Culture

ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਵਲੋਂ ਸੈਮੀਨਾਰ 

ਕੈਲਗਰੀ – ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ, ਭਖਦੇ ਸਮਾਜਿਕ ਮਸਲਿਆਂ ਤੇ ਵਿਚਾਰ ਵਟਾਂਦਰੇ ਕਰਵਾ ਕੇ, ਆਪਣੇ ਮੈਂਬਰਾਂ ਨੂੰ ਵਧੇਰੇ ਜਾਗਰੂਕ ਕਰਨ ਲਈ ਵਚਨਬੱਧ ਹੈ। ਇਸੇ ਲੜੀ ਤਹਿਤ, ਮਈ ਮਹੀਨੇ ਦੇ ਤੀਜੇ ਸ਼ਨਿਚਰਵਾਰ, ਜੈਂਸਿਸ ਸੈਂਟਰ ਵਿਖੇ ਹੋਈ ਮਾਸਿਕ ਇਕੱਤਰਤਾ ਵਿੱਚ, ਮਦਰਜ਼ ਡੇ ਮਨਾਉਣ ਤੋਂ ਇਲਾਵਾ, ‘ਬੱਚਿਆਂ ਨਾਲ ਹੋਣ ਵਾਲੀ ਬਦਸਲੂਕੀ’ ਵਿਸ਼ੇ ਤੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ- ਜਿਸ ਵਿੱਚ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਜ਼ ਤੋਂ, ਇਸ ਵਿਸ਼ੇ ਦੇ ਮਾਹਰ ਤਾਨੀਆਂ ਭੁੱਲਰ, ਤੋਂ ਇਲਾਵਾ ਐਨ.ਈ.ਡੀ.ਵੀ.ਪੀ.ਸੀ. ਤੋਂ ਮੁਦੱਸਰ ਨਵਾਜ਼ ਤੇ ਹਿਮਾਰੀਆ ਫ਼ਲਕ ਵੀ, ਉਚੇਚੇ ਤੌਰ ਤੇ ਸ਼ਾਮਲ ਹੋਏ।
ਭਰਵੀਂ ਹਾਜ਼ਰੀ ਵਿੱਚ, ਸਭ ਤੋਂ ਪਹਿਲਾਂ ਸਕੱਤਰ ਗੁਰਦੀਸ਼ ਕੌਰ ਨੇ, ਬਰਾੜ ਮੈਡਮ ਦੀ ਗੈਰਹਾਜ਼ਰੀ ਕਾਰਨ- ਬਲਜਿੰਦਰ ਗਿੱਲ ਜੀ, ਤਾਨੀਆਂ ਭੁੱਲਰ ਤੇ  ਗੁਰਚਰਨ ਥਿੰਦ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ੁਸ਼ੋਭਿਤ ਹੋਣ ਲਈ ਬੇਨਤੀ ਕੀਤੀ। ਮੀਟਿੰਗ ਦੀ ਰੂਪ ਰੇਖਾ ਸਾਂਝੀ ਕਰਨ ਤੋਂ ਬਾਅਦ, ਵਿਸ਼ੇਸ਼ ਬੁਲਾਰੇ ਤਾਨੀਆਂ ਭੁੱਲਰ, ਨਵੇਂ ਮੈਂਬਰਾਂ ਤੇ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ। ਗੁਰਚਰਨ ਥਿੰਦ ਦੀ ਰਲੀਜ਼ ਹੋਈ ਨੌਵੀਂ ਪੁਸਤਕ ‘ਕਨੇਡੀਅਨ ਕੂੰਜਾਂ’ ਲਈ ਅਤੇ ਸੁਰਿੰਦਰਪਾਲ ਕੈਂਥ ਨੂੰ ਉਸ ਦੇ ਬੇਟੇ ਦੇ ਵਿਆਹ ਦੀ ਵਧਾਈ, ਜ਼ੋਰਦਾਰ ਤਾੜੀਆਂ ਨਾਲ ਦਿੱਤੀ ਗਈ। ‘ਵਿਸਾਖੀ ਮੇਲਾ-2019’ ਦੇ ਸਮਾਗਮ ਤੇ, ਸਭਾ ਦੀ ਨੁਮਾਇੰਦਗੀ ਕਰਨ ਤੇ, ਦੋ ਕਲਾਕਾਰਾਂ- ਸਰਬਜੀਤ ਉੱਪਲ ਤੇ ਹਰਮਿੰਦਰ ਕੌਰ ਨੂੰ ਸਨਮਾਨ ਮਿਲਣ ਤੇ ਵੀ, ਸਭਾ ਵਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।
ਅੱਜ ਦੀ ਮੀਟਿੰਗ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਪਹਿਲੇ ਭਾਗ ਵਿੱਚ- ਸੈਮੀਨਾਰ ਦੇ ਵਿਸ਼ੇ ਤੇ ਤਾਨੀਆਂ ਦੇ ਵਿਚਾਰ ਜਾਨਣ ਤੋਂ ਪਹਿਲਾਂ- ਗੁਰਚਰਨ ਥਿੰਦ ਨੇ ਇਸ ਨਾਲ ਸਬੰਧਤ ਅੰਕੜੇ ਦੱਸ ਕੇ, ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਕਿ- ਇਸ ਮੁਲਕ ਵਿੱਚ ੧੫ ਸਾਲ ਤੱਕ ਪਹੁੰਚਦਿਆਂ ਹੀ, ਬਹੁਤ ਸਾਰੇ ਬੱਚੇ ‘ਚਾਈਲਡ ਅਬਿਊਜ਼’ ਦਾ ਸ਼ਿਕਾਰ ਹੋ ਜਾਂਦੇ ਹਨ- ਜਿਸ ਦੀ ਬਹੁਤੇ ਮਾਪਿਆਂ ਨੂੰ ਖਬਰ ਤੱਕ ਨਹੀਂ ਹੁੰਦੀ। ਸੋ ਇਸ ਸਬੰਧ ਵਿੱਚ ਜਾਣਕਾਰੀ ਦੇਣ ਲਈ ਹੀ, ਇਸ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ ਹੈ। ਸੋ ਆਪਾਂ ਜਾਣਕਾਰੀ ਪ੍ਰਾਪਤ ਕਰਕੇ, ਹੋਰਾਂ ਤੱਕ ਵੀ ਇਹ ਸੁਨੇਹਾ ਪਹੁੰਚਾਣਾ ਹੈ।
ਤਾਨੀਆਂ ਨੇ ‘ਚਾਈਲਡ ਐਬਿਊਜ਼’ ਦੀਆਂ ਕਿਸਮਾਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਕਿਹਾ ਕਿ- ਕਈ ਵਾਰੀ ਅਸੀਂ ਆਪਣੇ ਦਿਲ ਦੀ ਭੜਾਸ ਕੱਢਣ ਲਈ, ਬੱਚਿਆਂ ਨੂੰ ਡਾਂਟਣ ਜਾਂ ਗਾਲ਼ਾਂ ਕੱਢਣ ਲੱਗ ਜਾਂਦੇ ਹਾਂ- ਜੋ ਭਾਵਨਾਤਮਕ ਬਦਸਲੂਕੀ  ਹੈ- ਕਿਉਂਕਿ ਇਸ ਨਾਲ ਬੱਚੇ ਦੀਆਂ ‘ਇਮੋਸ਼ਨਜ਼’ ਤੇ ਅਸਰ ਪੈਂਦਾ ਹੈ। ਦੂਸਰਾ- ਕਈ ਪਰਿਵਾਰਾਂ ਵਿੱਚ ਮਾਪੇ ਜਾਂ ‘ਗਰੈਂਡ ਪੇਰੈਂਟਸ’ ਆਪੋ ਵਿੱਚ ਲੜਦੇ ਝਗੜਦੇ ਰਹਿੰਦੇ ਹਨ- ਜਿਸ ਦਾ ਬੱਚਿਆਂ ਦੇ ਮਨ ਤੇ ਬੁਰਾ ਅਸਰ ਪੈਂਦਾ ਹੈ। ਅਜੇਹੇ ਮਹੌਲ ਵਿੱਚ ਪਲ਼ੇ ਬੱਚੇ ਵੱਡੇ ਹੋ ਕੇ, ਆਪਣੀ ਜ਼ਿੰਦਗੀ ਵਿੱਚ ਕਦੇ ਵੀ ਦੂਜਿਆਂ ਨਾਲ ਸੁਖਾਵੇਂ ਸਬੰਧ ਨਹੀਂ ਬਣਾ ਸਕਣਗੇ। ਤੀਸਰਾ- ਕਈ ਮਾਪੇ ਦਿਨ ਰਾਤ ਕਮਾਈ ਕਰਨ ਦੇ ਚੱਕਰ ਵਿੱਚ, ਬੱਚਿਆਂ ਨਾਲ ਬਹੁਤ ਘੱਟ ਸਮਾਂ ਬਿਤਾਉਂਦੇ ਹਨ। ਜਿਸ ਕਾਰਨ ਬੱਚੇ ਜਾਂ ਤਾਂ ਟੈਕਨੌਲੌਜੀ ‘ਚ ਰੁਝੇ ਰਹਿੰਦੇ ਹਨ ਜਾਂ ਬਾਹਰੋਂ ਪਿਆਰ ਭਾਲਦੇ, ਕਈ ਵਾਰੀ ਗਲਤ ਅਨਸਰਾਂ ਦੇ ਹੱਥੀਂ ਚੜ੍ਹ ਕੇ, ਕਈ ਭੈੜੀਆਂ ਆਦਤਾਂ ਦੇ ਸ਼ਿਕਾਰ ਹੋ ਜਾਂਦੇ ਹਨ। ਚੌਥਾ- ‘ਸੈਕਸੂਅਲ ਅਬਿਊਜ਼’ ਜਿਸ ਬਾਰੇ ਗੱਲ ਕਰਨਾ ਵੀ ਗੁਨਾਹ ਸਮਝਿਆ ਜਾਂਦਾ ਹੈ। ਇਸ ਦੀ ਸਹੀ ਜਾਣਕਾਰੀ ਨਾ ਹੋਣ ਕਾਰਨ ਹੀ, ਸਾਡੇ ਬੱਚਿਆਂ ਦਾ ਸੋਸ਼ਣ ਹੁੰਦਾ ਹੈ। ਅੰਕੜੇ ਦੱਸਦੇ ਹਨ ਕਿ- ਚਾਰ ਵਿਚੋਂ ਇੱਕ ਲੜਕੀ, ਤੇ ਛੇ ਵਿਚੋਂ ਇੱਕ ਲੜਕਾ, ਇਸ ‘ਐਬਿਊਜ਼’ ਤੋਂ ਪੀੜਤ ਹੈ। ਬਹੁਤੇ ਬੱਚੇ ਇਸ ਬਾਰੇ ਮਾਪਿਆਂ ਨਾਲ ਵੀ ਗੱਲ ਨਹੀਂ ਕਰਦੇ- ਕਿਉਂਕਿ ਮਾਪਿਆਂ ਨੇ ਉਹਨਾਂ ਨਾਲ ਦੋਸਤਾਨਾਂ ਸਬੰਧ ਹੀ ਕਾਇਮ ਨਹੀਂ ਕੀਤੇ ਹੁੰਦੇ। ਸੋ ਹਰ ਤਰ੍ਹਾਂ ਦੀ ਬਦਸਲੂਕੀ ਤੋਂ ਬੱਚਿਆਂ ਨੂੰ ਬਚਾਉਣ ਲਈ, ਬੱਚਿਆਂ ਨਾਲ ਪਿਆਰ ਦਾ ਰਿਸ਼ਤਾ ਬਣਾਈ ਰੱਖਣਾ ਤੇ ਵੱਧ ਤੋਂ ਵੱਧ ਸਮਾਂ ਬੱਚਿਆਂ ਨਾਲ ਬਿਤਾਉਣਾ, ਬੇਹੱਦ ਜਰੂਰੀ ਹੈ।
ਇਸ ਤੋਂ ਬਾਅਦ ਸੁਆਲ- ਜੁਆਬ ਦਾ ਸਿਲਸਿਲਾ ਸ਼ੁਰੂ ਹੋਇਆ। ਕਈ ਮੈਂਬਰਾਂ ਨੇ ‘ਟੀਨ-ਏਜਰ’ ਬੱਚਿਆਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ- ਜਿਹਨਾਂ ਦੇ ਤਾਨੀਆਂ ਵਲੋਂ ਤਸੱਲੀਬਖਸ਼ ਜੁਆਬ ਦਿੱਤੇ ਗਏ। ਇਸ ਸੈਮੀਨਾਰ ਦਾ ਲਾਹਾ ਲੈਣ ਲਈ, ਮੈਂਬਰਾਂ ਤੋਂ ਇਲਾਵਾ- ਕਈ ਮਾਪੇ ਜਾਂ ਗਰੈਂਡ ਪੇਰੈਂਟਸ ਤੇ ਕੁੱਝ ਆਪਣੇ ਬੱਚਿਆਂ ਸਮੇਤ, ਉਚੇਚੇ ਤੌਰ ਤੇ ਪਹੁੰਚੇ ਸਨ। ਜਿਹਨਾਂ ਵਿੱਚ- ਨਰਿੰਦਰ ਕੌਰ, ਸੁਖਜਿੰਦਰ ਕੌਰ ਸਰਾਂ, ਕਮਲੇਸ਼ ਸ਼ਰਮਾ, ਗੁਰਚਰਨ ਕੌਰ, ਕਮਲ ਗਰੇਵਾਲ, ਕਿਰਨਜੀਤ ਪੁਰਬਾ, ਰਜਿੰਦਰ ਕੌਰ, ਦਰਸ਼ਨ ਸਿੰਘ, ਡਾ. ਰਾਜਨ ਕੌਰ ਤੇ ਜਨਮਜੀਤ ਸਿੰਘ ਦੇ ਨਾਮ ਵਰਨਣਯੋਗ ਹਨ। ਅੰਤ ਵਿੱਚ ਤਾਨੀਆਂ ਨੇ ਆਪਣਾ ਸੰਪਰਕ ਦਿੰਦਿਆਂ ਕਿਹਾ ਕਿ-‘ਤੁਸੀਂ ਆਪਣੀ ਜਾਂ ਆਪਣੇ ਬੱਚਿਆਂ ਦੀ ਕਿਸੇ ਵੀ ਸਮੱਸਿਆ ਸਬੰਧੀ ਸਾਥੋਂ ਸਲਾਹ ਮਸ਼ਵਰਾ ਮੁਫਤ ਲੈ ਸਕਦੇ ਹੋ’। ਗੁਰਚਰਨ ਥਿੰਦ  ਨੇ ਤਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ- ਅਸੀਂ ਗਰੈਂਡ ਪੇਰੈਂਟਸ ਬੱਚਿਆਂ ਦੀਆਂ ਹਰਕਤਾਂ ਤੇ ਨਜ਼ਰ ਰੱਖ ਸਕਦੇ ਹਾਂ। ਜੇ ਸਾਡਾ ਬੱਚਾ ਚੁੱਪ ਹੈ ਜਾਂ ਰੋ ਰਿਹਾ ਹੈ- ਤਾਂ ਸਮਝੋ ਕਿ ਉਸ ਨਾਲ ਕੁੱਝ ਗਲਤ ਵਾਪਰਿਆ ਹੈ। ਉਹਨਾਂ ‘ਡੇ ਹੋਮ’ ‘ਚ ਬੱਚਾ ਭੇਜਣ ਵੇਲੇ ਵੀ ਪੂਰੀ ਪੜਤਾਲ ਕਰਨ ਦੀ ਸਲਾਹ ਦਿੱਤੀ। ਗੁਰਦੀਸ਼ ਗਰੇਵਾਲ ਨੇ ਵੀ ਬੱਚਿਆਂ ਵਿੱਚ ਨਸ਼ਿਆਂ ਦੇ ਵੱਧ ਰਹੇ ਰੁਝਾਨ ਤੇ ਚਿੰਤਾ ਪ੍ਰਗਟ ਕੀਤੀ। 37 ਸਾਲ ਕਨੇਡਾ ਵਿਖੇ ਅਧਿਆਪਕ ਰਹੇ, ਮੈਡਮ ਬਲਜਿੰਦਰ ਗਿੱਲ ਨੇ, ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਸਲਾਹ ਦਿੱਤੀ ਕਿ-‘ਬੱਚਿਆਂ ਦੀ ਗੇਮ ਦੇਖਣ ਜਰੂਰ ਜਾਓ- ਉਹਨਾਂ ਨੂੰ ਖੁਸ਼ੀ ਹੁੰਦੀ ਹੈ’। ਭਰਪੂਰ ਤਾੜੀਆਂ ਨਾਲ ਇਸ ਸੈਮੀਨਾਰ ਨੂੰ, ਸਭ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਹਿਮਾਰੀਆ ਨੇ, ਫੀਡ ਬੈਕ ਲੈਣ ਲਈ ਸਭ ਤੋਂ ਫਾਰਮ ਭਰਵਾਏ।
ਸਮਾਗਮ ਦੇ ਦੂਜੇ ਭਾਗ ਵਿੱਚ- ਪਹਿਲਾਂ ‘ਮਦਰਜ਼ ਡੇ’ ਦਾ ਕੇਕ ਬਲਜਿੰਦਰ ਗਿੱਲ ਮੈਡਮ ਦੁਆਰਾ ਕੱਟਿਆ ਗਿਆ- ਤੇ ‘ਟੀ ਬਰੇਕ’ ਕੀਤੀ ਗਈ। ਸਭ ਨੇ ਚਾਹ ਨਾਲ ਟਿੱਕੀਆਂ-ਛੋਲੇ ਤੇ ਸੁਰਿੰਦਰਪਾਲ ਕੈਂਥ ਵਲੋਂ ਲਿਆਂਦੇ ਲੱਡੂਆਂ ਦਾ ਆਨੰਦ ਮਾਣਿਆਂ। ਗੁਰਚਰਨ ਥਿੰਦ ਨੇ, ਇਸ ਸਮਾਗਮ ਲਈ ਸਨੈਕਸ ਦਾ ਪ੍ਰਬੰਧ ਕਰਨ ਲਈ ਹਿਮਾਰੀਆ ਤੇ ਮੁਦੱਸਰ ਦਾ ਵਿਸ਼ੇਸ਼ ਧੰਨਵਾਦ ਕੀਤਾ।
ਰਚਨਾਵਾਂ ਦੇ ਦੌਰ ਵਿੱਚ- ਗੁਰਦੀਸ਼ ਕੌਰ ਨੇ ਪ੍ਰੋ. ਮੋਹਨ ਸਿੰਘ ਦੀਆਂ ਮਾਂ ਬਾਰੇ ਲਿਖੀਆਂ ਸਤਰਾਂ ਤੇ ਹਰਮਿੰਦਰ ਕੌਰ ਚੁੱਘ ਨੇ-‘ਇੱਕ ਧੀ ਦੇ ਮਾਂ ਪ੍ਰਤੀ ਵਲਵਲੇ’ ਕਵਿਤਾ ਸੁਣਾ ਕੇ, ਸਭ ਨੂੰ ਭਾਵੁਕ ਕਰ ਦਿੱਤਾ। ਸੁਰਿੰਦਰਪਾਲ ਕੈਂਥ ਨੇ- ‘ਮਾਂ’ ਦਾ ਗੀਤ, ਸੁਰਿੰਦਰ ਸੰਧੂ ਨੇ ਮਿੰਨੀ ਕਹਾਣੀ ਤੇ ਸਰਬਜੀਤ ਉੱਪਲ ਨੇ ਦਵਿੰਦਰ ਸੈਫੀ ਦੀ ਲਿਖੀ ਕਵਿਤਾ-‘ਮਾਏਂ ਨੀ..’ ਭਾਵਪੂਰਤ ਆਵਾਜ਼ ‘ਚ ਸੁਣਾਈ। ਗੁਰਜੀਤ ਵੈਦਵਾਨ ਨੇ ਮਾਂ ਦੇ ਰੋਲ ਤੇ ਜ਼ਿੰਮੇਵਾਰੀ ਦਾ ਜ਼ਿਕਰ ਕੀਤਾ, ਜਦ ਕਿ ਰਜਿੰਦਰ ਕੌਰ ਚੋਹਕਾ ਨੇ ਮਈ ਮਹੀਨੇ ਆਏ ਮਜ਼ਦੂਰ ਦਿਵਸ ਤੇ ਮੈਕਸਮ ਗੋਰਕੀ ਦੇ ਨਾਵਲ ‘ਮਾਂ’ ਦੀ ਗੱਲ ਕੀਤੀ।’ਇੱਥੇ ਆ ਕੇ ਬਹੁਤ ਕੁੱਝ ਸਿਖਣ ਨੂੰ ਮਿਲਿਆ ਹੈ’- ਕਹਿੰਦੇ ਹੋਏ- ਡਾ. ਰਾਜਨ ਨੇ, ਧੀ- ਪੁੱਤ ਦੇ ਫਰਕ ਨੂੰ ਮੇਟਣ ਦੀ- ਮਾਵਾਂ ਤੇ ਦਾਦੀਆਂ ਨੂੰ ਬੇਨਤੀ ਕੀਤੀ।
ਅੰਤ ਵਿੱਚ- ਗੁਰਚਰਨ ਥਿੰਦ ਨੇ ਇੱਕ ਜੂਨ ਨੂੰ ਟੂਰ ਲਿਜਾਣ ਦੀ ਸੂਚਨਾ ਦਿੱਤੀ- ਜਿਸ ਲਈ ਬਹੁਤ ਸਾਰੇ ਮੈਂਬਰਾਂ ਨੇ ਨਾਮ ਲਿਖਵਾਏ। ਗੁਰਦੀਸ਼ ਕੌਰ ਨੇ- 21 ਮਈ ਮੰਗਲਵਾਰ ਨੂੰ- ਦਸ਼ਮੇਸ਼ ਕਲਚਰ ਗੁਰੁ ਘਰ ਵਿਖੇ ‘ਫਰੀ ਮੈਡੀਕਲ ਕੈਂਪ’ ਤੇ 22 ਜੂਨ ਨੂੰ ਅੰਮ੍ਰਿਤ ਸਾਗਰ ਫਾਊਂਡੇਸ਼ਨ ਵਲੋਂ ਹੋ ਰਹੇ-‘ਸੀਨੀਅਰ ਸਪੋਰਟਸ ਡੇ’ ਦੀ ਸੂਚਨਾ ਸਾਂਝੀ ਕੀਤੀ। ਵਧੇਰੇ ਜਾਣਕਾਰੀ ਲਈ- ਡਾ. ਬਲਵਿੰਦਰ ਕੌਰ ਬਰਾੜ 403 590 9629, ਗੁਰਚਰਨ ਥਿੰਦ 403 402 9635 ਜਾਂ ਗੁਰਦੀਸ਼ ਕੌਰ ਗਰੇਵਾਲ ਨਾਲ 403 404 1450 ਤੇ ਸੰਪਰਕ ਕੀਤਾ ਜਾ ਸਕਦਾ ਹੈ ।
-ਗੁਰਦੀਸ਼ ਕੌਰ ਗਰੇਵਾਲ

Related posts

ਭਰਾ-ਭੈਣ ਦੇ ਅਟੁੱਟ ਰਿਸ਼ਤੇ ਦਾ ਕੀ ਅਰਥ ਹੈ?

admin

ਪੰਜਾਬੀ ਸੱਭਿਆਚਾਰ ਵਿੱਚ ਚਿੱਤਰਕਾਰੀ ਦਾ ਵਿਸ਼ੇਸ਼ ਸਥਾਨ !

admin

ਸਹੇਲੀਆਂ ਤੇ ਹਾਨਣਾਂ ਨੂੰ ਮਿਲਣ ਦੀ ਤਾਂਘ ਦਾ ਪ੍ਰਤੀਕ ‘ਤੀਆਂ ਤੀਜ’ !

admin