Story

ਅਬਦਾਲੀ ਦੀ ਰੂਹ

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਅਹਿਮਦ ਸ਼ਾਹ ਅਬਦਾਲੀ ਕਾਬਲ ਦਾ ਬਾਦਸ਼ਾਹ ਸੀ, ਜਿਸ ਨੇ ਹਿੰਦੁਸਤਾਨ ਤੇ ਤਕਰੀਬਨ ਅਠਾਰਾਂ ਹਮਲੇ ਕੀਤੇ ਸਨ। ਉਸ ਦੇ ਹਰੇਕ ਹਮਲੇ ਵਿੱਚ ਪੰਜਾਬ ਦਾ ਭਾਰੀ ਨੁਕਸਾਨ ਹੋਇਆ ਸੀ। ਅਖੀਰ ਸਿੱਖਾਂ ਹੱਥੋਂ ਹਾਰ ਖਾ ਕੇ ਹੀ ਉਹ ਹਮਲੇ ਕਰਨੋਂ ਹਟਿਆ ਸੀ। ਪਰ ਉਸ ਦੀ ਆਤਮਾਂ ਅਜੇ ਵੀ ਇੱਥੇ ਹੀ ਭਟਕਦੀ ਰਹਿੰਦੀ ਹੈ। ਇੱਕ ਵਾਰ ਅਬਦਾਲੀ ਅਤੇ ਉਸ ਦੇ ਜਰਨੈਲ ਜਹਾਨ ਖਾਨ ਦੀਆਂ ਆਤਮਾਵਾਂ ਆਪਣੇ ਪੁਰਾਣੇ ਜਿੱਤੇ ਤੇ ਲੁੱਟੇ ਹੋਏ ਇਲਾਕਿਆਂ ਦਾ ਦੌਰਾ ਕਰਦੀਆਂ ਹੋਈਆਂ ਘੁੰਮ ਰਹੀਆਂ ਸਨ। ਕਾਬਲ, ਕੰਧਾਰ ਤੇ ਮੌਜੂਦਾ ਪਾਕਿਸਤਾਨ ਵਿੱਚ ਘੁੰਮਦਿਆਂ ਉਨ੍ਹਾਂ ਦੇ ਮਨ ਨੂੰ ਬਹੁਤ ਸ਼ਾਂਤੀ ਪ੍ਰਾਪਤ ਹੋਈ ਕਿ ਉਥੇ ਅਬਦਾਲੀ ਦੇ ਰਾਜ ਵਾਂਗ ਹੀ ਸਾਰੇ ਪਾਸੇ ਕਤਲੇਆਮ ਮੱਚਿਆ ਹੋਇਆ ਸੀ। ਕਿਧਰੇ ਬੰਬ ਧਮਾਕੇ ਹੋ ਰਹੇ ਸਨ, ਕਿਧਰੇ ਅਸਾਲਟਾਂ ਦੇ ਬਰਸਟ ਵੱਜ ਰਹੇ ਸਨ ਤੇ ਕਿਧਰੇ ਮਨੁੱਖੀ ਬੰਬ ਮਾਸੂਮਾਂ ਦੇ ਤੂੰਬੇ ਉਡਾ ਰਹੇ ਸਨ। ਇਹ ਕਤਲੋਗਾਰਤ ਵੇਖ ਕੇ ਉਨ੍ਹਾਂ ਦੀ ਆਤਮਾ ਤ੍ਰਿਪਤ ਹੋ ਗਈ ਕਿ ਨਵੇਂ ਸ਼ਾਸ਼ਕ ਵੀ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ‘ਤੇ ਚੱਲ ਕੇ ਹੀ ਰਾਜ ਭਾਗ ਚਲਾ ਰਹੇ ਹਨ।
ਜਦੋਂ ਉਹ ਸਾਡੇ ਪੰਜਾਬ ਵਿੱਚ ਦਾਖਲ ਹੋਏ ਤਾਂ ਇੱਕ ਦਮ ਧੂੰਏਂ ਨੇ ਉਨ੍ਹਾਂ ਦਾ ਸਾਹ ਬੰਦ ਕਰ ਦਿੱਤਾ ਤੇ ਅੱਖਾਂ ਸੜਨ ਲੱਗ ਪਈਆਂ। ਸਾਰੇ ਪਾਸੇ ਖੇਤਾਂ ਵਿੱਚ ਅੱਗ ਮੱਚ ਰਹੀ ਸੀ ਤੇ ਧੂੰਆਂ ਕਾਲੇ ਨਾਗ ਵਾਂਗ ਵਲ ਖਾਂਦਾ ਹੋਇਆ ਅਸਮਾਨ ਵੱਲ ਚੜ੍ਹ ਰਿਹਾ ਸੀ। ਪਸ਼ੂ ਪੰਛੀ ਜਾਨ ਬਚਾਉਣ ਲਈ ਲੁਕਦੇ ਫਿਰ ਰਹੇ ਸਨ ਤੇ ਸੜੇ ਹੋਏ ਟੁੰਡ ਮੁੰਡ ਦਰਖਤ ਭੂਤਾਂ ਵਾਂਗ ਖੇਤਾਂ ਵਿੱਚ ਖੜੇ ਸਨ। ਦੋਹਾਂ ਨੂੰ ਉੱਥੂੂ ਛਿੜ ਗਿਆ ਤੇ ਖੰਘ ਖੰਘ ਕੇ ਬੁਰਾ ਹਾਲ ਹੋ ਗਿਆ। ਜਦੋਂ ਸਾਹ ਥੋੜ੍ਹਾ ਸੂਤਰ ਹੋਇਆ ਤਾਂ ਅਬਦਾਲੀ ਨੇ ਪੁੱਛਿਆ, “ਜਹਾਨ ਖਾਨ ਇਹ ਕੀ ਹੋ ਰਿਹਾ ਹੈ? ਸਾਡੇ ਤੋਂ ਵੱਡਾ ਇਹ ਕਿਹੜਾ ਹਮਲਾਵਰ ਪੰਜਾਬ ‘ਤੇ ਟੁੱਟ ਪਿਆ ਹੈ? ਅਸੀਂ ਤਾਂ ਸਿਰਫ ਸ਼ਹਿਰ ਤੇ ਪਿੰਡ ਹੀ ਸਾੜੇ ਸਨ, ਇਸ ਨੇ ਤਾਂ ਸਾਰੇ ਖੇਤ ਤੇ ਦਰਖਤ ਵੀ ਸਾੜ ਛੱਡੇ ਨੇ।” ਜਹਾਨ ਖਾਨ ਗੰਭੀਰ ਹੁੰਦਾ ਹੋਇਆ ਬੋਲਿਆ, “ਮੇਰੇ ਬਾਦਸ਼ਾਹ ਹੁਣ ਪੰਜਾਬ ਨੁੰ ਸਾੜਨ ਵਾਸਤੇ ਕਿਸੇ ਹਮਲਾਵਰ ਦੀ ਜਰੂਰਤ ਨਹੀਂ ਪੈਂਦੀ। ਇਹ ਲੋਕ ਹਾੜ੍ਹੀ ਸਾਉਣੀ ਵੱਢਣ ਤੋਂ ਬਾਅਦ ਸਾਲ ਵਿੱਚ ਦੋ ਵਾਰੀਂ ਪਰਾਲੀ ਤੇ ਨਾੜ ਸਾੜ ਕੇ ਆਪਣੇ ਹੱਥੀਂ ਪੰਜਾਬ ਨੂੰ ਖੁਦ ਹੀ ਫੂਕਦੇ ਹਨ। ਆਪਾਂ ਤਾਂ ਸਿਰਫ ਮਕਾਨ ਤੇ ਦੁਕਾਨਾਂ ਹੀ ਸਾੜਦੇ ਸੀ, ਇਹ ਤਾਂ ਦਰਖਤ, ਜਾਨਵਰ ਤੇ ਪੰਛੀ ਵੀ ਨਹੀਂ ਬਖਸ਼ਦੇ।” ਸੁਣ ਕੇ ਅਬਦਾਲੀ ਦੀਆਂ ਅੱਖਾਂ ਹੈਰਾਨੀ ਨਾਲ ਪਾਟਣ ਵਾਲੀਆਂ ਹੋ ਗਈਆਂ।

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin