Articles Culture

ਥੀਏਟਰ ਕਰਨ ਨਾਲ ਅਦਾਕਾਰੀ ਦੀਆਂ ਬਾਰੀਕੀਆਂ ਤੇ ਆਤਮ-ਵਿਸ਼ਵਾਸ ਹਾਸਿਲ ਹੋਵੇਗਾ

ਲੇਖਕ: ਵਿਜੈ ਗਰਗ ਸਾਬਕਾ ਪਿ੍ੰਸੀਪਲ, ਮਲੋਟ

ਰੰਗਮੰਚ ਹੋਵੇ ਜਾਂ ਫਿਲਮੀ ਪਰਦਾ, ਅਦਾਕਾਰੀ ਕਰਨ ਦੀ ਚਾਹਤ ਨੂੰ ਲੈ ਕੇ ਨੌਜਵਾਨ ਵੱਡੇ-ਵੱਡੇ ਸੁਪਨੇ ਦੇਖਦੇ ਹਨ। ਅਦਾਕਾਰੀ ਚੁਣੌਤੀਪੂਰਨ ਕਰੀਅਰ ਹੈ। ਨੌਜਵਾਨ ਪੀੜ੍ਹੀ ਇਸ ਖੇਤਰ ’ਚ ਭਵਿੱਖ ਬਣਾਉਣ ਦਾ ਸੁਪਨਾ ਦੇਖਦੀ ਹੈ। ਅਦਾਕਾਰੀ ’ਚ ਕੈਰੀਅਰ ਬਣਾਉਣ ਦੀ ਪਹਿਲੀ ਪੌੜੀ ਹੈ ਰੰਗਮੰਚ। ਚੁਣੌਤੀਆਂ ਨਾਲ ਭਰੀ ਇਸ ਦੁਨੀਆ ’ਚ ਆਪਣੀ ਪਛਾਣ ਬਣਾਉਣੀ ਸੌਖੀ ਗੱਲ ਨਹੀਂ ਪਰ ਸਹੀ ਮੰਚ ਤੇ ਇਸ ਕਲਾ ’ਚ ਖ਼ੁਦ ਨੂੰ ਸਥਾਪਿਤ ਕਰਨ ਦਾ ਜਨੂੰਨ ਤੁਹਾਡੇ ਲਈ ਭਵਿੱਖ ਦਾ ਰਸਤਾ ਬਣਾ ਸਕਦਾ ਹੈ।

ਕਿਵੇਂ ਬਣਾਈਏ ਕੈਰੀਅਰ
ਮਹਾਨਗਰਾਂ ਤੋਂ ਲੈ ਕੇ ਛੋਟੇ ਸ਼ਹਿਰਾਂ ਤੇ ਕਸਬਿਆਂ ਤਕ ਅਜਿਹੇ ਨੌਜਵਾਨਾਂ ਦੀ ਲੰਬੀ ਸੂਚੀ ਦੇਖੀ ਜਾ ਸਕਦੀ ਹੈ, ਜੋ ਅਦਾਕਾਰੀ ਕਰਨੀ ਚਾਹੁੰਦੇ ਹਨ। ਜ਼ਿਆਦਾਤਰ ਨੌਜਵਾਨ ਇਸ ਸ਼ੌਕ ਪਿੱਛੇ ਮਾਇਆ ਨਗਰੀ ਮੰਬਈ ਦੀ ਚਕਾਚੌਂਧ ਪ੍ਰਤੀ ਆਕਰਸ਼ਿਤ ਹਨ ਤੇ ਕੁਝ ਕੁ ਵਿਚ ਅਦਾਕਾਰੀ ਪ੍ਰਤੀ ਜਨੂੰਨ ਦਾ ਹੋਣਾ। ਦੋਵਾਂ ਹੀ ਹਾਲਾਤਾਂ ’ਚ ਇਕ ਸਵਾਲ ਆਮ ਹੈ ਕਿ ਅਦਾਕਾਰੀ ’ਚ ਭਵਿੱਖ ਕਿਵੇਂ ਬਣਾਈਏ? ਹੁਣ ਉਹ ਜ਼ਮਾਨਾ ਬੀਤ ਗਿਆ, ਜਦੋਂ ਕਹਿੰਦੇ ਸੀ ਕਿ ਮੰੁਬਈ ਜਾਵਾਂਗੇ ਤੇ ਅਦਾਕਾਰ ਬਣਾਂਗੇ। ਅਸਲ ’ਚ ਅਦਾਕਾਰੀ ਵਿਚ ਕਰੀਅਰ ਬਣਾਉਣ ਦਾ ਰਸਤਾ ਅਦਾਕਾਰੀ ਦੀਆਂ ਬਾਰੀਕੀਆਂ ਨੂੰ ਸਿੱਖਣ ਤੋਂ ਸ਼ੁਰੂ ਹੰੁਦਾ ਹੈ। ਇਹ ਬਾਰੀਕੀਆਂ ਰੰਗਮੰਚ ’ਚ ਕੰਮ ਕਰ ਕੇ ਸਿੱਖੀਆਂ ਜਾ ਸਕਦੀਆਂ ਹਨ।
ਖ਼ੁਦ ਨੂੰ ਪੁੱਛੋ ਸਵਾਲ
ਅਜਿਹੇ ਕਈ ਨੌਜਵਾਨ ਹਨ, ਜਿਨ੍ਹਾਂ ਨੂੰ ਇਹ ਗ਼ਲਤਫਹਿਮੀ ਹੁੰਦੀ ਹੈ ਕਿ ਉਹ ਅਦਾਕਾਰੀ ਕਰਨ ਮੰੁਬਈ ਜਾਣਗੇ ਤੇ ਰਾਤੋ-ਰਾਤ ਸਫਲ ਹੋ ਜਾਣਗੇ। ਜੇ ਤੁਸੀਂ ਇਸ ਤਰ੍ਹਾਂ ਦੀ ਕਿਸੇ ਫਿਲਮੀ ਕਹਾਣੀ ’ਚ ਯਕੀਨ ਰੱਖਦੇ ਹੋ ਤਾਂ ਇਸ ਭਰਮ ’ਚੋਂ ਬਾਹਰ ਆ ਜਾਵੋ। ਅਸਲ ਵਿਚ ਅਜਿਹਾ ਕੁਝ ਨਹੀਂ ਹੰੁਦਾ। ਅਦਾਕਾਰ ਬਣਨ ਲਈ ਜ਼ਰੂਰੀ ਹੈ ਖ਼ੁਦ ਨੂੰ ਤਰਾਸ਼ਣਾ। ਜੇ ਤੁਸੀਂ ਇਸ ਨੂੰ ਬਿਹਤਰ ਤਰੀਕੇ ਨਾਲ ਸਮਝਣਾ ਚਾਹੁੰਦੇ ਹੋ ਤਾਂ ਮਨੋਜ ਰਮੋਲਾ ਦੀ ਕਿਤਾਬ ‘ਆਡੀਸ਼ਨ ਰੂਮ’ ਤੁਹਾਡੇ ਲਈ ਮਦਦਗਾਰ ਹੋ ਸਕਦੀ ਹੈ। ਇਹ ਕਿਤਾਬ ਅਦਾਕਾਰੀ ਨੂੰ ਕਰੀਅਰ ਚੁਣਨ ਤੋਂ ਪਹਿਲਾਂ ਖ਼ੁਦ ਕੋਲੋਂ ਕੁਝ ਸਵਾਲ ਪੱੁਛਣ ਦੇ ਸੁਝਾਅ ਦਿੰਦੀ ਹੈ। ਸ਼ਰਤ ਇਹ ਕਿ ਤੁਸੀਂ ਅਦਾਕਾਰੀ ਲਈ ਖ਼ੁਦ ਕਿੰਨੇ ਕੁ ਤਿਆਰ ਹੋ। ਕੀ ਤੁਸੀਂ ਸੰਘਰਸ਼ ਤੇ ਚੁਣੌਤੀਆਂ ਨਾਲ ਲੜਨ ਲਈ ਤਿਆਰ ਹੋ? ਇਕ ਅਦਾਕਾਰ ਦੀ ਸਫਲਤਾ ਦੀ ਆਪਣੀ ਪਰਿਭਾਸ਼ਾ ਕੀ ਹੈ? ਜੇ ਤੁਹਾਡੀ ਕਲਾ ਨੂੰ ਕੋਈ ਪ੍ਰਵਾਨ ਨਹੀਂ ਕਰਦਾ ਤਾਂ ਉਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤੁਸੀਂ ਮਾਨਸਿਕ ਰੂਪ ’ਚ ਮਜ਼ਬੂਤ ਹੋ? ਅਦਾਕਾਰੀ ਦੇ ਖੇਤਰ ’ਚ ਅੱਗੇ ਵਧਣ ਤੋਂ ਪਹਿਲਾਂ ਤੁਹਾਡੇ ਕੋਲ ਇਨ੍ਹਾਂ ਸਵਾਲਾਂ ਦੇ ਜਵਾਬ ਹੋਣੇ ਚਾਹੀਦੇ ਹਨ।
ਹੁਨਰ ਨੂੰ ਤਰਾਸ਼ਣਾ ਜ਼ਰੂਰੀ
ਅਦਾਕਾਰੀ ਇਕ ਹੁਨਰ ਹੈ, ਜਿਸ ਨੂੰ ਜੇ ਸੰਜੀਦਗੀ ਨਾਲ ਤਰਾਸ਼ਿਆ ਜਾਵੇ ਤਾਂ ਇਕ ਮੁਕੰਮਲ ਮੁਕਾਮ ਤਕ ਪਹੰੁਚਿਆ ਜਾ ਸਕਦਾ ਹੈ। ਅਦਾਕਾਰੀ ਦੀ ਦੁਨੀਆ ਰੰਗਮੰਚ, ਟੈਲੀਵਿਜ਼ਨ ਤੋਂ ਲੈ ਕੇ ਵੱਡੇ ਪਰਦੇ ਤਕ ਆਬਾਦ ਹੈ, ਜਿਸ ’ਚ ਸਫਲਤਾ ਹਾਸਿਲ ਕਰਨ ਤੇ ਨਾਂ ਕਮਾਉਣ ਦੇ ਮੌਕੇ ਹਰ ਵਕਤ ਜਨਮ ਲੈਂਦੇ ਹਨ। ਹੁਣ ਇਹ ਤੁਹਾਡੀ ਮਿਹਨਤ ਅਤੇ ਹੁਨਰ ’ਤੇ ਹੈ ਕਿ ਤੁਸੀਂ ਕਿਸ ਤਰ੍ਹਾਂ ਆਪਣੇ ਨਾਂ ਬਣਾ ਸਕਦੇ ਹੋ, ਜਿਸ ਲਈ ਸਿੱਖਣ ਦੀ ਨਿਰੰਤਰ ਪ੍ਰਕਿਰਿਆ ਨਾਲ ਸਾਹਸ ਤੇ ਹੌਸਲੇ ਦਾ ਹੋਣਾ ਬੇਹੱਦ ਜ਼ਰੂਰੀ ਹੈ। ਇਹ ਵੀ ਜ਼ਰੂਰੀ ਹੈ ਕਿ ਕਿਵੇਂ ਗਲੈਮਰ ਦੀ ਚਕਾਚੌਂਧ ’ਚ ਤੁਸੀਂ ਆਪਣੀ ਹੋਂਦ ਬਚਾਈ ਰੱਖਦੇ ਹੋ। ਸਕੂਲ ਤੇ ਕਾਲਜ ਦੇ ਦਿਨਾਂ ’ਚ ਨਾਟਕਾਂ ਵਿਚ ਕੰਮ ਕਰਨ ਦੀ ਸ਼ੁਰੂਆਤ ਕਰ ਕੇ ਅਤੇ ਆਪਣੇ ਸ਼ਹਿਰ ਦੇ ਕਿਸੇ ਰੰਗਮੰਚ ਗਰੁੱਪ ਨਾਲ ਜੁੜ ਕੇ ਤੁਸੀਂ ਰੁਚੀ ਤੇ ਹੁਨਰ ਨੂੰ ਨਿਖਾਰ ਸਕਦੇ ਹੋ।
ਰੰਗਮੰਚ ਨਾਲ ਵਧੋ ਅੱਗੇ
ਇਕ ਸਮਾਂ ਸੀ ਜਦੋਂ ਥੀਏਟਰ ਨੂੰ ਇਕ ਕੈਰੀਅਰ ਬਦਲ ਵਜੋਂ ਸੋਚਣਾ ਸਮਝ ਤੋਂ ਬਾਹਰ ਸੀ ਪਰ ਹੁਣ ਦੇਸ਼ ਦੇ ਕੁਝ ਹਿੱਸਿਆਂ ’ਚ ਥੀਏਟਰ ਲਈ ਇਕ ਚੰਗਾ ਮਾਹੌਲ ਹੈ। ਇਨ੍ਹੀਂ ਦਿਨੀਂ ਕਮਰਸ਼ੀਅਲ ਥੀਏਟਰ ਗਰੁੱਪ ਚੰਗਾ ਕੰਮ ਕਰ ਰਹੇ ਹਨ। ਤੁਸੀਂ ਕਿਸੇ ਵੀ ਥੀਏਟਰ ਗਰੁੱਪ ਨਾਲ ਜੁੜ ਕੇ ਆਪਣੀ ਪਛਾਣ ਬਣਾ ਸਕਦੇ ਹੋ ਤੇ ਰੁਜ਼ਗਾਰ ਦਾ ਸਾਧਨ ਬਣਾ ਸਕਦੇ ਹੋ। ਥੀਏਟਰ ਕਰਨ ਨਾਲ ਅਦਾਕਾਰੀ ਦੀਆਂ ਬਾਰੀਕੀਆਂ ਸਿੱਖਣ ਨਾਲ ਤੁਸੀਂ ਆਤਮ-ਵਿਸ਼ਵਾਸ ਹਾਸਿਲ ਕਰ ਸਕਦੇ ਹੋ। ਜੇ ਤੁਸੀਂ ਟੈਲੀਵਿਜ਼ਨ ਤੇ ਫਿਲਮਾਂ ’ਚ ਜਾਣਾ ਚਾਹੁੰਦੇ ਹੋ ਤਾਂ ਸਮੇਂ-ਸਮੇਂ ’ਤੇ ਹੋਣ ਵਾਲੇ ਆਡੀਸ਼ਨ ਦਿੰਦੇ ਰਹੋ। ਕੀ ਪਤਾ ਕਦੋਂ ਕੋਈ ਚੁਣੌਤੀ ਭਰਿਆ ਰੋਲ ਮਿਲ ਜਾਵੇ ਤੇ ਫਿਲਮੀ ਪਰਦੇ ਦਾ ਰਸਤਾ ਤੁਹਾਡੇ ਲਈ ਖੁੱਲ੍ਹ ਜਾਵੇ।
ਇਨ੍ਹਾਂ ਗੱਲਾਂ ਦਾ ਰੱਖੋ ਖ਼ਿਆਲ
ਜੇ ਤੁਸੀਂ ਕਿਸੇ ਪ੍ਰਾਈਵੇਟ ਐਕਟਿੰਗ ਸਕੂਲ ’ਚ ਦਾਖ਼ਲਾ ਲੈਂਦੇ ਹੋ ਤਾਂ ਇਸ ਤੋਂ ਪਹਿਲਾਂ ਉਸ ਬਾਰੇ ਪੂਰੀ ਜਾਣਕਾਰੀ ਹਾਸਿਲ ਕਰ ਲਵੋ। ਕਿਤੇ ਵੀ ਆਡੀਸ਼ਨ ਦੇਣ ਜਾ ਰਹੇ ਹੋ ਤਾਂ ਧਿਆਨ ਰੱਖੋ ਕਿ ਆਡੀਸ਼ਨ ਲਈ ਕੋਈ ਵੀ ਫ਼ੀਸ ਨਹੀਂ ਲੱਗਦੀ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin