋਗ ਹੈ ਕਿ ਇਸ ਮਹਾਨ ਲਾਂਘੇ ਉੱਤੇ ਕੁੱਲ 17.00 ਮਿਲੀਅਨ ਡਾਲਰ ਦਾ ਖ਼ਰਚਾ ਆਇਆ ਜਿਸ ਵਿੱਚੋਂ 2.8 ਮਿਲੀਅਨ ਭਾਰਤ ਸਰਕਾਰ ਨੇ ਖ਼ਰਚਿਆਂ ਤੇ ਬਾਕੀ ਸਾਰਾ ਪਾਕਿਸਤਾਨ ਸਰਕਾਰ ਨੇ ਖ਼ਰਚਿਆ ।
ਕੌਵਿੱਡ -19 ਮਹਾਂਮਾਰੀ ਫੈਲ ਜਾਣ ਮਾਰਚ 2020 ਚ ਇਹ ਲਾਂਘਾ ਬੰਦ ਕਰ ਦਿੱਤਾ ਤੇ ਅਜੇ ਤੱਕ ਬੰਦ ਹੈ, ਬੇਸ਼ੱਕ ਪਾਕਿਸਤਾਨ ਸਰਕਾਰ ਵੱਲੋਂ ਇਸ ਲਾਂਘੇ ਨੂੰ ਖੋਹਲਣ ਦਾ ਆਪਣੇ ਤੌਰ ‘ਤੇ ਕਈ ਵਾਰ ਐਲਾਨ ਕੀਤਾ ਜਾ ਚੁੱਕਾ ਹੈ, ਪਰ ਫਿਰ ਵੀ ਭਾਰਤ ਦੀ ਲੋਕ ਸਭਾ ਚ ਕਾਂਗਰਸੀ ਐਮ ਪੀ ਗੁਰਜੀਤ ਸਿੰਘ ਔਜਲਾ ਵਲੋਂ ਕੁਝ ਕੁ ਮਹੀਨੇ ਪਹਿਲਾਂ ਜਦ ਇਸ ਲਾਂਘੇ ਨੂੰ ਦੁਬਾਰਾ ਖੋਹਲਣ ਦਾ ਸਵਾਲ ਚੁੱਕਿਆਂ ਗਿਆ ਤਾਂ ਉਹਨਾ ਦੁਆਰਾ ਕੀਤੇ ਗਏ ਸਵਾਲ ਦੇ ਉੱਤਰ ਵਜੋਂ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਨੇ ਇਹ ਖੁਲਾਸਾ ਕੀਤਾ ਕਿ ਲਾਂਘਾ ਭਾਰਤ ਨੇ ਬਲਕਿ ਪਾਕਿਸਤਾਨ ਸਰਕਾਰ ਵੱਲੋਂ ਬੰਦ ਕੀਤਾ ਗਿਆ ਹੈ । ਭਾਰਤ ਸਰਕਾਰ ਦੁਆਰਾ ਗੁਰਜੀਤ ਸਿੰਘ ਔਜਲਾ ਦੇ ਉਕਤ ਜਵਾਬ ਦਾ ਪਾਕਿਸਤਾਨ ਸਰਕਾਰ ਨੇ ਫਿਰ ਨੋਟਿਸ ਲੈਂਦਿਆਂ ਇਕ ਵਾਰ ਫਿਰ ਐਲਾਨ ਕੀਤਾ ਕਿ ਉਹਨਾਂ ਨੇ ਲਾਂਘਾ ਖੋਹਲ ਦਿੱਤਾ ਹੈ ।
ਹਰ ਸੱਚਾ ਇਨਸਾਨ ਇਹ ਆਸ ਰੱਖਦਾ ਤੇ ਮੰਗ ਕਰਦਾ ਹੈ ਕਿ ਦੋ ਮੁਲਕਾਂ ਵਿਚਕਾਰ ਉਸਰੇ ਇਸ ਭਾਈਚਾਰਕ ਸਾਂਝ ਦੇ ਵਾਹਕ ਲਾਂਘੇ ਨੂੰ ਨਾ ਹੀ ਸਿਆਸਤ ਦੀ ਲਪੇਟ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ ਤੇ ਨਾ ਹੀ ਇਸ ਧਾਰਮਿਕ ਮਸਲੇ ‘ਤੇ ਸਿਆਸਤ ਕਰਨੀ ਉਚਿੱਤ ਹੈ, ਇਸ ਬਹੁਤ ਹੀ ਸੰਜੀਦਾ ਤੇ ਲੋਕ ਆਸਥਾ ਦੇ ਮੁੱਦੇ ‘ਤੇ ਪਹਿਲਾ ਵੀ ਬਹੁਤ ਸਾਲ ਸਿਆਸਤ ਹੋਈ ਹੈ ਹੁਣ ਵੀ ਹੋ ਰਹੀ ਹੈ । ਇਸ ਤਰਾਂ ਜਾਪਦਾ ਹੈ ਕਿ ਇਹ ਪਵਿੱਤਰ ਲਾਂਘਾ ਭਾਰਤ ਸਰਕਾਰ ਦੇ ਸਿਆਸੀ ਗਲਿਆਰਿਆਂ ਚ ਉਲਝਦਾ ਜਾ ਰਿਹਾ । ਇਸ ਲਾਂਘੇ ਦੀ ਉਸਾਰੀ ਤੋ ਪਹਿਲਾ, ਉਸਾਰੀ ਦੌਰਾਨ ਤੇ ਬਾਅਦ ਵਿੱਚ ਜੋ ਸਿਆਸਤ ਹੋਈ, ਉਹ ਹੁਣ ਵੀ ਜਾਰੀ ਹੈ ।
ਬੀਤੀ 9 ਨਵੰਬਰ ਦੋ ਸਾਲ ਪੂਰੇ ਹੋਣ ਦੇ ਮੌਕੇ ‘ਤੇ ਇਸ ਲਾਂਘੇ ਨੂੰ ਲੈ ਕੇ ਇਕ ਵਾਰ ਫਿਰ ਤੋਂ ਜ਼ੋਰਦਾਰ ਚਰਚਾ ਸ਼ੁਰੂ ਹੋਈ ਹੈ । ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁਲਕ ਦੇ ਗ੍ਰਹਿ ਮੰਤਰੀ ਅਮਿੱਤ ਸ਼ਾਹ ਨੂੰ ਨਿੱਜੀ ਤੌਰ ‘ਤੇ ਮਿਲਕੇ ਲਾਂਘਾ ਖੋਹਲਣ ਦੀ ਲਿਖਤੀ ਬੇਨਤੀ ਕੀਤੀ ਹੈ, ਸ਼ਰੋਮਣੀ ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ ਨੇ ਭਾਰਤ ਸਰਕਾਰ ਨੂੰ ਇਹ ਲਾਂਘਾ ਖੋਹਲ ਦੇਣ ਵਾਸਤੇ ਲਿਖਤੀ ਅਪੀਲ ਕੀਤੀ ਹੈ, ਨਵਜੋਤ ਸਿੰਘ ਸਿੱਧੂ ਜਿਸ ਨੇ ਇਸ ਲਾਂਘੇ ਨੂੰ ਅੰਜਾਮ ਤੱਕ ਪਹੁੰਚਾਉਣ ਵਾਸਤੇ 2018ਚ ਵੱਡਾ ਰੋਲ ਅਦਾ ਕੀਤਾ ਸੀ, ਉਸ ਨੇ ਡੇਰਾ ਬਾਬਾ ਨਾਨਕ ਜਾ ਕੇ ਦੂਰਬੀਨ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਮੱਥਾ ਵੀ ਟੇਕਿਆ ਤੇ ਭਾਰਤ ਸਰਕਾਰ ਨੂੰ ਲਿਖਤੀ ਬੇਨਤੀ ਕਰਕੇ ਉਕਤ ਲਾਂਘਾ ਖੋਹਲ ਦੇਣ ਦੀ ਅਪੀਲ ਵੀ ਕੀਤੀ । ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਨੇ ਵੀ ਇਸ ਲਾਂਘੇ ਨੂੰ ਖੋਹਲਣ ਦੀ ਜ਼ੋਰਦਾਰ ਮੰਗ ਕੀਤੀ ਹੈ, ਪਰ ਭਾਰਤ ਸਰਕਾਰ ਦੇ ਕੰਨਾਂ ‘ਤੇ ਅਜੇ ਤੱਕ ਜੂੰ ਨਹੀਂ ਸਰਕੀ, ਲੋਕਾਂ ਦੀ ਇਸ ਅਹਿਮ ਮੰਗ ਨੂੰ ਭਾਰਤ ਸਰਕਾਰ ਦੇ ਮੰਤਰੀ ਵਜ਼ੀਰ ਅਜੇ ਤੱਕ ਅਣਗੌਲਿਆ ਹੀ ਕਰਦੇ ਜਾ ਰਹੇ ਹਨ । ਇੱਥੇ ਹੀ ਬੱਸ ਨੂੰ ਬਲਕਿ ਹੁਣ 18 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਪਰਕਾਸ਼ ਉਤਸ਼ਵ ਦੇ ਸ਼ੁਭ ਮੌਕੇ ‘ਤੇ ਭਾਰਤ ਤੋ ਪਾਕਿਸਤਾਨ ਜਾਣ ਵਾਲੇ 1700 ਦੇ ਲਗਭਗ ਸਿੱਖਾਂ ਦੇ ਜਥੇ ਨੂੰ ਅਟਾਰੀ ਵਾਹਗਾ ਸਰਹੱਦ ਰਾਹੀਂ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਹਨਾਂ ‘ਤੇ ਸਿੱਧੇ ਤੌਰ ‘ਤੇ ਸਵਾਲ ਉਠਦਾ ਹੈ ਕਿ ਜਦ ਸਾਰਾ ਕੁੱਜ ਠੀਕ ਠਾਕ ਹੈ ਤਾਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਨਾ ਖੋਹਲਣ ਦੀ ਕੀ ਵਜ੍ਹਾ ਹੈ । ਇਸ ਦਾ ਸਿੱਧਾ ਜਵਾਬ ਏਹੀ ਮਿਲਦਾ ਹੈ ਕਿ ਭਾਰਤ ਸਰਕਾਰ ਜੋ ਧਰਮ ਦੀ ਫਿਰਕੂ ਰਾਜਨੀਤੀ ਕਰਨ ਦੀ ਆਦੀ ਹੈ, ਹੁਣ ਕਰਤਾਰ ਪੁਰ ਲਾਂਘੇ ‘ਤੇ ਵੀ ਏਹੀ ਕੁੱਜ ਕਰ ਰਹੀ ਹੈ ।
ਪੰਜਾਬ ਵਿਧਾਨ ਸਭਾ ਦੀਆ ਚੋਣਾਂ ਨੇੜੇ ਹਨ, ਸਿਆਸੀ ਲਾਹਾ ਲੈਣ ਵਾਸਤੇ, ਇਹ ਹੋ ਸਕਦਾ ਹੈ ਕਿ ਉਕਤ ਲਾਂਘਾ ਜਨਵਰੀ 2022 ਦੇ ਪਹਿਲੇ ਹਫ਼ਤੇ ਚ ਖੋਹਲ ਦਿੱਤਾ ਜਾਵੇ ਤੇ ਲੋਕਾਂ ਦੀਆ ਧਾਰਮਿਕ ਭਾਵਨਾਵਾਂ ਨੂੰ ਵੋਟ ਬੈਂਕ ਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ । ਇਹ ਵੀ ਹੋ ਸਕਦਾ ਹੈ ਲਾਂਘੇ ਨੂੰ ਮੁੜ ਖੋਹਲਣ ਵਾਸਤੇ ਕਈ ਸਿਆਸੀ ਪਾਰਟੀਆਂ, ਇਸ ਨੂੰ ਆਪੋ ਆਪਣੇ ਚੋਣ ਮੈਨੀਫੈਸਟੋ ਦਾ ਹਿੱਸਾ ਬਣਾਉਣ । ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਚ ਇਸ ਪਵਿੱਤਰ ਲਾਂਘੇ ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੇਤਾ ਇਕ ਦੂਸਰੇ ‘ਤੇ ਇਲਜ਼ਾਮ ਤਰਾਸ਼ੀ ਕਰਨ ਜਾਂ ਫਿਰ ਚਿੱਕੜਬਾਦੀ ਕਰਨ ।ਜੇਕਰ ਇਹ ਸਭ ਕੁੱਜ ਹੁੰਦਾ ਹੈ ਤਾਂ ਫਿਰ ਇਸ ਤੋ ਸਾਡੀ ਇਹ ਗੱਲ ਤਾਂ ਪੂਰੀ ਤਰਾਂ ਸ਼ਪੱਸ਼ਟ ਹੋ ਜਾਵੇਗੀ ਕਿ ਲੋਕਾਂ ਦੀ ਆਸਥਾ ਤੇ ਉਹਨਾ ਦੇ ਗੁਰਧਾਮਾਂ ਨੂੰ ਲੈ ਕੇ ਵੀ ਸਿਆਸੀ ਪੱਤੇ ਖੇਡੇ ਜਾ ਹਨ ਜੋ ਰਿ ਭਾਰਤੀ ਸਿਆਸਤ ਦੇ ਘਟੀਆਪਣ ਦੀ ਇੰਤਹਾ ਹੀ ਮੰਨੀ ਜਾ ਸਕਦੀ ਹੈ।
21ਵੀਂ ਸਦੀ ਦਾ ਸਮਾਂ ਹੈ, ਭਾਰਤ ਸਰਕਾਰ ਨੂੰ ਇਹ ਗੱਲ ਹੁਣ ਸਮਝ ਲੈਣੀ ਚਾਹੀਦੀ ਹੈ ਕਿ ਲੋਕਾਂ ਨੇ ਆਪਣੇ ਭਲੇ ਵਾਸਤੇ ਉਸ ਨੂੰ ਚੁਣਿਆ ਹੈ ਤੇ ਲੋਕਾਂ ਹੱਥ ਤਾਕਤ ਹੈ ਕਿ ਉਹ ਉਹਨਾ ਦਾ ਅਹਿੱਤ ਕਰਨ ਵਾਲਿਆਂ ਦੇ ਦੰਦ ਵੀ ਖੱਟੇ ਕਰ ਸਕਦੇ ਹਨ ਤੇ ਨੱਕ ਨਾਲ ਚਨੇ ਵੀ ਚਬਾਅ ਸਕਦੇ ਹਨ । ਮਸਲਾ ਕਰਤਾਰ ਪੁਰ ਸਾਹਿਬ ਦੇ ਲਾਂਘੇ ਨੂੰ ਦੁਬਾਰਾ ਬਹਾਲ ਕਰਨ ਦਾ ਹੋਵੇ, ਕਿਸਾਨੀ ਨਾਲ ਸੰਬੰਧਿਤ ਤਿੰਨ ਕਾਲੇ ਬਿੱਲਾਂ ‘ਤੇ ਕਾਂਟਾ ਫੇਰਨ ਦਾ ਹੋਵੇ, ਪੈਟਰੋਲੀਅਮ ਪਦਾਰਥਾਂ ਦੀਆ ਅਸਮਾਨੀ ਚੜ੍ਹੀਆਂ ਕੀਮਤਾਂ ਨੂੰ ਕਾਬੂ ਕਰਨ ਜਾਂ ਫਿਰ ਭਾਰਤ ਚ ਅੱਗ ਦੀ ਤਰਾਂ ਭੜਕੀ ਮਹਿੰਗਾਈ ਦਾ ਹੋਵੇ, ਇਸ ਸਦੀ ਦੇ ਲੋਕ ਸਰਕਾਰ ਨੂੰ ਜਵਾਬ ਦੇਣ ਦੇ ਪੂਰੀ ਤਰਾਂ ਸਮਰੱਥ ਹਨ, ਮੰਤਰੀਆਂ ਵਜ਼ੀਰਾਂ ਦਾ ਆਮ ਪਬਲਿਕ ਚ ਨਿਕਲਣਾ ਤੇ ਲੋਕਾਂ ਦਾ ਸਾਹਮਣਾ ਕਰਨਾ ਬੜਾ ਮੁਸ਼ਕਲ ਹੋ ਜਾਵੇਗਾ । ਇਸ ਸੰਬੰਧੀ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜੋ ਵੋਟਾਂ ਵੇਲੇ ਨਿੱਤ ਵਰਤਦੀਆਂ ਸਾਹਮਣੇ ਆਉਣਗੀਆ । ਸਰਕਾਰਾਂ ਕਦੇ ਵੀ ਲੋਕ ਮਸਲਿਆਂ ਨੂੰ ਲੈ ਕੇ ਅੜੀਅਲ ਨਹੀਂ ਹੋ ਸਕਦੀਆਂ ਤੇ ਜੋ ਸਰਕਾਰਾਂ ਅਜਿਹਾ ਕਰਦੀਆਂ ਹਨ, ਇਸ ਤਰਾਂ ਦਾ ਵਤੀਰਾ ਆਖਿਰ ਉਹਨਾਂ ਸਰਕਾਰਾਂ ਦੀ ਆਪਣੀ ਬਰਬਾਦੀ ਦਾ ਪਹਿਲਾ ਕੇ ਆਖਰੀ ਕਾਰਨ ਬਣ ਜਾਂਦਾ ਹੈ ।
ਆਖਿਰ ਚ ਏਹੀ ਕਹਾਂਗਾ ਕਿ ਕਰਤਾਰਪੁਰ ਲਾਂਘੇ ‘ਤੇ ਸਿਆਸਤ ਨਾ ਕੀਤੀ ਜਾਵੇ, ਇਹ ਸਰਕਾਰ ਦਾ ਫਰਜ ਬਣਦਾ ਹੈ ਕਿ ਲੋਕ ਆਸਥਾ ਜੋ ਲੋਕਾਂ ਦਾ ਨਿੱਜੀ ਮਸਲਾ ਹੈ, ਉਸ ‘ਤੇ ਸਿਆਸੀ ਰੋਟੀਆਂ ਸੇਕਣੀਆ ਬੰਦ ਕਰਕੇ, ਉਸ ਦਾ ਸਤਿਕਾਰ ਕਰਦਿਆਂ ਕਰਤਾਰ ਪੁਰ ਦਾ ਲਾਂਘਾ ਬਹਾਲ ਕੀਤਾ ਜਾਵੇ ਤਾਂ ਕਿ ਸੰਗਤ ਮੁੜ ਤੋਂ ਆਪਣੇ ਗੁਰਧਾਮ ਦੀ ਯਾਤਰਾ ਕਰ ਸਕੇ ਕੇ ਨਤਮਸਤਕ ਹੋ ਕੇ ਗੁਰੂ ਦੀਆ ਖੁਸ਼ੀਆ ਪ੍ਰਾਪਤ ਕਰ ਸਕੇ । ਆਸ ਹੈ ਭਾਰਤ ਸਰਕਾਰ ਲੋਕ ਭਾਵਨਾਵਾਂ ਦੀ ਕਦਰ ਕਰੇਗੀ ਤੇ ਗੁਰੂ ਬਾਬਾ ਨਾਨਕ ਦੇਵ ਜੀ ਦੇ ਪਰਕਾਸ਼ ਉਤਸ਼ਵ ਤੋ ਪਹਿਲਾ ਪਹਿਲਾ ਲਾਂਘਾ ਮੁੜ ਬਹਾਲ ਕਰ ਦੇਵੇਗੀ ਤੇ ਗੁਰੂ ਦੇ ਅਸ਼ੀਰਵਾਦ ਦੇ ਨਾਲ ਨਾਲ ਲੋਕ ਅਸੀਸਾਂ ਵੀ ਪ੍ਰਾਪਤ ਕਰੇਗੀ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin