Articles

ਆਪਣੀਆਂ ਕਮੀਆਂ ਲੱਭੋ !

Harkirat Kaur Sabhara
ਲੇਖਕ: ਹਰਕੀਰਤ ਕੌਰ, ਤਰਨਤਾਰਨ

ਮਾਂ ਦੇ ਗਰਭ ਵਿੱਚੋਂ ਪੈਦਾ ਹੋਇਆ ਮਨੁੱਖ ਪਹਿਲਾਂ ਬਿਲਕੁੱਲ ਬੇਸਮਝ ਹੁੰਦਾ ਹੈ। ਜਿਵੇਂ ਜਿਵੇਂ ਮਨੁੱਖ ਦਾ ਸਰੀਰਕ ਵਿਕਾਸ ਹੁੰਦਾ ਹੈ ਤਿਵੇਂ ਤਿਵੇਂ ਉਸਦੀ ਬੁੱਧੀ ਦਾ ਵਿਕਾਸ ਹੁੰਦਾ ਹੈ। ਕਿਸੇ ਵੀ ਮਨੁੱਖ ਦੀ ਸ਼ਖਸੀਅਤ ਉੱਪਰ ਉਸਦੀ ਪਰਵਰਿਸ਼, ਉਸਦੇ ਆਲੇ ਦੁਆਲੇ ਦਾ ਬਹੁਤ ਪ੍ਭਾਵ ਹੁੰਦਾ ਹੈ। ਚੰਗੀਆਂ ਮਾੜੀਆਂ ਹਰ ਤਰ੍ਹਾਂ ਦੀਆਂ ਆਦਤਾਂ ਮਨੁੱਖ ਆਪਣੇ ਆਲੇ ਦੁਆਲੇ ਜਾਂ ਜਿੰਨਾ ਮਨੁੱਖਾਂ ਵਿੱਚ ਉਸਦਾ ਵਿਕਾਸ ਹੁੰਦਾ ਹੈ ਉੱਥੋਂ ਗਹਿ੍ਣ ਕਰਦਾ ਹੈ । ਜਦੋਂ ਬੱਚੇ ਦੀ ਬੁੱਧੀ ਦਾ ਵਿਕਾਸ ਪੂਰੀ ਤਰ੍ਹਾਂ ਨਹੀਂ ਹੁੰਦਾ, ਉਦੋਂ ਤੱਕ ਉਸ ਵਿੱਚ ਆਈ ਹਰ ਤਬਦੀਲੀ ਦਾ ਕਾਰਣ ਉਸਦੇ ਮਾਪਿਆਂ ਜਾਂ ਆਸ ਪਾਸ ਦੇ ਲੋਕਾਂ ਨੂੰ ਮੰਨਿਆ ਜਾ ਸਕਦਾ ਹੈ। ਪਰ ਜਦੋਂ ਇੱਕ ਮਨੁੱਖ ਦੀ ਪੂਰਨ ਸੋਝੀ ਦਾ ਵਿਕਾਸ ਹੋ ਜਾਂਦਾ ਹੈ, ਉਹ ਆਪਣੀਆਂ ਹਰ ਤਰ੍ਹਾਂ ਦੀਆਂ ਕਿ੍ਆਵਾਂ ਆਪ ਕਰਨ ਦੇ ਯੋਗ ਹੋ ਜਾਂਦਾ ਹੈ, ਜਦੋਂ ਉਸਨੂੰ ਚੰਗੇ ਮਾੜੇ ਦੀ ਸੋਝੀ ਆ ਜਾਂਦੀ ਹੈਂ ਤਾਂ ਫਿਰ ਉਸ ਦੁਆਰਾ ਕੀਤੇ ਹਰ ਕਾਰਜ ਦੀ ਜ਼ਿੰਮੇਵਾਰੀ ਉਸਦੀ ਆਪਣੀ ਹੁੰਦੀ ਹੈ।

ਹਰ ਇੱਕ ਮਨੁੱਖ ਦੇ ਜੀਵਨ ਦਾ ਪਹਿਲਾਂ ਮੰਤਵ ਇੱਕ ਚੰਗਾ ਮਨੁੱਖ ਬਣਨਾ ਹੋਣਾ ਚਾਹੀਦਾ ਹੈ। ਇਸ ਵਿੱਚ ਕੋਈ ਦੋਰਾਇ ਨਹੀਂ ਕਿ ਕੋਈ ਵੀ ਮਨੁੱਖ ਸਰਵਗੁਣ ਸਪੰਨ ਨਹੀਂ ਹੁੰਦਾ, ਹਰ ਇੱਕ ਵਿੱਚ ਬਹੁਤ ਸਾਰੀਆਂ ਕਮੀਆਂ ਹੁੰਦੀਆਂ ਹਨ, ਪਰ ਜੇਕਰ ਮਨੁੱਖ ਆਪਣੀਆਂ ਕਮੀਆਂ ਲੱਭ ਉਹਨਾਂ ਨੂੰ ਦੂਰ ਕਰਨ ਲਈ ਯਤਨਸ਼ੀਲ ਹੋਵੇ ਤਾਂ ਉਹ ਆਪਣੀ ਇੱਕ ਚੰਗੀ ਸ਼ਖਸੀਅਤ ਦਾ ਨਿਰਮਾਣ ਕਰ ਸਕਦਾ ਹੈ।
ਪਰ ਇਹ ਮਨੁੱਖੀ ਸੁਭਾਅ ਦੀ ਫਿਤਰਤ ਹੈ ਕਿ ਇਹ ਹਮੇਸ਼ਾ ਦੂਸਰਿਆਂ ਦੀਆਂ ਕਮੀਆਂ ਲੱਭਣ ਲਈ ਤੱਤਪਰ ਰਹਿੰਦਾ ਹੈ। ਜਿੰਨਾਂ ਲੋਕਾਂ ਨੂੰ ਮਨੁੱਖ ਪਸੰਦ ਨਹੀਂ ਕਰਦਾ, ਉਹਨਾਂ ਦੇ ਗੁਣ ਕਦੇ ਵੀ ਉਸਦੀਆਂ ਨਜ਼ਰਾਂ ਵਿੱਚ ਨਹੀਂ ਚੜਦੇ। ਜਦੋਂ ਕਿ ਮਨੁੱਖ ਨੂੰ ਦੂਸਰਿਆਂ ਦੀਆਂ ਕਮੀਆਂ ਲੱਭਣ ਦੀ ਬਜਾਇ ਆਪਣੀ ਸ਼ਖਸੀਅਤ ਨੂੰ ਵਿਚਾਰਨਾ ਚਾਹੀਦਾ ਹੈ। ਆਪਣੀਆਂ ਕਮੀਆਂ ਲੱਭਣ ਦਾ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਕਮੀਆਂ ਨੂੰ ਲੱਭ ਕੇ ਉਹਨਾਂ ਨੂੰ ਦੂਰ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਪਰ ਜਦੋਂ ਤੱਕ ਅਸੀਂ ਆਪਣੀਆਂ ਕਮੀਆਂ ਤੋਂ ਖੁਦ ਜਾਣੂ ਨਹੀਂ ਹੋਵਾਂਗੇ, ਉਨ੍ਹੀਂ ਦੇਰ ਤੱਕ ਅਸੀਂ ਉਹਨਾਂ ਕਮੀਆਂ ਨੂੰ ਗੁਣਾਂ ਵਿੱਚ ਤਬਦੀਲ ਕਰਨ ਦੀ ਪ੍ਕਿਰਿਆ ਸ਼ੁਰੂ ਨਹੀਂ ਕਰ ਸਕਦੇ।
ਗੁਰੂ ਗ੍ਰੰਥ ਸਾਹਿਬ ਜੀ ਵੀ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਮਨੁੱਖ ਨੂੰ ਆਪਾ ਖੋਜਣਾ ਚਾਹੀਦਾ ਹੈ ਉਹਨਾਂ ਦੇ ਮਹਾਵਾਕ ਅਨੁਸਾਰ
“ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸ਼ਾਨੀ ਮਾਹਿ।। “
ਭਾਵ ਆਪਣੇ ਆਪ ਦੀ ਖੋਜ ਕਰਨ ਨਾਲ ਪਰੇਸ਼ਾਨੀਆਂ ਤੋਂ ਮੁਕਤ ਹੋਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਅਸੀਂ ਰੋਜ਼ਮਰ੍ਹਾ ਦੇ ਜੀਵਨ ਵਿਚੋਂ ਕੋਈ ਉਦਹਾਰਣ ਲੈਣੀ ਹੋਵੇ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਗੁੱਸਾ ਹੋਣ ਵਾਲਾ ਵਿਅਕਤੀ ਖੁਦ ਜਾਣਦਾ ਹੈ ਕਿ, ਕ੍ਰੋਧ ਵਿੱਚ ਆਉਣਾ ਉਸਦੀ ਇੱਕ ਵੱਡੀ ਕਮੀਂ ਹੈ, ਪਰ ਉਹ ਇਸ ਗੱਲ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੁੰਦਾ । ਉਸਦਾ ਆਪਣੇ ਆਪ ਉੱਪਰ ਕਿਸੇ ਵੀ ਤਰ੍ਹਾਂ ਦਾ ਨਿਯੰਤਰਣ ਨਾ ਹੋਣ ਕਾਰਣ ਉਹ ਹਮੇਸ਼ਾ ਆਪਣੇ ਆਪ ਨੂੰ ਅਤੇ ਸਾਹਮਣੇ ਵਾਲਿਆਂ ਨੂੰ ਪਰੇਸ਼ਾਨ ਕਰ ਦਿੰਦਾ ਹੈ। ਜਦੋਂ ਕਿ ਜੇਕਰ ਇਸ ਤਰ੍ਹਾਂ ਦੇ ਮਨੁੱਖ ਆਪਣੀ ਕਮੀਂ ਨੂੰ ਸਵੀਕਾਰ ਕਰਕੇ ਉਸ ਨੂੰ ਸਹੀ ਕਰਨ ਲਈ ਕੰਮ ਕਰਨ ਲਈ ਤਿਆਰ ਹੋ ਜਾਣ ਤਾਂ ਉਹਨਾਂ ਦੀ ਇਸ ਕਮੀਂ ਨੂੰ ਸਬਰ ਤੇ ਸਹਿਜਤਾ ਵਰਗੇ ਗੁਣਾ ਨਾਲ ਤਬਦੀਲ ਕੀਤਾ ਜਾ ਸਕਦੀ ਹੈ। ਕ੍ਰੋਧ ਤੇ ਸਹਿਜਤਾ ਕਦੇ ਵੀ ਇੱਕ ਸਾਥ ਇਕੱਠੇ ਨਹੀਂ ਰਹਿ ਸਕਦੇ।
ਇਸ ਉਦਹਾਰਣ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਕਮੀਆਂ ਸਾਡੇ ਵਿੱਚ ਹੁੰਦੀਆਂ ਹਨ, ਜਿੰਨਾਂ ਨੂੰ ਥੋੜੀ ਜਿਹੀ ਸਿਆਣਪ ਵਰਤਕੇ ਦੂਰ ਕੀਤਾ ਜਾ ਸਕਦਾ ਹੈ। ਜਿੰਦਗੀ ਸਿੱਖਣ ਦੀ ਪ੍ਕਿਰਿਆ ਹੈ। ਰੋਜ਼ ਦਿਹਾੜੀ ਦੇ ਕੰਮਾਂ ਕਾਰਾਂ ਵਿਚੋਂ ਵਿਚਰਦੇ ਸਾਨੂੰ ਪਤਾ ਨਹੀਂ ਕਿੰਨਾ ਕੁਝ ਸਿੱਖਣ ਨੂੰ ਮਿਲਦਾ ਹੈ, ਹਰ ਰੋਜ਼ ਸਾਡੇ ਜੀਵਨ ਦੇ ਤੁਜ਼ਰਬੇ ਵਿੱਚ ਨਵੀਂ ਕਹਾਣੀਆਂ, ਨਵੇਂ ਅਨੁਭਵ ਜੁੜਦੇ ਰਹਿੰਦੇ ਹਨ ਅਤੇ ਜੁੜਦੇ ਰਹਿਣਗੇ । ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਇਸ ਸਫ਼ਰ ਦੇ ਚੱਲਦਿਆਂ ਅਸੀਂ ਦੂਸਰਿਆਂ ਦੀ ਬਜਾਇ ਆਪਣੀਆਂ ਕਮੀਆਂ ਲੱਭੀਏ ਅਤੇ ਆਪਣੀ ਸ਼ਖਸੀਅਤ ਨੂੰ ਹੋਰ ਨਿਖਾਰੀਏ।
ਹੁਣ ਬਹੁਤ ਸਾਰੇ ਪਾਠਕਾਂ ਦਾ ਸਵਾਲ ਇਹ ਵੀ ਹੋ ਸਕਦਾ ਹੈ ਕਿ ਅਸੀਂ ਉਨ੍ਹਾਂ ਕਮੀਆਂ ਨੂੰ ਲੱਭ ਕੇ ਦੂਰ ਕਿਵੇਂ ਕਰ ਸਕਦੇ ਹਾਂ। ਇਸ ਦੀ ਇੱਕ ਪ੍ਕਿਰਿਆ ਇਹ ਹੈ ਕਿ ਸਭ ਤੋਂ ਪਹਿਲਾਂ ਆਪਣੇ ਆਪ ਦਾ ਅਧਿਐਨ ਕਰੋ।ਆਪਣੀ ਹਰ ਚੰਗੀ ਮਾੜੀ ਆਦਤ ਦੀ ਸੂਚੀ ਬਣਾਉ।
ਜੋ ਚੰਗੀਆਂ ਆਦਤਾਂ ਹਨ ਉਹਨਾਂ ਲਈ ਪਰਮਾਤਮਾ ਤੋਂ ਆਪਣੇ ਆਪ ਦੇ ਸ਼ੁਕਰਗੁਜਾਰ ਹੋਵੋ ਅਤੇ ਜੋ ਬੁਰੀਆਂ ਆਦਤਾਂ ਹਨ ਉਨ੍ਹਾਂ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਉਸਦੇ ਢੰਗ ਤਰੀਕੇ ਲੱਭੋ ਅਤੇ ਉਸਦੀ ਇੱਕ ਸੂਚੀ ਤਿਆਰ ਕਰੋ ।ਆਪਣੇ ਆਪ ਤੇ ਨਿਯੰਤਰਣ ਕਰਨਾ ਸਿੱਖੋ। ਉਹਨਾਂ ਬੁਰੀਆਂ ਆਦਤਾਂ ਦੀ ਜਗ੍ਹਾ ਤੇ ਨਵੀਆਂ ਕਲਾਵਾਂ ਸਿੱਖਣ ਵੱਲ ਆਪਣਾ ਧਿਆਨ ਲਾਉ। ਵੱਧ ਤੋਂ ਵੱਧ ਸਮਾਂ ਆਪਣੇ ਆਪ ਨਾਲ ਬਿਤਾਉ। ਆਪਣੀ ਸੰਗਤ ਨੂੰ ਮਾਣੋ। ਤਿਆਰ ਕੀਤੀ ਸੂਚੀ ਵਿੱਚ ਆਪਣੇ ਵਿੱਚ ਆ ਰਹੀਆਂ ਤਬਦੀਲੀਆਂ ਵੀ ਜਰੂਰ ਲਿਖੋ। ਹਮੇਸ਼ਾ ਸਕਾਰਾਤਮਕ ਨਜ਼ਰੀਆ ਰੱਖੋ। ਸਵੈਂ ਵਿਸ਼ਵਾਸ ਰੱਖ ਆਪਣੀ ਸ਼ਖਸੀਅਤ ਨੂੰ ਨਿਖਾਰਨ ਲਈ ਯਤਨਸ਼ੀਲ ਹੋਵੋ।
ਇਸ ਤਰ੍ਹਾਂ ਕਰਨ ਨਾਲ ਤੁਸੀਂ ਆਪਣੇ ਆਪ ਦਾ ਅਧਿਐਨ ਕਰਨਾ ਸ਼ੁਰੂ ਕਰੋਗੇ ਤਾਂ , ਤੁਹਾਡੀਆਂ ਕਮੀਆਂ ਗੁਣਾ ਦਾ ਰੂਪ ਧਾਰਨ ਕਰ ਲੈਣਗੀਆਂ ਅਤੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸ਼ਖਸੀਅਤ ਦਾ ਨਿਰਮਾਣ ਹੋ ਸਕਦਾ ਹੈ ,ਜਿਸਨੂੰ ਲੋਕਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਜ਼ਰ ਨਹੀਂ ਆਉਦੀ। ਅਜਿਹੀ ਸ਼ਖਸੀਅਤ ਜੋ ਹੋਰਾਂ ਵਿੱਚ ਕਮੀਆਂ ਲੱਭਣ ਦੀ ਬਜਾਇ ਉਹੀ ਸਮਾਂ ਆਪਣੇ ਆਪ ਨੂੰ ਸਵਾਰਣ ਵਿੱਚ ਲਗਾਉਂਦੀ ਹੋਵੇ। ਜੋ ਹੋਰਨਾਂ ਨੂੰ ਬਦਲਣ ਦੀ ਜਗ੍ਹਾ ਪਹਿਲਾਂ ਸਵੈ ਪੜਚੋਲ ਕਰਦੀ ਹੋਵੇ ।ਇਸ ਤਰ੍ਹਾਂ ਨਾਲ ਇੱਕ ਅਜਿਹੀ ਸ਼ਖਸੀਅਤ ਸਿਰਜੀ ਜਾ ਸਕਦੀ ਹੈ, ਜੋ ਹਰ ਜਗ਼੍ਹਾ ਚੜਦੀਕਲਾ ਦਾ ਪੈਗਾਮ ਦਿੰਦੀ ਹੋਵੇਗੀ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin