Story

ਇੱਕ ਇਨਸਾਨ ਨੂੰ ਆਖਰ ਕਿੰਨੀ ਜਗ੍ਹਾ ਚਾਹੀਦੀ ਹੈ?

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਨਵੀਂ ਪੰਜਾਬ ਸਰਕਾਰ ਧੜਾ ਧੜ ਇੱਕ ਤੋਂ ਵਧ ਕੇ ਇੱਕ ਦਲੇਰਾਨਾ ਫੈਸਲੇ ਲੈ ਰਹੀ ਹੈ। ਆਪਣੇ ਆਪ ਨੂੰ ਕਾਨੂੰਨ ਤੋਂ ਉੱਪਰ ਸਮਝਣ ਵਾਲੇ ਨੇਤਾਵਾਂ ਨੂੰ ਵੀ ਹੁਣ ਸਮਝ ਆ ਗਈ ਹੈ ਕਿ ਪਹਿਲੇ ਦਿਨ ਗਏ ਜਦੋਂ ਬੇਬੇ ਚੋਪੜੀ ਰੋਟੀ ਦਿੰਦੀ ਹੁੰਦੀ ਸੀ। ਪੰਜਾਬ ਸਰਕਾਰ ਦਾ ਇੱਕ ਵਧੀਆ ਨਿਰਣਾ ਪੁਰਾਣੇ ਜੰਗਾਲ ਖਾਧੇ ਲੀਡਰਾਂ ਦੁਆਰਾ ਦਹਾਕਿਆਂ ਤੋਂ ਦੱਬੀਆਂ ਹੋਈਆਂ ਸਰਕਾਰੀ ਕੋਠੀਆਂ ਖਾਲੀ ਕਰਾਉਣ ਦਾ ਹੈ। ਮਾਲਵੇ ਦੇ ਇੱਕ ਨੇਤਾ ਜੀ ਤਾਂ 35 – 40 ਸਾਲਾਂ ਤੋਂ ਇੱਕ ਸ਼ਾਨਦਾਰ ਸਰਕਾਰੀ ਕੋਠੀ ਦੱਬ ਕੇ ਬੈਠੇ ਸਨ ਭਾਵੇਂ ਕਿ ਉਹ 10 – 15 ਸਾਲ ਤੋਂ ਮੰਤਰੀ ਜਾਂ ਵਿਧਾਇਕ ਨਹੀਂ ਸਨ ਬਣ ਸਕੇ। ਉਨ੍ਹਾਂ ਨੇ ਚੰਡੀਗੜ੍ਹ ਦੇ ਕਾਇਦੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕੋਠੀ ਵਿੱਚ ਮੱਝਾਂ ਗਾਵਾਂ ਵੀ ਰੱਖੀਆਂ ਹੋਈਆਂ ਸਨ ਤੇ ਸਵਿਮਿੰਗ ਪੂਲ ਵੀ ਪੁੱਟਿਆ ਹੋਇਆ ਸੀ। ਕਈ ਸਾਬਕਾ ਮੰਤਰੀ ਤਾਂ ਜਾਣ ਲੱਗਿਆਂ ਸਰਕਾਰੀ ਕੋਠੀਆਂ ਵਿੱਚੋਂ ਲੱਖਾਂ ਰੁਪਏ ਦਾ ਸਮਾਨ ਹੀ ਨਿਸ਼ਾਨੀ ਵਜੋਂ ਚੋਰੀ ਕਰ ਕੇ ਲੈ ਗਏ ਕਿ ਕੀ ਪਤਾ ਦੁਬਾਰਾ ਸਰਕਾਰੀ ਕੋਠੀ ਨਸੀਬ ਹੋਵੇ ਜਾਂ ਨਾ। ਉਹ ਗੱਲ ਵੱਖਰੀ ਹੈ ਕਿ ਇਨ੍ਹਾਂ ਕਰੋੜਪਤੀ ਮੰਤਰੀਆਂ ਦੀਆਂ ਚੰਡੀਗੜ੍ਹ ਸਮੇਤ ਵੱਖ ਵੱਖ ਸ਼ਹਿਰਾਂ ਵਿੱਚ ਆਲੀਸ਼ਾਨ ਕੋਠੀਆਂ ਹਨ ਜੋ ਕਿਰਾਏ ‘ਤੇ ਦਿੱਤੀਆਂ ਹੋਈਆਂ ਹਨ। ਇਸ ਤੋਂ ਇਲਾਵਾ ਕਈਆਂ ਕੋਲੋਂ ਸਰਕਾਰੀ ਗੱਡੀਆਂ ਵੀ ਧੱਕੇ ਨਾਲ ਖੋਹਣੀਆਂ ਪਈਆਂ ਹਨ।
ਇਨ੍ਹਾਂ ਲੋਕਾਂ ਦਾ ਲਾਲਚ ਵੇਖ ਕੇ ਹਰ ਕਿਸੇ ਦੇ ਮਨ ਵਿੱਚ ਇਹ ਖਿਆਲ ਜਰੂਰ ਆਉਂਦਾ ਹੈ ਕਿ ਆਖਰ ਇੱਕ ਇਨਸਾਨ ਨੂੰ ਜਗ੍ਹਾ ਚਾਹੀਦੀ ਕਿੰਨੀ ਹੈ? ਇਨ੍ਹਾਂ ਲੋਕਾਂ ‘ਤੇ ਢੁੱਕਦੀ ਇੱਕ ਰੂਸੀ ਕਹਾਣੀ ਹੈ ਕਿ ਇੱਕ ਸ਼ਹਿਰ ਵਿੱਚ ਉਪਰੋਕਤ ਲੀਡਰਾਂ ਵਰਗਾ ਇੱਕ ਬੇਹੱਦ ਲਾਲਚੀ ਵਪਾਰੀ ਈਵਾਨ ਰਹਿੰਦਾ ਸੀ। ਉਸ ਨੂੰ ਕਿਸੇ ਨੇ ਦੱਸਿਆ ਕਿ ਸਟੈਪੀਆਂ (ਉਪਜਾਊ ਘਾਹ ਦੇ ਮੈਦਾਨ) ਵਿੱਚ ਵੱਸਣ ਵਾਲਾ ਇੱਕ ਕਬੀਲਾ ਹਜ਼ਾਰਾਂ ਏਕੜ ਜ਼ਮੀਨ ਦਾ ਮਾਲਕ ਹੈ। ਉਸ ਦੇ ਸ਼ਰਾਬੀ ਸਰਦਾਰ ਨੂੰ ਜੇ ਵਧੀਆ ਸ਼ਰਾਬ ਭੇਂਟ ਕੀਤੀ ਜਾਵੇ ਤਾਂ ਉਹ ਖੁਸ਼ ਹੋ ਕੇ ਬਹੁਤ ਸਾਰੀ ਜ਼ਮੀਨ ਤੋਹਫੇ ਵਜੋਂ ਦੇ ਦਿੰਦਾ ਹੈ। ਇੱਕ ਦਿਨ ਈਵਾਨ ਆਪਣੇ ਨੌਕਰ ਸਮੇਤ 10 ਪੇਟੀਆਂ ਮਹਿੰਗੀ ਵਿਸਕੀ ਦੀਆਂ ਲੈ ਕੇ ਸਰਦਾਰ ਕੋਲ ਪਹੁੰਚ ਗਿਆ। ਖੁਸ਼ ਹੋ ਕੇ ਸਰਦਾਰ ਨੇ ਕਿਹਾ ਕੇ ਤੂੰ ਹੁਣ ਤੋਂ ਲੈ ਕੇ ਸੂਰਜ ਡੁੱਬਣ ਤੱਕ ਜਿੰਨੀ ਵੀ ਜ਼ਮੀਨ ਦੇ ਦੁਆਲੇ ਪੈਦਲ ਚੱਕਰ ਲਗਾ ਲਵੇਂ, ਉਹ ਤੇਰੀ ਹੋ ਜਾਵੇਗੀ। ਪਰ ਜੇ ਤੂੰ ਇਸ ਸਮੇਂ ਦੌਰਾਨ ਵਾਪਸ ਨਾ ਪਹੁੰਚ ਸਕਿਆ ਤਾਂ ਤੇਰੀ ਸ਼ਰਾਬ ਜ਼ਬਤ ਕਰ ਲਈ ਜਾਵੇਗੀ। ਗੱਲ ਸੁਣਦਿਆਂ ਸਾਰ ਕਹੀ ਫੜ੍ਹ ਕੇ ਈਵਾਨ ਨੇ ਜ਼ਮੀਨ ਵੱਲ ਦੌੜ ਲਗਾ ਦਿੱਤੀ। ਸ਼ਾਮ ਤੱਕ ਉਹ ਜ਼ਮੀਨ ਦੇ ਦੁਆਲੇ ਟੱਕ ਲਗਾਉਂਦਾ ਹੋਇਆ ਬਹੁਤ ਦੂਰ ਤੱਕ ਨਿਕਲ ਗਿਆ। ਜਦੋਂ ਉਸ ਨੇ ਵੇਖਿਆ ਕਿ ਸੂਰਜ ਡੁੱਬਣ ਵਾਲਾ ਹੈ ਤੇ ਜੇ ਉਹ ਵਾਪਸ ਨਾ ਪਹੁੰਚ ਸਕਿਆ ਤਾਂ ਉਸ ਦੀ 10 ਪੇਟੀਆਂ ਵਿਸਕੀ ਡੁੱਬ ਜਾਵੇਗੀ, ਉਹ ਕਾਹਲੀ ਨਾਲ ਕਬੀਲੇ ਵੱਲ ਵਾਪਸ ਚੱਲ ਪਿਆ।
ਹੁਣ ਪੋਲਾ, ਮੋਟਾ ਤੇ ਸ਼ਹਿਰੀ ਈਵਾਨ ਕਿੰਨਾ ਕੁ ਤੇਜ਼ ਚੱਲ ਸਕਦਾ ਸੀ? ਉਸ ਨੇ ਜ਼ਮੀਨ ਦੇ ਲਾਲਚ ਵਿੱਚ ਸਮੇਂ ਸਿਰ ਪਹੁੰਚਣ ਲਈ ਦੁੜਕੀ ਲਗਾ ਦਿੱਤੀ। ਜਦੋਂ ਉਹ ਪਸੀਨੇ ਨਾਲ ਲੱਥ ਪੱਥ ਥੱਕਿਆ ਹਾਰਿਆ ਸਰਦਾਰ ਦੇ ਨਜ਼ਦੀਕ ਪਹੁੰਚਿਆ ਤਾਂ ਥਕਾਵਟ ਕਾਰਨ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਤੇ ਉਹ ਉਥੇ ਹੀ ਡਿੱਗ ਕੇ ਮਰ ਗਿਆ। ਈਵਾਨ ਦੇ ਨੌਕਰ ਨੇ ਉਸ ਨੂੰ ਦਫਨਾਉਣ ਲਈ ਇੱਕ ਬਹੁਤ ਵੱਡੀ ਕਬਰ ਖੋਦੀ ਜੋ ਸਿਰਫ ਅੱਠ ਫੁੱਟ ਲੰਬੀ ਤੇ ਚਾਰ ਫੁੱਟ ਚੌੜੀ ਸੀ। ਕਬੀਲੇ ਦੇ ਸਰਦਾਰ ਨੇ ਵਿਸਕੀ ਦੀਆਂ ਚੁਸਕੀਆਂ ਭਰਦੇ ਹੋਏ ਕਿਹਾ ਕਿ ਇਵਾਨ ਨੂੰ ਸ਼ਾਇਦ ਪਤਾ ਨਹੀਂ ਸੀ ਕਿ ਹਰ ਇਨਸਾਨ ਨੂੰ ਸਿਰਫ ਐਨੀ ਹੀ ਜਗ੍ਹਾ ਲੋੜੀਂਦੀ ਹੈ।

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin