Articles Literature

ਕਿਸੇ ਵੀ ਭਾਸ਼ਾ ਦੇ ਪ੍ਰਫੁੱਲਤ ਹੋਣ ਵਿੱਚ ਉਸਦੀ ਆਪਣੀ ਲਿਪੀ ਹੀ ਜੜ੍ਹ ਦਾ ਕੰਮ ਕਰਦੀ !

ਲੇਖਕ: ਅਮਰ ਗਰਗ ਕਲਮਦਾਨ, ਧੂਰੀ

ਕਿਸੇ ਵਿਕਸਤ ਭਾਸ਼ਾ ਦੇ ਮੁੱਖ ਰੂਪ ਵਿੱਚ ਦੋ ਅੰਗ ਬੋਲੀ ਅਤੇ ਲਿਪੀ ਹੁੰਦੇ ਹਨ। ਭਾਸ਼ਾ ਲਈ ਇਹ ਦੋਵੇਂ ਅੰਗ ਇੱਕ ਦੂਜੇ ਦੇ ਪੂਰਕ ਹਨ। ਜੇਕਰ ਬੋਲੀ ਦੇ ਮੁੱਢ ਦੀ ਖੋਜ਼ ਕਰੀਏ ਤਾਂ ਇਹ ਆਦਿ ਮਾਨਵ ਤੱਕ ਜਾਵੇਗੀ। ਹਰੇਕ ਬੋਲੀ ਨੂੰ ਉਸਦੀ ਲਿਪੀ ਬਹੁਤ ਬਾਅਦ ਵਿੱਚ ਜਾਕੇ ਮਿਲੀ ਹੈ। ਬੋਲੀ ਨੂੰ ਲਿਪੀ ਦੀ ਲੋੜ ਹੁੰਦੀ ਹੈ  ਅਤੇ ਲਿਪੀ ਨੂੰ ਬੋਲੀ ਦੀ, ਦੋਵਾਂ ਦਾ ਮੇਲ, ਇੱਕ ਪੂਰਨ ਭਾਸ਼ਾ ਨੂੰ ਜਨਮ ਦਿੰਦਾ ਹੈ।

ਪੰਜਾਬੀ ਭਾਸ਼ਾ ਵੀ ਬੋਲੀ ਅਤੇ ਲਿਪੀ ਦੇ ਸੰਜੋਗੀ ਕ੍ਰਮ ਵਿੱਚੋਂ ਗੁਜਰਦੀ ਹੋਈ ਇੱਕ ਪੂਰਨ ਭਾਸ਼ਾ ਦੇ ਰੂਪ ਵਿੱਚ ਅੱਜ ਸਾਡੇ ਸਾਹਮਣੇ ਹੈ। ਪੰਜਾਬੀ ਬੋਲੀ ਇੱਕ ਬਹੁਤ ਵੱਡੇ ਖੇਤਰ ਭਾਰਤੀ ਪੂਰਬੀ ਪੰਜਾਬ ਅਤੇ ਪਾਕਿਸਤਾਨੀ ਪੱਛਮੀ ਪੰਜਾਬ ਵਿੱਚ ਮੁੱਖ ਰੂਪ ਵਿੱਚ ਬੋਲੀ ਜਾਂਦੀ ਹੈ। ਇਹਨਾ ਦੇ ਨਾਲ਼ ਲੱਗਦੇ ਖੇਤਰਾਂ ਜਿਨ੍ਹਾਂ ਵਿੱਚ ਜੰਮੂ ਵਿੱਚ ਡੋਗਰੀ, ਹਿਮਾਚਲ ਵਿੱਚ ਪਹਾੜੀ ਅਤੇ ਹਰਿਆਣੇ ਵਿੱਚ ਹਰਿਆਣਵੀ, ਇਸ ਨਾਲ਼ ਮਿਲਦੀਆਂ-ਜੁਲਦੀਆਂ ਬੋਲੀਆਂ ਹਨ।

ਦੁਨੀਆਂ ਦੀ ਸਭ ਤੋਂ ਪ੍ਰਾਚੀਨ ਸੱਭਿਅਤਾ ਸਿੰਧ ਘਾਟੀ ਸੱਭਿਅਤਾ ਦੇ ਪ੍ਰਮੁੱਖ ਸਥਾਨ ਹੜੱਪਾ ਅਤੇ ਸੰਘੋਲ ਪੰਜਾਬ ਵਿੱਚ ਹੀ ਮੌਜੂਦ ਹਨ। ਇਹਨਾਂ ਨਗਰਾਂ ਦੇ ਲੋਕ ਨਿਸ਼ਚਿਤ ਤੌਰ ਤੇ ਪੰਜਾਬੀ ਬੋਲਦੇ ਹੋਣਗੇ। ਸਿੰਧ ਘਾਟੀ ਸੱਭਿਅਤਾ ਦੇ ਅੰਤ ਵਿੱਚ ਪੰਜਾਬ ਦੀ ਧਰਤੀ ਉੱਪਰ ਵੈਦਿਕ ਸੱਭਿਅਤਾ  ਨੇ ਆਪਣੀ ਪਹਿਚਾਨ ਬਣਾ ਲਈ ਸੀ। ਵੈਦਿਕ ਸੱਭਿਅਤਾ ਨੇ ਸਿੰਧ ਘਾਟੀ ਸੱਭਿਅਤਾ ਦੇ ਕੁਦਰਤ ਪੱਖੀ ਉਸਦੇ ਗੁਣਾਂ ਨੂੰ ਆਪ ਧਾਰਨ ਕਰ ਲਿਆ। ਵੈਦਿਕ ਸੱਭਿਅਤਾ ਦੀ ਸਭ ਤੋਂ ਮਹੱਤਵਪੂਰਨ ਵਿਲੱਖਣਤਾ ਇਹ ਸੀ ਕਿ ਇਸਨੇ ਆਪਣੇ ਵਿਚਾਰਾਂ ਨੂੰ ਸੂਚੀ ਵਧ ਕਰਨ ਲਈ ਸੰਸਕ੍ਰਿਤ ਭਾਸ਼ਾ ਦੀ ਸਿਰਜਣਾ ਕਰ ਲਈ। ਸੰਸਕ੍ਰਿਤ ਭਾਸ਼ਾ ਦੀ ਅਮੀਰੀ ਨੂੰ ਇਸ ਕੋਲ ਮੌਜੂਦ ਸ਼ਬਦਾਂ ਦੇ ਖਜ਼ਾਨੇ ਨੇ ਹੋਰ ਅਮੀਰ ਕਰ ਦਿੱਤਾ। ਪਾਨਿਣੀ ਦੇ ਵਿਆਕਰਣ ਨੇ ਨਾ ਕੇਵਲ ਸੰਸਕ੍ਰਿਤ ਭਾਸ਼ਾ ਨੂੰ ਵਿਕਸਤ ਕੀਤਾ ਸਗੋਂ ਭਾਰਤੀ ਖਿੱਤਿਆਂ ਵਿੱਚ ਦੂਸਰੀਆਂ ਭਾਸ਼ਾਵਾਂ ਦੇ ਵਿਕਾਸ ਦਾ ਮੁੱਢ ਬੰਨ੍ਹਿਆ।

ਸੰਸਕ੍ਰਿਤ ਭਾਸ਼ਾ ਵਿੱਚ ਪ੍ਰਮੁੱਖ ਸਾਹਿਤ ਪੰਜਾਬ ਦੀ ਧਰਤੀ ਉੱਪਰ ਹੀ ਰਚਿਆ ਗਿਆ। ਸਭ ਤੋਂ ਪਹਿਲਾ ਵੇਦ – ਰਿਗਵੇਦ, ਬਾਲਮੀਕ ਦੁਆਰਾ ਰਚਿਤ ‘ਬਾਲਮੀਕ ਰਮਾਇਣ’ ਵੇਦ ਵਿਆਸ ਦੁਆਰਾ ਰਚਿਤ ਮਹਾਂ ਭਾਰਤ ਆਦਿ ਗ੍ਰੰਥਾਂ ਦੀ ਰਚਨਾ ਪੰਜਾਬ ਦੀ ਧਰਤੀ ਉੱਪਰ ਹੀ ਸੰਪੰਨ ਹੋਈ। ਦੁਨੀਆਂ ਦੀ ਸਭ ਤੋਂ ਪਹਿਲੀ ਅਤੇ ਪ੍ਰਾਚੀਨ ਤਕਸ਼ਿਲਾ ਯੂਨਿਵਰਸਿਟੀ ਵੀ ਪੰਜਾਬ ਦੀ ਧਰਤੀ ਤੇ ਵਿਰਾਜਮਾਨ ਸੀ। ਚਾਣਕਿਆ ਦੁਆਰਾ ਅਰਥ ਸ਼ਾਸ਼ਤਰ ਅਤੇ ਪਾਨਿਣੀ ਦੁਆਰਾ ਵਿਆਕਰਨ ਦੀ ਰਚਨਾ ਅਤੇ ਚਰਕ ਦੁਆਰਾ ਆਯੁਰਵੇਦ ਦੀ ਖੋਜ਼ ਤਕਸ਼ਿਲਾ ਯੂਨਿਵਰਸਿਟੀ ਵਿਖੇ ਸੰਪੰਨ ਹੋਈ।

ਜਦੋਂ ਪੰਜਾਬ ਦੀ ਧਰਤੀ ਤੇ ਪ੍ਰਾਚੀਨ ਕਾਲ ਵਿੱਚ ਐਨੇ ਮਹਾਨ ਸਾਹਿਤ ਦੀ ਰਚਨਾ ਹੋਈ ਹੋਵੇ ਤਾਂ ਪੰਜਾਬੀ ਭਾਸ਼ਾ ਦਾ ਵਿਕਾਸਕ੍ਰਮ ਰਾਹੀਂ ਪੂਰਨਤਾ ਵੱਲ ਪਹੁੰਚਣਾ ਲਾਜ਼ਮੀ ਬਣ ਜਾਂਦਾ ਹੈ। ਪੰਜਾਬ ਵਿੱਚ ਨਾਥ ਯੋਗੀ ਲਹਿਰ ਗਿਆਰਵੀਂ ਸਦੀ ਵਿੱਚ ਗੁਰੂ ਗੋਰਖਨਾਥ ਦੇ ਗੁਰੂ ਮਸ਼ੰਦਰ ਨਾਥ ਦੇ ਪੰਜਾਬ ਵਿੱਚ ਆਗਮਨ ਨਾਲ਼ ਪਹੁੰਚ ਚੁੱਕੀ ਸੀ। ਨਾਥ ਯੋਗੀਆਂ ਨੇ ਪੰਜਾਬ ਦੀ ਧਰਤੀ ਉੱਪਰ ਪੰਜਾਬੀ ਲਹਿਜੇ ਵਿੱਚ ਬਾਣੀ ਦੀ ਰਚਨਾ ਕੀਤੀ। ਨਾਥ ਯੋਗੀਆਂ ਤੋਂ ਬਾਅਦ ਪੰਜਾਬ ਦੀ ਧਰਤੀ ਉੱਪਰ ਭਗਤੀ ਲਹਿਰ ਨੇ ਜੋਰ ਫੜ ਲਿਆ। ਭਗਤੀ ਲਹਿਰ ਦੇ ਸਿਖਰਲੇ ਪੜਾਅ ਦੇ ਪੰਦਰਵੀਂ ਸਦੀ ਵਿੱਚ ਪੰਜਾਬ ਦੀ ਧਰਤੀ ਉੱਪਰ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ਼ ਸਿੱਖ ਗੁਰੂ ਮਰਿਯਾਦਾ ਸ਼ੁਰੂ ਹੋ ਗਈ। ਨਾਥ ਯੋਗੀਆਂ ਅਤੇ ਸਿੱਖ ਗੁਰੂਆਂ ਨੇ ਆਪਣੀ ਬਾਣੀ ਦੀ ਰਚਨਾ ਲਈ ਸ਼ਾਹਮੁਖੀ (ਅਰਬੀ-ਫਾਰਸੀ ਲਿਪੀ) ਦੀ ਵਰਤੋਂ ਨਹੀਂ ਕੀਤੀ। ਉਹ ਬੁਨਿਆਦੀ ਤੌਰ ਤੇ ਇਸ ਨੂੰ ਗੁਲਾਮੀ ਦਾ ਇੱਕ ਹਥਿਆਰ ਸਮਝਦੇ ਸਨ। ਉਨ੍ਹਾ ਨੇ ਬਾਣੀ ਦੀ ਰਚਨਾ ਕਰਨ ਲਈ ਪੰਜਾਬੀ ਅੱਖਰਾਂ ਵਿੱਚ ਮੌਜੂਦ ਪ੍ਰਾਕ੍ਰਿਤ ਲਿਪੀ ਨੂੰ ਹੀ ਵਰਤਿਆ। ਗੁਰੂ ਨਾਨਕ ਦੇਵ ਨੇ ‘ਪੱਟੀ’ ਨਾਂ ਦੀ ਬਾਣੀ ਦੀ ਰਚਨਾ ਵਿੱਚ ਪੰਜਾਬੀ ਦੇ ਅੱਖਰ ਵਰਤੇ ਹਨ।

ਲੋੜ ਸਦਾ ਨਵੇਂ ਰਾਹਾਂ ਦੀ ਸਿਰਜਣਾ ਕਰਦੀ ਹੈ। ਬਾਣੀ ਦਾ ਆਮ ਲੋਕਾਂ ਵਿੱਚ ਸੰਚਾਰ ਕਰਨ ਲਈ ਇੱਕ ਵਿਆਕਰਨ ਯੁਕਤ ਲਿਪੀ ਦੀ ਸਖ਼ਤ ਲੋੜ ਸੀ। ਇਸੇ ਲਈ ਦੂਜੇ ਗੁਰੂ, ਗੁਰੂ ਅੰਗਦ ਦੇਵ ਜੀ ਨੇ ਪੰਜਾਬੀ ਅੱਖਰਾਂ ਨੂੰ ਸੂਚੀ ਵਧ ਕਰਕੇ ਪੈਂਤੀ ਅੱਖਰਾਂ ਦੀ ਵਰਣਮਾਲਾ ਬਣਾਈ ਜਿਸਨੂੰ ਗੁਰਮੁਖੀ ਲਿਪੀ ਦਾ ਨਾਮ ਦਿੱਤਾ ਗਿਆ।

ਹਰੇਕ ਭਾਸ਼ਾ ਦਾ ਇੱਕ ਨਿਸ਼ਚਿਤ ਵਿਕਾਸ ਕ੍ਰਮ ਹੁੰਦਾ ਹੈ ਅਤੇ ਉਹ ਆਪਣੀਆਂ ਗੁਆਂਢੀ ਬੋਲੀਆਂ ਅਤੇ ਲਿਪੀਆਂ ਤੋਂ ਪ੍ਰਭਾਵਿਤ ਹੁੰਦੀ ਹੈ। ਪੰਜਾਬੀ ਭਾਸ਼ਾ ਦੀ ਲਿਪੀ ਦੇ ਵਿਕਾਸਕ੍ਰਮ ਵਿੱਚ ਗੁਆਂਢੀ ਰਾਜ ਸਿੰਧ ਦੀ ਖੁਦਾਵਾਦੀ ਲਿਪੀ ਦੇ ਅੱਖਰਾਂ ਅਤੇ ਲਗਾਮਾਤਰਾਵਾਂ, ਜੰਮੂ-ਕਸ਼ਮੀਰ ਦੀ ਸ਼ਾਰਦਾ ਲਿਪੀ ਦੇ ਅੱਖਰਾਂ, ਉੱਤਰੀ ਭਾਰਤ ਦੀ ਨਾਗਰੀ ਲਿਪੀ ਦੇ ਅੱਖਰਾਂ ਅਤੇ ਲਗਾਮਾਤਰਾਵਾਂ ਅਤੇ ਸ਼ਾਹੂਕਾਰੀ ਲਿਪੀ (ਲੰਡੇ) ਦੇ ਅੱਖਰਾਂ ਦੀ ਸਾਂਝ ਦੇ ਚਿੰਨ ਸਪੱਸ਼ਟ ਦਿਖਾਈ ਦਿੰਦੇ ਹਨ। ਅੱਜ ਭਾਰਤੀ ਰਾਜ ਪੰਜਾਬ ਵਿੱਚ ਪੰਜਾਬੀ ਭਾਸ਼ਾ ਪੂਰੀ ਤਰਾਂ ਵਿਕਸਤ ਹੋ ਚੁੱਕੀ ਹੈ, ਜਿਸਦੀ ਅਧਿਕਾਰਿਤ ਲਿਪੀ ਗੁਰਮੁਖੀ ਲਿਪੀ ਹੈ। ਕੋਈ ਬੋਲੀ ਪੂਰਨ ਭਾਸ਼ਾ ਬਣ ਜਾਂਦੀ ਹੈ, ਜਦੋਂ ਉਸਨੂੰ  ਆਪਣੀ ਲਿਪੀ ਮਿਲ ਜਾਵੇ।

ਅੱਜ ਕਿਸੇ ਖਿੱਤੇ ਦੀ ਭਾਸ਼ਾ ਨੂੰ ਸਭ ਤੋਂ ਵੱਡਾ ਖ਼ਤਰਾ ਈਸ਼ਵਰਵਾਦੀਆਂ ਤੋਂ ਹੈ। ਈਸ਼ਵਰਵਾਦੀ ਉਹ ਹਨ ਜਿਹੜੇ ਈਸ਼ਵਰ ਨੂੰ ਨਿਰਪੱਖ ਸ਼ਕਤੀ ਮੰਨਦੇ ਹਨ ਅਤੇ ਕੁਦਰਤ ਨੂੰ ਮੁੱਢੋਂ ਹੀ ਰੱਦ ਕਰਦੇ ਹਨ। ਈਸ਼ਵਰਵਾਦੀ ਦੂਸਰੇ ਸੱਭਿਆਚਾਰਾਂ ਉੱਪਰ ਆਪਣੇ ਪੈਗੰਬਰ ਦਾ ਧਰਮ ਥੋਪਣ ਲਈ, ਸੱਭਿਆਚਾਰ ਦੀ ਸਭ ਤੋਂ ਮਜ਼ਬੂਤ ਕੜੀ ਲੋਕਾਂ ਦੀ ਭਾਸ਼ਾ ਉੱਪਰ ਹਮਲਾ ਕਰਦੇ ਹਨ। ਉਹ ਲੋਕਾਂ ਦੀ ਭਾਸ਼ਾ ਨੂੰ ਮਾਰਨ ਲਈ ਸਭ ਤੋਂ ਪਹਿਲਾ ਹਮਲਾ ਭਾਸ਼ਾ ਦੀ ਲਿਪੀ ਉੱਪਰ ਕਰਦੇ ਹਨ। ਜਦੋੰ ਕਿਸੇ ਖਿੱਤੇ ਦੀ ਰਾਜਨੀਤਿਕ ਸ਼ਕਤੀ ਈਸ਼ਵਰਵਾਦੀਆਂ ਦੇ ਹੱਥਾਂ ਵਿੱਚ ਆ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਉਸ ਖਿੱਤੇ ਦੀ ਭਾਸ਼ਾ ਦੀ ਆਪਣੀ ਲਿਪੀ ਨੂੰ ਰੱਦ ਕਰਕੇ ਉਸ ਦੀ ਥਾਂ ਉੱਪਰ ਆਪਣੇ ਪੈਗੰਬਰ ਵੱਲੋਂ ਵਰਤੀ ਲਿਪੀ ਥੋਪ ਦਿੰਦੇ ਹਨ। ਚਾਹੇ ਪੈਗੰਬਰ ਦੀ ਲਿਪੀ ਹਜਾਰਾਂ ਕਿ.ਮੀ. ਦੂਰ ਦੀ ਹੀ ਕਿਉਂ ਨਾ ਹੋਵੇ। ਜਦੋਂ ਸਮਾਂ ਗੁਜਰਦਾ ਹੈ ਤਾਂ ਉਸ ਖਿੱਤੇ ਦੀਆਂ ਆਉਣ ਵਾਲੀਆਂ ਨਵੀਆਂ ਪੀੜ੍ਹੀਆਂ ਆਪਣੀ ਭਾਸ਼ਾ ਦੀ ਅਸਲ ਲਿਪੀ ਨੂੰ ਭੁੱਲ ਜਾਂਦੀਆਂ ਹਨ। ਖਿੱਤੇ ਦੇ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਕੁੱਟ-ਕੁੱਟ ਕੇ ਭਰ ਦਿੱਤੀ ਜਾਂਦੀ ਹੈ ਕਿ ਉਹਨਾ ਲਈ ਪੈਗੰਬਰ ਦੀ ਲਿਪੀ ਹੀ ਪਵਿੱਤਰ ਹੈ। ਨਾਲ਼ ਹੀ ਈਸ਼ਵਰਵਾਦੀਆਂ ਵੱਲੋਂ ਦੂਸਰਾ ਹਮਲਾ ਖਿੱਤੇ ਦੀ ਬੋਲੀ ਉੱਪਰ ਕੀਤਾ ਜਾਂਦਾ ਹੈ ਅਤੇ ਇਹ ਲੰਬਾ ਸਮਾਂ ਚੱਲਦਾ ਹੈ,ਨਤੀਜਾ ਆਉਣ ਵਾਲੀਆਂ ਪੀੜ੍ਹੀਆਂ ਆਪਣੀ ਮਾਤ ਭਾਸ਼ਾ ਨੂੰ ਭੁੱਲ ਜਾਂਦੀਆਂ ਹਨ।

ਸਿੰਧੀ ਭਾਸ਼ਾ ਦੀ ਖੁਦਾਵਾਦੀ ਲਿਪੀ ਹੈ, ਜਿਹੜੀ ਕਿ ਦੂਸਰੀਆਂ ਭਾਰਤੀ ਭਾਸ਼ਾਵਾਂ ਵਾਂਗ ਖੱਬੇ ਤੋਂ ਸੱਜੇ ਵੱਲ ਲਿਖੀ ਜਾਂਦੀ ਹੈ। ਇਸੇ ਤਰਾਂ ਸਾਂਝੇ ਪੰਜਾਬ ਦੀ ਬੋਲੀ ਪੰਜਾਬੀ ਹੈ, ਜਿਸਦੀ ਆਪਣੀ ਗੁਰਮੁਖੀ ਲਿਪੀ ਹੈ। ਭਾਰਤੀ ਲਿਪੀਆਂ ਦੀ ਇੱਕ ਹੋਰ ਵਿਲੱਖਣਤਾ ਇਹ ਹੈ ਕਿ ਹਰ ਸ਼ਬਦ ਨੂੰ ਵੱਖਰੀ ਪਹਿਚਾਨ ਦੇਣ ਲਈ ਸ਼ਬਦ ਉੱਪਰ ਰੇਖਾ ਖਿੱਚੀ ਜਾਂਦੀ ਹੈ, ਜਦੋਂ ਕਿ ਅਰਬੀ-ਫਾਰਸੀ ਲਿਪੀ ਦੀ ਵਰਤੋਂ ਵੇਲੇ ਸ਼ਬਦ ਉੱਪਰ ਰੇਖਾ ਨਹੀਂ ਖਿੱਚੀ ਜਾਂਦੀ ਅਤੇ ਇਹ ਸੱਜੇ ਤੋਂ ਖੱਬੇ ਵੱਲ ਲਿਖੀ ਜਾਂਦੀ ਹੈ।

ਪਾਕਿਸਤਾਨ ਦੀ ਈਸ਼ਵਰਵਾਦੀ ਸੱਤਾ ਨੇ 1947 ਵਿੱਚ ਆਪਣੀ ਸ਼ੁਰੂਆਤੀ ਹੋਂਦ ਵੇਲੇ ਹੀ ਸਭ ਤੋਂ ਵੱਡਾ ਹਮਲਾ ਸਿੰਧੀ ਅਤੇ ਪੰਜਾਬੀ ਦੀਆਂ ਲਿਪੀਆਂ ਉੱਪਰ ਕੀਤਾ। ਉਨ੍ਹਾਂ ਨੇ ਦੋਵਾਂ ਵੱਖਰੇ ਸੰਸਕ੍ਰਿਤਕ ਖੇਤਰਾਂ ਦੀਆਂ ਆਪਣੀਆਂ ਲਿਪੀਆਂ ਨੂੰ ਰੱਦ ਕਰਕੇ ਧੱਕੇ ਨਾਲ਼ ਅਰਬੀ-ਫਾਰਸੀ ਲਿਪੀ ਥੋਪ ਦਿੱਤੀ। ਉਹਨਾ ਵੱਲੋਂ ਦੂਜਾ ਹਮਲਾ ਲੋਕਾਂ ਦੀ ਬੋਲੀ ਉੱਪਰ ਕੀਤਾ ਗਿਆ। ਸਿੰਧੀ ਅਤੇ ਪੰਜਾਬੀ ਦੀ ਥਾਂ ਉੱਪਰ ਲੋਕਾਂ ਵਿੱਚ ਉਰਦੂ ਬੋਲਣ ਦਾ ਚਲਣ ਚਲਾਇਆ ਗਿਆ। ਭਾਰਤੀ ਕਸ਼ਮੀਰ ਵਿੱਚ ਵੀ ਈਸ਼ਵਰਵਾਦੀ ਸਤਾ ਵੱਲੋਂ ਕਸ਼ਮੀਰੀ ਭਾਸ਼ਾ ਦੀ ਲਿਪੀ ਉੱਪਰ ਹਮਲਾ ਕੀਤਾ ਗਿਆ। ਕਸ਼ਮੀਰੀ ਲੋਕਾਂ ਨੂੰ ਭੁਲਾ ਦਿੱਤਾ ਗਿਆ ਕਿ ਉਹਨਾ ਦੀ ਕਸ਼ਮੀਰੀ ਭਾਸ਼ਾ ਦੀ ਲਿਪੀ ਸ਼ਾਰਦਾ ਲਿਪੀ ਹੈ। ਈਸ਼ਵਰਵਾਦੀ ਸਤਾ ਨੇ ਸ਼ਾਰਦਾ ਲਿਪੀ ਦੀ ਥਾਂ ਉੱਪਰ ਅਰਬੀ-ਫਾਰਸੀ ਲਿਪੀ ਦਾ ਚਲਨ ਥੋਪ ਦਿੱਤਾ। ਜਦੋਂ ਪੂਰਬੀ ਬੰਗਾਲ ਪਾਕਿਸਤਾਨ ਦਾ ਭਾਗ ਸੀ ਤਾਂ ਪਾਕਿਸਤਾਨ ਦੀ ਈਸ਼ਵਰਵਾਦੀ ਸਤਾ ਨੇ ਲਿਪੀ ਦਾ ਇਹ ਪ੍ਰਯੋਗ ਪੂਰਬੀ ਬੰਗਾਲ ਵਿੱਚ ਵੀ ਲਾਗੂ ਕਰਨਾ ਚਾਹਿਆ ਸੀ। ਪਰ ਉੱਥੋਂ ਦੇ ਲੋਕਾਂ ਨੇ ਨਾ ਕੇਵਲ ਆਪਣੀ ਭਾਸ਼ਾ ਤੇ ਹਮਲੇ ਦਾ ਵਿਰੋਧ ਕੀਤਾ ਬਲਕਿ 1971 ਵਿੱਚ ਆਪਣੇ ਇਸ ਵਿਰੋਧ ਨੂੰ ਪਾਕਿਸਤਾਨ ਤੋਂ ਪੂਰਨ ਅਜ਼ਾਦੀ ਵਿੱਚ ਬਦਲ ਦਿੱਤਾ।

ਅੱਜ ਭਾਰਤੀ ਸੰਸਕ੍ਰਿਤੀ ਦੁਨੀਆਂ ਵਿੱਚ ਗੁਲਾਬ ਦੇ ਫੁੱਲ ਵਾਂਗ ਖਿੜੀ ਨਜ਼ਰ ਆਉਂਦੀ ਹੈ ਕਿਉਂਕਿ ਇਸ ਫੁੱਲ ਦੀਆਂ ਪੱਤੀਆਂ ਦੇ ਰੂਪ ਵਿੱਚ 22 ਭਾਸ਼ਾਵਾਂ ਪ੍ਰਫੁੱਲਤ ਹਨ। ਜਿਨ੍ਹਾਂ ਵਿੱਚ ਪੰਜਾਬੀ, ਅਸਾਮੀ, ਬੰਗਾਲੀ, ਗੁਜਰਾਤੀ, ਹਿੰਦੀ, ਕੰਨੜ, ਕਸ਼ਮੀਰੀ, ਕੋਂਕਨੀ ਮਲਿਆਲਮ, ਮਨੀਪੁਰੀ, ਮਰਾਠੀ, ਨੇਪਾਲੀ, ਉੜੀਆ, ਸੰਸਕ੍ਰਿਤ, ਸਿੰਧੀ, ਤਾਮਿਲ, ਤੇਲਗੂ, ਉਰਦੂ, ਬੋਡੋ, ਸੰਥਾਲੀ, ਮੈਥਿਲੀ ਅਤੇ ਡੋਗਰੀ ਹਨ।

ਮਾਤ ਭਾਸ਼ਾ ਕਿਸੇ ਵੀ ਸੱਭਿਆਚਾਰ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ। ਜਿਹੜੇ ਲੋਕ ਈਸ਼ਵਰਵਾਦੀ ਸੋਚ ਵਿੱਚ ਗ੍ਰਸਤ ਹੋ ਕੇ ਆਪਣੀ ਮਾਤ ਭਾਸ਼ਾ ਅਤੇ ਸੱਭਿਆਚਾਰ ਨੂੰ ਖ਼ਤਮ ਕਰ ਲੈਂਦੇ ਹਨ, ਉੱਥੇ ਅੱਤਵਾਦ ਅਤੇ ਅਰਾਜਕਤਾ ਪੈਰ ਜਮਾ ਲੈਂਦੀ ਹੈ। ਕਿਸੇ ਕੌਮ ਦੇ ਬੌਧਿਕ ਵਿਕਾਸ ਅਤੇ ਸਥਾਈਤਵ ਵਿੱਚ ਸੱਭਿਆਚਾਰ ਅਤੇ ਮਾਤ ਭਾਸ਼ਾ ਦੀ ਸਭ ਤੋਂ ਵੱਡੀ ਭੂਮਿਕਾ ਹੁੰਦੀ ਹੈ।

ਸੰਸਕ੍ਰਿਤ ਭਾਸ਼ਾ ਵਿੱਚ ਪਿਆ ਸ਼ਬਦਾਂ ਦਾ ਖਜ਼ਾਨਾ ਨਾ ਕੇਵਲ ਹਿੰਦੀ ਭਾਸ਼ਾ ਲਈ ਸਰਮਾਇਆ ਹੈ ਬਲਕਿ ਇਹ ਪੰਜਾਬੀ ਲਈ ਵੀ ਉਨਾਂ ਹੀ ਉਪਯੋਗੀ ਹੈ। ਹਾਲੇ ਵੀ ਪੰਜਾਬੀ ਭਾਸ਼ਾ ਲੋੜ ਪੈਣ ਤੇ ਸੰਸਕ੍ਰਿਤ ਦੇ ਨਵੇਂ ਸ਼ਬਦਾਂ ਦੀ ਵਰਤੋਂ ਕਰਦੀ ਹੈ ਅਤੇ ਸੰਸਕ੍ਰਿਤ ਦੇ ਸ਼ਬਦ ਸੋਖਿਆਂ ਹੀ ਪੰਜਾਬੀ ਭਾਸ਼ਾ ਵਿੱਚ ਰਚ-ਮਿਚ ਜਾਂਦੇ ਹਨ। ਜਿਸ ਕਾਰਨ ਹੁਣ ਇਹ ਪਾਠਕ੍ਰਮ ਲਈ ਇੱਕ ਢੁੱਕਵੀਂ ਅਤੇ ਸੌਖੀ ਭਾਸ਼ਾ ਬਣ ਚੁੱਕੀ ਹੈ।

ਗੰਦੇ ਅਤੇ ਬੇਸੁਰੇ ਗੀਤ ਅਤੇ ਸੋਸ਼ਲ ਮੀਡੀਆ ਉੱਪਰ ਪੇਸ਼ ਕੀਤੀ ਜਾ ਰਹੀ ਲੱਚਰ ਕਮੇਡੀ ਪੰਜਾਬੀ ਭਾਸ਼ਾ ਉੱਪਰ ਮਾਰੂ ਹਮਲਾ ਕਰ ਰਹੀ ਹੈ। ਜਿਸਨੂੰ ਰੋਕਣ ਲਈ ਮੁੜ ਤੋਂ ਸੱਭਿਆਚਾਰਕ ਗੀਤਾਂ ਦੇ ਚਲਨ ਦੀ ਸਖ਼ਤ ਲੋੜ ਹੈ। ਪੰਜਾਬੀ ਸੱਭਿਆਚਾਰ ਅਤੇ ਭਾਸ਼ਾ ਨੂੰ ਬਚਾਉਣ ਲਈ ਅੱਜ ਲੌੜ ਹੈ ਇੱਕ ਉਸਾਰੂ ਸੱਭਿਆਚਾਰ ਸਿਰਜਣ ਦੀ। ਯਮਲਾ ਜੱਟ, ਕੁਲਦੀਪ ਮਾਣਕ ਵਰਗੇ ਗਾਇਕ, ਸੁਰਿੰਦਰ ਕੌਰ, ਗੁਰਮੀਤ ਬਾਵਾ ਵਰਗੀਆਂ ਗਾਇਕਾਵਾਂ ਅਤੇ ਦੇਵ ਥਰੀਕਿਆ ਵਰਗੇ ਗੀਤਕਾਰਾਂ ਦੀ ਸਖ਼ਤ ਲੋੜ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin