Poetry Geet Gazal

ਸ਼ਿਨਾਗ ਸਿੰਘ ਸੰਧੂ ਦਫਤਰ ਬਲਾਕ ਸਿੱਖਿਆ ਅਫਸਰ (ਐ.) ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ

ਮੂਰਖ ਨਹੀਂ ਹਾਂ

ਚਾਨਣ ਲਈ ਚਾਨਣ ਹਾਂ ਹਨੇਰਿਆਂ ਲਈ ਘੁੱਪ ਹਾਂ।
ਮੂਰਖ ਨਹੀਂ ਹਾਂ,ਵੈਸੇ ਹੀ ਚੁੱਪ ਹਾਂ।
ਨਜ਼ਰ ਅੰਦਾਜ਼ ਕਰਦੇ ਹਾਂ ਟਲਜੇਂ ਤਾਂ ਚੰਗਾ।
ਪਾਉਣਾ ਤੇ ਆਉਂਦਾ ਏ ਸਾਨੂੰ ਵੀ ਪੰਗਾ।
ਚੰਗਿਆਂ ਲਈ ਚੰਗੇ ਹਾਂ ਭੈੜਿਆਂ ਲਈ ਧੁੱਪ ਹਾਂ।
ਮੂਰਖ ਨਹੀਂ ਹਾਂ,ਵੈਸੇ ਹੀ ਚੁੱਪ ਹਾਂ।
ਭੀੜ ‘ਚ ਵੜਕੇ ਕਦੇ ਮਾਰਦੇ ਨਹੀਂ ਮੋਢੇ।
ਨਜਾਇਜ਼ ਕੋਈ ਅੜਾਵੇ ਠਿੱਬੀ ਭੰਨ ਦਈਏ ਗੋਡੇ।
ਰਗ ਰਗ ਸਮਝਦੇ ਹਾਂ ਬਣਾ ਦਿੰਦੇ ਕੁੱਪ ਹਾਂ।
ਮੂਰਖ ਨਹੀਂ ਹਾਂ,ਵੈਸੇ ਹੀ ਚੁੱਪ ਹਾਂ।
ਵੇਖ ਰਹੇ ਹਾਂ ਛੁੱਪਕੇ ਤੇਰੀਆਂ ਚਾਲਾਂ ਨੂੰ।
ਅੱਖ ਸਾਡੀ ਪਾ ਰਹੀ ਭਾਜੜਾਂ ਦਲਾਲਾਂ ਨੂੰ।
ਖੁਰਚਣੇ ਨਾਲ ਖੁਰਚਾਂਗੇ ਲੱਗੇ ਗੰਢ ਤੁੱਪ ਹਾਂ।
ਮੂਰਖ ਨਹੀਂ ਹਾਂ,ਵੈਸੇ ਹੀ ਚੁੱਪ ਹਾਂ।
ਡਾਂਗਾ ਦੇ ਗਜ਼ਾਂ ਨਾਲ ਕੱਪੜੇ ਮਿਣਾਉਂਣੇਂ ਆਉਂਦੇ।
ਸਿਰ ਚੜੇ ਭੂਤ ਫੜ੍ਹ ਬੋਦੀਆਂ ਤੋਂ ਲਾਹੁੰਣੇ ਆਉਂਦੇ।
ਹੱਕਾਂ ਦਿਆਂ ਰੌਲਿਆਂ ‘ਤੇ ਬੋਲਦੇ ਟੁੱਪ ਟੁੱਪ ਹਾਂ।
ਮੂਰਖ ਨਹੀਂ ਹਾਂ,ਵੈਸੇ ਹੀ ਚੁੱਪ ਹਾਂ।
ਕੁੱਤਿਆਂ ਦੇ ਭੌਂਕਿਆਂ ਮੁਸਾਫਰਾਂ ਰਾਹ ਛੱਡੇ ਕਦੇ।
ਗੋਲ਼ੀਆਂ ਦੇ ਡਰ ਨਾਲ ਸ਼ੇਰਾਂ ਹੱਥ ਅੱਡੇ ਕਦੇ।
ਮੈਦਾਨ ‘ਚ ਸ਼ਿਨਾਗ ਸੰਧੂ ਬੈਠੇ ਨਹੀਂ ਛੁੱਪ ਹਾਂ।
ਮੂਰਖ ਨਹੀਂ ਹਾਂ,ਵੈਸੇ ਹੀ ਚੁੱਪ ਹਾਂ।

———————00000———————

ਉਹ ਜਿੰਦਾ ਹੈ

ਉਹ ਜਿੰਦਾ ਹੈ ਸੰਘਰਸ਼ ਦੇ ਰਾਹਾਂ ਦੇ ਵਿੱਚ।
ਉਹ ਜਿੰਦਾ ਹੈ ਯਾਰਾਂ ਦੇ ਸਾਹਾ ਦੇ ਵਿੱਚ।
ਸਖ਼ਤ ਮਿਹਨਤ ਦੇ ਪਿੰਡਾਂ ਦੀ ਜੂਹ ਦੇ ਵਿੱਚ।
ਕ੍ਰਾਂਤੀਕਾਰੀਆਂ ਦੀ ਰਮਿਆ ਰੂਹ ਦੇ ਵਿੱਚ।
ਉਹ ਜਿੰਦਾ ਹੈ ਹਵਾ ਦੀ ਘੂਕ ਦੇ ਵਿੱਚ।
ਉਹ ਜਿੰਦਾ ਹੈ ਰੈਲੀ ਦੀ ਸ਼ੂਕ ਦੇ ਵਿੱਚ।
ਉਹ ਜਿੰਦਾ ਹੈ ਕਿਸਾਨਾ ਦੇ ਸੰਘਰਸ਼ ਦੇ ਵਿੱਚ।
ਵਿੱਚ ਕਣਾਂ ਦੇ ਫਰਸ਼ ਤੋਂ ਅਰਸ਼ ਦੇ ਵਿੱਚ।
ਉਹ ਜਿੰਦਾ ਹੈ ਗਰੀਬ ਦੇ ਦਰਦ ਦੇ ਵਿੱਚ।
ਰਹਿਮ ਦਿਲਾਂ ਦੀ ਧੜਕਣ ਦੇ ਹਮਦਰਦ ਦੇ ਵਿੱਚ।
ਕਿਸੇ ਕਾਇਨਾਤ ਦੀ ਸੁੰਦਰ ਕਿਆਰੀ ਦੇ ਵਿੱਚ।
ਉਹ ਜਿੰਦਾ ਹੈ ਯਾਰਾਂ ਦੀ ਯਾਰੀ ਦੇ ਵਿੱਚ।
ਜ਼ੁਲਮ ਰੋਕਣੀ ਗੁਫਤਗੂੰ ਦੇ ਵਿੱਚ।
ਜਿਉਂਦੀ ਜ਼ਮੀਰ ਦੇ ਕਿਸੇ ਬਰੂਹ ਦੇ ਵਿੱਚ।
ਹੱਕ ਲੈਣ ਲਈ ਗੂੰਜਦੇ ਨਾਹਰਿਆ ਦੇ ਵਿੱਚ।
ਧਾਵਾ ਕੂੜ ਤੇ ਬੋਲੇ ਜੈਕਾਰਿਆ ਦੇ ਵਿੱਚ।
ਸਾਹਿਤਕਾਰ ਦੀ ਅਜ਼ਾਦ ਜਿਹੀ ਕਲਮ ਦੇ ਵਿੱਚ।
ਦੁੱਖ ਕਿਸੇ ਦਾ ਮੇਟਦੀ ਮਲ੍ਹਮ ਦੇ ਵਿੱਚ।
“ਸ਼ਿਨਾਗ ਸੰਧੂ”ਹੈ ਰੈਲੀ ਦੀ ਖੜਕਣ ਦੇ ਵਿੱਚ।
“ਰਾਜ” ਜਿੰਦਾ ਹੈ ਦਿਲਾਂ ਦੀ ਧੜਕਣ ਦੇ ਵਿੱਚ।

———————00000———————

ਸ਼ੇਰ ਮਰੇ ਨਹੀਂ
ਸ਼ੇਰ ਮਰੇ ਨਹੀਂ ਅਜੇ ਆਰਾਮ ‘ਤੇ ਨੇ।
ਥੋੜ੍ਹਾ ਵਿਹਲੇ ਸੀ ਸੌਣ ਦੇ ਕਾਮ ‘ਤੇ ਨੇ।
ਵਹਿਮ ਪੈ ਗਿਆ ਕਿ ਸ਼ੇਰ ਮਰ ਗਏ ਨੇ।
ਪੂਛ ਹਿੱਲੀ ਤੇ ਦੁਸ਼ਮਣ ਡਰ ਗਏ ਨੇ।
ਇਹ ਨਹੀਂ ਮੁੱਕਣੇ ਕਿਸੇ ਵੀ ਦਾਮ ‘ਤੇ ਨੇ।
ਸ਼ੇਰ ਮਰੇ ਨਹੀਂ ਅਜੇ ਆਰਾਮ ‘ਤੇ ਨੇ।
ਥੋੜ੍ਹਾ ਵਿਹਲੇ ਸੀ ਸੌਣ ਦੇ ਕਾਮ ‘ਤੇ ਨੇ।
ਅੱਖਾਂ ਝੱਪਕ ਕੇ ਵੈਰੀ ਵੇਖਦਾ ਰਿਹਾ।
ਗੈਰ ਹਾਜ਼ਰੀ ‘ਚ ਰੋਟੀਆਂ ਸੇਕਦਾ ਰਿਹਾ।
ਡੌਲ਼ਾ ਫਰਕਿਆ ਤੇ ਵੈਰੀ ਜ਼ੁਕਾਮ ਤੇ ਨੇ।
ਸ਼ੇਰ ਮਰੇ ਨਹੀਂ ਅਜੇ ਆਰਾਮ ‘ਤੇ ਨੇ।
ਥੋੜ੍ਹਾ ਵਿਹਲੇ ਸੀ ਸੌਣ ਦੇ ਕਾਮ ‘ਤੇ ਨੇ।
ਸ਼ੇਰ ਸੁਤੇ ਰਹੇ ਖੁਲ੍ਹੇ ਰੱਖ ਬੂਹੇ।
ਚੋਰੀ ਪੂਛ ‘ਤੇ ਨੱਚਦੇ ਰਹੇ ਚੂਹੇ।
ਸ਼ੇਰ ਤੁੜਕਿਆਂ ਤੇ ਚੂਹੇ ਬਾਮ ਤੇ ਨੇ।
ਸ਼ੇਰ ਮਰੇ ਨਹੀਂ ਅਜੇ ਆਰਾਮ ‘ਤੇ ਨੇ।
ਥੋੜ੍ਹਾ ਵਿਹਲੇ ਸੀ ਸੌਣ ਦੇ ਕਾਮ ‘ਤੇ ਨੇ।
ਸ਼ੇਰ ਗਰਜਿਆ ਜੇ ਲਉ ਹੁਣ ਰੋਕ ਯਾਰੋ।
ਚੂਹੇ ਤਿਲਕ ਗਏ ਮਾਰਕੇ ਮੋਕ ਯਾਰੋ।
ਹੁਣ ਛੁੱਟਣਗੇ ਲਿਖਤ ਅਸ਼ਟਾਮ ‘ਤੇ ਨੇ।
ਸ਼ੇਰ ਮਰੇ ਨਹੀਂ ਅਜੇ ਆਰਾਮ ‘ਤੇ ਨੇ।
ਥੋੜ੍ਹਾ ਵਿਹਲੇ ਸੀ ਸੌਣ ਦੇ ਕਾਮ ‘ਤੇ ਨੇ।
ਸ਼ਿਨਾਗ ਸੰਧੂ ਕਦੇ ਸ਼ੇਰ ਨਾ ਬਣੇ ਬਿੱਲਾ।
ਉਠਦਿਆਂ ਦਵੇ ਹੰਕਾਰ ਦਾ ਪੁੱਟ ਕਿੱਲਾ।
ਟੁੱਟੀਆਂ ਤੜਾਗੀਆਂ ਡਰ ਤਮਾਮ ‘ਤੇ ਨੇ।
ਸ਼ੇਰ ਮਰੇ ਨਹੀਂ ਅਜੇ ਆਰਾਮ ‘ਤੇ ਨੇ।
ਥੋੜ੍ਹਾ ਵਿਹਲੇ ਸੀ ਸੌਣ ਦੇ ਕਾਮ ‘ਤੇ ਨੇ।

———————00000———————

ਸਾਡੀ ਬਿੱਲੀ ਸਾਨੂੰ ਮਿਆਊਂ

ਗੁਰੂ ਨੂੰ ਖਾ ਗਿਆ ਝੋਰਾ,ਚੇਲੀ ਕੀ ਕਰੀ ਜਾਂਦੀ ਏ।
ਏਥੇ ਸਾਡੀ ਬਿੱਲੀ ਸਾਨੂੰ ਈਂ ਮਿਆਂਊਂ ਕਰੀ ਜਾਂਦੀ ਏ।

ਕਲ਼ਯੁਗ ਐਸਾ ਆਇਆ ਚੇਲੇ ਨੇ ਛੜੱਪ ਗਏ।
ਗੁਰੂ ਘਸੀਟਣ ਲੱਤਾਂ ਚੇਲੇ ਕੰਧਾਂ ਟੱਪ ਗਏ।
ਬੱਕਰਾ ਰਿਹਾ ਪਾੜ ਏ ਅੱਜਕੱਲ੍ਹ ਸਿਰ ਕਸਾਈ ਦਾ।
ਤਾਹੀਂਓ ਸੱਜਣਾ ਘੁੱਮਣ ਵੀ ਇਕੱਲੇ ਨਹੀਂ ਜਾਈਦਾ।
ਚੁੱਪ ਚਪੀਤੇ ਜੜ੍ਹਾਂ ਨੂੰ ਮਾਰ ਦਿੱਤੀ ਝਰੀ ਜਾਂਦੀ ਏ।
ਏਥੇ ਸਾਡੀ ਬਿੱਲੀ ਸਾਨੂੰ ਈਂ ਮਿਆਂਊਂ ਕਰੀ ਜਾਂਦੀ ਏ।

ਸਿੱਖਕੇ ਕੰਮ ਤੇ ਲਾਗੇ ਈ ਨੇ ਕੰਮ ਖੁਲ੍ਹਾ ਲੈਂਦੇ।
ਗੁਰੂ ਨਹੀਂ ਸਾਡਾ ਚੰਗਾ ਕਹਿਕੇ ਕੰਮ ਚਲਾ ਲੈਂਦੇ।
ਉਹ ਕਿਵੇਂ ਹੋਊ ਮਾੜਾ ਜਿਸਨੇ ਰੋਟੀ ਪਾਇਆ ਏ।
ਕੋਈ ਨਾਂ ਜਦੋਂ ਸੀ ਪੁੱਛਦਾ ਅੰਬਰ ਉੱਤੇ ਪਹੁੰਚਾਇਆ ਏ।
ਬੇਲੋੜੇ ਨਦੀਨਾਂ ਦੀ ਹਾਮੀ ਭਰੀ ਜਾਂਦੀ ਏ।
ਏਥੇ ਸਾਡੀ ਬਿੱਲੀ ਸਾਨੂੰ ਈਂ ਮਿਆਂਊਂ ਕਰੀ ਜਾਂਦੀ ਏ।

ਮਾਸਟਰਾਂ ਕੋਲੋਂ ਸਿੱਖਕੇ ਵੱਡੇ ਅਹੁਦੇ ਪਾਏ ਨੇ।
ਕਈ ਪੁਲਸੀਆਂ ਚੈਕਿੰਗ ਦੇ ਲਈ ਨਾਕੇ ਲਾਏ ਨੇ।
ਓਏ ਮਾਸਟਰਾ ਕਹਿਕੇ ਬਹੁਤੇ ਮਾਰਨ ਆਵਾਜ਼ਾਂ ਨੂੰ।
ਮਾੜੇ ਸ੍ਰਿਸ਼ਟਾਚਾਰ ਰੋਲਤਾ ਰੀਤ ਰਿਵਾਜ਼ਾਂ ਨੂੰ।
ਪਰਖ ਜ਼ੁਬਾਨੋਂ ਬੰਦੇ ਦੀ ਝੱਟ ਹੀ ਕਰੀ ਜਾਂਦੀ ਏ।
ਏਥੇ ਸਾਡੀ ਬਿੱਲੀ ਸਾਨੂੰ ਈਂ ਮਿਆਂਊਂ ਕਰੀ ਜਾਂਦੀ ਏ।

ਸਿੱਖਕੇ ਮਾਂ ਕੋਲੋਂ ਕਹਿਣ ਬੁੱਢੜੀਏ ਤੈਨੂੰ ਕੀ ਪਤਾ।
ਅਸੀਂ ਆ ਦੁਨੀਆਂ ਗਾਹੀ ਤੈਨੂੰ ਸਮਝ ਨਹੀਂ ਰਤਾ।
ਗੱਲ ਤਜ਼ਰਬੇ ਦੀ ਕੋਈ ਜੇ ਮਾਪੇ ਦੱਸਦੇ ਨੇ।
ਕੰਨਾਂ ਘੇਸਲ਼ ਮਾਰ ਕਈ ਮਸ਼ਕਰੀ ਹਾਸਾ ਹੱਸਦੇ ਨੇਂ।
ਜ਼ੁਬਾਨ ‘ਚ ਘੱਟ ਸਤਿਕਾਰ ਪਤਾ ਨਹੀਂ ਕਿਉਂ ਠਰੀ ਜਾਂਦੀ ਏ।
ਏਥੇ ਸਾਡੀ ਬਿੱਲੀ ਸਾਨੂੰ ਈਂ ਮਿਆਂਊਂ ਕਰੀ ਜਾਂਦੀ ਏ।

ਅਹੁਦੇ ਦਾ ਹੰਕਾਰ ਨਿੱਕੇ ਤੋਂ ਸਿੱਖਣਾ ਥੋੜ੍ਹੀ ਆ।
ਗੰਨੇ ਚੂਪੀ ਜਾਂਦੀ ਅੱਜਕੱਲ੍ਹ ਦੰਦੋਂ ਬੋੜੀ ਆ।
ਕੰਧ ‘ਤੇ ਲਿਖਿਆ ਸਿੱਖਣਾ ਬੜੀਆਂ ਗੱਲਾਂ ਦੂਰ ਦੀਆਂ।
ਨੀਵੇਂ ਦੇ ਸੰਗ ਬਹਿਣ ਨਾਂ ਦੇਣ ਗੱਲਾਂ ਫਤੂਰ ਦੀਆਂ।
ਗਰਕ ਗਿਆ ਏ ਬੇੜਾ ਦੁਨੀਆਂ ਤਾਂ ਮਰੀ ਜਾਂਦੀ ਏ।
ਏਥੇ ਸਾਡੀ ਬਿੱਲੀ ਸਾਨੂੰ ਈਂ ਮਿਆਂਊਂ ਕਰੀ ਜਾਂਦੀ ਏ।

ਗੋਦੀ ਵਿੱਚ ਬਹਿ ਸਹਿਜ ਨਾਲ ਹੱਥ ਪਾਉਂਦੇ ਦਾਹੜੀ ਨੂੰ।
ਲਿੰਬੀਆਂ ਪੋਚੀਆਂ ਚੀਜ਼ਾਂ ਕੀ ਪਛਾਣੀਏ ਮਾੜੀ।
ਸੱਜੀਆਂ ਬਾਹਾਂ ਕਹਿਕੇ ਨੇ ਕਈ ਯਾਰ ਮਰਾ ਦਿੰਦੇ।
ਝੂਠੀ ਸ਼ੋਹਰਤ ਖਾਤਰ ਮੁੰਨੇ ਤੇਲ ਲਗਾ ਦਿੰਦੇ।
ਪੁੰਨ ਨੂੰ ਏਥੇ ਫਾਂਸੀ ਪਾਪਣ ਹੋ ਬਰੀ ਜਾਂਦੀ ਏ।

ਏਥੇ ਸਾਡੀ ਬਿੱਲੀ ਸਾਨੂੰ ਈਂ ਮਿਆਂਊਂ ਕਰੀ ਜਾਂਦੀ ਏ।
ਉਦੋਂ ਵੀਹ ਸਾਲਾਂ ਦਾ ਤਜ਼ਰਬਾ ਡਿਗਰੀ ਖਾ ਘੁਣ ਘਣ ਜਾਂਦਾ।
ਦੋ ਚਾਰ ਮਹੀਨੇ ਲਾ ਕੇ ਮੁੰਡਾ ਡਾਕਟਰ ਬਣ ਜਾਂਦਾ।
ਬਿਨਾਂ ਸਿੱਖਣ ਤੋਂ ਮਿਸਤਰੀ ਬਣ ਗਏ ਲਾ ਦਿਹਾੜੀ ਨੂੰ।
ਰਹਿਮ ਦਰਦ ਸਭ ਵਿੱਕ ਗਏ ਲੱਗਦਾ ਕਿਸੇ ਕੁਬਾੜੀ ਨੂੰ।
ਮਿਹਨਤ ਤੇ ਸਿੱਖਣ ਤੋਂ ਦੁਨੀਆ ਈ ਡਰੀ ਜਾਂਦੀ ਏ।
ਏਥੇ ਸਾਡੀ ਬਿੱਲੀ ਸਾਨੂੰ ਈਂ ਮਿਆਂਊਂ ਕਰੀ ਜਾਂਦੀ ਏ।

ਸ਼ਿਨਾਗ ਸੰਧੂ ਡਰ ਰੱਬ ਤੋਂ ਨੀਵੇਂ ਹੋਕੇ ਰਹੀਏ ਜੇ।
ਭੇਦਭਾਵ ਨੂੰ ਛੱਡਕੇ ਸੱਭ ਦੇ ਕੋਲ਼ੇ ਬਹੀਏ ਜੇ।
ਲੋਕਾਂ ਕੋਲੋਂ ਤਜ਼ਰਬਾ ਹੁੰਦੀ ਨਿੱਤ ਪੜ੍ਹਾਈ ਏ।
ਫਿਰ ਬੰਦੇ ਦੀ ਚਾਰੇ ਪਾਸੇ ਫੁੱਲ ਚੜਾਈ ਏ।
ਗੁਰੂ ਤੇ ਗੁਣ ਰੱਖ ਚੇਤੇ ਹੀ ਤਰੱਕੀ ਕਰੀ ਜਾਂਦੀ ਏ।
ਏਥੇ ਸਾਡੀ ਬਿੱਲੀ ਸਾਨੂੰ ਈਂ ਮਿਆਂਊਂ ਕਰੀ ਜਾਂਦੀ ਏ।

———————00000———————

ਠੋਡੀ ਉੱਤੇ ਮਾਸਕ

ਕਈ ਗਲ਼ ਵਿੱਚ ਰੱਖਦੇ ਪਰਨੇ ਨੂੰ ਕਦੀ ਪਾਉਂਦੇ ਨੇ ਕਦੀ ਲਾਹੁੰਦੇ ਨੇ।
ਕਈ ਬੰਦੇ ਬੜੇ ਚਲਾਕ ਬਣਨ ਠੋਡੀ ‘ਤੇ ਮਾਸਕ ਲਾਉਂਦੇ ਨੇ।

ਠੋਡੀ ਤੋਂ ਕਰਦੇ ਬੁੱਲ੍ਹਾਂ ‘ਤੇ ਜਦੋਂ ਪੁਲਿਸ ਨੂੰ ਵੇਖਣ ਨਾਕੇ ‘ਤੇ।
ਇਹ ਚਲਾਣ ਤੋਂ ਡਰਦੇ ਪਾਉਂਦੇ ਨੇ ਕਰੋਨਾਂ ਦਾ ਡਰ ਭੁਲਾ ਕੇ ‘ਤੇ।
ਨਾਸਾਂ ਨੂੰ ਨੰਗੀਆਂ ਰੱਖਕੇ ਇਹ ਖੌਰੇ ਕੀ ਜਤਾਉਣਾ ਚਾਹੁੰਦੇ ਨੇ।
ਕਈ ਬੰਦੇ ਬੜੇ ਚਲਾਕ ਬਣਨ ਠੋਡੀ ‘ਤੇ ਮਾਸਕ ਲਾਉਂਦੇ ਨੇ।

ਜਾਓ ਪੁੱਛ ਲਓ ਉਹਨਾਂ ਲੋਕਾਂ ਤੋਂ ਜਿੰਨ੍ਹੀ ਘਰੀਂ ਹੋ ਹਨੇਰ ਗਿਆ।
ਜਿਹੜਾ ਘੇਰਿਆ ਏਸ ਬੀਮਾਰੀ ਦਾ ਦੁਨੀਆਂ ਤੋਂ ਅੱਖਾਂ ਫੇਰ ਗਿਆ।
ਇੱਕ ਵਾਰ ਜੋ ਤੁਰਗੇ ਦੁਨੀਆਂ ਤੋਂ ਉਹ ਪਰਤਕੇ ਫੇਰ ਨਾਂ ਆਉਂਦੇ ਨੇ।
ਕਈ ਬੰਦੇ ਬੜੇ ਚਲਾਕ ਬਣਨ ਠੋਡੀ ‘ਤੇ ਮਾਸਕ ਲਾਉਂਦੇ ਨੇ।

ਮਹਾਂਮਾਰੀ ਅੱਗੇ ਕੋਈ ਜ਼ੋਰ ਨਹੀਂ ਸਦਾਂ ਬਚਕੇ ਰਹਿਣਾ ਚਾਹੀਦਾ।
ਇਹ ਹੈ ਨਹੀਂ ਗੀ ਸਾਨੂੰ ਕੀ ਕਰੂ ਏਦਾਂ ਨਹੀਂ ਕਹਿਣਾ ਚਾਹੀਦਾ।
ਉਹ ਕਦੇ ਨਹੀਂ ਹੁੰਦੇ ਬੰਦਿਆਂ ‘ਚੋਂ ਜੋ ਮਜ਼ਾਕ ਦੂਜੇ ਉਡਾਉਂਦੇ ਨੇ।
ਕਈ ਬੰਦੇ ਬੜੇ ਚਲਾਕ ਬਣਨ ਠੋਡੀ ‘ਤੇ ਮਾਸਕ ਲਾਉਂਦੇ ਨੇ।

ਇਸਦੇ ਅੱਗੇ ਕੋਈ ਸਿਆਣਪ ਨਹੀਂ ਅਤੇ ਨਾਂ ਹੀ ਕੋਈ ਚਲਾਕੀ ਏ।
ਇਹ ਭੱਜਣ ਨੂੰ ਨਾਂ ਰਾਹ ਦੇਵੇ ਨਾਂ ਬੂਹਾ ਦਿਸੇ ਨਾਂ ਤਾਕੀ ਏ।
ਜੋ ਮਖੌਲ ਉਡਾਉਣ ਸ਼ਿਨਾਗ ਸੰਧੂ ਉਹੀ ੜਾਂ-ੜਾਂ ਹੇਕਾਂ ਲਾਉਂਦੇ ਨੇ।
ਕਈ ਬੰਦੇ ਬੜੇ ਚਲਾਕ ਬਣਨ ਠੋਡੀ ‘ਤੇ ਮਾਸਕ ਲਾਉਂਦੇ ਨੇ।

———————00000———————

ਲੂਣ, ਮਿੱਠਾ, ਮਸਾਲਾ

ਝੂਠਾਂ ਦੀਆਂ ਤੰਦਾਂ ਵੱਟ-ਵੱਟ ਕੇ, ਐਵੇਂ ਬੇੜ ਬਣਾਈ ਜਾਂਦੇ ਨੇ।
ਲੂਣ, ਮਿੱਠਾ, ਮਸਾਲਾ ਘੱਟ ਰੱਖਿਓ, ਇਹ ਲੋਕੀਂ ਪਾਈ ਜਾਂਦੇ ਨੇ।

ਨਮਕ ਦੀ ਵਰਤੋ ਘੱਟ ਰੱਖਿਓ, ਥੋੜ੍ਹਾ ਰੱਖਿਓ ਫਿੱਕਾ ਸਲੂਣੇ ਨੂੰ।
ਉੱਬਲ ਕੇ ਕੰਢੇ ਲਿਬੜਨ ਨਾਂ, ਜ਼ਰਾ ਵਰਤਿਓ ਭਾਂਡੇ ਊਣੇ ਨੂੰ।
ਪਿੱਛੋਂ ਖਾਕੇ ਨਮਕ ਹਰਾਮ ਹੁੰਦਾ, ਮੂੰਹ ਸਿਫਤਾਂ ਗਾਈ ਜਾਂਦੇ ਨੇ।
ਲੂਣ, ਮਿੱਠਾ, ਮਸਾਲਾ ਘੱਟ ਰੱਖਿਓ, ਇਹ ਲੋਕੀਂ ਪਾਈ ਜਾਂਦੇ ਨੇ।

ਬਹੁਤਾ ਲੋੜ ਨਹੀਂ ਹੈ ਮਸਾਲੇ ਦੀ, ਇਹ ਲੋਕੀਂ ਬਹੁਤ ਲਗਾਉਂਦੇ ਨੇ।
ਜਿੱਥੇ ਵੀ ਜਿਸਦਾ ਦਾਅ ਚੱਲਦਾ, ਸਭ ਲੋਕੀਂ ਵੱਤਰ ਵਾਹੁੰਦੇ ਨੇ।
ਬੱਚ ਜਾਓ ਬੱਚਿਆ ਜਾਂਦਾ ਜੇ, ਕਈ ਠਿੱਬੀਆਂ ਅੜਾਈ ਜਾਂਦੇ ਨੇ।
ਲੂਣ, ਮਿੱਠਾ, ਮਸਾਲਾ ਘੱਟ ਰੱਖਿਓ, ਇਹ ਲੋਕੀਂ ਪਾਈ ਜਾਂਦੇ ਨੇ।

ਮਿੱਠਾਂ ਚਾਹ ਵਿੱਚ ਥੋੜ੍ਹਾ ਘੱਟ ਰੱਖਿਓ, ਐਵੇਂ ਮੱਖੀਆਂ ਮੂੰਹ ਤੇ ਬਹਿਣਗੀਆਂ।
ਇਹ ਸਾਡੇ ਨਾਲੋਂ ਵੀ ਗਰਕ ਗਏ, ਬਹਿ ਸਾਡੇ ਮੂੰਹ ‘ਤੇ ਕਹਿਣਗੀਆਂ।
ਐਵੇਂ ਕੀੜੀਆਂ ਨਾਂ ਚੜ੍ਹ ਜਾਣ ਕਿਤੇ, ਕਈ ਖੱਲਾਂ ਲਾਹੀ ਜਾਂਦੇ ਨੇ।
ਲੂਣ, ਮਿੱਠਾ, ਮਸਾਲਾ ਘੱਟ ਰੱਖਿਓ, ਇਹ ਲੋਕੀਂ ਪਾਈ ਜਾਂਦੇ ਨੇ।

ਮੂੰਹ ਅੱਖਾਂ ਕੌੜਾ ਝਾਕਦੀਆਂ, ਜਦੋਂ ਸੱਚ ਕੋਈ ਮੂੰਹ ‘ਤੇ ਬੋਲ ਦਵੇ।
ਉਦੋਂ ਭੱਜਣ ਨੂੰ ਨਹੀਂ ਥਾਂ ਲੱਭਦਾ, ਜਦੋਂ ਭੇਦ ਕੋਈ ਆਪਣਾ ਖੋਲ੍ਹ ਦਵੇ।
ਜੇ ਟੁੱਟ ਜਾਣ ਵੱਧਰਾਂ ਝੂਠ ਦੀਆਂ, ਫਿਰ ਉਹੋ ਗੰਢਾਈ ਜਾਂਦੇ।
ਲੂਣ, ਮਿੱਠਾ, ਮਸਾਲਾ ਘੱਟ ਰੱਖਿਓ, ਇਹ ਲੋਕੀਂ ਪਾਈ ਜਾਂਦੇ ਨੇ।

ਬੜਾ ਚੁਸਕੀ ਲੈ ਕੇ ਚਾਹ ਪੀਂਦੇ, ਜਦੋਂ ਤੁਰਦੀ ਗੱਲ ਬੇਗਾਨੇ ਦੀ।
ੳਹ ਵੀ ਬੂਥਾ ਕੱਢ ਕੇ ਗੱਲ ਕਰੂ, ਜਿਨੂੰ ਅਕਲ ਨਹੀਂ ਹੁੰਦੀ ਆਨੇ ਦੀ।
ਆਪਣੀਆ ਸਿਫਤਾਂ ਸੁਣਨ ਲਈ, ਕਈ ਸਿਰ ਖਪਾਈ ਜਾਂਦੇ ਨੇ।
ਲੂਣ, ਮਿੱਠਾ, ਮਸਾਲਾ ਘੱਟ ਰੱਖਿਓ, ਇਹ ਲੋਕੀਂ ਪਾਈ ਜਾਂਦੇ ਨੇ।

ਚੱਲ ਛੱਡ ਤੂੰ ਪਰੇ ਸ਼ਿਨਾਗ ਸੰਧੂ, ਸਭ ਆਪਣੇ ਭੱਬੂ ਕੱਢ ਰਹੇ ਨੇ।
ਇਹ ਲੋਕ ਤਮਾਸ਼ਾ ਵੇਖੀ ਜਾ, ਜੋ ਬੀਜਿਆ ਸੀ ਉਹ ਵੱਢ ਰਹੇ ਨੇ।
ਭੁਗਤਣਗੇ ਕਾਪੀ ਪੱਕੀ ਤੇ, ਜੋ ਲੀਕਾਂ ਵਾਹੀ ਜਾਂਦੇ ਨੇ।
ਲੂਣ, ਮਿੱਠਾ, ਮਸਾਲਾ ਘੱਟ ਰੱਖਿਓ, ਇਹ ਲੋਕੀਂ ਪਾਈ ਜਾਂਦੇ ਨੇ।

———————00000———————

ਖੱਲਾਂ ਸ਼ੇਰ ਦੀਆਂ
ਕਦੇ ਮਹਿਕ ਬਣਦੀਆਂ ਨਹੀਂ ਟੂਸਾਂ ਗੰਦ ਦੇ ਢੇਰ ਦੀਆਂ।
ਕੋਈ ਸ਼ੇਰ ਨਹੀਂ ਬਣ ਜਾਂਦਾ ਪਾਕੇ ਖੱਲਾਂ ਸ਼ੇਰ ਦੀਆਂ।
ਪਿੱਤਲ ਸੋਨਾਂ ਬਣਦਾ ਨਹੀਂ ਕਦੇ ਚਾੜ ਮੁਲੰਮੇਂ ਨੂੰ।
ਕੰਮਚੋਰ ਦੀ ਕਦਰ ਨਹੀਂ ਨਾਂ ਕੋਈ ਪੁੱਛੇ ਨਿਕੰਮੇ ਨੂੰ।
ਗੁਲੇਲਾਂ ਦੀਆਂ ਗਟੋਨੀਆਂ ਨਹੀਂ ਕਦੇ ਦੁਸ਼ਮਣ ਘੇਰਦੀਆਂ।
ਕੋਈ ਸ਼ੇਰ ਨਹੀਂ ਬਣ ਜਾਂਦਾ ਪਾਕੇ ਖੱਲਾਂ ਸ਼ੇਰ ਦੀਆਂ।
ਚਿੱਟੀਆਂ ਪੁਸ਼ਾਕਾਂ ਨਾਲ ਕਿੱਥੇ ਨੀਤਾਂ ਲੁਕਦੀਆਂ ਨੇ।
ਕਹੀਆਂ ਦੇ ਮੂਹਿਆਂ ਨਾਲ ਨਾਂ ਨਦੀਆਂ ਰੁੱਕਦੀਆਂ ਨੇ।
ਬਿਨ੍ਹਾਂ ਮਿਹਨਤ ਹੱਥ ਦੀਆਂ ਲਕੀਰਾਂ ਨਹੀਂ ਕਿਸਮਤ ਫੇਰਦੀਆਂ।
ਕੋਈ ਸ਼ੇਰ ਨਹੀਂ ਬਣ ਜਾਂਦਾ ਪਾਕੇ ਖੱਲਾਂ ਸ਼ੇਰ ਦੀਆਂ।
ਜ਼ਜਬਾ ਹੋਵੇ ਗੈਰਤ ਦਾ ਤੇ ਹੋਸ਼ ਜਰੂਰੀ ਏ।
ਹੋਣਾਂ ਗਰਮ ਖਿਆਲਾਂ ਦਾ ਨਾਲ ਹੋਸ਼ ਜਰੂਰੀ ਏ।
ਨਫਰਤ ਦੀਆਂ ਬੋਆਂ ਨਹੀਂ ਕਦੇ ਖੁਸ਼ੀਆਂ ਕੇਰਦੀਆਂ।
ਕੋਈ ਸ਼ੇਰ ਨਹੀਂ ਬਣ ਜਾਂਦਾ ਪਾਕੇ ਖੱਲਾਂ ਸ਼ੇਰ ਦੀਆਂ।
ਇੱਕ ਬੜਕ ਬੇਸ਼ਰਮਾਂ ਦੀ ਤੇ ਗਰਜ਼ ਹੈਵਾਨੀਂ ਦੀ।
ਬਸ ਪਾਟੀ ਹੁੰਦੀ ਏ ਲੀਰ ਸ਼ੈਤਾਨੀ ਦੀ।
ਬੇਕਦਰਾ ਕਰ ਦਿੰਦੀਆਂ ਗੱਲਾਂ ਮੇਰ ਤੇਰ ਦੀਆਂ।
ਕੋਈ ਸ਼ੇਰ ਨਹੀਂ ਬਣ ਜਾਂਦਾ ਪਾਕੇ ਖੱਲਾਂ ਸ਼ੇਰ ਦੀਆਂ।
ਬਹੁਤਾ ਚਿਰ ਚੰਗਾ ਨਹੀਂ ਬੰਦੇ ਸਾਥ ਨਿਕੰਮੇ ਦਾ।
ਜਿਹੜੇ ਨੀਤੋਂ ਮਾੜੇ ਨੇ ਕੀ ਫਾਇਦਾ ਜੰਮੇ ਦਾ।
ਉਹ ਲਾਹਨਤੀ ਸ਼ਕਲਾਂ ਨੇ ਜੋ ਬੂਥੀਆਂ ਟੇਰਦੀਆਂ।
ਕੋਈ ਸ਼ੇਰ ਨਹੀਂ ਬਣ ਜਾਂਦਾ ਪਾਕੇ ਖੱਲਾਂ ਸ਼ੇਰ ਦੀਆਂ।
ਦਮਗਜ਼ੇ ਮਾਰਨੇ ਜੇ ਲੱਤੀਂ ਦਮ ਜਰੂਰੀ ਏ।
ਮਿਸਾਲ ਬਣਾਉਣ ਲਈ ਐਸਾ ਕੰਮ ਜਰੂਰੀ ਏ।
ਫਲ਼ ਲੱਗਦੇ ਜਿੰਨ੍ਹਾਂ ਨੂੰ ਉਹੀ ਟਾਹਣੀਆਂ ਉਲੇਰ ਦੀਆਂ।
ਕੋਈ ਸ਼ੇਰ ਨਹੀਂ ਬਣ ਜਾਂਦਾ ਪਾਕੇ ਖੱਲਾਂ ਸ਼ੇਰ ਦੀਆਂ।
ਚੂਹੇ ਵੀ ਭੁੜਕਦੇ ਨੇ ਆਪਣਾਂ ਰਾਜ ਬਣਾਉਣ ਲਈ।
ਪਰ ਅੱਗੇ ਕੌਣ ਆਵੇ ਬਿੱਲੀ ਗਲ਼ ਟੱਲੀ ਪਾਉਣ ਲਈ।
ਕੁਰਬਾਨੀ ਕੌਣ ਦਊ ਹਿੰਮਤਾਂ ਕਿਸ ਦਲੇਰ ਦੀਆਂ।
ਕੋਈ ਸ਼ੇਰ ਨਹੀਂ ਬਣ ਜਾਂਦਾ ਪਾਕੇ ਖੱਲਾਂ ਸ਼ੇਰ ਦੀਆਂ।
ਠੱਗ,ਚਾਪਲੂਸ,ਗਦਾਰਾਂ ਦੇ ਅੰਤ ਮਖੌਟੇ ਲਹਿ ਜਾਂਦੇ।
ਮੂੰਹ ਧੋਤਿਆਂ ਲਹਿੰਦੇ ਨਹੀਂ ਜਿਹੜੇ ਧੱਬੇ ਪੈ ਜਾਂਦੇ।
ਟਾਂਵੀਆਂ ਜ਼ਮੀਰਾਂ ਨੇ ਜ਼ੁਲਮਾਂ ਸਾਹਵੇਂ ਵੇਰ੍ਹਦੀਆਂ।
ਕੋਈ ਸ਼ੇਰ ਨਹੀਂ ਬਣ ਜਾਂਦਾ ਪਾਕੇ ਖੱਲਾਂ ਸ਼ੇਰ ਦੀਆਂ।
ਇੱਕ ਮਾਲੀ ਸਿਰ ਤੇ ਐ ਸਭ ਖੁਸ਼ੀਆਂ ਬਾਗ ਦੀਆਂ।
ਅਣਖ ਤੇ ਗ਼ੈਰਤ ਦੀਆਂ ਗੱਲਾਂ ਸੰਧੂ ਸ਼ਿਨਾਗ ਦੀਆਂ।
ਕਾਂ ਚਾਹੁੰਦੇ ਥਾਂ ਹੰਸਾਂ ਦੀ ਐਵੇਂ ਰੌਲ਼ੀਆਂ ਦੇਰ ਦੀਆਂ।
ਕੋਈ ਸ਼ੇਰ ਨਹੀਂ ਬਣ ਜਾਂਦਾ ਪਾਕੇ ਖੱਲਾਂ ਸ਼ੇਰ ਦੀਆਂ।

———————00000———————

ਪਿੱਸੂ
ਹੁਣ ਸਿੱਧੀਆਂ ਕਰਕੇ ਛੱਡਾਂਗੇ ਪੂਛਾਂ ਨੂੰ ਰੱਸੀ ਪਾ ਲਈ ਏ।
ਦੁਸ਼ਮਣ ਨੂੰ ਪਿੱਸੂ ਪੈ ਗਏ ਨੇ ਜਦੋਂ ਯਾਰਾਂ ਸੁਰਤ ਸੰਭਾਲੀ ਏ।
ਸੀ ਵਹਿਮ ਵੈਰੀ ਦੀ ਬੁੱਕਲ ਦਾ ਕਿ ਕਿਹੜਾ ਸਾਨੂੰ ਹਰਾਊਗਾ।
ਇਹ ਮਾਲਕ ਜਾਣੇ ਸੱਜਣਾਂ ਓਏ ਉਹ ਕਿਹੜੀ ਘੜੀ ਦਿਖਾਊਗਾ।
ਜੋ ਘੜਾ ਪਾਪ ਦਾ ਤਿੜਕ ਗਿਆ ਹੋਣਾਂ ਹੌਲੀ ਹੌਲੀ ਖਾਲੀ ਏ।
ਦੁਸ਼ਮਣ ਨੂੰ ਪਿੱਸੂ ਪੈ ਗਏ ਨੇ ਜਦੋਂ ਯਾਰਾਂ ਸੁਰਤ ਸੰਭਾਲੀ ਏ।
ਇਹ ਮਹਿਮਾਂ ਕੁਦਰਤ ਕਾਦਰ ਦੀ ਉਹਨੇ ਬਖਸ਼ਿਆ ਕੋਈ ਸਿਕੰਦਰ ਨਹੀਂ।
ਮੂਸੇ ਵੀ ਧੂਹ ਕੇ ਢਾਹ ਲਏ ਨੇ ਉਹਨੇ ਵੜਨ ਦਿੱਤਾ ਕੋਈ ਅੰਦਰ ਨਹੀਂ।
ਅਸੀਂ ਰਹਿਣਾਂ ਯਾਰ ਗਰੀਬਾਂ ਦੇ ਅਸੀਂ ਮੁੱਛ ਅਣਖ ਨਾਲ ਪਾਲੀ ਏ।
ਦੁਸ਼ਮਣ ਨੂੰ ਪਿੱਸੂ ਪੈ ਗਏ ਨੇ ਜਦੋਂ ਯਾਰਾਂ ਸੁਰਤ ਸੰਭਾਲੀ ਏ।
ਜਿਹੜੀ ਵਰਤਣੀ ਤਾਕਤ ਵਰਤ ਲਈ ਸ਼ੁਰੂ ਹੋਇਆ ਦੌਰ ਕੜੱਲਾਂ ਦਾ।
ਹੁਣ ਖੱਗਾ ਹੋਇਆ ਪੈਣ ਵਾਲਾ ਖੇਲ਼ੀ ‘ਤੇ ਉੱਗੀਆਂ ਵੱਲਾਂ ਦਾ।
ਸੱੁਟ ਲਾਰ ਬਥੇਰੀ ਮੱਕੜੀ ਨੇ ਪਹਿਲਾਂ ਅੱਖਾਂ ਦੇ ਵਿੱਚ ਪਾ ਲਈ ਏ।
ਦੁਸ਼ਮਣ ਨੂੰ ਪਿੱਸੂ ਪੈ ਗਏ ਨੇ ਜਦੋਂ ਯਾਰਾਂ ਸੁਰਤ ਸੰਭਾਲੀ ਏ।
ਅਸਮਾਨੀ ਧੂੜਾਂ ਚੜ੍ਹ ਗਈਆਂ ਭੁੱਲ ਗਈਆਂ ਡਿੱਗਣ ਦੀਆਂ ਖਬਰਾਂ ਨੂੰ।
ਮੀਂਹ ਮੋਹਲੇਧਾਰ ਨੇ ਸੁੱਟ ਲਿਆ ਤੇ ਰੋਹੜ ਲੈ ਗਿਆ ਕਬਰਾਂ ਨੂੰ।
ਹੁਣ ਸੁਲਗ ਗਈ ਚੰਗਿਆੜੀ ਵੀ ਹਨੇਰੇ ਵਿੱਚ ਉਮਰ ਟਪਾ ਲਈ ਏ।
ਦੁਸ਼ਮਣ ਨੂੰ ਪਿੱਸੂ ਪੈ ਗਏ ਨੇ ਜਦੋਂ ਯਾਰਾਂ ਸੁਰਤ ਸੰਭਾਲੀ ਏ।
ਤੂੰ ਖੁਸ਼ੀਆਂ ਖੋਹਕੇ ਰੱਜਿਆ ਨਾਂ ਏਦਾਂ ਢਿੱਡ ਕਈਆਂ ਦੇ ਲੂਸੇ ਨੇ।
ਗਾਟੇ ਵਿੱਚ ਛੁਰਾ ਖੁਭੋ ਕੇ ਤੂੰ ਏਦਾਂ ਖੂਨ ਕਈਆਂ ਦੇ ਚੂਸੇ ਨੇ।
ਹੁਣ ਇਕੱਠੀ ਕਰਕੇ ਪਾਪਾਂ ਦੀ ਤੇਰੀ ਚਾਦਰ ਅਸਾਂ ਹੰਗਾਲੀ ਏ।
ਦੁਸ਼ਮਣ ਨੂੰ ਪਿੱਸੂ ਪੈ ਗਏ ਨੇ ਜਦੋਂ ਯਾਰਾਂ ਸੁਰਤ ਸੰਭਾਲੀ ਏ।
ਸ਼ਿਨਾਗ ਸੰਧੂ ਟੱੁਟੇ ਰਾਹਾਂ ਦੇ ਅਸਾਂ ਟੋਏ ਕਰਨੇ ਸਿੱਧੇ ਨੇ।
ਤਿਲਕਾ ਕੇ ਗਿੱਟੇ ਮਰੋੜ ਛੱਡੇ ਹੱਥ ਪੈਰ ਕਈਆਂ ਦੇ ਮਿੱਧੇ ਨੇ।
ਹੁਣ ਨੱਥ ਮੁੰਝ ਦੀ ਪਾ ਦਵਾਂਗੇ ਨਾਸਾਂ ਵਿੱਚ ਮੋਰੀ ਪਾ ਲਈ ਏ।
ਦੁਸ਼ਮਣ ਨੂੰ ਪਿੱਸੂ ਪੈ ਗਏ ਨੇ ਜਦੋਂ ਯਾਰਾਂ ਸੁਰਤ ਸੰਭਾਲੀ ਏ।

———————00000———————

ਜ਼ਮਾਨੇ ਦੇ ਕੰਜਰਾਂ ਦੀ ਮੰਡੀ
ਸਹਿਕਦੇ ਅਰਮਾਨਾਂ ਗਲ਼ ਬੱਧੀ ਹੋਈ ਜੰਜ਼ੀਰ ਲੈ ਲੋ।
ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।
ਸੜੇ ਹੋਏ ਅਹਿਸਾਸ ਦੀ ਬਿਜਲੀ ਹੋਈ ਗੁੱਲ ਲੈ ਲੋ।
ਸੱਚ ਨੂੰ ਬੋਲਣ ਲੱਗਿਆਂ ਥਿਰਕਦੇ ਬੁੱਲ ਲੈ ਲੋ।
ਦਿਲਾਂ ਦੀਆਂ ਸੱਧਰਾਂ ਦੀ ਪਾਟੀ ਹੋਈ ਲੀਰ ਲੈ ਲੋ।
ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।
ਢਿੱਡ ਲੈ ਲੋ ਲੋਕਾਂ ਦੇ ਹੱਕਾਂ ਦਾ ਖੂਨ ਪੀਣ ਵਾਲਾ।
ਸੂਆ ਲੈ ਲੋ ਹਰਾਮ ਦੀ ਕਮਾਈ ਨੂੰ ਕੋਈ ਸੀਣ ਵਾਲਾ।
ਖਚਰੇ ਦੇ ਹਾਸਿਆਂ ਚੋਂ ਨਿਕਲਦਾ ਤੀਰ ਲੈ ਲੋ।
ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।
ਕੂੰਡਾ ਕਰ ਗਰੀਬ ਦਾ ਇਕੱਠੇ ਕੀਤੇ ਚਾਅ ਲੈ ਲੋ।
ਕੰਜ਼ਰਾਂ ਦੀ ਮੰਡੀ ‘ਚੋਂ ਲਗਾ ਕੋਈ ਭਾਅ ਲੈ ਲੋ।
ਮੋਛੇ ਵਰਗੀਆਂ ਲੱਤਾਂ ਤੇ ਦੈਂਤ ਜਿਹਾ ਸਰੀਰ ਲੈ ਲੋ।
ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।
ਗਰੀਬ ਨੂੰ ਦਬਾਉਣ ਵਾਲੀ ਬੇਗੈਰਤਾਂ ਦੀ ਸੋਚ ਲੈ ਲੋ।
ਖੂਨ ਪੀਣੀ ਜੋਕ ਜਿਹਾ ਬੇਸ਼ਰਮ ਜਿਹਾ ਕੋਚ ਲੈ ਲੋ।
ਲਹੂ ‘ਚ ਘੁਟਾਲੇ ਵਾਲੇ ਚੌਲ਼ ਰਿੰਨੀ ਖੀਰ ਲੈ ਲੋ।
ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।
ਹਰਾਮ ਦੀ ਕਮਾਈ ਜੇਬ ਪਾਉਣ ਲਈ ਫਤੂਹੀ ਲੈ ਲੋ।
ਨਫਰਤ ਦੇ ਖੂਨਾਂ ਦੀ ਟਿੰਡ ਭਰੀ ਖੂਹੀ ਲੈ ਲੋ।
ਲੋਕਾਂ ਨੂੰ ਦਿਖਾਉਣ ਵਾਲੇ ਕਾਨਿਆਂ ਦੇ ਤੀਰ ਲੈ ਲੋ।
ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।
ਬੁੜੀਮਾਰ ਬੰਦਿਆਂ ਦੀ ਸਕੈਨ ਵਾਲੀ ਅੱਖ ਲੈ ਲੋ।
ਕੰਨ ਰਸ,ਜੀਭ ਰਸ,ਚੀਜ਼ਾਂ ਵੱਖੋ ਵੱਖ ਲੈ ਲੋ।
ਲੱਚਰ ਜਿਹੇ ਗੁੱਟਾਂ ਉੱਤੇ ਬੰਨ੍ਹਣ ਲਈ ਕਲ੍ਹੀਰ ਲੈ ਲੋ।
ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।
ਦੂਜੇ ਦੀ ਤਰੱਕੀ ਦੇਖ ਸੜੇ ਹੋਏ ਮੱਥੇ ਲੈ ਲੋ।
ਅੰਨ੍ਹਿਆਂ ‘ਚੋਂ ਕਾਣੇ ਲੈ ਲੋ ਜਿੰਨ ਪਹਾੜੋਂ ਲੱਥੇ ਲੈ ਲੋ।
ਅੱਜ ਦੇ ਸਮਾਜ ਲਈ ਕੋਈ ਹਾਜ਼ਮਾਂ ਤਸੀਰ ਲੈ ਲੋ।
ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।
ਲੈ ਲੋ ਭਾਂਵੇ ਜ਼ੇਰੇ ਨਾਲ ਮਾਲ ਨਹੀਂ ਜੇ ਮੁੱਕਦਾ।
ਆਈ ਜਾਂਦਾ ਮੰਡੀ ‘ਚ ਵਪਾਰ ਨਹੀਂ ਜੇ ਰੁੱਕਦਾ।
ਅੱਜ ਲੈ ਲੋ, ਕੱਲ੍ਹ ਲੈ ਲੋ, ਚਾਹੇ ਪਰਸੋਂ ਅਖੀਰ ਲੈ ਲੋ।
ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।
ਸੱਚ ਦੀ ਏ ਮੰਡੀ ਸੁੰਨੀ ਕੁੱਝ ਵੀ ਨਹੀ ਵਿਕਦਾ।
ਸ਼ਿਨਾਗ ਸੰਧੂ ਇਕੱਲਾ ਖੜ੍ਹਾ ਕੋਈ ਵੀ ਨਹੀਂ ਦਿਸਦਾ।
ਉਹਦੀ ਗੱਲ ਛੱਡੋ ਇੱਥੋਂ ਚਾਹੇ ਤਾਂ ਵਜ਼ੀਰ ਲੈ ਲੋ।
ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।

———————00000———————

ਫੜਕੇ ਗਦਾਰ ਠੋਕਣੇ
ਸਾਨੂੰ ਦਸਵੇਂ ਗੁਰਾਂ ਨੇ ਚੰਡ ਦਿੱਤੀ,ਤੇ ਸਾਹਮਣੇ ਵੰਗਾਰ ਠੋਕਣੇ।
ਔਖਾ ਜਿੰਨ੍ਹਾਂ ਨੇ ਕੀਤਾ ਏ ਸਾਹ ਲੈਣਾਂ,ਫੜਕੇ ਗਦਾਰ ਠੋਕਣੇ।

ਖੰਗੂਰੇ ਮਾਰਕੇ ਆ ਔਖੀ ਆਉਂਦੀ ਖੰਘ ਜਿੰਨ੍ਹਾਂ ਨੂੰ।
ਹੱਕ ਖੋਂਹਦਿਆਂ ਗਰੀਬਾਂ ਦੇ ਨਹੀਂ ਸੰਗ ਜਿੰਨ੍ਹਾਂ ਨੂੰ।
ਚੁੱਕ ਚੱਪਣੀ ਤੌੜੀ ਨੂੰ ਮੂਧਾ ਮਾਰਕੇ,ਉਹ ਕਰ ਠੰਡੇ ਠਾਰ ਠੋਕਣੇ।
ਔਖਾ ਜਿੰਨ੍ਹਾਂ ਨੇ ਕੀਤਾ ਏ ਸਾਹ ਲੈਣਾਂ,ਫੜਕੇ ਗਦਾਰ ਠੋਕਣੇ।

ਜਿਹੜੇ ਦੱਸਦੇ ਸਿਰਾਂ ‘ਤੇ ਅਸਮਾਨ ਥੰਮਿਆਂ।
ਸ਼ਾਇਦ ਸੋਚਦੇ ਨਹੀਂ ਰੋਕਣ ਵਾਲਾ ਕੋਈ ਜੰਮਿਆਂ।
ਫੇਰ ਅਰੰਗੇ ਦੇ ਮੁੰਨੇ ਵੀ ਤੇਲ ਦਵਾਂਗੇ,ਤੇ ਪਹਿਲਾਂ ਪੈਰੋਕਾਰ ਠੋਕਣੇ।
ਔਖਾ ਜਿੰਨ੍ਹਾਂ ਨੇ ਕੀਤਾ ਏ ਸਾਹ ਲੈਣਾਂ,ਫੜਕੇ ਗਦਾਰ ਠੋਕਣੇ।

ਦਿਲ ਵਿੱਚ ਰੱਖੀ ਬੈਠੇ ਮਾੜੀ ਨੀਤ ਠਾਣਕੇ।
ਅੜਾਉਂਦੇ ਠਿੱਬੀਆਂ ਨੇ ਜਿਹੜੇ ਐਵੇਂ ਜਾਣ ਜਾਣਕੇ।
ਉੱਤੋਂ ਯਾਰੀਆਂ ਤੇ ਵਿੱਚੋਂ ਚੋਰ ਬਾਰੀਆਂ,ਧੂਹ ਧੂਹ ਕੇ ਬਾਹਰ ਠੋਕਣੇ।
ਔਖਾ ਜਿੰਨ੍ਹਾਂ ਨੇ ਕੀਤਾ ਏ ਸਾਹ ਲੈਣਾਂ,ਫੜਕੇ ਗਦਾਰ ਠੋਕਣੇ।

ਪਹਿਲਾਂ ਆਪਣੇ ਬੁੱਕਲ ਦੇ ਆ ਚੋਰ ਫੜਨੇ।
ਸੋਧਾ ਇਹਨਾਂ ਦਾ ਲਗਾਕੇ ਉੱਤੋਂ ਹੋਰ ਫੜਨੇ।
ਫੇਰ ਲਵਾਂਗੇ ਬੇਗਾਨਿਆਂ ਦੀ ਸਾਰ ਨੂੰ,ਤੇ ਪਹਿਲਾਂ ਯਾਰ ਮਾਰ ਠੋਕਣੇ।
ਔਖਾ ਜਿੰਨ੍ਹਾਂ ਨੇ ਕੀਤਾ ਏ ਸਾਹ ਲੈਣਾਂ,ਫੜਕੇ ਗਦਾਰ ਠੋਕਣੇ।

ਨੱਪ ਦੇਣੀ ਰਗੋਂ ਘੰਡੀ ਜੋ ਅਸਮਾਨੀ ਚੜੇ ਨੇਂ।
ਜਿਹੜੇ ਨਮਕ ਹਰਾਮੀ ਗੈਰਾਂ ਸੰਗ ਰਲ਼ੇ ਨੇਂ।
ਝੋਲੀ ਚੁੱਕ ਨੇ ਜਿੰਨ੍ਹਾਂ ਨੇ ਦਲ ਬਦਲੇ,ਉਹ ਸਾਹਮਣੇ ਖਿਲਾਰ ਠੋਕਣੇ।
ਔਖਾ ਜਿੰਨ੍ਹਾਂ ਨੇ ਕੀਤਾ ਏ ਸਾਹ ਲੈਣਾਂ,ਫੜਕੇ ਗਦਾਰ ਠੋਕਣੇ।

ਧੂੰਆਂ ਕੱਢਣਾ ਕੰਨਾਂ ਚੋਂ ਧੂੰ-ਧੂੰ ਕਰਕੇ।
ਜਿਹੜੇ ਮਾਰਦੇ ਫੁਕਾਰੇ ਫੂੰ-ਫੂੰ ਕਰਕੇ।
ਖੁੰਬ ਠੱਪਣੀ ਜੋ ਖੁੰਬਾਂ ਵਾਗੂੰ ਮੱਛਰੇ,ਉਹ ਪੁੱਟਕੇ ਦਵਾਰ ਠੋਕਣੇ।
ਔਖਾ ਜਿੰਨ੍ਹਾਂ ਨੇ ਕੀਤਾ ਏ ਸਾਹ ਲੈਣਾਂ,ਫੜਕੇ ਗਦਾਰ ਠੋਕਣੇ।

ਸ਼ਿਨਾਗ ਸੰਧੂ ਮਿੱਠੇ ਉਪਰੋਂ ਮਖਾਣਿਆਂ ਦੇ ਵਾਂਗ।
ਤੇ ਖਿਆਲਾਂ ਨਾਲ ਖੇਡਦੇ ਨਿਆਣਿਆਂ ਦੇ ਵਾਂਗ।
ਭਾਜੀ ਮੋੜਾਂਗੇ ਸਮੇਂ ਦੀ ਆੜ ਲੈਕੇ,ਤੇ ਚੌਧਰਾਂ ਦੇ ਮਾਹਰ ਠੋਕਣੇ।
ਔਖਾ ਜਿੰਨ੍ਹਾਂ ਨੇ ਕੀਤਾ ਏ ਸਾਹ ਲੈਣਾਂ,ਫੜਕੇ ਗਦਾਰ ਠੋਕਣੇ।

———————00000———————

ਯਾਰ ਫਲੂਸਾਂ ਵਰਗੇ

ਭੁੱਲ ਜਾਣ ਸੱਜਣ ਦੁੱਖਾਂ ਵੇਲੇ,ਏਹੋ ਜਿਹੇ ਨਹੀਂ ਭਾਲ਼ੀ ਦੇ।
ਉੱਡ ਜਾਣ ਬੁੱਲਾ ਆਉਣ ਤੋਂ ਪਹਿਲਾਂ,ਫਲੂਸ ਜੋ ਸੜੀ ਪਰਾਲ਼ੀ ਦੇ।
ਘੇਰਾ ਬੰਨ੍ਹਣ ਸੱੁਖਾਂ ਵੇਲੇ,ਫਾਇਦਾ ਕੀ ਏ ਝੁੰਡਾਂ ਦਾ।
ਹੋਵੇ ਨਾਂ ਜਿੱਥੇ ਕੰਮ ਦੀ ਚਰਚਾ,ਕੀ ਫਾਇਦਾ ਏ ਖੁੰਢਾ ਦਾ।
ਛਿਲਕਾਂ ਵਾਲਾ ਪਾ ਗਲ਼ ਜੂਲ਼ਾ,ਮੋਢੇ ਨਹੀਂ ਗੇ ਗਾਲ਼ੀਦੇ।
ਉੱਡ ਜਾਣ ਬੁੱਲਾ ਆਉਣ ਤੋਂ ਪਹਿਲਾਂ,ਫਲੂਸ ਜੋ ਸੜੀ ਪਰਾਲ਼ੀ ਦੇ।
ਅੱਖ ਦੱਬਕੇ ਟਿੱਚਰ ਕਰਨੀ, ਕੰਮ ਲਾਹਨਤੀ ਲੋਕਾਂ ਦਾ।
ਵਾਧੂ ਭਾਰ ਜੋ ਪਿਆ ਗਧੇੜੇ,ਸੰਗ ਛੱਡ ਦਿਉ ਜੋਕਾਂ ਦਾ।
ਪਵੇ ਮੁਸੀਬਤ ਢਾਲ ਨਹੀਂ ਬਣਦੇ,ਪਰਦੇ ਮਾੜੀ ਜਾਲ਼ੀ ਦੇ।
ਉੱਡ ਜਾਣ ਬੁੱਲਾ ਆਉਣ ਤੋਂ ਪਹਿਲਾਂ,ਫਲੂਸ ਜੋ ਸੜੀ ਪਰਾਲ਼ੀ ਦੇ।
ਕੱਢ ਕੇ ਰੱਖੋ ਮੱਖੀ ਵਾਂਗੂੰ,ਦਵੇ ਜੋ ਮਾੜੀਆਂ ਮੱਤਾਂ ਨੂੰ।
ਕੀ ਕਰਨਾ ਜੇ ਕੰਬੀ ਜਾਵਣ, ਬੁਗਦਰ ਵਰਗੀਆਂ ਲੱਤਾਂ ਨੂੰ।
ਮਾਰ ਦਿੰਦੀਆਂ ਥੋਕ ਸਲਾਹਾਂ,ਸੌਦੇ ਕਰਕੇ ਕਾਹਲੀ ਦੇ।
ਉੱਡ ਜਾਣ ਬੁੱਲਾ ਆਉਣ ਤੋਂ ਪਹਿਲਾਂ,ਫਲੂਸ ਜੋ ਸੜੀ ਪਰਾਲ਼ੀ ਦੇ।
ਕਰਦਾ ਕਦੇ ਲਿਹਾਜ ਨਹੀਂ ਹੁੰਦਾ,ਹੱਥ ਵਿੱਚ ਗੁੱਛਾ ਸੂਲ਼ਾਂ ਦਾ।
ਮੌਕੇ ‘ਤੇ ਇਤਬਾਰ ਨਹੀਂ ਹੁੰਦਾ,ਬੇਲੋੜੀਆਂ ਚੂਲ਼ਾਂ ਦਾ।
ਮਾੜੇ ਰਹਿਣ ਨਤੀਜੇ ਯਾਰੀ,ਛੋਲਿਆਂ ਦੇ ਵੱਢ ਵਾਲੀ ਦੇ।
ਉੱਡ ਜਾਣ ਬੁੱਲਾ ਆਉਣ ਤੋਂ ਪਹਿਲਾਂ,ਫਲੂਸ ਜੋ ਸੜੀ ਪਰਾਲ਼ੀ ਦੇ।
ਬਿਨ੍ਹਾਂ ਕੰਮ ਤੋ ਰੌਲ਼ਾ ਰੱਪਾ,ਚੂਹੀਆਂ ਵਰਗੇ ਜ਼ੇਰੇ ਨੇ।
ਸੰਧੂ ਵੱਗ ਕੁਤੀੜਾਂ ਨਾਲੋਂ,ਦੋ ਚਾਰ ਯਾਰ ਬਥੇਰੇ ਨੇ।
ਅੱਤ ਚੁੱਕਣ ਤੋਂ ਜ਼ਿਆਦਾ ਚੰਗਾ,ਥੋੜੇ੍ਹ ਜਸ਼ਨ ਮਨ੍ਹਾਂ ਲਈਦੇ।
ਉੱਡ ਜਾਣ ਬੁੱਲਾ ਆਉਣ ਤੋਂ ਪਹਿਲਾਂ,ਫਲੂਸ ਜੋ ਸੜੀ ਪਰਾਲ਼ੀ ਦੇ।

———————00000———————

ਹੀਹੀ ਹੀਹੀ
ਹੀਹੀ ਹੀਹੀ ਕਰੋਗੇ ਤਾਂ ਹੀਹੀ ਜੋਗੇ ਰਹਿ ਜਾਓਗੇ।
ਇੱਕ ਦਿਨ ਕਾਨਿਆਂ ਦੇ ਢਾਰੇ ਵਾਂਗੂੰ ਢਹਿ ਜਾਓਗੇ।
ਤਾਕਤ ਨਹੀਂ ਦਿੱਤੀ ਕਦੇ ਜ਼ਹਿਰ ਦੀ ਖੁਰਾਕ ਨੇ।
ਪੱਲਾ ਵੀ ਨਹੀਂ ਫੜਨਾ ਫਿਰ ਕਿਸੇ ਅੰਗ ਸਾਕ ਨੇ।
ਆੜ ਦੇ ਕਿਨਾਰਿਆਂ ਦੀ ਝੱਗ ਵਾਂਗ ਬਹਿ ਜਾਓਗੇ।
ਹੀਹੀ ਹੀਹੀ ਕਰੋਗੇ ਤਾਂ ਹੀਹੀ ਜੋਗੇ ਰਹਿ ਜਾਓਗੇ।
ਖੱਟਿਆ ਨਹੀਂ ਕਦੇ ਕੁੱਝ ਵਿਹਲੜਾਂ ਦੀ ਢਾਣੀ ‘ਚੋਂ।
ਮੱਖਣੀ ਨਹੀਂ ਕੱਢੀ ਕਦੇ ਰਿੜਕ ਕੇ ਪਾਣੀ ‘ਚੋਂ।
ਫੋਕਿਆਂ ‘ਚ ਬੈਠਕੇ ਮਿਠਾਸ ਕਿੱਥੋਂ ਲੈ ਜਾਓਗੇ।
ਹੀਹੀ ਹੀਹੀ ਕਰੋਗੇ ਤਾਂ ਹੀਹੀ ਜੋਗੇ ਰਹਿ ਜਾਓਗੇ।
ਬੜਾ ਮਾੜਾ ਚਸਕਾ ਜੇ ਪੈ ਜਾਏ ਕੰਨ ਰਸ ਦਾ।
ਪੈਂਦ ਮਾੜੇ ਮੰਜਿਆਂ ਦੀ ਕੋਈ ਵੀ ਨਹੀਂ ਕੱਸਦਾ।
ਕਿਵੇਂ ਵਕਤ ਗਵਾ ਕੇ ਭਾਰ ਜਿੰਦਗੀ ਦਾ ਸਹਿ ਜਾਓਗੇ।
ਹੀਹੀ ਹੀਹੀ ਕਰੋਗੇ ਤਾਂ ਹੀਹੀ ਜੋਗੇ ਰਹਿ ਜਾਓਗੇ।
ਇੰਨੂ ਰੱਖ ਤੁਰੋਗੇ ਜੇ ਕੰਡਿਆਂ ਦੀ ਪੰਡ ਨਾਲ।
ਕਿੰਨਾਂ ਚਿਰ ਯਾਰੀ ਲਾਕੇ ਬੈਠ ਜਾਓਗੇ ਕੰਡ ਨਾਲ।
ਗਲ਼ੀਆਂ ਦੇ ਕੱਖਾਂ ਵਾਂਗੂੰ ਨਾਲ਼ੀਆਂ ‘ਚ ਪੈ ਜਾਓਗੇ।
ਹੀਹੀ ਹੀਹੀ ਕਰੋਗੇ ਤਾਂ ਹੀਹੀ ਜੋਗੇ ਰਹਿ ਜਾਓਗੇ।
ਤਿੜ ਤਿੜ ਕਰਦੇ ਨੇ ਵਿਹਲੜ ਜੋ ਗੱਲਾਂ ਨੂੰ।
ਇਹਨਾਂ ਕਿੰਨ੍ਹਾਂ ਮਾਰਿਆ ਏ ਜਿੰਦਗੀ ‘ਚ ਮੱਲਾਂ ਨੂੰ।
ਵਾਂਗਰ ਪਰਾਲੀਆਂ ਦੀ ਅੱਗ ਮੱਠੇ ਪੈ ਜਾਓਗੇ।
ਹੀਹੀ ਹੀਹੀ ਕਰੋਗੇ ਤਾਂ ਹੀਹੀ ਜੋਗੇ ਰਹਿ ਜਾਓਗੇ।
ਚੰਗਿਆਂ ਦਾ ਸਾਥ ਹੋਵੇ ਦਿਲ ਨੂੰ ਸਕੂਨ ਹੁੰਦਾ।
ਉਹਨਾਂ ਦੀਆਂ ਰਗਾਂ ਵਿੱਚ ਮਿਹਨਤਾਂ ਦਾ ਖੂਨ ਹੁੰਦਾ।
ਅੱਜ ਸੰਧੂ ਸਾਂਭ ਲਓਗੇ ਕੱਲ ਚੰਗੇ ਰਹਿ ਜਾਓਗੇ।
ਹੀਹੀ ਹੀਹੀ ਕਰੋਗੇ ਤਾਂ ਹੀਹੀ ਜੋਗੇ ਰਹਿ ਜਾਓਗੇ।

———————00000———————

ਦਿੱਲੀ ਦੀ ਆਕੜ

ਨਹੀਂ ਛੱਡੀਆਂ ਆਦਤਾਂ ਗੰਦੀਆਂ।
ਅੱਜ ਫੇਰ ਕਰੀਚੇਂ ਦੰਦੀਆਂ।
ਕਰ ਹਾਲਤਾਂ ਸਾਡੀਆਂ ਮੰਦੀਆਂ।
ਦਿੱਲੀਏ ਤੂੰ ਕਰੇਂ ਚਲਾਕੀਆਂ ਨੂੰ।
ਐਵੇਂ ਅੰਬਰੀਂ ਲਾਵੇਂ ਟਾਕੀਆਂ ਨੂੰ।
ਨਾਦਰ ਜਿਹਾ ਛੱਡ ਫੁਰਮਾਣ।
ਸਾਡੀ ਕਿਰਤ ਦਾ ਕੀਤਾ ਘਾਣ।
ਸਾਨੂੰ ਜੜ੍ਹਾਂ ਤੋਂ ਲੱਗੇ ਖਾਣ।
ਤੇਰੇ ਮੁੰਨੇਂ ਤੇਲ ਲਗਾਉਣ ਆਏ।
ਤੇਰੀ ਦਿੱਲੀਏ ਆਕੜ ਲਾਹੁਣ ਆਏ।

ਇਹ ਦੇਖ ਕਿੰਨੇ ਨੇ ਚੰਟ।
ਜਿੰਨੂ ਆਖਣ ਦੋ ਪ੍ਰਸੰਟ
ਦਿੱਤੇ ਪਲਾਂ ‘ਚ ਕੱਢ ਵਰੰਟ।
ਗੱਲਾਂ ਕਰੇਂ ਖੁਰਲੀਆਂ ਢਾਉਣ ਦੀਆਂ।
ਛੱਡ ਗੱਲਾਂ ਸਾਨੂੰ ਮੁਕਾਉਣ ਦੀਆਂ।
ਦਸਾਂ ਨਹੁੰਆਂ ਦੀ ਕਿਰਤ ਕਮਾਈ।
ਤੂੰ ਠੱਗਾਂ ਝੋਲ਼ੀ ਪਾਈ।
ਸਾਡੀ ਕੰਧ ਅਮਨ ਦੀ ਢਾਹੀ।
ਅੱਜ ਜ਼ੁਲਮ ਦਾ ਮੂੰਹ ਭਵਾਉਣ ਆਏ।
ਤੇਰੀ ਦਿੱਲੀਏ ਆਕੜ ਲਾਹੁਣ ਆਏ।

ਜੇ ਝੁਕ ਕੋਈ ਘਰ ਵਿੱਚ ਆਵੇ।
ਉਹਦੇ ਰਗਾਂ ਨੂੰ ਹੱਥ ਨਾਂ ਪਾਵੇ।
ਛੱਡ ਆਕੜ ਗਲ਼ ਨਾਲ ਲਾਵੇ।
ਸਾਨੂੰ ਦਰ ਆਇਆਂ ਨੂੰ ਮੋੜੀਂ ਨਾਂ।
ਸਾਡਾ ਬੰਨ੍ਹ ਸਬਰ ਦਾ ਤੋੜੀਂ ਨਾਂ।
ਸਭ ਸੁਆਦ ਜੀਭ ਦੇ ਤੇਰੇ।
ਉੱਗੇ ਪੈਲ਼ੀ ਸਾਡੀ ਵਿੱਚ ਕੇਰੇ।
ਤੰੂ ਖਾ ਗੋਗੜ ਹੱਥ ਫੇਰੇ।
ਤੈਨੂੰ ਹਕੀਕਤ ਯਾਦ ਕਰਾਉਣ ਆਏ।
ਤੇਰੀ ਦਿੱਲੀਏ ਆਕੜ ਲਾਹੁਣ ਆਏ।

ਹਿੰਮਤੇ ਮਰਦਾਂ ਤੇ ਮਦਦ ਖੁਦਾਏ।
ਆਸਾਂ ਮਨ ਵਿੱਚ ਲੈਕੇ ਆਏ।
ਜੇ ਜ਼ੁਲਮ ਫੇਰ ਵੀ ਢਾਏ।
ਤੇਰਾ ਕਲਪ ਬ੍ਰਿਛ ਫਿਰ ਢਾਹੁਣਾਂ ਪਊ।
ਸਾਨੂੰ ਸਬਰ ਦਾ ਨੇਜਾ ਵਾਹੁਣਾਂ ਪਊ।
ਅਸੀਂ ਵਾਰਸ ਭਾਈ ਘਨੱਈਏ।
ਹਰ ਇੱਕ ਨੂੰ ਪਾਣੀ ਦਈਏ।
ਸਭ ਵਾਰ ਪਿੱਠ ‘ਤੇ ਸਹੀਏ।
ਮੰਗਾਂ ‘ਤੇ ਹੱਕ ਜਮਾਉਂਣ ਆਏ।
ਤੇਰੀ ਦਿੱਲੀਏ ਆਕੜ ਲਾਹੁਣ ਆਏ।

ਬਾਬੇ ਨਾਨਕ ਜੋਤ ਜਗਾਈ।
ਗੁਰੂ ਅਰਜਨ ਸ਼ਹੀਦੀ ਪਾਈ।
ਦਸਵੇਂ ਗੁਰ ਤੇਗ ਚੁਕਾਈ।
ਸਾਨੂੰ ਸਾਰੇ ਆਉਂਦੇ ਸਲੀਕੇ ਈ।
ਹੱਕ ਲੈਣ ਦੇ ਬੜੇ ਤਰੀਕੇ ਈ।
ਸਾਡੀ ਸੋਚ ਨਾਮ ਨਾਲ ਕਾੜ੍ਹੀ।
ਉੱਤੋਂ ਪਾਨ ਗੁਰੂ ਨੇ ਚਾੜ੍ਹੀ।
ਤੂੰ ਯੁਕਤ ਬਣਾਵੇਂ ਮਾੜੀ।
ਤੈਨੂੰ ਮਨ ਕੀ ਬਾਤ ਬਤਾਉਣ ਆਏ।
ਤੇਰੀ ਦਿੱਲੀਏ ਆਕੜ ਲਾਹੁਣ ਆਏ।

ਬੜੇ ਜਫਰ ਪਹਿਲਾਂ ਹੀ ਜਾਲ਼ੇ।
ਸਾਡੇ ਮਿੱਟੀ ‘ਚ ਟੱੁਟ ਗਏ ਫਾਲ਼ੇ।
ਘਸੇ ਸਾਫੇ ਡੱਬੀਆਂ ਵਾਲੇ।
ਅਸੀਂ ਕਰਨੇਂ ਦੰਗੇ ਫਸਾਦ ਨਹੀਂ।
ਅਸੀਂ ਕਰਨਾਂ ਕੁਝ ਬਰਬਾਦ ਨਹੀਂ।
ਸਾਡਾ ਅੰਨ ਖਾ ਕਰੇਂ ਬਦਨਾਮੀ।
ਤੰੂ ਨਿਕਲਿਆ ਨਮਕ ਹਰਾਮੀਂ।
ਤੈਨੂੰ ਯਾਦ ਕਰਾਉਣੀਂ ਮਾਮੀ।
ਪਹਿਲਾਂ ਪਿਆਰ ਨਾਲ ਸਮਝਾਉਣ ਆਏ।
ਤੇਰੀ ਦਿੱਲੀਏ ਆਕੜ ਲਾਹੁਣ ਆਏ।

ਬੜਾ ਰਾਹ ਵਿੱਚ ਜੋਰ ਅਜ਼ਮਾਇਆ।
ਸਾਨੂੰ ਅਟਕਾਉਣਾਂ ਵੀ ਚਾਹਿਆ।
ਰਾਜ ਮਾਰਗ ਪੁੱਟ ਗਵਾਇਆ।
ਬੰਦ ਕਰਤਾ ਸਿੱਖਾਂ ਬੁਛਾੜਾਂ ਨੂੰ।
ਪਈ ਭਾਜੜ ਤੇਰੀਆਂ ਧਾੜਾਂ ਨੂੰ।
ਜਦ ਗਰਮ ਤੋਪ ਤੇਰੀ ਸੂਕੇ।
ਸਾਡੇ ਅੜ ਜਾਂਦੇ ਸਿੰਘ ਕੂਕੇ।
ਸਾਡੀ ਛਾਤੀ ਰੋਹ ਵਿੱਚ ਸੂਕੇ।
ਭੰਨ ਆਕੜ ਧੌਣ ਝੁਕਾਉਣ ਆਏ।
ਤੇਰੀ ਦਿੱਲੀਏ ਆਕੜ ਲਾਹੁਣ ਆਏ।

ਚਿੜੀ ਚੂਕੇ ਨਾਂ ਜਿਸ ਰਾਹ ‘ਤੇ।
ਸਿੰਘਾਂ ਸੁਕਣੇ ਕਛਹਿਰੇ ਪਾ ‘ਤੇ।
ਏਕੇ ਦੇ ਜੌਹਰ ਵਿਖਾ ਤੇ।
ਸਾਡੇ ਸਾਗਰਾਂ ਵਰਗੇ ਹਿਰਦੇ ਨੇ।
ਬਾਪੂ ਡੰਡ ਪੇਲਦੇ ਫਿਰਦੇ ਨੇ।
ਆਹ ਦੇਖ ਅਸੀਂ ਨਹੀਂ ਕੱਲ੍ਹੇ।
ਹਰ ਮਜ਼ਹਬ ਸਾਡੇ ਨਾਲ ਚੱਲੇ।
ਸਾਡੇ ਹੱਕ ਸੱਚ ਆ ਪੱਲੇ।
ਰਲ਼ ਦੈਂਗੜ ਦੈਂਗੜ ਕਰਾਉਂਣ ਆਏ।
ਤੇਰੀ ਦਿੱਲੀਏ ਆਕੜ ਲਾਹੁਣ ਆਏ।

ਸਾਡੇ ਖ਼ਪ ਕੇ ਮਰ ਗਏ ਢੱਗੇ।
ਤੈਨੂੰ ਸਮਝ ਮੂਲ ਨਾਂ ਲੱਗੇ।
ਸ਼ਾਹੂਕਾਰਾਂ ਨੂੰ ਕਰਕੇ ਅੱਗੇ।
ਕਿਓਂ ਹਯਾ ਲੰਘ ਗਈ ਡੇਲਿਆਂ ਤੋਂ।
ਕਾਲ਼ੇ ਕਨੂੰਨ ਘੜਾਵੇਂ ਵਿਹਲਿਆਂ ਤੋਂ।
ਖਾਹ ਨਾਂ ਅੰਨਦਾਤੇ ਦੇ ਭਾਗ।
ਗੂੜ੍ਹੀ ਨੀਂਦ ‘ਚੋਂ ਹੁਣ ਈ ਜਾਗ।
ਬੈਠੀਂ ਜਾਨੋਂ ਨਾਂ ਮਾਰ ਸ਼ਿਨਾਗ।
ਸੰਧੂ ਹਲੂਣਾਂ ਮਾਰ ਜਗਾਉਣ ਆਏ।
ਤੇਰੀ ਦਿੱਲੀਏ ਆਕੜ ਲਾਹੁਣ ਆਏ।

———————00000———————

ਮਨ ਕੀ ਬਾਤ
ਹੱਕ ਲੈਣੇ ਨੇ ਆਪਣੇ,ਨਹੀਂ ਡਰਾਵਣ ਆਏਂ ਆਂ।
ਤੈਨੂੰ ਮੋਦੀ ਆਪਣੇ ਮਨ ਕੀ ਬਾਤ ਸੁਣਾਵਣ ਆਏਂ ਆਂ।
ਸਾਨੂੰ ਦੂਰ ਨਹੀਂ ਏਂ ਦਿੱਲੀ।
ਦਵੇ ਝੁਕਾਨੀ ਬਣ ਕੇ ਬਿੱਲੀ।
ਸਾਨੂੰ ਨੱਪਣੀ ਆਉਂਦੀ ਕਿੱਲੀ।
ਤਖਤ ਹਿਲਾਵਣ ਆਏਂ ਆਂ।
ਤੈਨੂੰ ਮੋਦੀ ਆਪਣੇ ਮਨ ਕੀ ਬਾਤ ਸੁਣਾਵਣ ਆਏਂ ਆਂ।
ਲੈਣੇ ਹੱਕ ਠੋਕ ਕੇ ਛਾਤੀ।
ਪਿੱਛੇ ਮੁੜਨੇ ਨਹੀ ਬਰਾਤੀ।
ਤੂੰ ਵੀਂ ਮਾਰ ਲੈ ਅੰਦਰ ਝਾਤੀ।
ਮੰਗ ਵਿਆਹਵਣ ਆਏਂ ਆਂ।
ਤੈਨੂੰ ਮੋਦੀ ਆਪਣੇ ਮਨ ਕੀ ਬਾਤ ਸੁਣਾਵਣ ਆਏਂ ਆਂ।
ਕਈ ਵਾਰ ਸਿੰਘਾਂ ਨੇ ਜਿੱਤੀ।
ਫੜਕੇ ਵਿੱਚ ਦਾਨ ਦੇ ਦਿੱਤੀ।
ਪਾਉਂਦੀ ਰਹਿੰਦੀ ਵਿੱਚ ਦੋਚਿੱਤੀ।
ਇਹ ਸੋਚ ਮਿਟਾਵਣ ਆਏਂ ਆਂ।
ਤੈਨੂੰ ਮੋਦੀ ਆਪਣੇ ਮਨ ਕੀ ਬਾਤ ਸੁਣਾਵਣ ਆਏਂ ਆਂ।
ਘੜ੍ਹਦੀ ਕਾਨੂੰਨ ਰਹਿੰਦੀ ਏ ਕਾਲ਼ੇ।
ਅੰਦਰੋਂ ਕਰਦੀ ਘਾਲ਼ੇ ਮਾਲ਼ੇ।
ਜੰਮੇ ਇਹਦੇ ਕੰਨਾਂ ‘ਤੇ ਜਾਲ਼ੇ।
ਅੱਜ ਹਟਾਵਣ ਆਏਂ ਆਂ।
ਤੈਨੂੰ ਮੋਦੀ ਆਪਣੇ ਮਨ ਕੀ ਬਾਤ ਸੁਣਾਵਣ ਆਏਂ ਆਂ।
ਸਾਨੂੰ ਰਹੇਂ ਸਮਝਦੀ ਝੁੱਡੂ।
ਪੁੱਟਣਾ ਆਉਂਦਾ ਸਾਨੂੰ ਮੁੱਢੂ।
ਰਹੀਂ ਬੱਚਕੇ ਸਾਥੋਂ ਗੁੱਡੂ।
ਪੈਰ ਥਿੜ੍ਹਕਾਵਣ ਆਏਂ ਆਂ।
ਤੈਨੂੰ ਮੋਦੀ ਆਪਣੇ ਮਨ ਕੀ ਬਾਤ ਸੁਣਾਵਣ ਆਏਂ ਆਂ।
ਤੇਰੀਆਂ ਮਨਘੜ੍ਹਤ ਦਲੀਲਾਂ।
ਸਾਡੀਆਂ ਸੁਣਦੀ ਨਹੀਂ ਅਪੀਲਾਂ।
ਡੱਕਕੇ ਸੋਚ ਤੇਰੀ ਦੀਆਂ ਝੀਲਾਂ।
ਨੱਕੇ ਲਾਵਣ ਆਏਂ ਆਂ।
ਤੈਨੂੰ ਮੋਦੀ ਆਪਣੇ ਮਨ ਕੀ ਬਾਤ ਸੁਣਾਵਣ ਆਏਂ ਆਂ।
ਏਦਾਂ ਹੋਇਆ ਨਹੀਂ ਪਹਿਲੀ ਵਾਰੀ।
ਕਰਦੀ ਮੁੱਢ ਤੋਂ ਕਾਲ ਬਾਜ਼ਾਰੀ।
ਅੱਜ ਤੇਰੀ ਮੱਤ ਫੇਰ ਗਈ ਮਾਰੀ।
ਝਟਕੇ ਲਾਵਣ ਆਏਂ ਆਂ।
ਤੈਨੂੰ ਮੋਦੀ ਆਪਣੇ ਮਨ ਕੀ ਬਾਤ ਸੁਣਾਵਣ ਆਏਂ ਆਂ।
ਤੈਨੂੰ ਯਾਦ ਕਰਾਉਂਣੀ ਨਾਨੀ।
ਕਾਹਤੋਂ ਲੈਂਦੀ ਏਂ ਕੁਰਬਾਨੀ।
ਸੁਭਾਅ ਜੱਟ ਦਾ ਮੁੱਢ ਤੋਂ ਦਾਨੀਂ।
ਸਬਕ ਸਿਖਾਵਣ ਆਏਂ ਆਂ।
ਤੈਨੂੰ ਮੋਦੀ ਆਪਣੇ ਮਨ ਕੀ ਬਾਤ ਸੁਣਾਵਣ ਆਏਂ ਆਂ।
ਮੁੜਨਾ ਫਤਹਿ ਮੰਗਾਂ ‘ਤੇ ਪਾ ਕੇ।
ਘੇਰਾ ਪਾ ਲਿਆ ਦਿੱਲੀ ਨੂੰ ਆ ਕੇ।
ਜਾਣਾਂ ਸਾਨ੍ਹ ਭੂਤਰਿਆ ਢਾਹ ਕੇ।
ਧੌਣ ਦਬਾਵਣ ਆਏਂ ਆਂ।
ਤੈਨੂੰ ਮੋਦੀ ਆਪਣੇ ਮਨ ਕੀ ਬਾਤ ਸੁਣਾਵਣ ਆਏਂ ਆਂ।
ਜਾਣੇ ਤੇਰੇ ਪਾਸੇ ਭੰਨਕੇ।
ਆਏਂ ਆਂ ਸਿਰ ‘ਤੇ ਖੱਫਣ ਬੰਨ੍ਹਕੇ।
ਰਹੇਂਗੀ ਸੰਧੂ ਦੀਆਂ ਗੱਲਾਂ ਮੰਨਕੇ।
ਆਕੜ ਲਾਹਵਣ ਆਏਂ ਆਂ।
ਤੈਨੂੰ ਮੋਦੀ ਆਪਣੇ ਮਨ ਕੀ ਬਾਤ ਸੁਣਾਵਣ ਆਏਂ ਆਂ।

———————00000———————

ਤਲਵਾਰ
ਤਸ਼ੱਦਦ ਦੀਆਂ ਉੱਧੜਧੁੰਮੀਆਂ ਦੀ, ਫੁਹਾਰ ਬਦਲਣੀ ਪੈਂਦੀ ਏ।
ਉਦੋਂ ਮਾਲਾ ਵਾਲੇ ਹੱਥਾਂ ਵਿੱਚ, ਤਲਵਾਰ ਬਦਲਣੀ ਪੈਂਦੀ ਏ।
ਜਦੋਂ ਡਰ ਹੋਵੇ ਟੁੱਕੜਬੋਚਾਂ ਤੋਂ।
ਜਦੋਂ ਕਹਿਰ ਲੰਘ ਜਾਵੇ ਸੋਚਾਂ ਤੋਂ।
ਅਣਗੌਲ ਲਕੀਰਾਂ ਹੱਥਾਂ ਦੀਆਂ, ਨੁਹਾਰ ਬਦਲਣੀ ਪੈਂਦੀ ਏ।
ਉਦੋਂ ਮਾਲਾ ਵਾਲੇ ਹੱਥਾਂ ਵਿੱਚ, ਤਲਵਾਰ ਬਦਲਣੀ ਪੈਂਦੀ ਏ।
ਜਦੋਂ ਡੰਡੇ ਵੱਜਣ ਬੇਦੋਸ਼ਾਂ ਨੂੰ।
ਕੋਈ ਆਉਣ ਨਾਂ ਦੇਵੇ ਹੋਸ਼ਾਂ ਨੂੰ।
ਚੌਕਾਂ ਵਿੱਚ ਪਾਟਣ ਜੇ ਲੀੜੇ,ਸਰਕਾਰ ਬਦਲਣੀ ਪੈਂਦੀ ਏ।
ਉਦੋਂ ਮਾਲਾ ਵਾਲੇ ਹੱਥਾਂ ਵਿੱਚ, ਤਲਵਾਰ ਬਦਲਣੀ ਪੈਂਦੀ ਏ।
ਫੜ ਵਾਲਾਂ ਤੋਂ ਝਾਟਾ ਕਹੇ ਕੋਈ।
ਨਾਂ ਸ਼ਰਮ ਦਾ ਘਾਟਾ ਰਹੇ ਕੋਈ।
ਜੋ ਚਿੱਕੜ ਸੁੱਟੇ ਇਜ਼ਤਾਂ ‘ਤੇ, ਉਹਦੀ ਗਾਰ ਬਦਲਣੀ ਪੈਂਦੀ ਏ।
ਉਦੋਂ ਮਾਲਾ ਵਾਲੇ ਹੱਥਾਂ ਵਿੱਚ, ਤਲਵਾਰ ਬਦਲਣੀ ਪੈਂਦੀ ਏ।
ਜਦੋਂ ਦਾਣਿਆਂ ਵਾਂਗੂ ਭੁੰਨੇ ਕੋਈ।
ਚਾਅ ਪੈਰਾਂ ਦੇ ਨਾਲ ਗੁੰਨੇ ਕੋਈ।
ਲਾਹ ਗਲ਼ੋਂ ਪੰਜਾਲ਼ੀ ਗੁਲਾਂਮੀ ਦੀ,ਕਤਾਰ ਬਦਲਣੀ ਪੈਂਦੀ ਏ।
ਉਦੋਂ ਮਾਲਾ ਵਾਲੇ ਹੱਥਾਂ ਵਿੱਚ, ਤਲਵਾਰ ਬਦਲਣੀ ਪੈਂਦੀ ਏ।
ਜਦੋਂ ਤੇਲ ਬਲਦੀ ‘ਤੇ ਪਾਵੇ ਕੋਈ।
ਅੱਗ ਭਾਂਬੜ ਨਾਲ ਬੁਝਾਵੇ ਕੋਈ।
ਫਿਰ ਤਾਣ ਪੈਂਤੜਾ ਗੈਰਤ ਦਾ,ਝੱਟ ਡਾਰ ਬਦਲਣੀ ਪੈਂਦੀ ਏ।
ਉਦੋਂ ਮਾਲਾ ਵਾਲੇ ਹੱਥਾਂ ਵਿੱਚ, ਤਲਵਾਰ ਬਦਲਣੀ ਪੈਂਦੀ ਏ।
ਜਦੋਂ ਚਾਂਬਲ਼ ਕੇ ਭੂਤਰ ਜਾਵੇ ਕੋਈ।
ਸਮਝਾਇਆਂ ਨਾਂ ਸੂਤਰ ਆਵੇ ਕੋਈ।
ਉਹਦੇ ਹੈਂਕੜਬਾਜ਼ ਉਬਾਲ਼ੇ ਦੀ,ਮੁਹਾਰ ਬਦਲਣੀ ਪੈਂਦੀ ਏ।
ਉਦੋਂ ਮਾਲਾ ਵਾਲੇ ਹੱਥਾਂ ਵਿੱਚ, ਤਲਵਾਰ ਬਦਲਣੀ ਪੈਂਦੀ ਏ।
ਜਦੋਂ ਜਰਵਾਣੇ ਨੂੰ ਕੋਈ ਫਾਹ ਲਾਵੇ।
ਜਾਲਮ ਜਿਸਮਾਂ ਦੇ ਭਾਅ ਲਾਵੇ।
ਫਿਰ ਸੰਧੂ ਚੁੰਝ ਪਰਾਣੀ ਨਾਲ, ਖੂੰ-ਖਾਰ ਬਦਲਣੀ ਪੈਂਦੀ ਏ।
ਉਦੋਂ ਮਾਲਾ ਵਾਲੇ ਹੱਥਾਂ ਵਿੱਚ, ਤਲਵਾਰ ਬਦਲਣੀ ਪੈਂਦੀ ਏ।

———————00000———————

ਹੱਥਾਂ ਦੀ ਮੈਲ
ਜਿੰਨੂ ਮੈਲ ਹੱਥਾਂ ਦੀ ਕਹਿੰਦੇ ਨੇ,ਉਹ ਸਾਰੇ ਐਬ ਛੁਪਾਉਂਦੀ ਏ।
ਮਸ਼ਟੰਡੇ ਚੋਰ ਚੁਗੱਟਿਆਂ ਨੂੰ,ਇਹ ਮੂਹਰੇ ਕਰ ਬਿਠਾਉਂਦੀ ਏ।
ਰਿਸ਼ਵਤਖੋਰ ਖੁਸ਼ੀ ਵਿੱਚ ਭੂਤਰਦੇ,ਮੱਛਰਕੇ ਕੇ ਭੰਗੜੇ ਪਾਉਂਦੇ ਨੇ।
ਰੁਲ਼ੇ ਇਮਾਨਦਾਰੀ ਵਿੱਚ ਪੈਰਾਂ ਦੇ,ਸਗੋਂ ਦੱਬਕੇ ਖੂੰਜੇ ਲਾaੁਂਦੇ ਨੇ।
ਇਹ ਦੁਨੀਆਂ ਖਾਤਰ ਪੈਸੇ ਦੇ,ਗਿਰਗਿਟ ਵਾਂਗ ਰੰਗ ਵਟਾਉਂਦੀ ਏ।
ਜਿੰਨੂ ਮੈਲ ਹੱਥਾਂ ਦੀ ਕਹਿੰਦੇ ਨੇ,ਉਹ ਸਾਰੇ ਐਬ ਛੁਪਾਉਂਦੀ ਏ।
ਭਾਵੇਂ ਲੱਖ ਲਾਹਨਤੀ ਬੰਦਾ ਹੋਵੇ,ਸਭ ਆਪਣਾ ਆਪਣਾ ਕਹਿੰਦੇ ਨੇ।
ਚੰਗੇ ਨੂੰ ਅਰਕਾਂ ਵੱਜਦੀਆਂ ਨੇ,ਗਰਕੇ ਕੋਲ ਫਸਕੇ ਬਹਿੰਦੇ ਨੇ।
ਕਈ ਹਰਾਮਖੋਰ ਤੇ ਚਵਲ਼ਾਂ ਦੇ,ਬੈਠਣ ਲਈ ਜਗ੍ਹਾ ਬਣਾਉਂਦੀ ਏ।
ਜਿੰਨੂ ਮੈਲ ਹੱਥਾਂ ਦੀ ਕਹਿੰਦੇ ਨੇ,ਉਹ ਸਾਰੇ ਐਬ ਛੁਪਾਉਂਦੀ ਏ।
ਉਦੋਂ ਵੇਖਣ ਵਾਲਾ ਮਹੌਲ ਹੁੰਦਾ,ਜਦੋਂ ਫੋਟੋ-ਫਾਟੋ ਲਹਿੰਦੀ ਹੈ।
ਕੱਢ ਧੌਣਾਂ ਜਗ੍ਹਾ ਬਣਾਂ ਲੈਂਦੇ,ਕੂਹਣੀ ਨਾਲ ਕੂਹਣੀ ਖਹਿੰਦੀ ਹੈ।
ਪਿੱਛੇ ਧੱਕੇ ਮਾਰ ਗਰੀਬਾਂ ਨੂੰ,ਛੁਰਲੀ ਤੇ ਛੁਰਲੀ ਆਉਂਦੀ ਏ।
ਜਿੰਨੂ ਮੈਲ ਹੱਥਾਂ ਦੀ ਕਹਿੰਦੇ ਨੇ,ਉਹ ਸਾਰੇ ਐਬ ਛੁਪਾਉਂਦੀ ਏ।
ਸੱਚ ਨਿੰਮੋਝਾਣਾ ਵੇਂਹਦਾ ਏ,ਮੁੱਲ ਪੈਂਦਾ ਖਚਰੇ ਹਾਸੇ ਦਾ।
ਵਿੱਚ ਭੀੜ ਰੁਲ਼ਦੀਆਂ ਪੱਗਾਂ ਦਾ,ਦੁਨੀਆਂ ਦੇ ਖੇਡ ਤਮਾਸ਼ੇ ਦਾ।
ਇਹ ਦੁਨੀਆਂ ਦਾਅ ਤੇ ਬੈਠੀ ਏ,ਮੌਕੇ ਤੇ ਤੀਰ ਚਲਾਉਂਦੀ ਏ।
ਜਿੰਨੂ ਮੈਲ ਹੱਥਾਂ ਦੀ ਕਹਿੰਦੇ ਨੇ,ਉਹ ਸਾਰੇ ਐਬ ਛੁਪਾਉਂਦੀ ਏ।
ਟੰਗ ਛਿੱਕੇ ਕਦਰਾਂ ਇਮਾਨ ਦੀਆਂ,ਜੋ ਕਰਦੇ ਘਾਲ਼ੇ ਮਾਲ਼ੇ ਨੇ।
ਮਾਇਆ ਦੀ ਧੌਂਸ ਜਮਾਉਣ ਵਾਲੇ,ਫਿਰ ੜਿੰਗਦੇ ਵੇਖਣ ਵਾਲੇ ਨੇ।
ਫਿਰ ਤੱਪੜ ਜਾਣ ਲਿਪੇਟੀਦੇ,ਜਦੋਂ ਗੂੰਜ ਸੱਚ ਦੀ ਆਉਂਦੀ ਏ।
ਜਿੰਨੂ ਮੈਲ ਹੱਥਾਂ ਦੀ ਕਹਿੰਦੇ ਨੇ,ਉਹ ਸਾਰੇ ਐਬ ਛੁਪਾਉਂਦੀ ਏ।
ਛੱਡ ਵਾਗਾਂ ਢਿੱਲੀਆਂ ਮੈਲ਼ ਦੀਆਂ,ਰੱਬ ਥੋੜ੍ਹਾ ਚਿਰ ਹੀ ਵੇਂਹਦਾ ਹੈ।
ਸਭ ਖੁਰਕ ਖਰਕ ਜਿਹੀ ਲਾਹ ਦੇਂਦਾ,ਜਦੋਂ ਪੁੱਠਾ ਗੇੜਾ ਦੇਂਦਾ ਹੈ।
ਸੰਧੂ ਰਹਿ ਡਰਕੇ ਰੱਬ ਕੋਲੋਂ,ਇਹ ਦਰ ਉਹਦੇ ਨਾਂ ਭਾaੁਂਦੀ ਏ।
ਜਿੰਨੂ ਮੈਲ ਹੱਥਾਂ ਦੀ ਕਹਿੰਦੇ ਨੇ,ਉਹ ਸਾਰੇ ਐਬ ਛੁਪਾਉਂਦੀ ਏ।

———————00000———————

ਛਲਕਦੇ ਹੰਝੂਆਂ ਦਾ ਮੁੱਲ
ਅੱਲੇ ਛਿਲਕੜ ਦਰਦਾਂ ਦੇ ਤੇ ਜਾਂ ਸੱਜਣ ਭੁੱਲਦੇ ਨਹੀਂ।
ਜੋ ਅੱਜ ਛਲਕੇ ਅੱਖੀਆਂ ‘ਚੋਂ ਇਹ ਹੰਝੂ ਸਸਤੇ ਮੁੱਲਦੇ ਨਹੀਂ।
ਜਾਂ ਦਿਲ ਦਾ ਕਰ ਸੱਜਣਾ ਨੇ ਮਲ਼ੀਆ ਮੇਟ ਦਿੱਤਾ।
ਜਾਂ ਦਿੱਤੇ ਹੋਏ ਜ਼ਖਮਾਂ ਨੂੰ ਅੰਦਰੇ ਲਿਪੇਟ ਦਿੱਤਾ।
ਜਾਂ ਦਿਲ ਦੀਆਂ ਸੱਧਰਾਂ ਦੇ ਪਹਿਲੇ ਬੁੱਲੇ ਹੁਲਦੇ ਨਹੀਂ।
ਜੋ ਅੱਜ ਛਲਕੇ ਅੱਖੀਆਂ ‘ਚੋਂ ਇਹ ਹੰਝੂ ਸਸਤੇ ਮੁੱਲਦੇ ਨਹੀਂ।
ਜਾਂ ਦਿਲ ਤੋਂ ਪੁੱਟ ਦਿੱਤਾ ਕਿਸੇ ਖਰੀਂਡਾਂ ਅੱਲ੍ਹਿਆਂ ਨੂੰ।
ਜਾਂ ਬਿਪਤਾ ਘੁੱਟ ਦਿੱਤਾ ਅੰਦਰ ਤੋਂ ਕੱਲ੍ਹਿਆਂ ਨੂੰ।
ਜਾਂ ਲਹਿਰ ਖੁਆਬਾਂ ਦੇ ਅੰਦਰ ਤੋਂ ਘੁੱਲ੍ਹਦੇ ਨਹੀਂ।
ਜੋ ਅੱਜ ਛਲਕੇ ਅੱਖੀਆਂ ‘ਚੋਂ ਇਹ ਹੰਝੂ ਸਸਤੇ ਮੁੱਲਦੇ ਨਹੀਂ।
ਜਾਂ ਭਰਕੇ ਲੱਦ ਦਿੱਤਾ ਕਿਸੇ ਪੀੜਾਂ ਦੀਆਂ ਪੰਡਾਂ ਨੂੰ।
ਜਾਂ ਲੂੰ-ਲੂੰ ਟੁੱਟ ਪਿਆ ਬਿਰਹੋਂ ਦੀਆਂ ਕੰਡਾਂ ਨੂੰ।
ਜਾਂ ਦਿੱਤੀ ਪੀੜ ਕੋਈ ਆਪਣਿਆਂ ਬਿਨਾਂ ਝੱਖੜ ਝੁੱਲਦੇ ਨਹੀਂ।
ਜੋ ਅੱਜ ਛਲਕੇ ਅੱਖੀਆਂ ‘ਚੋਂ ਇਹ ਹੰਝੂ ਸਸਤੇ ਮੁੱਲਦੇ ਨਹੀਂ।
ਜਾਂ ਰੁੱਸ ਕੋਈ ਪੀਰ ਗਿਆ ਅੱਜ ਸੁੰਨ੍ਹਿਆਂ ਰਾਹਾਂ ‘ਚ।
ਜਾਂ ਦੁੱਖ ਦੀਆਂ ਹੱਥ ਕੜੀਆਂ ਅੱਜ ਪੈ ਗਈਆਂ ਬਾਹਾਂ ‘ਚ।
ਧੁੱਪਾਂ ਨਾਲ ਪੈਰਾਂ ‘ਚ ਐਵੇਂ ਛਾਲੇ ਖੁੱਲ੍ਹਦੇ ਨਹੀਂ।
ਜੋ ਅੱਜ ਛਲਕੇ ਅੱਖੀਆਂ ‘ਚੋਂ ਇਹ ਹੰਝੂ ਸਸਤੇ ਮੁੱਲਦੇ ਨਹੀਂ।
ਜਾਂ ਦਰਦ ਕੋਈ ਅੰਦਰ ਦਾ ਬੜਾ ਹੰਢਾਉਣਾਂ ਔਖਾ ਜੋ।
ਜਾਂ ਰੋਗ ਕੋਈ ਬਿਰਹੋਂ ਦਾ ਬੜਾ ਛੁਪਾਉਣਾਂ ਔਖਾ ਜੋ।
ਬਿੰਨਾਂ ਹੌਲ ਕਲੇਜੇ ਦੇ ਮੋਤੀ ਪੈਰੀਂ ਰੁੱਲਦੇ ਨਹੀਂ।
ਜੋ ਅੱਜ ਛਲਕੇ ਅੱਖੀਆਂ ‘ਚੋਂ ਇਹ ਹੰਝੂ ਸਸਤੇ ਮੁੱਲਦੇ ਨਹੀਂ।
ਏਥੇ ਹੂਕ ਦੀਆਂ ਚੀਕਾਂ ਕੌਣ ਸੁਣਦਾ ਡਾਡਾਂ ਨੂੰ।
ਇਹ ਦੁਨੀਆਂ ਕੀ ਜਾਣੇ ਅੰਦਰ ਦੀਆਂ ਵਾਡ੍ਹਾਂ ਨੂੰ।
ਜਦੋਂ ਮੁੱਲ ਸੰਧੂ ਰੱਬ ਪਾਵੇ ਉਹ ਦੁਨੀਆਂ ਸੰਗ ਤੁਲਦੇ ਨਹੀਂ।
ਜੋ ਅੱਜ ਛਲਕੇ ਅੱਖੀਆਂ ‘ਚੋਂ ਇਹ ਹੰਝੂ ਸਸਤੇ ਮੁੱਲਦੇ ਨਹੀਂ।

———————00000———————

ਸਿਵਿਆਂ ‘ਚ ਵਾਹ ਵਾਹ
ਭਾਵੇਂ ਉੱਥੇ ਲਾਸ਼ ਵੀ ਸੁਆਹ ਹੁੰਦੀ ਏ।
ਸਿਵਿਆਂ ‘ਚ ਬੰਦੇ ਦੀ ਵਾਹ ਵਾਹ ਹੁੰਦੀ ਏ।
ਅਫਸੋਸ ਲਈ ਕਹਿੰਦੇ ਨੇ ਬੜਾ ਹੀ ਚੰਗਾ ਸੀ।
ਇਸਦੇ ਜਿਹਾ ਨਾਂ ਹੋਰ ਕੋਈ ਬੰਦਾ ਸੀ।
ਉਪਰੋਂ-ਉਪਰੋਂ ਭਾਵੇਂ ਖਾਹ ਮਖਾਹ ਹੁੰਦੀ ਏ।
ਸਿਵਿਆਂ ‘ਚ ਬੰਦੇ ਦੀ ਵਾਹ ਵਾਹ ਹੁੰਦੀ ਏ।
ਦੁਸ਼ਮਣ ਵੀ ਜਾ ਕੇ ਸਿਰ ਨਿਵਾਉਂਦੇ ਨੇ।
ਓੜਕ ਏਹੀ ਘਰ ਹੈ ਚੇਤੇ ਆਉਂਦੇ ਨੇ।
ਖਮੋਸ਼ੀ ਉਸ ਸਮੇਂ ਦੀ ਗਵਾਹ ਹੁੰਦੀ ਏ।
ਸਿਵਿਆਂ ‘ਚ ਬੰਦੇ ਦੀ ਵਾਹ ਵਾਹ ਹੁੰਦੀ ਏ।
ਸ਼ਾਇਦ ਆਖਰੀ ਇਸ਼ਨਾਨ ਕਰਮ ਧੋਂਦਾ ਹੈ।
ਘੜੀ ਪਲਾਂ ਲਈ ਚੰਗਾ ਅਖਵਾਉਂਦਾ ਹੈ।
ਰੂਹ ਨੂੰ ਮਿਲੇ ਸ਼ਾਂਤੀ ਇਹ ਦੁਆ ਹੁੰਦੀ ਏ।
ਸਿਵਿਆਂ ‘ਚ ਬੰਦੇ ਦੀ ਵਾਹ ਵਾਹ ਹੁੰਦੀ ਏ।
ਰਿਸ਼ਤੇਦਾਰੀਆਂ ਚਾਹੇ ਉਦੋਂ ਲੱਖਾਂ ਰੋਦੀਂਆਂ ਨੇ।
ਬਹੁਤਿਆ ਦੀਆ ਵਖਾਵੇ ਲਈ ਅੱਖਾਂ ਰੋਂਦੀਆ ਨੇ।
ਰੂਹ ਦੀ ਹੋਵੇ ਸਾਂਝ ਤੇ ਦਿਲ ਹਿਲਾ ਹੁੰਦੀ ਏ।
ਸਿਵਿਆਂ ‘ਚ ਬੰਦੇ ਦੀ ਵਾਹ ਵਾਹ ਹੁੰਦੀ ਏ।
ਜਿਊਦਿਆਂ ਜੇ ਚੰਗੇ ਰਿਸ਼ਤੇ ਬਣਾ ਲਈਏ।
ਦੁਸ਼ਮਣ ਵੀਂ ਹੋਣ ਗਲਵੱਕੜੀਆਂ ਪਾ ਲਈਏ।
ਜਿੰਨਾਂ ਨਾਲ ਭਾਵੇਂ ਠਾਹ ਠਾਹ ਹੁੰਦੀ ਏ।
ਸਿਵਿਆਂ ‘ਚ ਬੰਦੇ ਦੀ ਵਾਹ ਵਾਹ ਹੁੰਦੀ ਏ।
ਟੁੱਟਣਾ ਕਿ ਜੁੜਨਾਂ ਇਹ ਰਿਸ਼ਤੇ ਜ਼ੁਬਾਨ ਦੇ।
ਰੱਬ ਨੇ ਇਹ ਦਿੱਤਾ ਸਭ ਹੱਥ ਇਨਸਾਨ ਦੇ।
ਚੀਜ਼ ਦਾ ਸੰਧੂ ਮੁੱਲ ਦਿਸੇ ਜਦੋਂ ਗੁਆ ਹੁੰਦੀ ਏ।
ਸਿਵਿਆਂ ‘ਚ ਬੰਦੇ ਦੀ ਵਾਹ ਵਾਹ ਹੁੰਦੀ ਏ।

———————00000———————

ਗੱਲ ਜਾਂਦੀ ਵਾਰ ਦੀ
ਦੁਸ਼ਮਣ ਚੁਫੇਰੇ ਤੇ ਵਿੱਚ ਗੱਲ ਯਾਰ ਦੀ ਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀ ਵਾਰ ਦੀ ਰਹੇਗੀ।
ਜਾਂ ਤੇ ਤੁਰਾਂਗੇ ਮੜ੍ਹਕ ਨਾਲ ਟੌਹਰ ਨਵਾਬ ਦੀ।
ਸਾਥ ਛੱਡੂ ਨਾਂ ਕਦੇ ਵੀ ਮਹਿਕ ਗੁਲਾਬ ਦੀ।
ਜ਼ੁਲਮ ਲਈ ਡੱਟਣਾ ਗੱਲ ਪੱਬਾਂ ਭਾਰ ਦੀ ਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀ ਵਾਰ ਦੀ ਰਹੇਗੀ।
ਅਸੀਂ ਪੂਛ ਮਰੋੜ ਕੇ ਭੱਜਣ ਵਾਲਿਆਂ ਚੋਂ ਨਹੀਂ।
ਪਿੱਛੋਂ ਮਾਰ ਕੇ ਲਲਕਾਰੇ ਫੋਕਾ ਗੱਜਣ ਵਾਲਿਆਂ ਚੋਂ ਨਹੀਂ।
ਅਸੀਂ ਅੰਦਰੋਂ ਚੋਰ ਹਰਾਮੀਂ ਨਹੀਂ ਗੱਲ ਇਤਬਾਰ ਦੀ ਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀ ਵਾਰ ਦੀ ਰਹੇਗੀ।
ਸਾਡੇ ਮੂੰਹ ਤੇ ਮਿਹਨਤੀ ਜੈ ਕਿਸਾਨ ਰਹੇਗਾ।
ਰਖਵਾਲਾ ਦੇਸ਼ ਦਾ ਜੈ ਜਵਾਨ ਰਹੇਗਾ।
ਸੰਗ ਵਿਹਲੜਾਂ ਦਾ ਨਹੀਂ ਗੱਲ ਕੰਮਕਾਰ ਦੀ ਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀ ਵਾਰ ਦੀ ਰਹੇਗੀ।
ਮਾਰੇਂ ਹੈਂਕੜ ਦੀਆਂ ਲੱਤਾਂ ਪਛੰਡੇ ਵਾਗੂੰ।
ਤੈਨੂੰ ਪੁੱਟ ਦਵਾਂਗੇ ਜਾਲਮਾਂ ਗੁੱਲੀਡੰਡੇ ਵਾਂਗੂੰ।
ਦੁਨੀਆਂ ਵੇਖੂਗੀ ਹਾਲਤ ਜੋ ਗਦਾਰ ਦੀ ਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀ ਵਾਰ ਦੀ ਰਹੇਗੀ।
ਜੇ ਤੂੰ ਸਿੱਖ ਲਏ ਆ ਮਜ਼ਲੂੰਮਾਂ ਦੇ ਹੱਕ ਖਾਣੇ।
ਜ਼ੁਲਮ ਸਾਡੇ ਕੋਲੋਂ ਵੀ ਹੁਣ ਨਹੀਂਓ ਸਹੇ ਜਾਣੇ।
ਫੜਾਂਗੇ ਮੂੰਗਲ਼ਾ ਗੱਲ ਕਿਰਦਾਰ ਦੀ ਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀ ਵਾਰ ਦੀ ਰਹੇਗੀ।
ਕਹੀਨਾਂ ਦੱਬ ਦਊਂਗਾ ਕਿ ਸਿਰੀ ‘ਤੇ ਪੈਰ ਧਰਿਆ।
ਮਾੜਾ ਈ ਗਲ਼ ‘ਚ ਜੇ ਪੈ ਜਾਵੇ ਸੱਪ ਮਰਿਆ।
ਜ਼ਮੀਰ ਸਾਡੀ ਕੀਕਣ ਬੁੱਤਾ ਸਾਰਦੀ ਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀ ਵਾਰ ਦੀ ਰਹੇਗੀ।
ਸਾਨੂੰ ਵੇਚਤਾ ਪਰ ਸਾਡੀ ਵਿਕੀ ਨਹੀਂ ਜ਼ਮੀਰ।
ਮੁੱਲ ਬੰਦੇ ਦਾ ਨਹੀਂ ਮੁੱਲ ਜ਼ਮੀਰ ਦਾ ਅਖੀਰ।
ਕਦੇ ਮਰੀ ਨਹੀਂ ਕਸਤੂਰੀ ਦੁਨੀਆਂ ਹਿਰਨ ਮਾਰਦੀ ਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀ ਵਾਰ ਦੀ ਰਹੇਗੀ।
ਕਦੇ ਨਾਂ ਆਵੀਂ ਤੂੰ ਹੁਣ ਝੂਠੇ ਖਵਾਬ ਲੈਕੇ।
ਘੱਟ ਗਈ ਵੋਟ ਹੁਣ ਪੈਂਣੀਂ ਸ਼ਰਾਬ ਲੈਕੇ।
ਝੂਠੀ ਸਹੁੰ ਕਦ ਤੱਕ ਚੌਕ ‘ਚ ਜੁੰਡੇ ਖਿਲਾਰਦੀ ਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀ ਵਾਰ ਦੀ ਰਹੇਗੀ।
ਤੂੰ ਸਿੱਖੇ ਆ ਨਹਾ ਕੇ ਲਿਬਾਸ ਬਦਲਣੇ।
ਅਸੀਂ ਮੁੜ੍ਹਕੇ ਨਾਲ ਨਹਾ ਕੇ ਇਤਿਹਾਸ ਬਦਲਣੇ।
ਤੇਰੇ ਸਿਰ ‘ਤੇ ਤਾਜ਼ ਨਹੀਂ ਰਹਿਣਾ ਸੰਧੂ ਜੇ ਗੱਲ ਖਾਰ ਦੀ ਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀ ਵਾਰ ਦੀ ਰਹੇਗੀ।

———————00000———————

ਖੂਨ ਦੀ ਰਿਸ਼ਤੇਦਾਰੀ
ਏਕ ਨੂਰ ਦੇ ਜਾਏ ਹਾਂ।
ਦੂਜੇ ਲਈ ਕਿਉਂ ਪਰਾਏ ਹਾਂ।
ਸਾਨੂੰ ਪੰਡਤ, ਮੁੱਲਾਂ ਵੰਡਿਆ ਏ,
ਜਾਂ ਵੰਡਿਆਂ ਪੈਰੋਕਾਰਾਂ ਨੇ,
ਸਾਨੂੰ ਵੰਡਿਆ ਆਪਣੇ ਮਤਲਬ ਲਈ,
ਕੁਝ ਧਰਮ ਦੇ ਠੇਕੇਦਾਰਾਂ ਨੇ।
ਜੇ ਰੱਬ ਸਾਨੂੰ ਵੰਡਿਆਂ ਹੁੰਦਾ,
ਇੱਕੋ ਜਿਹੀਆਂ ਨਾ ਅਕਲਾਂ ਹੁੰਦੀਆਂ।
ਵਿੰਗ ਤੜਿੰਗੇ ਬੂਥੇ ਹੁੰਦੇ,
ਟੇਡੀਆਂ ਮੇਡੀਆਂ ਸ਼ਕਲਾਂ ਹੁੰਦੀਆਂ।
ਖੂਨ ਕਿਸੇ ਦਾ ਹਰਿਆ ਹੁੰਦਾ,
ਨੀਲਾ,ਪੀਲਾ,ਚਿੱਟਾ ਹੁੰਦਾ।
ਅਰਕ ਤੇ ਲੱਗਾ ਗੋਡਾ ਹੁੰਦਾ,
ਧੌਣ ਤੇ ਲੱਗਾ ਗਿੱਟਾ ਹੁੰਦਾ।
ਹਿੰਦੂ ਮੁਸਲਿਮ,ਸਿੱਖ,ਇਸਾਈ,
ਇੱਕੋ ਜਿਹੀਆ ਨਾ ਟੰਗਾਂ ਹੁੰਦੀਆਂ।
ਹਸਪਤਾਲ ਵੀ ਵੱਖਰੇ ਹੁੰਦੇ,
ਵੱਖੋ ਵੱਖਰੀਆਂ ਮੰਗਾਂ ਹੁੰਦੀਆਂ।
ਸਾਇੰਸ ਵੀ ਹੁੰਦੀ ਵੱਖੋ ਵੱਖਰੀ,
ਵੱਖਰੀਆਂ ਹੀ ਖੋਜਾਂ ਹੁੰਦੀਆਂ।
ਕੋਈ ਤੁਰਨ ਤੋਂ ਆਉਖਾ ਹੁੰਦਾ,
ਕਿਸੇ ਕਿਸੇ ਨੂੰ ਮੌਜਾਂ ਹੁੰਦੀਆਂ।
ਅੰਗ ਕਿਸੇ ਦੇ ਕੰਮ ਨਾ ਆਉਂਦੇ,
ਕਿਸੇ ਵੀ ਦੂਜੇ ਭਾਈਆਂ ਦੇ।
ਕਦੀ ਮੁਰੰਮਤ ਨਾ ਹੁੰਦਾ ਬੰਦਾ,
ਸੁੱਟਦੇ ਵਾਂਗ ਕਸਾਈਆਂ ਦੇ।
ਰਾਜਨੀਤੀ ਦਾ ਵੰਡਿਆ ਬੰਦਾ,
ਠੀਕ ਨਾ ਹੋਵੇ ਖਿਆਲਾ ‘ਚੋਂ।
ਨੀਤ ਮਾੜੀ ਦਾ ਇਲਾਜ ਕਦੇ ਨਾ,
ਹੁੰਦਾ ਹਸਪਤਾਲਾਂ ‘ਚੋਂ।
ਰੱਬ ਨੇ ਇੱਕੋ ਢਾਂਚਾ ਖੜ ਕੇ,
ਅੰਦਰ ਜੋਤ ਜਗਾਈ ਏ।
ਦੋ ਟਕੇ ਦੀ ਚੌਧਰ ਖਾਤਿਰ,
ਵੰਡ ਬੰਦੇ ਨੇ ਪਾਈ ਏ।
ਫੇਰ ਦੱਸੋ ਖਾਂ ਕੌਣ ਬੇਗਾਨਾ,
ਗੱਲ ਤਾਂ ਸੋਚਣ ਵਾਲੀ ਏ।
“ਸੰਧੂ” ਸਾਡੀ ਹਰ ਬੰਦੇ ਨਾਲ,
ਖੂਨ ਦੀ ਰਿਸ਼ਤੇਦਾਰੀ ਏ।

———————00000———————

ਅਜੇ ਕਰੋਨਾਂ ਬੇਹੋਸ਼ ਹੈ
ਆਸਮਾਨ ਦੀਆਂ ਹਵਾਵਾਂ ਚੋਂ ਜੋ ਸਹਿਮ ਸਾਹਾਂ ਤੀਕ ਹੈ।
ਕੀ ਸੱਚਮੁੱਚ ਹੀ ਉਹ ਚਾਇਨਾਂ ਦੀ ਲੈਬ ਚੋਂ ਲੀਕ ਹੈ।
ਸਾਵਧਾਨੀ ਹੀ ਬਚਾਅ ਹੈ ਇਹ ਵੀ ਗੱਲ ਠੀਕ ਹੈ।
ਮੋਟੀ ਕੋਈ ਸੋਚ ਹੈ ਜਾਂ ਵਹਿਮ ਹੀ ਬਰੀਕ ਹੈ।
ਬੱਸਾਂ ‘ਚ ਹੈ ਸੱਥਾਂ ‘ਚ ਹੈ ਜਾਂ ਫਿਰ ਠੇਕੇ ਹੈ।
ਆਂਢ ‘ਚ,ਗੁਆਂਢ ‘ਚ,ਜਾਂ ਸਹੁਰੇ ਜਾਂ ਪੇਕੇ ਹੈ।
ਗਲੇ ‘ਚ,ਨੱਕ ‘ਚ,ਜਾਂ ਫਿਰ ਪੇਟ ‘ਚ ਹੈ।
ਵਧੀ ਹੋਈ ਗਿਣਤੀ ‘ਚ ਜਾਂ ਤੇਲ ਦੇ ਰੇਟ ‘ਚ ਹੈ।
ਟੈਸਟ ਵਾਲੀਆਂ ੱਿਕੱਟਾਂ ‘ਚ ਜਾਂ ਉਸਤੇ ਵਾਪਾਰ ਹੈ।
ਉਹ ਵਾਕਿਆ ਹੀ ਲਾ-ਇਲਾਜ਼ ਹੈ ਜਾਂ ਡਰ ਬੇਸ਼ੁਮਾਰ ਹੈ।
ਕਿਸੇ ਦੇਸ਼ ਦੇ ਸਾਇੰਸਦਾਨ ਜਾਂ ਲੀਡਰਾਂ ਦੀ ਝੇਡ ਹੈ।
ਦੇਸ਼ ਕਿਸੇ ਨੂੰ ਡੇਗਣਾਂ ਜਾਂ ਰਾਜਨੀਤਿਕ ਖੇਡ ਹੈ।
ਅਮੀਰਾਂ ਦੇ ਚੋਚਲੇ ਜਾਂ ਗਰੀਬਾਂ ਦੀ ਇਹ ਮਾਰ ਹੈ।
ਧਨਾਢ ਨੂੰ ਕੋਈ ਫਰਕ ਨਹੀਂ ਮਾੜੇ ਦਾ ਨਾਂ ਯਾਰ ਹੈ।
ਡਰ ਜਾਂ ਭੁਖਮਰੀ ਨਾਲ ਹੋਣ ਮੌਤਾਂ ਰੋਜ਼ ਹੈ।
ਸਰਕਾਰਾਂ ਨੂੰ ਕੋਈ ਫਰਕ ਨਹੀਂ ਗਰੀਬਾਂ ਸਿਰ ਬੋਝ ਹੈ।
ਸਕੂਲ,ਹੋਟਲ,ਸਟੱਡੀ ਸੈਂਟਰ,ਪੈਲੇਸ ਜਾਂ ਰੈਸਟੋਰੈਂਟਾਂ ‘ਚ ਹੈ।
ਖਜ਼ਾਨੇ ਦੀਆਂ ਤਹਿਆਂ ਜਾਂ ਇਕੱਠ ਦੇ ਟੈਂਟਾਂ ‘ਚ ਹੈ।
ਮਾਸਕ,ਸੈਨੇਟਾਇਜ਼ਰ ਦੇ ਵਪਾਰ ਲਈ ਇਹ ਚਾਇਨਾ ਡੋਰ ਹੈ।
ਡਰ,ਫਾਇਦਾ,ਬਿਮਾਰੀ ਹੈ ਜਾਂ ਗੱਲ ਕੋਈ ਹੋਰ ਹੈ।
ਬੱਚਿਆਂ ਦੇ ਭਵਿੱਖ ‘ਚ ਜਾਂ ਲੀਡਰਾਂ ਦੀ ਭੁੱਖ ‘ਚ ਹੈ।
ਖੁਸ਼ੀਆਂ ਦੇ ਝੁੰਡ ‘ਚ ਜਾਂ ਮੌਤ ਦੇ ਦੁੱਖ ‘ਚ ਹੈ।
“ਸੰਧੂ” ਸਾਡੇ ਦਿਲਾਂ ਵਿੱਚ ਹਾਲੇ ਭਾਰੀ ਰੋਸ ਹੈ।
ਉੱਠੇਗਾ ਤਾਂ ਦੱਸੇਗਾ ਅਜੇ ਕਰੋਨਾਂ ਬੇਹੋਸ਼ ਹੈ।

———————00000———————

ਲਾਸ਼
ਖਤਰਨਾਕ ਨਹੀਂ ਹੈ
ਸਰੀਰ ਦਾ ਲਾਸ਼ ਹੋਣਾ,
ਮਰ ਜਾਣਾ,
ਸਵਾਹ ਹੋ ਜਾਣਾ,
ਮਿਟ ਜਾਣਾ
ਤੇ
ਰੂਹ ਦਾ ਸਰੀਰ ਚੋਂ ਨਿਕਲ ਜਾਣਾ
ਕਿਉਂਕਿ
ਮਰਿਆ ਇਨਸਾਨ ਰਾਹ ਦਾ ਰੋੜ੍ਹਾ ਨਹੀਂ ਹੁੰਦਾ,
ਕਿਸੇ ਲਈ ਜ਼ਹਿਰ ਨਹੀਂ ਬਣਦਾ,
ਕਿਸੇ ਲਈ ਫੋੜਾ ਨਹੀਂ ਹੁੰਦਾ।
ਪਰ ਕਿੰਨਾਂ ਖਤਰਨਾਕ ਹੈ
ਜ਼ਮੀਰ ਦਾ ਮਰ ਜਾਣਾ,
ਕਿਰਦਾਰ ਤੋਂ ਗਿਰ ਜਾਣਾ,
ਇਨਸਾਨੀਅਤ ਦਾ ਅੰਤ ਹੋਣਾ,
ਕਿਸੇ ਲਈ ਨਸੂਰ ਬਣ ਜਾਣਾ,
ਸੋਚ ਨੂੰ ਅਧਰੰਗ ਹੋਣਾ,
ਜ਼ੁਲਮ ਖਿਲਾਫ ਮੋਨ ਹੋ ਜਾਣਾ,
ਖੂਨ ਦਾ ਸਫੈਦ ਹੋਣਾ,
ਅਹਿਸਾਸ ਦਾ ਖਤਮ ਹੋ ਜਾਣਾ
ਅਤੇ
ਜਿੰਦਾ ਲਾਸ਼ ਹੋ ਜਾਣਾ।

———————00000———————

ਵਕਤ

ਅਜੇ ਵਕਤ ਹੈ ਆਉਣਾ ਸਾਡਾ,ਭਾਵੇਂ ਗਲੇ ਜੰਜੀਰਾਂ ਨੇ।
ਸਮਝਣ ਜਿਸਨੂੰ ਵਿੱਚ ਫਰੇਮਾਂ,ਬੋਲ ਪੈਣਾਂ ਤਸਵੀਰਾਂ ਨੇ।
ਬੁੱਥਿਆਂ ਦੇ ਨਾਲ ਪਾਟੇ ਹੋਏ ਪੈਰ ਅਸਾਂ ਦੇ ਦੱਸਦੇ ਨੇ,
ਮਿਹਨਤ ਦੀ ਭੱਠੀ ਵਿੱਚ ਤਪਕੇ ਬਦਲ ਜਾਣਾ ਤਕਦੀਰਾਂ ਨੇ।
ਤੀਬਰ ਤਾਂਘ ਦਿਲਾਂ ਵਿੱਚ ਰੱਖਕੇ ਤੁਰ ਪਏ ਹਾਂ ਅਸੀਂ ਮੰਜ਼ਿਲ ਦੀ,
ਟੀਸੀ ਉੱਤੇ ਪਹੁੰਚਣ ਦੀਆਂ ਸੋਚ ਲਈਆਂ ਤਦਬੀਰਾਂ ਨੇ।
ਲਾਟਾਂ ਬਣਕੇ ਮੱਚਣਾ ਇੱਕ ਦਿਨ ਭੁੱਬਲ ਚੋਂ ਅਗਿਆਰਾਂ ਨੇ,
ਮੁਸ਼ੱਕਤ ਦੇ ਨਾਲ ਸਿੱਧੀਆ ਹੋਣਾ ਮੱਥੇ ਦੀਆਂ ਲਕੀਰਾਂ ਨੇ।
ਡੇਲੇ ਟੱਡੇ ਰਹਿ ਜਾਣੇ ਨੇ ਟਿੱਚਰਾਂ ਵਾਲੇ ਲੋਕਾਂ ਦੇ,
ਉੱਬਲ ਉੱਬਲ ਕੇ ਬਾਹਰ ਨੂੰ ਆਉਣਾ ਕਾਜੂ ਵਾਲੀਆਂ ਖੀਰਾਂ ਨੇ।
ਅੱਖਾਂ ਖੋਲ ਕੇ ਵੇਖੀ ਜਾਈਏ ਰੰਗ ਤਮਾਸ਼ੇ ਦੁਨੀਆਂ ਦੇ,
ਆਖਰ ਇੱਕ ਦਿਨ ਚੱਲ ਹੀ ਜਾਣਾ ਖੁੰਢੀਆਂ ਜੋ ਸਮਸ਼ੀਰਾਂ ਨੇ।
ਉੱਗਣ ਵਾਲੇ ਨਿੱਖਰ ਆਉਂਦੇ ਖੇਹਾਂ ਦੀਆਂ ਪਰਤਾਂ ਚੋਂ,
ਇੱਕ ਦਿਨ ਚੁਲਬੁਲ ਚੁਲਬੁਲ ਕਰਨਾਂ ਚਸ਼ਮੇਂ ਦੀਆਂ ਧਤੀਰਾਂ ਨੇ।
ਮਾਰੇ ਜਾਂਦੇ ਠੁੱਡ ਅਜੇ ਐ ਸਮਝ ਕੇ ਜਿਹੜੀ ਰੱਦੀ ਨੂੰ,
ਸੰਧੂ ਮਹਿੰਗੇ ਭਾਅ ਹੋ ਜਾਣਾ ਖੁੱਸੜ ਹੋਈਆਂ ਲੀਰਾਂ ਨੇ।

———————00000———————

Related posts

ਅਰਸ਼ਪ੍ਰੀਤ ਸਿੰਘ ‘ਮਧਰੇ’, ਬਟਾਲਾ

admin

ਡਾ. ਆਤਮਾ ਸਿੰਘ ਗਿੱਲ

admin

ਰਮਨਦੀਪ ਸੰਧੂ – ਵਿੰਟਰ ਵੈਲੀ, ਵਿਕਟੋਰੀਆ

admin