Poetry Geet Gazal

ਵੀਰਪਾਲ ਕੌਰ ‘ਕਮਲ’

 

 

 

 

ਬਾਲ ਕਵਿਤਾ

ਦੇਖੋ ਸੂਰਜ ਨਿਕਲ ਆਇਆ

ਰਾਤ ਗਈ ਹੈ ਚਾਨਣ ਆਇਆ
ਚਾਨਣ ਦੇ ਨਾਲ ਦਿਨ ਰੁਸ਼ਨਾਇਆ
ਦੇਖੋ ਸੂਰਜ ਨਿਕਲ ਆਇਆ
ਦੇਖੋ ਸੂਰਜ ਨਿਕਲ ਆਇਆ
ਗਰਮ ਗਰਮ ਤੇ ਗੋਲ -ਗੋਲ ਹੈ
ਚਿੱਟੀ ਚਾਦਰ ਲੈ ਕੇ ਆਇਆ
ਦੇਖੋ ਸੂਰਜ ਨਿਕਲ ਆਇਆ
ਦੇਖੋ ਸੂਰਜ ਨਿਕਲ ਆਇਆ
ਫੁੱਲਾਂ ਉੱਤੇ ਤਿਤਲੀਆਂ ਬੈਠਣ
ਭੌਰਿਆਂ ਨੇ ਹੈ ਗੀਤ ਸੁਣਾਇਆ
ਦੇਖੋ ਸੂਰਜ ਨਿਕਲ ਆਇਆ
ਦੇਖੋ ਸੂਰਜ ਨਿਕਲ ਆਇਆ
ਚਿੜੀਆਂ ਨੇ ਹੈ ਚੀਂ ਚੀਂ ਲਾਈ
ਕਾਵਾਂ ਨੇ ਹੈ ਸ਼ੋਰ ਮਚਾਇਆ
ਦੇਖੋ ਸੂਰਜ ਨਿਕਲ ਆਇਆ
ਦੇਖੋ ਸੂਰਜ ਨਿਕਲ ਆਇਆ
ਉੱਠੋ ਬੱਚਿਓ ਚੱਲੋ ਸਕੂਲੇ
ਸੰਦੇਸ਼ਾਂ ਇਹ ਦੇਵਣ ਆਇਆ

ਦੇਖੋ ਸੂਰਜ ਨਿਕਲ ਆਇਆ
ਦੇਖੋ ਸੂਰਜ ਨਿਕਲ ਆਇਆ

———————00000———————

ਕੋਰੜਾ  
ਉੱਠ ਕੇ ਸਵੇਰੇ ਟਹਿਲਣੇ ਚੱਲੀਏ
ਨਾਮ ਜੋ ਗੁਰਾਂ ਦਾ ਧਿਆਉਂਦੇ ਚੱਲੀਏ
ਸੋਚ ਰੱਖੋ ਸਾਫ ਤੇ ਸੁਚੱਜੀ ਬੋਲਣੀ
ਮਿੱਠੇ ਬੋਲਾਂ ਨਾਲ ਮਿਸ਼ਰੀ ਹੈ ਘੋਲਣੀ
ਸਾੜਾ ਛੱਡ ਦਿਓ ਦਿਲੀ ਜੀ ਪਾਵਣਾ
ਸਭਨਾਂ ਦੇ ਦੁੱਖ ਸੁੱਖ ਹਿੱਸੇ ਆਵਣਾ
ਚੰਗੇ ਕਮੀ ਕਦੇ ਕਰੀਏ ਨਾ ਦੇਰ ਜੀ
ਕੁਦਰਤ ਆਪੇ ਦੇਣੇ ਦਿਨ ਫੇਰ ਜੀ
ਮਾੜੀ ਸੋਚ ਲੈ ਜੇ ਪਿੱਛੇ ਵੱਲ ਬੰਦੇ ਨੂੰ
ਸਿੱਧੀ ਨੀਤ ਨਾਲ ਕਰੋ ਕੰਮ ਧੰਦੇ ਨੂੰ
ਬੰਦਿਆਂ ਦੀ ਦਾਰੂ ਕਹਿੰਦੇ ਹੈਗਾ ਬੰਦਾ ਜੀ
ਬੋਲੋ ਨਾ ਜ਼ੁਬਾਨੋ ਕਦੇ ਮੰਦਾ ਚੰਗਾ ਜੀ
ਕਾਨੀ ਤੇ ਦਵਾਤ ਨਾਲ ਲਿਖੋ ਸੱਚ ਜੀ
ਹੀਰਿਆਂ ਨੂੰ ਹੀਰਾ ਕਹੋ ਕੱਚ ਕੱਚ ਜੀ
‘ਕਮਲਵੀਰ, ਤੋਂ ਕੱਚਾ ਪੱਕਾ ਲਿਖ ਦੀ
ਵੱਡਿਆਂ ਦੇ ਕੋਲੋਂ ਰਹੀਂ ਸਦਾ ਸਿੱਖਦੀ
———————00000———————
ਕਣਕਾਂ ਉਡੀਕਦੀਆਂ
ਕਣਕਾਂ ਉਡੀਕਦੀਆਂ
ਜੰਗ ਜਿੱਤ ਕੇ ਪੰਜਾਬ ਵੱਲ ਆ
ਧਰਤ ਸੁਨਹਿਰੀ ਖੇਤਾਂ ਵਾਲੀ ਹੋਈ ਪਈ
ਬੱਲੀਆਂ ਨੂੰ ਚੜ੍ਹਿਆ ਤਾਅ
ਕਣਕਾਂ ਉਡੀਕ ਦੀਆਂ
 ਜੰਗ ਜਿੱਤ ਕੇ ਪੰਜਾਬ ਵੱਲ ਆ  ……
ਪੱਕੀਆਂ ਨੇ ਸ਼ਰਮਾ ‘ਤੇ
ਬੇਰੀਆਂ ਦੇ ਬੇਰ ਪੱਕੇ
ਸਾਂਭ ਫ਼ਸਲਾਂ ਨੂੰ
ਘਰ ਫੇਰਾ ਪਾ
ਕਣਕਾਂ ਉਡੀਕਦੀਆਂ
ਜੰਗ ਜਿੱਤ ਕੇ ਪੰਜਾਬ ਵੱਲ ਆ…
ਬਦਲੀ ਵੀ ਲਿਸ਼ਕੇ
ਤੇ ਚਾਨਣੀਆਂ ਮਾਰੇ
ਰਹੀ  ਕੁਦਰਤ ਵੀ
 ਅੱਜ ਹੈ ਡਰਾ
ਕਣਕਾਂ ਉਡੀਕਦੀਆ
 ਜੰਗ ਜਿੱਤ ਕੇ  ਪੰਜਾਬ ਵੱਲ ਆ…..
ਮਾਰੂ ਸਰਕਾਰਾਂ ਨੇ
ਸ਼ੌਂਕ ਸਾਰੇ ਖੋਹ ਲਏ
ਅੱਜ ਕਿਹਾ ਏ
ਵਿਸਾਖੀ ਵਾਲਾ ਚਾਅ
 ਕਣਕਾਂ ਉਡੀਕਦੀਆਂ
 ਜੰਗ ਜਿੱਤ ਕੇ ਪੰਜਾਬ ਵੱਲ ਆ  …..
 ਮੁੱਦਤ ਤੋਂ ਘਰ ਬਾਰ
 ਛੱਡ ਕੇ ਐ ਬੈਠ ਗਏ
 ਡੇਰੇ ਦਿੱਲੀ ਦੇ
ਦਰਾਂ ਤੇ ਲਏ ਲਾ
ਕਣਕਾਂ ਉਡੀਕਦੀਆਂ
ਜੰਗ ਜਿੱਤ ਕੇ ਪੰਜਾਬ ਵੱਲ ਆ  …
———————00000———————

ਕਵਿਤਾ – ਮੈਂ ਕੰਮੀਆਂ ਦੀ ਜਾਈ

ਮੈਂ ਕੰਮੀਆਂ ਦੀ ਜਾਈ ਵੇ ਲੋਕਾ, ਮੈਂ …
ਗਰਮੀ ਵਿੱਚ ਨਾ ਪੱਖਾ ਜੁੜਦਾ
ਸਿਆਲੀਂ ਨਾ ਲੇਫ-ਤਲਾਈ
ਵੇ ਲੋਕਾ ਮੈਂ ਕੰਮੀਆਂ ਦੀ ਜਾਈ …
ਖੇਤੀਂ ਜਾਵਾਂ ਕੱਖ-ਪੱਠੇ ਨੂੰ
ਸਰਦਾਰ ਨੇ ਨਿਗਾ ਟਿਕਾਈ
ਵੇ ਲੋਕਾ ਮੈਂ ਕੰਮੀਆਂ ਦੀ ਜਾਈ…
ਪਾਟੀ ਕੁੜਤੀ ਢਾਕਾਂ ਨੰਗੀਆਂ
ਬਾਬੇ ਬੁੱਲੀਂ ਜੀਭ ਘੁੰਮਾਈ
ਵੇ ਲੋਕਾ ਮੈਂ ਕੰਮੀਆਂ ਦੀ ਜਾਈ …
ਗੋਹਾ-ਕੂੜਾ ਕਰਦੀ ਸ਼ਾਹਣੀ ਦਾ
ਮੈਂ ਜਾਤ-ਕਜਾਤ ਪਰਖਾਈ
ਵੇ ਲੋਕਾ ਮੈਂ ਕੰਮੀਆਂ ਦੀ ਜਾਈ …
ਪੱਕੀ  ਚਾਹ ਵਾਲੀ ਵਾਟੀ ਮੇਰੀ
ਮੂਧੀ ਕੌਲੇ ਨਾਲ ਟਿਕਾਈ
ਵੇ ਲੋਕਾ ਮੈਂ ਕੰਮੀਆਂ ਦੀ ਜਾਈ …
ਜੋਬਨ ਰੁਤੇ … ਮੌਲਣ ਰੁੱਤੇ …
ਝਾਟੇ ਚਿੱਟਿਆਂ ਨੇ ਛੈਂਬਰ ਲਾਈ
ਵੇ ਲੋਕਾ ਮੈਂ ਕੰਮੀਆਂ ਦੀ ਜਾਈ …
ਬਾਬਲ ਦੱਸ ਕਿੰਝ ਕਾਜ ਰਚਾਏ
ਜਿੰਦ ਡਾਹਡਿਆਂ ਲੇਖੇ ਲਾਈ
ਵੇ ਲੋਕਾ ਮੈਂ ਕੰਮੀਆਂ ਦੀ ਜਾਈ …
ਬਚਪਨ ਰੁਲਿਆ ਭੁੱਖਣ–ਭਾਣਾਂ
ਨਾ ਹੀ ਕਦੇ ਜਾਵਾਨੀ ਆਈ
ਵੇ ਲੋਕਾ ਮੈਂ ਕੰਮੀਆਂ ਦੀ ਜਾਈ …
ਵੱਟੀਂ ਰੁਲ ਗਏ ਚਾਅ ਵਿਗੁੱਚੇ
ਨਾ ਹੀ ਰੱਜ ਕੇ ਜੂਨ ਹੰਢਾਈ
ਵੇ ਲੋਕਾ ਮੈਂ ਕੰਮੀਆਂ ਦੀ ਜਾਈ …
ਮਾਂ ਮੇਰੀ ਨੇ ਵਿੱਚ ਚਿੰਤਾਵਾਂ
ਆਪਣੀ ਜਾਨ ਗਵਾਈ
ਵੇ ਲੋਕਾ ਮੈਂ ਕੰਮੀਆਂ ਦੀ ਜਾਈ …
ਨੀਚ ਜੇ ਤਿਆਗ ਈ ਦੇਵੋ
ਬਣ ਜਾਈਏ ਭਾਈ–ਭਾਈ
ਵੇ ਲੋਕਾ ਮੈਂ ਕੰਮੀਆਂ ਦੀ ਜਾਈ …

———————00000———————

ਕਵਿਤਾ – ਮਨ ਦੀਆਂ ਲੀਰਾਂ

ਮਨ ਦੀਆਂ ਲੀਰਾਂ
ਤਨ ਦੇ ਲੋਥੜ
ਮੈਂ
ਨਿੱਤ ਨਿੱਤ
ਭੇਂਟ ਚੜਾਉਨੀ ਆਂ
ਮੇਰੇ ਤਨ ਦੇ ਹਜਾਰਾਂ ਸੁਆਮੀ
ਰਾਜੇ
ਵਜੀਰ
ਨੇਤਾ
ਅਮੀਰ
ਗਰੀਬ
ਸ਼ਾਹ
ਮਜਦੂਰ
ਜਿਨ੍ਹਾ ਨੂੰ ਮੈਂ ਦਿਨ-ਰਾਤ ਭੁਗਤਾਉਨੀ ਆਂ
ਦੇਖੋ …
ਫਿਰ ਵੀ ਮੈਂ ਰੰਡੀ ਅਖਵਾਉਨੀ ਆਂ
———————00000———————

Related posts

ਅਰਸ਼ਪ੍ਰੀਤ ਸਿੰਘ ‘ਮਧਰੇ’, ਬਟਾਲਾ

admin

ਡਾ. ਆਤਮਾ ਸਿੰਘ ਗਿੱਲ

admin

ਰਮਨਦੀਪ ਸੰਧੂ – ਵਿੰਟਰ ਵੈਲੀ, ਵਿਕਟੋਰੀਆ

admin