Articles

ਉੱਡਣਾ ਸਿੱਖ ਆਪਣੀ ਜਿੰਦਗੀ ਦੀ ਰੇਸ ਪੂਰੀ ਕਰ ਗਿਆ !

ਨਾਮੁਰਾਦ ਕੋਰੋਨਾ ਨੇ ਸਾਡੇ ਕੋਲੋਂ ਖੇਡ ਜਗਤ ਦਾ ਇੱਕ ਹੋਰ ਅਨਮੋਲ ਹੀਰਾ ਸਦਾ ਲਈ ਖੋ ਲਿਆ ਜਿਸ ਨੂੰ ਕਦੇ ਪਾਕਿਸਤਾਨੀ ਜਨਰਲ ਅਯੁਬ ਖ਼ਾਨ ਨੇ ‘ਉਡਣਾ ਸਿੱਖ (ਫਲਾਇੰਗ ਸਿੱਖ)’ ਦੇ ਖ਼ਿਤਾਬ ਨਾਲ ਨਿਵਾਜਿਆ ਸੀ।

ਮਿਲਖਾ ਸਿੰਘ 18 ਜੂਨ ਦੀ ਰਾਤ ਨੂੰ ਗਿਆਰਾਂ ਕੁ ਵੱਜੇ ਆਪਣੀ ਜਿੰਦਗੀ ਦੀ ਰੇਸ ਹਾਰ ਗਏ , ਜਿਹਨਾਂ ਨੇ 1960 ਵਿੱਚ ਰੋਮ ਓਲੰਪਿਕ ਅਤੇ 1964 ਟੋਕੀਓ ਓਲੰਪਿਕ ਵਿਖੇ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਮਿਲਖਾ ਸਿੰਘ ਨੂੰ ਖੇਡਾਂ ਵਿਚ ਉਹਨਾਂ ਦੀ ਪ੍ਰਾਪਤੀਆਂ ਸਦਕਾ ਭਾਰਤ ਦਾ ਚੌਥਾ ਸਭ ਤੋਂ ਉੱਚਾ ਨਾਗਰਿਕ ਪੁਰਸਕਾਰ “ਪਦਮ ਸ੍ਰੀ” ਨਾਲ ਨਿਵਾਜ਼ਿਆ ਗਿਆ ਸੀ।

ਮਿਲਖਾ ਸਿੰਘ ਦਾ ਜਨਮ ਪਾਕਿਸਤਾਨ ਦੇ ਰਿਕਾਰਡ ਅਨੁਸਾਰ 20 ਨਵੰਬਰ 1929 ਨੂੰ ਗੋਵਿੰਦਪੁਰਾ ਵਿਖੇ ਸਿੱਖ ਰਾਠੌਰ ਰਾਜਪੂਤ ਘਰ ਵਿਚ ਹੋਇਆ। ਕੁਝ ਰਿਕਾਰਡ ਜਨਮ ਮਿਤੀ 17 ਅਕਤੂਬਰ 1935 ਅਤੇ ਕੁਝ 20 ਨਵੰਬਰ 1935 ਦੱਸਦੇ ਹਨ। ਗੋਵਿੰਦਪੁਰਾ ਮੁਜ਼ੱਫਰਗੜ੍ਹ (ਪੁਰਾਣਾ ਪੰਜਾਬ ਹੁਣ ਜ਼ਿਲਾ ਮੁਜ਼ੱਫਰਗੜ੍ਹ ਪਾਕਿਸਤਾਨ) ਤੋਂ 10 ਕੁ ਕਿਲੋਮੀਟਰ ਦੂਰ ਹੈ। ਮਿਲਖਾ ਸਿੰਘ ਆਪਣੇ 15 ਭੈਣ ਭਰਾਵਾਂ ਵਿੱਚੋ ਇੱਕ ਸੀ, ਜਿਹਨਾਂ ਵਿੱਚੋ 8 ਵੰਡ ਤੋਂ ਪਹਿਲਾ ਹੀ ਮਰ ਗਏ ਸਨ। 1947 ਦੀ ਵੰਡ ਦੌਰਾਨ ਮਿਲਖਾ ਸਿੰਘ ਦੇ ਮਾਤਾ ਪਿਤਾ, ਇੱਕ ਭਰਾ ਤੇ ਦੋ ਭੈਣਾਂ ਨੂੰ ਉਸ ਦੀਆਂ ਅੱਖਾਂ ਸਾਹਮਣੇ ਹੀ ਮਾਰ ਦਿੱਤਾ ਗਿਆ ਸੀ।

ਵੰਡ ਤੋਂ ਬਾਅਦ ਭਾਰਤ ਵਿੱਚ ਆਕੇ ਮਿਲਖਾ ਸਿੰਘ ਸ਼ਰਨਆਰਥੀ ਕੈੰਪ ਵਿੱਚ ਰਹੇ। ਉਹਨਾਂ ਨੇ ਬਚਪਨ ਤੋਂ ਜਵਾਨੀ ਤੱਕ ਕਈ ਔਂਕੜਾ ਦਾ ਸਾਹਮਣਾ ਕੀਤਾ। ਜਵਾਨ ਹੁੰਦਿਆਂ ਹੀ ਮਿਲਖਾ ਸਿੰਘ ਭਾਰਤੀ ਫ਼ੌਜ ਵਿੱਚ ਭਰਤੀ ਹੋਏ ਜਿੱਥੇ ਉਹਨਾਂ ਦੇ ਖੇਡ ਜੀਵਨ ਦਾ ਮੁੱਢ ਬਝਿਆ ਸੀ।ਇੱਥੇ ਉਹ ਸਿਪਾਹੀ ਵਜੋਂ ਭਰਤੀ ਹੋਏ ਸਨ ਅਤੇ ਆਪਣੀਆਂ ਖੇਡ ਪ੍ਰਾਪਤੀਆਂ ਸਦਕਾ ਔਨਰੇਰੀ ਕੈਪਟਨ ਰਿਟਾਇਰ ਹੋਏ।

 

 

 

 

 

1960 ਦੇ ਓਲਿੰਪਿਕ ਖੇਡਾਂ ਦੀ 400 ਮੀਟਰ ਦੌੜ, ਜਿਸ ਵਿਚ ਮਿਲਖਾ ਸਿੰਘ ਨੇ ਚੌਥਾ ਸਥਾਨ ਪ੍ਰਾਪਤ ਕੀਤਾ ਸੀ, ਮਿਲਖਾ ਸਿੰਘ ਦੇ ਯਾਦਗਾਰੀ ਦੌੜ੍ਹਾਂ ਵਿੱਚੋ ਇੱਕ ਸੀ। ਪਹਿਲੇ 200 ਮੀਟਰ ਮਿਲਖਾ ਸਿੰਘ ਸਭ ਤੋਂ ਅੱਗੇ ਸੀ, ਪਰ ਆਖ਼ਿਰੀ 200 ਮੀਟਰ ਵਿਚ ਬਾਕੀ ਪ੍ਰਤੀਯੋਗੀ ਉਹਨਾਂ ਤੋਂ ਅੱਗੇ ਲੰਘ ਗਏ। ਉਸ ਦੌੜ ਵਿਚ ਬਹੁਤ ਰਿਕਾਰਡ ਟੁੱਟੇ, ਜਿਸ ਵਿਚ ਅਮਰੀਕੀ ਅਥਲੀਟ ਓਟਿਸ ਡੇਵਿਸ ਜਰਮਨ ਅਥਲੀਟ ਕਾਰਲ ਕੌਫਮੰਨ ਤੋਂ 1 ਸੈਕੰਡ ਦੇ ਸੌਵੇਂ ਹਿੱਸੇ (1/100) ਦੇ ਸਮੇਂ ਨਾਲ ਜੇਤੂ ਰਿਹਾ ਸੀ। ਮਿਲਖਾ ਸਿੰਘ ਉਸ ਦੌੜ ਵਿਚ 45.73 (ਇਲੈਕਟ੍ਰਾਨਿਕ) ਦੇ ਸਮੇਂ ਨਾਲ ਚੌਥੇ ਨੰਬਰ ਤੇ ਰਹੇ, ਜੋ ਕੇ 41 ਸਾਲ ਤੱਕ ਭਾਰਤ ਦਾ ਨੈਸ਼ਨਲ ਰਿਕਾਰਡ ਰਿਹਾ।

1956 ਦੇ ਮੈਲਬੌਰਨ ਓਲਿੰਪਿਕ ਖੇਡਾਂ ਵਿਚ ਮਿਲਖਾ ਸਿੰਘ ਨੇ ਭਾਰਤ ਨੂੰ 200 ਤੇ 400 ਮੀਟਰ ਪ੍ਰਤੀਯੋਗਤਾ ਵਿਚ ਨੁਮਾਇੰਦਗੀ ਕੀਤੀ ਸੀ। 1958 ਵਿਚ ਮਿਲਖਾ ਸਿੰਘ ਨੇ ਭਾਰਤੀ ਰਾਸ਼ਟਰੀ ਖੇਡਾਂ ਜੋ ਕੇ ਕੱਟਕ ਵਿਚ ਹੋਈਆਂ ਸਨ, ਵਿਚ 200 ਅਤੇ 400 ਮੀਟਰ ਦੌੜ ਵਿਚ ਰਿਕਾਰਡ ਸਥਾਪਿਤ ਕੀਤੇ ਅਤੇ ਇਸੇ ਫਾਰਮੈਟ ਵਿਚ ਏਸ਼ੀਆਈ ਖੇਡਾਂ ਸੋਨੇ ਦਾ ਤਮਗਾ ਜਿੱਤਿਆ। ਇਸੇ ਸਾਲ ਮਿਲਖਾ ਸਿੰਘ ਨੇ ਬ੍ਰਿਟਿਸ਼ ਐਮਪਾਇਰ ਤੇ ਕੋਮਨਵੈਲਥ ਖੇਡਾਂ ਵਿਚ 400 ਮੀਟਰ (440 ਯਾਰਡ ਉਸ ਟਾਈਮ) ਦੌੜ ਵਿਚ 46.6 ਸੈਕੰਡ ਦੇ ਸਮੇ ਨਾਲ ਸੋਨੇ ਦਾ ਤਮਗਾ ਜਿੱਤਿਆ ਸੀ। ਇਸ ਪ੍ਰਾਪਤੀ ਕਰ ਕੇ ਹੀ ਮਿਲਖਾ ਸਿੰਘ ਆਜ਼ਾਦ ਭਾਰਤ ਦੇ ਪਹਿਲੇ ਸੋਨ ਤਮਗਾ ਜੇਤੂ ਖਿਡਾਰੀ ਬਣੇ ਸਨ। ਮਿਲਖਾ ਸਿੰਘ ਤੋਂ ਬਾਅਦ ਵਿਕਾਸ ਗੋਂਡਾ ਦੇ 2014 ਵਿਚ ਸੋਨ ਤਗਮਾ ਜਿੱਤਣ ਤੋਂ ਪਹਿਲਾ ਉਹ ਇੱਕ ਮਾਤਰ ਅਜਿਹੇ ਖਿਡਾਰੀ ਸਨ ਜਿਹਨਾਂ ਨੇ ਭਾਰਤ ਨੂੰ ਕੋਮਨਵੈਲਥ ਖੇਡਾਂ ਵਿਚ ਵਿਅਕਤੀਗਤ ਤੌਰ ‘ਤੇ ਸੋਨ ਤਗਮਾ ਜਿਤਾਇਆ।

1962 ਦੀਆਂ ਏਸ਼ੀਆਈ ਖੇਡਾਂ ਜੋ ਕੇ ਜਕਾਰਤਾ ਵਿਚ ਹੋਈਆਂ ਸਨ, ਮਿਲਖਾ ਸਿੰਘ ਨੇ 400 ਮੀਟਰ ਤੇ 4 x 400 ਮੀਟਰ ਰੀਲੇਅ ਵਿਚ ਸੋਨ ਤਗਮਾ ਜਿੱਤਿਆ। ਮਿਲਖਾ ਸਿੰਘ ਨੇ 1964 ਵਿਚ ਓਲਿੰਪਿਕ ਖੇਡਾਂ (ਟੋਕੀਓ) ਵਿਚ ਭਾਗ ਲਿਆ ਸੀ। ਜਿਸ ਵਿਚ ਉਹ 4 x 400 ਮੀਟਰ ਰੀਲੇਅ ਭੱਜੇ ਸਨ। ਭਾਰਤੀ ਟੀਮ ਜਿਸ ਦੇ ਮੈਂਬਰ ਮਿਲਖਾ ਸਿੰਘ,ਅਜਮੇਰ ਸਿੰਘ, ਮੱਖਣ ਸਿੰਘ,ਅੰਮ੍ਰਿਤਪਾਲ ਸਨ, 4 x 400 ਮੀਟਰ ਰੀਲੇਅ ਦੀ ਹੀਟ ਵਿਚ ਚੌਥੇ ਨੰਬਰ ਤੇ ਆਏ ਸਨ।

 

 

 

 

ਮਿਲਖਾ ਸਿੰਘ ਮੇਰੇ ਵਰਗੇ ਕਈ ਅਥਲੀਟਾਂ ਦੇ ਰੋਲ ਮਾਡਲ ਸਨ, ਉਹਨਾਂ ਵੱਲੋਂ ਸਥਾਪਿਤ ਕੀਤਾ 400 ਮੀਟਰ ਦਾ ਭਾਰਤੀ ਰਿਕਾਰਡ 45.6 ਸੈਕੰਡ (45.73 ਇਲੈਕਟ੍ਰਾਨਿਕ ) ਤਕਰੀਬਨ ਚਾਰ ਦਹਾਕੇ ਤੱਕ ਨੌਜਵਾਨ ਅਥਲੀਟਾਂ ਨੂੰ ਵੰਗਾਰਦਾ ਰਿਹਾ ਸੀ।

ਹੁਣ ਮਿਲਖਾ ਸਿੰਘ ਚੰਡੀਗੜ੍ਹ ‘ਚ ਰਹਿੰਦੇ ਸਨ। ਉਹ 1955 ਵਿਚ ਸੀਲੋਨ ਵਿਖੇ ਨਿਰਮਲ ਕੌਰ ਨੂੰ ਮਿਲੇ ਜੋ ਕੇ ਭਾਰਤੀ ਵਾਲੀਵਾਲ ਟੀਮ (ਔਰਤਾਂ) ਦੀ ਸਾਬਕਾ ਕਪਤਾਨ ਸਨ। ਉਹਨਾਂ ਨੇ 1962 ਵਿਚ ਵਿਆਹ ਕਰਵਾ ਲਿਆ। ਉਹਨਾਂ ਦੇ ਤਿੰਨ ਬੇਟੀਆਂ ਤੇ ਇੱਕ ਬੇਟਾ ਜੀਵ ਮਿਲਖਾ ਸਿੰਘ ਹੈ। 1999 ਵਿਚ ਉਹਨਾਂ ਨੇ ਦੀ ਟਾਈਗਰ ਹਿੱਲ ਦੀ ਲੜਾਈ ਵਿਚ ਸ਼ਹੀਦ ਹੋਏ ਹਵਾਲਦਾਰ ਬਿਕਰਮ ਸਿੰਘ ਦੇ 7 ਸਾਲ ਦੇ ਬੇਟੇ ਨੂੰ ਗੋਦ ਲੈ ਲਿਆ।

ਹਾਲੇ ਪਿੱਛੇ ਜਿਹੇ ਹੀ ਕੋਰੋਨਾ ਕਾਰਨ ਉਹਨਾਂ ਦੀ ਸ਼ਰੀਕ-ਏ-ਹਯਾਤ ਨਿਰਮਲ ਮਿਲਖਾ ਸਿੰਘ ਇਸ ਦੁਨੀਆਂ ਤੋਂ ਰੁਖ਼ਸਤ ਹੋਏ ਸੀ। ਸ਼ਾਇਦ ਜੀਵਨ ਸਾਥੀ ਦੇ ਸਹਿਜੇ ਹੀ ਤੁਰ ਜਾਣ ਦਾ ਵਿਯੋਗ ਕੋਰੋਨਾ ਨਾਲ ਜੰਗ ਲੜ ਰਹੇ ਮਿਲਖਾ ਸਿੰਘ ਨੂੰ ਧੁਰ ਅੰਦਰੋ ਤੋੜ ਗਿਆ ਹੋਣਾ, ਕਿਉਂਕਿ ਪੀ. ਜੀ. ਆਈ ਦੇ ਆਈ.ਸੀ.ਯੂ ਵਿੱਚ ਹੋਣ ਕਰਕੇ ਉਹ ਆਪਣੇ ਜੀਵਨ ਸਾਥੀ ਨੂੰ ਅਲਵਿਦਾ ਵੀ ਨਹੀਂ ਸਨ ਕਹਿ ਸਕੇ ।

ਮਿਲਖਾ ਜੋੜੇ ਦਾ ਅਚਨਚੇਤ ਤੁਰ ਜਾਣਾ ਖੇਡ ਸੰਸਾਰ ਲਈ ਇੱਕ ਨਾਂ ਪੂਰਾ ਹੋਣ ਵਾਲਾ ਘਾਟਾ ਹੈ। ਪਰਮਾਤਮਾ ਇਸ ਜੋੜੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ….!!

ਮਿਲਖਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ…!

– ਡਾ. ਬਲਜਿੰਦਰ ਸਿੰਘ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin