Story

ਆਸ ਦਾ ਸਿੱਕਾ

Harkirat Kaur Sabhara
ਲੇਖਕ: ਹਰਕੀਰਤ ਕੌਰ, ਤਰਨਤਾਰਨ

ਇੱਕ ਵਾਰ ਦੋ ਦੇਸ਼ਾਂ ਵਿੱਚ ਮੱਤਭੇਦ ਹੋ ਗਏ ਅਤੇ ਜੰਗ ਲੱਗਣ ਦੇ ਆਸਾਰ ਬਣ ਗਏ। ਉਸ ਜੰਗ ਵਿੱਚ ਇੱਕ ਦੇਸ਼ ਦਾ ਰਾਜਾ ਬਹੁਤ ਹੀ ਸ਼ਕਤੀਸ਼ਾਲੀ ਸੀ। ਜਿਸ ਕੋਲ ਹਰ ਤਰ੍ਹਾਂ ਦੇ ਹਥਿਆਰ, ਜੰਗੀ ਸਮਾਨ, ਉੱਚ ਕੋਟੀ ਦੇ ਬਲਸ਼ਾਲੀ ਜਰਨੈਲ ਸਨ ਤੇ ਲੱਖਾਂ ਦੀ ਗਿਣਤੀ ਵਿੱਚ ਸੈਨਾ ਸੀ। ਦੂਸਰੇ ਪਾਸੇ ਰਾਜੇ ਕੋਲ ਨਾ ਤਾਂ ਵਧੇਰੇ ਜੰਗੀ ਸਮਾਨ ਤੇ ਨਾ ਹੀ ਦੂਸਰੇ ਦੇਸ਼ ਦੇ ਮੁਕਾਬਲੇ ਸੈਨਾ ਸੀ, ਦੇਸ਼ ਦੀ ਅਜਿਹੀ ਹਾਲਤ ਵੇਖ ਗਰੀਬ ਦੇਸ਼ ਦੇ ਸੈਨਾਪਤੀ ਰਾਜੇ ਨੂੰ ਕਹਿਣ ਲੱਗੇ, ਮਹਾਰਾਜ ਸਾਡੀ ਹਾਰ ਯਕੀਨੀ ਹੈ, ਦੂਸਰਾ ਦੇਸ਼ ਬਹੁਤ ਹੀ ਤਾਕਤਵਰ ਹੈ, ਉਸ ਕੋਲ ਤਾਂ ਲੱਖਾਂ ਦੀ ਸੈਨਾ ਹੈ ਤੇ ਸਾਡੇ ਕੋਲ ਮੁੱਠੀ ਭਰ ਫੌਜ, ਅਜਿਹੇ ਵਿੱਚ ਅਸੀਂ ਕਿਸੇ ਵੀ ਕੀਮਤ ‘ਤੇ ਜਿੱਤ ਨਹੀਂ ਸਕਦੇ, ਏਹ ਤਾਂ ਸਿੱਧਾ ਮੌਤ ਦੇ ਮੂੰਹ ਵਿੱਚ ਜਾਣਾ ਹੈ , ਸਾਨੂੰ ਜੰਗ ‘ਚ ਜਾਣ ਤੋਂ ਪਹਿਲਾਂ ਹੀ ਗੋਡੇ ਟੇਕ ਲੈਣੇ ਚਾਹੀਦੇ ਹਨ। ਆਪਣੀ ਆਰਥਿਕ ਹਾਲਤ ਤੋਂ ਜਾਣੂ ਰਾਜਾ ਉਸ ਸਮੇਂ ਆਪਣੇ ਸੈਨਾਪਤੀਆਂ ਨੂੰ ਕੋਈ ਜਵਾਬ ਨਾ ਦੇ ਸਕਿਆ। ਪਰ ਉਹ ਇੱਕ ਅਣਖੀ ਰਾਜਾ ਸੀ। ਉਸਨੂੰ ਜੰਗ ਵਿੱਚ ਮਰਨਾ ਤਾਂ ਮੰਨਜ਼ੂਰ ਸੀ, ਪਰ ਉਹ ਜੰਗ ਦੇ ਮੈਦਾਨ ਵਿੱਚ ਪੈਰ ਰੱਖੇ ਬਿਨਾਂ ਹਾਰ ਨਹੀਂ ਸੀ ਮੰਨਣਾ ਚਾਹੁੰਦਾ। ਸਾਰੀ ਰਾਤ ਰਾਜਾ ਉੱਸਲ ਵੱਟੇ ਭੰਨਦਾ ਰਿਹਾ, ਇੱਕ ਪਲ ਵੀ ਉਸਦੀ ਅੱਖ ਨਾ ਲੱਗੀ। ਸਾਰੀ ਰਾਤ ਸੋਚਾਂ ਵਿੱਚ ਕੱਢਣ ਤੋਂ ਬਾਅਦ, ਉਹ ਸਵੇਰੇ ਉੱਠਿਆ ਅਤੇ ਆਪਣੇ ਅੰਗ ਰੱਖਿਅਕ ਤੇ ਸੈਨਾਪਤੀਆਂ ਨੂੰ ਨਾਲ ਲੈ ਜੰਗਲ ਵੱਲ ਨੂੰ ਹੋ ਤੁਰਿਆ। ਰਸਤੇ ਵਿੱਚ ਜਾਂਦਿਆਂ ਉਹਨਾਂ ਨੂੰ ਇੱਕ ਕੁਟੀਆ ਦਿਖਾਈ ਦਿੱਤੀ। ਉਸ ਕੁਟੀਆ ਦੀ ਦਿਖ ਤੋਂ ਲੱਗਦਾ ਸੀ ਕਿ ਉੱਥੇ ਜਰੂਰ ਕੋਈ ਸਾਧੂ ਸੰਤ ਤਪੱਸਿਆ ਕਰ ਰਿਹਾ ਹੈ, ਰਾਜੇ ਨੇ ਆਪਣਾ ਰੱਥ ਰੁਕਵਾਇਆ ਤੇ ਸਾਧੂ ਦੀ ਕੁਟੀਆ ਵੱਲ ਚੱਲ ਪਿਆ, ਪਿੱਛੇ ਪਿੱਛੇ ਸੈਨਾਪਤੀ ਤੇ ਸਿਪਾਹੀ ਵੀ ਆ ਗਏ। ਰਾਜੇ ਨੂੰ ਆਪਣੀ ਕੁਟੀਆ ਵਿੱਚ ਵੇਖ ਸਾਧੂ ਨੇ ਕਿਹਾ ਕੀ ਗੱਲ ਮਹਾਰਾਜ ਤੁਹਾਡੇ ਚਿਹਰੇ ਤੇ ਰਵਾਨਗੀ ਤੇ ਤੇਜ਼ ਕਿਉਂ ਨਹੀਂ? ਸਾਧੂ ਦੀ ਗੱਲ ਸੁਣ ਰਾਜੇ ਨੇ ਕਿਹਾ, ਹੇ ਭਲੇ ਸਾਧੂ ਮੈਂ ਬਹੁਤ ਦੁਚਿੱਤੀ ਵਿੱਚ ਫਸਿਆਂ ਹਾਂ, ਨੇੜਲਾ ਰਾਜਾ ਸਾਡੇ ਉੱਪਰ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ ਤੇ ਸਾਡੇ ਕੋਲ ਨਾ ਤਾਂ ਸੈਨਾ ਹੈ ਨਾ ਹੀ ਉਨ੍ਹੇ ਹਥਿਆਰ ਕਿ ਉਸ ਤਾਕਤਵਰ ਰਾਜੇ ਦਾ ਮੁਕਬਲਾ ਕਰ ਸਕੀਏ, ਮੇਰੇ ਸੈਨਾਪਤੀ ਤੇ ਸੈਨਾ ਵੀ ਦਿਲ ਛੱਡ ਚੁੱਕੇ ਹਨ, ਇਹ ਜੰਗ ਵਿੱਚ ਜਾਣ ਤੋਂ ਪਹਿਲਾਂ ਹੀ ਹਾਰ ਮੰਨ ਚੁੱਕੇ ਹਨ, ਪਰ ਮੇਰੀ ਜ਼ਮੀਰ ਨਹੀਂ ਮੰਨਦੀ, ਤੁਸੀਂ ਦੱਸੋਂ ਸਾਨੂੰ ਕੀ ਕਰਨਾ ਚਾਹੀਦਾ ਹੈ, ਸਾਧੂ ਕੁਝ ਸਮਾਂ ਸ਼ਾਤ ਰਿਹਾ ਅਤੇ ਫਿਰ ਰਾਜੇ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਮੰਦਿਰ ਚੱਲੋ ਇਸ ਗੱਲ ਦਾ ਫੈਸਲਾ ਅਸੀਂ ਰੱਬ ਕੋਲੋ ਕਰਵਾਉਂਦੇ ਹਾਂ, ਸਾਰੇ ਜਣੇ ਸਾਧੂ ਦੇ ਪਿੱਛੇ ਪਿੱਛੇ ਮੰਦਿਰ ਵੱਲ ਨੂੰ ਹੋ ਤੁਰੇ। ਉੱਥੇ ਜਾ ਕੇ ਸਾਧੂ ਨੇ ਆਪਣੇ ਖੀਸੇ ਚੋਂ ਇੱਕ ਸਿੱਕਾ ਕੱਢਿਆ ਤੇ ਕਿਹਾ ਕਿ ਮੈਂ ਪਰਮਾਤਮਾ ਅੱਗੇ ਬੇਨਤੀ ਕਰਕੇ ਇੱਹ ਸਿੱਕਾ ਉੱਪਰ ਸੁੱਟਾਂਗਾ, ਜੇਕਰ ਇਹ ਸਿੱਕਾ ਧਰਤੀ ਤੇ ਸਿੱਧਾ ਡਿੱਗਾ ਤਾਂ ਤੁਹਾਡੀ ਜਿੱਤ ਯਕੀਨੀ ਹੋਵੇਗੀ ਅਤੇ ਇਸ ਗੱਲ ਦਾ ਵੀ ਸੰਕੇਤ ਮਿਲ ਜਾਵੇਗਾ ਕਿ ਪਰਮਾਤਮਾ ਤੁਹਾਡੇ ਨਾਲ ਹੈ। ਸਾਰਿਆਂ ਨੂੰ ਇਹ ਗੱਲ ਬਹੁਤ ਚੰਗੀ ਲੱਗੀ ਤੇ ਅੱਖਾਂ ਬੰਦ ਕਰ ਬੇਨਤੀ ਵਿੱਚ ਖੜੇ ਹੋ ਗਏ, ਜਦੋਂ ਸਾਧੂ ਨੇ ਸਿੱਕਾ ਉੱਪਰ ਵੱਲ ਨੂੰ ਸੁੱਟਿਆ ਤਾਂ ਸਿੱਕਾ ਘੁੰਮਦਾ ਘੁੰਮਦਾ ਸਿੱਧਾ ਹੋਕੇ ਧਰਤੀ ਤੇ ਆ ਡਿੱਗਾ, ਸਿੱਕੇ ਦੇ ਡਿੱਗਣ ਦੇ ਸਾਰ ਹੀ ਸਾਰਿਆਂ ਦੇ ਚਿਹਰਿਆਂ ਤੇ ਇੱਕ ਚਮਕ ਆ ਗਈ, ਸਾਧੂ ਨੇ ਕਿਹਾ ਤੁਹਾਨੂੰ ਕੋਈ ਨਹੀਂ ਹਰਾ ਸਕਦਾ, ਪਰਮਾਤਮਾ ਤੁਹਾਡੇ ਨਾਲ ਹੈ, ਭਾਵੇਂ ਕਿੰਨੀ ਵੱਡੀ ਫ਼ੌਜ ਹੋਵੇ, ਤੁਹਾਡੀ ਜਿੱਤ ਯਕੀਨੀ ਹੈ। ਇਹਨਾਂ ਸੁਣਦਿਆਂ ਹੀ ਸਾਰਿਆਂ ਵਿੱਚ ਇੱਕ ਆਸ ਦੀ ਕਿਰਨ ਜਾਗ ਗਈ। ਸਾਰੇ ਸੈਨਾਪਤੀ ਜੋਸ਼ ਨਾਲ ਭਰ ਗਏ ਅਤੇ ਰਾਜੇ ਨੂੰ ਕਹਿਣ ਲੱਗੇ ਮਹਾਰਾਜ ਆਪਾਂ ਜਾਕੇ ਜੰਗ ਦੀ ਤਿਆਰੀ ਕਰੀਏ, ਸੈਨਾਪਤੀ ਕੋਲੋਂ ਇਹ ਬੋਲ ਸੁਣ ਰਾਜਾ ਬਹੁਤ ਖੁਸ਼ ਹੋਇਆ, ਰਾਜੇ ਨੇ ਸਾਧੂ ਨੂੰ ਬੇਨਤੀ ਕੀਤੀ ਕਿ ਤੁਸੀਂ ਵੀ ਸਾਡੇ ਨਾਲ ਚੱਲੋ, ਰਾਜੇ ਦੀ ਬੇਨਤੀ ਸਵੀਕਾਰ ਕਰ ਸਾਧੂ ਵੀ ਰਾਜੇ ਨਾਲ ਚੱਲ ਪਿਆ। ਤਿਆਰੀਆਂ ਆਰੰਭੀਆਂ ਗਈਆਂ ਅਤੇ ਜੰਗ ਦਾ ਐਲਾਨ ਕੀਤਾ ਗਿਆ। ਪੂਰੇ ਸੱਤ ਦਿਨ ਬਹੁਤ ਘਮਸਾਣ ਯੁੱਧ ਹੋਇਆ, ਕਮਜ਼ੋਰ ਰਾਜੇ ਦੀ ਫੌਜ ਤਕੜੇ ਰਾਜੇ ਦੀ ਫੌਜ ਉੱਤੇ ਭਾਰੂ ਹੋਈ ਪਈ ਸੀ, ਆਖਰ ਆਰਥਿਕ ਪੱਖੋਂ ਕਮਜ਼ੋਰ ਰਾਜੇ ਦੀ ਮੁੱਠੀ ਭਰ ਫ਼ੌਜ ਨੇ ਜੰਗ ਜਿੱਤ ਲਈ। ਰਾਜਾ ਤੇ ਸੈਨਾਪਤੀ ਬਹੁਤ ਖੁਸ਼ ਸਨ, ਸਾਰੇ ਸਾਧੂ ਕੋਲ ਆਏ ਤੇ ਜੰਗ ਦਾ ਹਾਲ ਦੱਸਿਆ, ਸਾਧੂ ਨੇ ਖੁਸ਼ ਹੋਕੇ ਕਿਹਾ, ਸਾਨੂੰ ਸਾਰਿਆਂ ਨੂੰ ਫਿਰ ਮੰਦਿਰ ਜਾਕੇ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ, ਸਾਰਿਆਂ ਨੇ ਹਾਮੀ ਭਰੀ ਤੇ ਮੰਦਿਰ ਜਾਣ ਲਈ ਰਵਾਨਾ ਹੋ ਗਏ। ਬੇਨਤੀ ਕਰਨ ਤੋਂ ਬਾਅਦ ਸਾਧੂ ਨੇ ਆਪਣੇ ਖੀਸੇ ਵਿਚੋਂ ਫਿਰ ਉਹੀਓ ਸਿੱਕਾ ਕੱਢਿਆ ਤੇ ਆਪਣੇ ਹੱਥ ਦੀ ਹਥੇਲੀ ਤੇ ਰੱਖਦਿਆਂ ਹੋਇਆਂ ਕਿਹਾ, ਦੇਖੋ ਇਹ ਸਿੱਕਾ ਦੋਨੋਂ ਪਾਸਿਆਂ ਤੋਂ ਸਿੱਧਾ ਸੀ, ਜਿੱਤ ਪਰਮਾਤਮਾ ਦੇ ਸਹਾਈ ਹੋਣ ਨਾਲ ਨਹੀਂ ਤੁਹਾਡੇ ਅੰਦਰ ਭਰੀ ਆਸ ਨਾਲ ਹੋਈ ਹੈ, ਤੁਹਡੀ ਜਿੱਤ ਦਾ ਕਾਰਣ ਤੁਹਾਡੇ ਅੰਦਰ ਉੱਪਜੀ ਆਸ ਕਰਕੇ ਹੋਈ ਹੈ। ਇਹ ਸਿੱਕਾ ਕੋਈ ਆਮ ਸਿੱਕਾ ਨਹੀਂ ਇਹ ਆਸ ਦਾ ਸਿੱਕਾ ਸੀ, ਜਿਸ ਨੇ ਮੁੱਠੀ ਭਰ ਫ਼ੌਜ ਨੂੰ ਲੱਖਾਂ ਉੱਪਰ ਭਾਰੂ ਕੀਤਾ ਤੇ ਤੁਹਾਡੇ ਸਿਰ ਜਿੱਤ ਦਾ ਸਿਹਰਾ ਬੰਨ੍ਹ ਦਿੱਤਾ।

ਏਨੀ ਗੱਲ ਸੁਣ ਰਾਜਾ ਬਹੁਤ ਖੁਸ਼ ਹੋਇਆ ਤੇ ਸਾਧੂ ਨੂੰ ਨਮਸਕਾਰ ਕਰ ਆਪਣੇ ਸੈਨਾਪਤੀਆਂ ਨੂੰ ਸਿੱਖਿਆ ਦਿੰਦਿਆਂ ਕਿਹਾ ਕਿ ਸਾਨੂੰ ਕਦੇ ਆਸ ਨਹੀਂ ਛੱਡਣੀ ਚਾਹੀਦੀ,ਅਸੀਂ ਆਸ ਰੱਖਣ ਨਾਲ ਪੂਰੀ ਦੁਨੀਆਂ ਜਿੱਤ ਸਕਦੇ ਹਾਂ, ਏਨਾਂ ਕਹਿ ਰਾਜਾ ਤੇ ਸੈਨਾਪਤੀ ਖੁਸ਼ੀ ਖੁਸ਼ੀ ਆਪਣੇ ਦਰਬਾਰ ਵੱਲ ਨੂੰ ਚੱਲ ਪਏ।

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin