Articles Australia

ਅਦਾਲਤੀ ਵਿਆਹ ਦੇ ਫਾਰਮਾਂ ਵਿੱਚ ਤਬਦੀਲੀਆਂ !

ਲੇਖਕ: ਹਰਪਾਲ ਸਿੰਘ ਸੰਧੂ, ਮੈਲਬੌਰਨ

ਆਸਟ੍ਰੇਲੀਆ ਦੇ ਅਟਾਰਨੀ-ਜਨਰਲ ਨੇ ਵਿਆਹ ਦੇ ਕਾਨੂੰਨ 1961 ਦੇ ਅਧੀਨ ਵਰਤੇ ਜਾਂਦੇ ਮਨਜ਼ੂਰਸ਼ੁਦਾ ਫਾਰਮਾਂ ਦੀ ਸਮੀਖਿਆ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਸਮੀਖਿਆ ਨੇ ਵਿਆਹ ਵਾਲੇ ਫਾਰਮ ਦੇ ਖਰੜੇ ਅਤੇ ਜਨਤਕ ਸਲਾਹ-ਮਸ਼ਵਰੇ ਦੌਰਾਨ ਪ੍ਰਾਪਤ ਟਿੱਪਣੀਆਂ ਨੂੰ ਧਿਆਨ ਵਿੱਚ ਰੱਖਿਆ ਹੈ।

ਸਮੀਖਿਆ ਤੋਂ ਬਾਅਦ ਵਿਆਹ ਦੇ ਤਿੰਨ ਫਾਰਮਾਂ ਦਾ ਨਵੀਨੀਕਰਨ ਕੀਤਾ ਗਿਆ ਹੈ – ਵਿਆਹ ਦੇ ਨੋਟਿਸ ਵਾਲਾ ਫਾਰਮ, ਵਿਆਹ ਦਾ ਅਧਿਕਾਰਤ ਸਰਟੀਫਿਕੇਟ ਅਤੇ ਵਿਆਹ ਦਾ ਹਲਫੀਆ ਬਿਆਨ ਵਾਲਾ ਫਾਰਮ। ਨਵੇਂ ਫਾਰਮ ਪਹਿਲੀ ਸਤੰਬਰ 2021 ਤੋਂ ਉਪਲਬਧ ਹੋਏ ਹਨ। ਹੁਣ ਸਾਰੇ ਵਿਆਹੁਤਾ ਜੋੜਿਆਂ ਨੂੰ ਨਵੇਂ ਵਿਆਹ ਫਾਰਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਸਮੇਂ ਤੋਂ ਪਹਿਲਾਂ ਅਧਿਕਾਰਤ ਸੈਲੀਬ੍ਰੈਂਟ ਨੂੰ ਸੌਂਪੇ ਗਏ ਵਿਆਹ ਵਾਲੇ ਫਾਰਮਾਂ ਦੇ ਪੁਰਾਣੇ ਨੋਟਿਸ 18 ਮਹੀਨਿਆਂ ਦੀ ਮਿਆਦ ਲਈ ਵੈਧ ਰਹਿਣਗੇ।

ਵਿਆਹ ਦੇ ਕਾਨੂੰਨ 1961 ਦੀਆਂ ਕੁਝ ਧਾਰਾਵਾਂ ਨੂੰ ਕੋਵਿਡ-19 ਮਹਾਂਮਾਰੀ ਦੇ ਕਾਰਨ ਅਸਥਾਈ ਤੌਰ ‘ਤੇ ਸੋਧਿਆ ਗਿਆ ਹੈ, ਤਾਂ ਜੋ ਵਿਆਹ ਕਰਵਾਉਣ ਵਾਲੇ ਜੋੜੇ ਨੂੰ ਵਿਆਹ ਦੇ ਨੋਟਿਸ ਵਾਲੇ ਫਾਰਮ ਉੱਤੇ ਦਸਤਖਤ ਕਰਦੇ ਹੋਏ ਨੂੰ ਗਵਾਹੀ ਪਾਉਣ ਵਾਲੇ ਅਧਿਕਾਰਤ ਵਿਅਕਤੀ ਦੁਆਰਾ ਦੂਰੋਂ ਦੇਖਣ ਦੇ ਯੋਗ ਬਣਾਇਆ ਜਾ ਸਕੇ। ਕੋਵਿਡ ਮਹਾਂਮਾਰੀ ਦੇ ਨਿਰੰਤਰ ਪ੍ਰਭਾਵ ਨੂੰ ਵੇਖਦੇ ਹੋਏ ਵਿਆਹ ਕਰਵਾਉਣ ਵਾਲਿਆਂ ਦੀ ਸਹਾਇਤਾ ਕਰਨ ਲਈ ਇਹ ਅਸਥਾਈ ਇੰਤਜ਼ਾਮ ਹੈ।

ਕਰੋਨਾਵਾਇਰਸ ਪੈਕੇਜ ਜੋ ਇਸ ਕਾਨੂੰਨ ਨੂੰ ਸੋਧਦਾ ਹੈ, ਨੇ 21 ਦਸੰਬਰ 2021 ਨੂੰ ਇਹ ਕਾਰਵਾਈ ਸ਼ੁਰੂ ਕੀਤੀ ਸੀ। ਇਹ ਉਹ ਤਰੀਕ ਹੈ ਜਦੋਂ ਅਧਿਕਾਰਤ ਸੈਲੀਬ੍ਰੈਂਟ ਦੂਰ-ਦੁਰਾਡੇ ਤੋਂ ਦਸਤਖਤਾਂ ਵਾਸਤੇ ਗਵਾਹੀ ਪਾਉਣੀ ਸ਼ੁਰੂ ਕਰ ਸਕਦੇ ਹਨ। ਇਹ ਪ੍ਰਬੰਧ 31 ਦਸੰਬਰ 2022 ਤੱਕ ਲਾਗੂ ਰਹੇਗਾ, ਜਦੋਂ ਸਬੰਧਿਤ ਵਿਧਾਨ ਨੂੰ ਰੱਦ ਕਰ ਦਿੱਤਾ ਜਾਵੇਗਾ।

ਇਸ ਦੇ ਅਧੀਨ ਅਧਿਕਾਰਤ ਗਵਾਹ, ਨੋਟਿਸ ਵਾਲੇ ਫਾਰਮ ਦੇ ਸਫ਼ਾ 4 ਉੱਤੇ ਗਵਾਹ ਵਾਲੇ ਡੱਬੇ ਵਿੱਚ ਦਸਤਖਤ ਕਰ ਸਕਦਾ ਹੈ, ਜੇ ਉਨ੍ਹਾਂ ਨੇ ਪਾਰਟੀ ਨੂੰ ਸਕਾਈਪ ਜਾਂ ਜ਼ੂਮ ਵਰਗੀਆਂ ਵੀਡੀਓ ਕਾਨਫਰੰਸ ਦੀ ਸਹੂਲਤ ਰਾਹੀਂ ਫਾਰਮ ਉੱਤੇ ਦਸਤਖਤ ਕਰਦੇ ਹੋਏ ਵੇਖਿਆ ਹੈ, ਜੋ ਵਿਅਕਤੀਆਂ ਦੇ ਵਿਚਕਾਰ ਆਵਾਜ਼ ਅਤੇ ਵੀਡੀਓ ਗੱਲਬਾਤ ਨੂੰ ਸਮਰੱਥ ਬਣਾਉਂਦੀ ਹੈ।

ਵਿਆਹ ਦੇ ਫਾਰਮ ਨੂੰ ਘੱਟੋ ਘੱਟ ਇਕ ਮਹੀਨਾ ਪਹਿਲਾਂ ਅਜੇ ਵੀ ਅਧਿਕਾਰਤ ਸੈਲੀਬ੍ਰੈਂਟ ਨੂੰ ਦਿੱਤਾ ਜਾਣਾ ਚਾਹੀਦਾ ਹੈ। ਕਿਰਪਾ ਕਰਕੇ ਯਾਦ ਰੱਖੋ ਕਿ ਗਵਾਹਾਂ ਦੀਆਂ ਸਥਾਨਕ ਲੋੜਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਅਧਿਕਾਰਤ ਸੈਲੀਬ੍ਰੈਂਟ ਸਿਰਫ ਆਸਟ੍ਰੇਲੀਆ ਵਿੱਚ ਹੀ ਨੋਟਿਸ ਉੱਤੇ ਦਸਤਖਤ ਕਰਨ ਵਾਲੀਆਂ ਧਿਰਾਂ ਦੇ ਦਸਤਖਤਾਂ ਨੂੰ ਦੂਰੋਂ ਦੇਖ ਕੇ ਗਵਾਹੀ ਪਾਉਣ ਦੇ ਯੋਗ ਹੁੰਦੇ ਹਨ।

ਵਿਆਹ ਦੇ ਨੋਟਿਸ ਵਾਲੇ ਫਾਰਮ ਨੂੰ ਸਹੀ ਤਰੀਕੇ ਨਾਲ ਭਰਨ ਲਈ ਕੁਝ ਖਾਸ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਹਨਾਂ ਵਿੱਚੋਂ ਕੁਝ ਦੀ ਵਿਆਖਿਆ ਇੱਥੇ ਕੀਤੀ ਗਈ ਹੈ। ਨੋਟਿਸ ਜਮ੍ਹਾਂ ਕਰਵਾਉਣ ਦੀ ਤਰੀਕ ਵਿਆਹ ਦੀ ਤਰੀਕ ਤੋਂ ਘੱਟੋ ਘੱਟ ਇਕ ਮਹੀਨਾ ਪਹਿਲਾਂ ਹੋਣੀ ਚਾਹੀਦੀ ਹੈ। ‘ਮਹੀਨੇ’ ਦਾ ਮਤਲਬ ਹੈ ਕੈਲੰਡਰ ਮਹੀਨਾ। ਜੇ ਪਾਰਟੀਆਂ ਨੋਟਿਸ ਜਮ੍ਹਾਂ ਕਰਵਾਉਣ ਤੋਂ ਬਾਅਦ ਆਪਣੇ ਵਿਆਹ ਦੀ ਥਾਂ ਬਦਲ ਲੈਂਦੀਆਂ ਹਨ। ਜਗ੍ਹਾ ਵਾਲੇ ਹਿੱਸੇ ਨੂੰ ਆਖਰੀ ਪਲਾਂ ਵਿੱਚ ਕੀਤੀ ਤਬਦੀਲੀ ਨੂੰ ਦਰਸਾਉਣ ਲਈ ਫਾਰਮ ਨੂੰ ਨਵਿਆਇਆ ਜਾ ਸਕਦਾ ਹੈ।

ਹਰੇਕ ਵਿਅਕਤੀ ਨੂੰ ਲਾੜਾ/ਲਾੜੀ/ਸਾਥੀ ਵਜੋਂ ਅਤੇ ਆਪਣੇ ਲਿੰਗ ਵਾਸਤੇ ਫਾਰਮ ਉੱਤੇ ਸਹੀ ਚੋਣ ਕਰਨੀ ਚਾਹੀਦੀ ਹੈ। ਹਰੇਕ ਵਿਅਕਤੀ ਦਾ ਨਾਮ ਲਾਜ਼ਮੀ ਤੌਰ ‘ਤੇ ਉਹਨਾਂ ਦੇ ਪਛਾਣ ਵਾਲੇ ਦਸਤਾਵੇਜ਼ਾਂ ਨਾਲ ਸਹੀ ਮੇਲ ਖਾਣਾ ਚਾਹੀਦਾ ਹੈ। ਉਦਾਹਰਣ ਲਈ, ਤੁਸੀਂ ਛੋਟਾ ਜਾਂ ਬਦਲਵਾਂ ਨਾਮ ਨਹੀਂ ਲਿਖ ਸਕਦੇ ਜਦੋਂ ਤੱਕ ਤੁਸੀਂ ਕਾਨੂੰਨੀ ਤੌਰ ‘ਤੇ ਆਪਣਾ ਨਾਮ ਨਹੀਂ ਬਦਲ ਲੈਂਦੇ।

ਕੁਝ ਲੋਕ ਪਹਿਲਾਂ ਹੀ ਇਕ ਜਾਂ ਇਕ ਤੋਂ ਜ਼ਿਆਦਾ ਵਾਰੀ ਵਿਆਹੇ ਹੁੰਦੇ ਹਨ। ਇਸ ਵਿੱਚ ਪਿਛਲੇ ਵਿਆਹਾਂ ਦੀ ਗਿਣਤੀ, ਹਰੇਕ ਪਿਛਲੇ ਵਿਆਹ ਦਾ ਸਾਲ ਲਿਖਣਾ ਸ਼ਾਮਲ ਹੋਵੇਗਾ ਅਤੇ ਜੇ ਪਤਾ ਹੋਵੇ ਤਾਂ ਤਰੀਕ ਵੀ ਲਿਖੀ ਜਾਵੇਗੀ। ਕੁਝ ਲੋਕਾਂ ਦਾ ਵਧੇਰੇ ਗੁੰਝਲਦਾਰ ਇਤਿਹਾਸ ਹੁੰਦਾ ਹੈ ਜਾਂ ਉਹ ਆਪਣੇ ਤਲਾਕ ਵਾਲੀ ਚਿੱਠੀ ਦੀ ਉਡੀਕ ਕਰ ਰਹੇ ਹੁੰਦੇ ਹਨ। ਜੇ ਕੋਈ ਪਾਰਟੀ ਪਹਿਲਾਂ ਵਿਆਹੀ ਹੋਈ ਹੈ, ਤਾਂ ਉਨ੍ਹਾਂ ਦਾ ਵਿਆਹ ਕਿਸ ਤਰ੍ਹਾਂ ਟੁੱਟਿਆ ਸੀ, ਉਸ ਨੂੰ ਸਹੀ ਤਰੀਕੇ ਨਾਲ ਲਿਖਣਾ ਚਾਹੀਦਾ ਹੈ, ਉਦਾਹਰਣ ਲਈ ਦੂਜੀ ਧਿਰ ਦੀ ਮੌਤ, ਤਲਾਕ ਜਾਂ ਵਿਆਹ ਨੂੰ ਰੱਦ ਕਰਨਾ। ਤੁਹਾਨੂੰ ਉਹ ਤਰੀਕ ਪ੍ਰਦਾਨ ਕਰਨ ਦੀ ਲੋੜ ਹੈ ਜਿਸ ‘ਤੇ ਆਖਰੀ ਜੀਵਨ ਸਾਥੀ ਦੀ ਮੌਤ ਹੋਈ ਸੀ, ਜਾਂ ਜਿਸ ਤਾਰੀਖ ਨੂੰ ਪਿਛਲੇ ਵਿਆਹ ਨੂੰ ਭੰਗ ਕਰਨਾ ਦਾ ਜਾਂ ਰੱਦ ਕਰਨ ਦਾ ਆਦੇਸ਼ ਦਿੱਤਾ ਗਿਆ ਸੀ।

ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਪੈਦਾ ਹੋਏ ਸੀ ਤਾਂ ਤੁਹਾਨੂੰ ਆਪਣੇ ਜਨਮ ਦੇ ਸਰਟੀਫਿਕੇਟ ਦੀ ਨਕਲ ਨੋਟਿਸ ਵਾਲੇ ਫਾਰਮ ਦੇ ਨਾਲ ਪ੍ਰਦਾਨ ਕਰਨੀ ਚਾਹੀਦੀ ਹੈ। ਆਸਟ੍ਰੇਲੀਆ ਤੋਂ ਬਾਹਰ ਪੈਦਾ ਹੋਏ ਵਿਅਕਤੀਆਂ ਨੂੰ ਸਮੇਂ ਦੀ ਕੁੱਲ ਮਿਆਦ ਦੱਸਣੀ ਚਾਹੀਦੀ ਹੈ ਜੋ ਉਹ ਆਸਟ੍ਰੇਲੀਆ ਵਿੱਚ ਰਹਿ ਚੁੱਕੇ ਹਨ (ਰਹਿੰਦੇ ਹਨ ਜਾਂ ਰਹੇ ਹਨ)। ਸਾਲਾਂ ਦੇ ਨਾਲ-ਨਾਲ ਮਹੀਨਿਆਂ ਦੀ ਗਿਣਤੀ ਸਿਰਫ ਓਥੇ ਹੀ ਦਿੱਤੀ ਜਾਣੀ ਚਾਹੀਦੀ ਹੈ ਜਦੋਂ ਕੋਈ ਵਿਅਕਤੀ ਦੋ ਸਾਲਾਂ ਤੋਂ ਵੀ ਘੱਟ ਸਮੇਂ ਤੋਂ ਆਸਟ੍ਰੇਲੀਆ ਵਿੱਚ ਵਸਨੀਕ ਹੈ। ਦੋਵੇਂ ਧਿਰਾਂ ਨੂੰ ਆਪਣੇ ਪਿਤਾ ਜੀ ਜਾਂ ਮਾਤਾ ਜੀ ਦੇ ਨਾਮ ਜਾਂ ਉਨ੍ਹਾਂ ਦੇ ਜਨਮ ਦੇ ਦੇਸ਼ਾਂ ਦੇ ਸਬੂਤਾਂ ਨੂੰ ਪੇਸ਼ ਕਰਨ ਦੀ ਲੋੜ ਨਹੀਂ ਹੈ।

ਆਸਟ੍ਰੇਲੀਆ ਦੇ ਕਾਨੂੰਨ ਦੇ ਅਧੀਨ, ਕੁਝ ਧਿਰਾਂ ਦੇ ਵਿਚਕਾਰ ਵਿਆਹਾਂ ਦੀ ਮਨਾਹੀ ਹੈ, ਜਿਵੇਂ ਕਿ ਪਹਿਲਾਂ ਤੋਂ ਹੀ ਇਕ ਦੂਜੇ ਨਾਲ ਵਿਆਹੇ ਵਿਅਕਤੀਆਂ ਵਿਚਕਾਰ, ਵਿਅਕਤੀ ਦੇ ਦਾਦਾ-ਦਾਦੀ ਜਾਂ ਪੋਤੇ, ਜਨਮ ਜਾਂ ਗੋਦ ਲਏ ਮਾਪੇ ਜਾਂ ਬੱਚੇ ਜਾਂ ਭੈਣ-ਭਰਾ ਜਾਂ ਮਤਰੇਏ ਭੈਣ-ਭਰਾ। ਸੰਬੰਧਿਤ ਪਾਰਟੀਆਂ ਜੋ ਵਿਆਹ ਕਰ ਸਕਦੀਆਂ ਹਨ, ਉਨ੍ਹਾਂ ਵਿੱਚ ਚਚੇਰੇ ਭਰਾ, ਚਾਚਾ/ਤਾਇਆ ਅਤੇ ਉਸ ਦੀ ਭਤੀਜੀ ਜਾਂ ਭਤੀਜਾ, ਚਾਚੀ/ਤਾਈ ਅਤੇ ਉਸ ਦਾ ਭਤੀਜਾ ਜਾਂ ਭਤੀਜੀ ਸ਼ਾਮਲ ਹਨ।

ਇਕ ਧਿਰ ਲਈ ਦੂਜੀ ਧਿਰ ਨਾਲੋਂ ਵੱਖਰੀ ਤਰੀਕ ਨੂੰ ਨੋਟਿਸ ਉੱਤੇ ਦਸਤਖਤ ਕਰਨਾ ਸੰਭਵ ਹੈ, ਅਤੇ ਇਸ ਵਿੱਚ ਵੱਖਰਾ ਗਵਾਹ ਸ਼ਾਮਲ ਹੋ ਸਕਦਾ ਹੈ। ਉਦਾਹਰਣ ਲਈ, ਵਿਆਹ ਤੋਂ ਪਹਿਲਾਂ ਇਕ ਧਿਰ ਦੂਸਰੇ ਰਾਜ ਜਾਂ ਵਿਦੇਸ਼ ਵਿੱਚ ਹੋ ਸਕਦੀ ਹੈ। ਅਧਿਕਾਰਤ ਗਵਾਹ ਨੂੰ ਲਾਜ਼ਮੀ ਤੌਰ ‘ਤੇ ਵਿਆਹ ਕਰਵਾਉਣ ਵਾਲੀ ਧਿਰ ਨੂੰ ਦਸਤਖਤ ਕਰਦੇ ਹੋਏ ਦੇਖਣਾ ਚਾਹੀਦਾ ਹੈ ਅਤੇ ਫਿਰ ਨੋਟਿਸ ‘ਤੇ ਦਸਤਖਤ ਕਰਨੇ ਚਾਹੀਦੇ ਹਨ ਅਤੇ ਤਰੀਕ ਪਾਉਣੀ ਚਾਹੀਦੀ ਹੈ।

ਵਿਆਹ ਵਾਲੇ ਨੋਟਿਸ ਫਾਰਮ ਨੂੰ ਵਿਆਹ ਦੀ ਤਰੀਕ ਤੋਂ ਘੱਟੋ ਘੱਟ ਇਕ ਮਹੀਨਾ ਪਹਿਲਾਂ ਜਾਂ ਵੱਧ ਤੋਂ ਵੱਧ 18 ਮਹੀਨੇ ਪਹਿਲਾਂ ਜਮ੍ਹਾਂ ਕਰਵਾਇਆ ਜਾ ਸਕਦਾ ਹੈ। 18 ਮਹੀਨੇ ਤੋਂ ਜ਼ਿਆਦਾ ਸਮਾਂ ਪਹਿਲਾਂ ਜਮ੍ਹਾਂ ਕਰਵਾਇਆ ਫਾਰਮ ਪਰਵਾਨ ਨਹੀਂ ਹੁੰਦਾ ਹੈ। ਵਿਆਹ ਵਾਲੇ ਨੋਟਿਸ ਫਾਰਮ ਨੂੰ ਜਮ੍ਹਾਂ ਕਰਵਾਉਣ ਦੇ ਇਕ ਮਹੀਨੇ ਦੇ ਨੋਟਿਸ ਨੂੰ ਘਟਾਉਣ ਲਈ ਅਰਜ਼ੀ ਪਾਉਣਾ ਇਕ ਗੰਭੀਰ ਵਿਸ਼ਾ ਹੈ। ਨਿਰਧਾਰਿਤ ਅਥਾਰਿਟੀਆਂ ਇਸ ਇਕ ਮਹੀਨੇ ਦੇ ਸਮੇਂ ਨੂੰ ਘਟਾ ਸਕਦੀਆਂ ਹਨ।

ਇਕ ਮਹੀਨੇ ਦੇ ਨੋਟਿਸ ਨੂੰ ਘਟਾਉਣ ਵਾਲੀ ਅਰਜ਼ੀ ਨੂੰ ਸਿਰਫ ਕੁਝ ਖਾਸ ਹਾਲਾਤਾਂ ਵਿੱਚ ਹੀ ਵਿਚਾਰਿਆ ਜਾਂਦਾ ਹੈ। ਜੇਕਰ ਵਿਆਹ ਕਰਵਾਉਣ ਵਾਲੇ ਜੋੜੇ ਨੇ ਵਿਆਹ ਵਾਲੇ ਨੋਟਿਸ ਫਾਰਮ ਨੂੰ ਭਰ ਕੇ ਵਿਆਹ ਕਰਵਾਉਣ ਵਾਲੇ ਅਧਿਕਾਰੀ ਨੂੰ ਪੂਰੇ ਮਹੀਨੇ ਦਾ ਨੋਟਿਸ ਨਹੀਂ ਦਿੱਤਾ, ਤਾਂ ਜੋੜੇ ਨੂੰ ਨਿਰਧਾਰਿਤ ਅਥਾਰਿਟੀ ਪਾਸੋਂ ਆਗਿਆ ਲੈਣੀ ਪਵੇਗੀ, ਇਸ ਤੋਂ ਪਹਿਲਾਂ ਕਿ ਵਿਆਹ ਕਰਵਾਉਣ ਵਾਲਾ ਅਧਿਕਾਰੀ ਉਹਨਾਂ ਦਾ ਵਿਆਹ ਕਰਵਾਉਣ ਦੇ ਇੰਤਜ਼ਾਮ ਕਰੇ ਜਾਂ ਤਰੀਕ ਪੱਕੀ ਕਰੇ।

Related posts

ਆਸਟ੍ਰੇਲੀਆ ਸਰਕਾਰ ਵੱਲੋਂ ਔਰਤਾਂ ਨੂੰ ਘਰੇਲੂ ਹਿੰਸਾ ਤੋਂ ਬਚਾਉਣ ’ਚ ਮਦਦ ਲਈ ਨਵੇਂ ਫੰਡ ਦਾ ਐਲਾਨ

editor

ਆਸਟ੍ਰੇਲੀਆਈ ਨੇ ਚਾਕੂ ਹਮਲੇ ’ਚ ਮਾਰੇ ਗਏ ਪਾਕਿ ਸੁਰੱਖ਼ਿਆ ਗਾਰਡ ਨੂੰ ਦੱਸਿਆ ਰਾਸ਼ਟਰੀ ਹੀਰੋ

editor

ਐਨਜ਼ੈਕ ਡੇਅ ਮੌਕੇ ਆਸਟਰੇਲੀਆਈ ਨਾਗਰਿਕਾਂ ਵੱਲੋਂ ਜੰਗੀ ਸ਼ਹੀਦਾਂ ਨੂੰ ਸ਼ਰਧਾਂਜਲੀ

editor