Articles Automobile

ਜ਼ਰਾ ਬਚਕੇ ਮੋੜ ਤੋਂ . . . ਭਾਗ – 7

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਬਰਤਾਨੀਆ ਦੇ ਮੋਟਰ ਕਾਰ ਮਾਲਕਾਂ ਨੂੰ ਹਮੇਸ਼ਾ ਮਕੈਨਿਕਾਂ ਤੋਂ ਸਾਵਧਾਨ ਰਹਿਣ ਦੀ ਸਖਤ ਲੋੜ ।

ਪੱਛਮੀ ਦੇਸ਼ਾਂ ਵਿੱਚ ਕਾਰ ਇਕ ਬਹੁਤ ਵੱਡੀ ਜ਼ਰੂਰਤ ਹੈ । ਇਸ ਸਾਧਨ ਤੋਂ ਬਿਨਾ ਇਹਨਾਂ ਮੁਲਕਾਂ ਦੇ ਹਰ ਸ਼ਹਿਰੀ ਦੀ ਜ਼ਿੰਦਗੀ ਅਧੂਰੀ ਹੁੰਦੀ ਹੈ । ਕਾਰ ਵਿਹੂਣਾ ਵਿਅਕਤੀ ਇਹਨੀਂ ਮੁਲਕਾਂ ਵਿੱਚ ਪੂਰੀ ਤਰਾਂ ਦੂਸਰਿਆਂ ‘ਤੇ ਉਸੇ ਤਰਾਂ ਨਿਰਭਰ ਹੋ ਜਾਂਦਾ ਹੈ ਜਿਵੇਂ ਕੋਈ ਸਰੀਰਕ ਦੋਸ਼ ਵਾਲਾ ਜੋ ਬਿਲਕੁਲ ਵੀ ਚੱਲ ਫਿਰ ਨਾ ਸਕਦਾ ਹੋਵੇ । ਇਹ ਠੀਕ ਹੈ ਕਿ ਪੂਰਬ ਦੇ ਦੇਸ਼ਾਂ ਵਿੱਚ ਕਾਰ ਬਹੁਤੇ ਲੋਕਾਂ ਦੀ ਜ਼ਰੂਰਤ ਨਹੀਂ ਸਗੋਂ ਸ਼ੋਸ਼ਲ ਸ਼ਟੇਟਸ ਜਾਂ ਦਿਖਾਵੇ ਦੇ ਵਾਸਤੇ ਵਰਤੀ ਜਾਂਦੀ ਹੈ ਜਾਂ ਇੰਜ ਕਹਿ ਲਓ ਕਿ ਗੁਆਂਢੀਆ ਤੇ ਰਿਸ਼ਤੇਦਾਰਾਂ ਸਮੇਤ ਆਂਢ ਗੁਆਂਢ ਨੂੰ ਪੈਸਾ ਜਾਂ ਟੌਹਰ ਦਿਖਾਉਣ ਵਾਸਤੇ ਰੱਖੀ ਜਾਂਦੀ ਹੈ ਜਦ ਕਿ ਪੱਛਮੀ ਮੁਲਕਾਂ ਚ ਇਸ ਤੋਂ ਬਿਨਾ ਬਹੁਤੀਆਂ ਕੰਪਨੀਆਂ ਕੰਮ ਹੀ ਨਹੀਂ ਦੇਂਦੀਆਂ । ਹਾਂ ! ਇਹ ਗੱਲ ਵੱਖਰੀ ਹੈ ਕਿ ਕਾਰਾਂ ਦੇ ਮਾਡਲਾਂ ਨੂੰ ਲੈ ਕੇ ਇਥੋਂ ਦੇ ਲੋਕਾਂ ਚ ਵੀ ਮੁਕਾਬਲੇਬਾਜੀ ਚਲਦੀ ਹੈ, ਪਰ ਤਦ ਵੀ ਇਹ ਗੱਲ ਕੰਧ ਤੇ ਲਿਖੀ ਸੱਚ ਹੈ ਕਿ ਕਾਰ ਤੋਂ ਬਿਨਾਂ ਇਹਨਾਂ ਮੁਲਕਾਂ ਚ ਗੁਜ਼ਾਰਾ ਕਰਨਾ ਜੇਕਰ ਅਸੰਭਵ ਨਹੀਂ ਤਾਂ ਬਹੁਤ ਔਖਾ ਜਰੂਰ ਹੈ ।
ਕਾਰ ਲੈਣ ਤੇ ਉਸਦਾ ਮਾਲਕ ਬਣਨ ਵਾਸਤੇ ਪੱਛਮੀ ਮੁਲਕਾਂ ਚ ਬਹੁਤ ਸਾਰੀਆਂ ਸਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ । ਡਰਾਇਵਿੰਗ ਲਾਇਸੰਸ ਪ੍ਰਾਪਤ ਕਰਨਾ ਇੱਥੇ ਕਿਸੇ ਤਰਾਂ ਐਮ ਏ ਦੀ ਡਿਗਰੀ ਕਰਨ ਤੋਂ ਘੱਟ ਨਹੀਂ । ਕਈ ਕਈ ਮਹੀਨੇ ਡਰਾਇਵਿੰਗ ਦੀਆ ਕਲਾਸਾਂ ਲਾਉਣ ਤੋਂ ਬਾਅਦ ਲਿਖਤੀ ਤੇ ਫਿਰ ਲਗਭਗ ਇਕ ਘੰਟੇ ਦੇ ਬਹੁਤ ਹੀ ਸਖ਼ਤ ਡਰਾਇਵਿੰਗ ਟੈਸਟ ਵਿੱਚੋਂ ਗੁਜ਼ਰਨਾ ਪੈਂਦਾ ਹੈ । ਦੋਹਾਂ ਟੈਸਟਾਂ ਨੂੰ ਲੋੜੀਂਦੇ ਨੰਬਰ ਲੈ ਕੇ ਪਾਸ ਕਰਨ ਤੋਂ ਬਾਅਦ ਜਿੰਨਾ ਚਿਰ ਇੰਸੋਰੈਂਸ ਕਵਰ ਨਹੀਂ ਲਿਆ ਜਾਂਦਾ, ਉਨਾ ਚਿਰ ਕਾਰ ਦੀ ਡਰਾਇਵਿੰਗ ਸੀਟ ‘ਤੇ ਬੈਠਣਾ ਮਨ੍ਹਾ ਹੀ ਨਹੀਂ ਬਲਕਿ ਕਾਨੂੰਨੀ ਜੁਰਮ ਮੰਨਿਆਂ ਜਾਂਦਾ ਹੈ ।
ਕਾਰ ਖਰੀਦ ਲੈਣੀ ਹੀ ਕਾਫ਼ੀ ਨਹੀਂ, ਉਸ ਨੂੰ ਸੜਕ ‘ਤੇ ਚੜਾਉਣ ਤੋਂ ਪਹਿਲਾਂ ਉਸਦੀ ਮਕੈਨੀਕਲ ਚੈੱਕਅਪ ਜਿਸ ਨੂੰ MOT ( Motor overall test) ਕਹਿੰਦੇ ਹਨ ਦਾ ਸਰਟੀਫ਼ਿਕੇਟ ਪ੍ਰਾਪਤ ਕਰਨਾ ਕਾਨੂੰਨੀ ਤੌਰ ‘ਤੇ ਜ਼ਰੂਰੀ ਹੁੰਦਾ ਹੈ । ਉਕਤ ਦੋ ਕਾਗ਼ਜ਼ਾਂ ਤੋਂ ਬਿਨਾ ਰੋਡ ਟੈਕਸ ਨਹੀਂ ਦਿੱਤਾ ਜਾਂਦੀ ਤੇ ਰੋਡ ਟੈਕਸ ਤੋਂ ਬਿਨਾ ਕਾਰ ਨੂੰ ਸੜਕ ‘ਤੇ ਚਲਾਉਣਾ ਕਾਨੂੰਨੀ ਅਪਰਾਧ ਹੈ, ਜਿਸ ਦੀ ਸਜ਼ਾ ਜੇਹਲ ਅਤੇ ਜੁਰਮਾਨਾ ਹੈ ਜੋ ਦੋਵੇਂ ਇਕੱਠੇ ਵੀ ਕੀਤੇ ਜਾ ਸਕਦੇ ਹਨ । MOT, TAX ਅਤੇ Insurance ਸਾਲ ਦੀ ਸਾਲ ਅਪਡੇਟ ਰੱਖਣੇ ਪੈਂਦੇ ਹਨ । ਇਹਨਾਂ ਮੁਲਕਾਂ ਚ ਕਾਰਾਂ ਦੇ ਤੇਲ ਤੋਂ ਇਲਾਵਾ ਉਹਨਾਂ ਦੀ ਸਾਂਭ ਸੰਭਾਲ਼ ਦੇ ਹੋਰ ਵੀ ਬਹੁਤ ਸਾਰੇ ਖ਼ਰਚੇ ਹਨ ਜਿਸ ਕਾਰਨ ਕਾਰਾਂ ਨੂੰ ਪੱਛਮੀ ਮੁਲਕਾਂ ਵਿੱਚ ਚਿੱਟਾ ਹਾਥੀ ਵੀ ਕਿਹਾ ਜਾਂਦਾ ਹੈ ।
ਡਰਾਇਵਰ ਬਣਨ ਅਤੇ ਕਾਰ ਦੇ ਲੋੜੀਂਦੇ ਕਾਗ਼ਜ਼ ਪੂਰੇ ਕਰਨ ਤੋ ਬਾਅਦ ਜੋ ਡਰਾਇਵਰ ਕਾਰ ਦੀ ਸੀਟ ‘ਤੇ ਬੈਠਦਾ ਹੈ, ਉਸ ਦੇ ਦਿਮਾਗ ਚ ਸਭ ਤੋਂ ਪਹਿਲੀ ਇਹ ਗੱਲ ਹੁੰਦੀ ਹੈ ਕਿ ਕਾਰ ਚਲਾਉਂਦੇ ਸਮੇਂ ਆਪਣਾ ਤੇ ਦੂਸਰਿਆਂ ਦਾ ਬਚਾ ਕਰਨ ਨੂੰ ਪਹਿਲ ਦੇਣੀ ਹੈ, ਦੂਸਰੇ ਕਾਰ ਚਾਲਕਾਂ ਦੇ ਰਸਤੇ ਚ ਵਾਹ ਲੱਗਦਿਆਂ ਰੁਕਾਵਟ ਨਹੀਂ ਬਣਨਾ, ਪੁਲਿਸ, ਐੰਬੂਲੈਂਸ ਤੇ ਡਾਕਟਰ ਦੇ ਵਾਹਨ ਨੂੰ ਬਿਨਾ ਰੁਕਾਵਟ ਲੰਘਣ ਦੇਣਾ ਹੈ ਤੇ ਡਰਾਇਵਿੰਗ ਕਰਦੇ ਸਮੇਂ ਕਿਸੇ ਨਾਲ ਵੀ ਬਿਨਾ ਮਤਲਬ ਕਾਰ ਰੇਸ ਨਹੀਂ ਲਗਾਉਣੀ । ਡਰਾਇਵਰ ਦੇ ਮਨ ਚ ਇਹ ਵੀ ਹੁੰਦਾ ਹੈ ਕਿ ਸੜਕੀ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨਾ ਹੈ, ਮੋਟਰਵੇ ਨਿਯਮਾਂ ਦੀ ਉਲੰਘਣਾ ਨਹੀਂ ਕਰਨੀ ਤੇ ਕਾਰ ਮਿਥੀ ਸਪੀਡ ਤੋਂ ਵੱਧ ਨਹੀਂ ਚਲਾਉਣੀ ।
ਪੱਛਮ ਵਿੱਚ ਡਰਾਇਵਰ ਨੂੰ ਇਹ ਵੀ ਸਿਖਾਇਆ ਜਾਂਦਾ ਹੈ ਕਿ ਰੋਡ ਕਰਾਂਸਿੰਗ ਲਾਇਟਾਂ ‘ਤੇ ਪੈਦਲ ਗੁਜ਼ਰਨ ਵਾਲਿਆਂ ਨੂੰ ਪਹਿਲ ਦੇਣੀ ਹੈ, ਬਿਰਧ ਆਸ਼ਰਮ ਤੇ ਸਕੂਲਾਂ ਦੇ ਅੱਗਿਓ ਹੌਲੀ ਸਪੀਡ ਚ ਗੁਜ਼ਰਨਾ ਹੈ ਤੇ ਸੜਕਾਂ ਦੇ ਕਿਨਾਰਿਆਂ ਉੱਤੇ ਲਗਾਏ ਸੜਕੀ ਹਿਦਾਇਤਾਂ ਦੇ ਨਿਸ਼ਾਨਾ ਵਾਲੇ ਬੋਰਡਾਂ ਦੀ ਇਨਬਿਨ ਪਾਲਣਾ ਕਰਨੀ ਹੈ ।
ਜੋ ਡਰਾਇਵਰ ਸੜਕੀ ਨਿਯਮਾਂ ਦੀ ਉਲੰਘਣਾ ਕਰਦਾ ਹੋਇਆ ਕੈਮਰੇ ਜਾਂ ਪੁਲਿਸ ਰਾਹੀਂ ਫੜਿਆਂ ਜਾਂਦਾ ਹੈ, ਉਸ ਨੂੰ ਕੀਤੇ ਗਏ ਸੜਕੀ ਉਲ਼ੰਘਣ ਦੀ ਡਿਗਰੀ ਦੇ ਅਧਾਰ ‘ਤੇ ਬਣਦੀ ਸਜ਼ਾ ਦਿੱਤੀ ਜਾਂਦੀ ਹੈ ਜੋ ਜੁਰਮਾਨਾ ਵੀ ਹੋਸਕਦਾ ਹੈ, ਡਰਾਇਵਿੰਗ ਲਾਇਸੰਸ ਉੱਤੇ ਪੈਨਲਟੀ ਪੁਆਂਇਟ ਵੀ ਹੋ ਸਕਦੇ ਹਨ, ਕੋਈ ਰੈਫਰੈਸ਼ਰ ਕੋਰਸ ਕਰਨ ਦੀ ਸ਼ਰਤ ਵੀ ਲਗਾਈ ਜਾ ਸਕਦੀ ਹੈ ਜਾਂ ਫਿਰ ਸੰਗੀਨ ਉਲ਼ੰਘਣਾ ਦੇ ਦੋਸ਼ਾਂ ਚ ਕੈਦ ਤੇ ਜੁਰਮਾਨਾ ਇਕੱਠੇ ਵੀ ਕੀਤੇ ਜਾ ਸਕਦੇ ਹਨ । ਕਹਿਣ ਦਾ ਭਾਵ ਇਹ ਕਿ ਜੋ ਕਾਨੂੰਨ ਦੀ ਉਲੰਘਣਾ ਕਰਦੀ ਫੜਿਆ ਗਿਆ, ਉਸ ਨੂੰ ਕੀਤੀ ਹੋਈ ਉਲੰਘਣਾ ਦੇ ਮੁਤਾਬਿਕ ਨਿਰਧਾਰਤ ਸਜ਼ਾ ਹਰ ਹਾਲਤ ਵਿੱਚ ਮਿਲਣੀ ਤਹਿ ਹੋ ਜਾਂਦੀ ਹੈ ।
ਜਿਵੇਂ ਕਿ ਪਹਿਲਾਂ ਹੀ ਜ਼ਿਕਰ ਕਰ ਦਿੱਤਾ ਗਿਆ ਹੈ ਕਿ ਪੱਛਮੀ ਮੁਲਕਾਂ ਚ ਡਰਾਇਵਰ ਬਣਨਾ ਕਿਸੇ ਤਰਾਂ ਵੀ ਗਰੈਜੂਏਟ ਹੋਣ ਤੋਂ ਘੱਟ ਨਹੀਂ, ਪਰ ਇਹ ਵੀ ਸੱਚ ਹੈ ਕਿ ਡਰਾਇਵਿੰਗ ਕਰਦੇ ਸਮੇਂ ਹੋਈ ਕਿਸੇ ਸੰਗੀਨ ਗਲਤੀ ਕਾਰਨ ਜੇਕਰ ਇਕ ਵਾਰ ਕਿਸੇ ਦਾ ਲਾਇਸੰਸ ਜ਼ਬਤ ਹੋ ਗਿਆ ਤਾਂ ਫਿਰ ਉਸ ਨੂੰ ਵਾਪਸ ਲੈਣ ਵਾਸਤੇ ਇਕ ਵਾਰ ਤਾਂ ਡਰਾਇਵਿੰਗ ਮਹਿਕਮਾ ਚੰਗੀ ਤਰਾਂ ਘੀਸੀਆਂ ਕਢਾ ਦਿੰਦਾ ਹੈ । ਇੱਥੇ ਇਹ ਵੀ ਜਿਕਰਯੋਗ ਹੈ ਕਿ ਇਹਨਾਂ ਮੁਲਕਾਂ ਚ ਇਹ ਡਰਾਇਵਰ ਦੀ ਕਾਨੂੰਨੀ ਜ਼ੁੰਮੇਵਾਰੀ ਹੈ ਕਿ ਜੇਕਰ ਉਸ ਦੀ ਸਿਹਤ ਚ ਕਿਸੇ ਤਰਾਂ ਦੀ ਅਜਿਹੀ ਤਬਦੀਲੀ ਆ ਜਾਂਦੀ ਹੈ ਜੋ ਉਸ ਦੀ ਡਰਾਇਵਿੰਗ ਸਮਰੱਥਾ ਨੂੰ ਪਰਭਾਵਤ ਕਰਦੀ ਤਾਂ ਡਰਾਇਵਰ ਨੂੰ ਹਰ ਹਾਲਤ ਚ ਟਰਾਸ਼ਪੋਰਟ ਵਿਭਾਗ ਨੂੰ ਸੂਚਿਤ ਕਰਨਾ ਪਵੇਗਾ ਤੇ ਜੇਕਰ ਕੋਈ ਡਰਾਇਵਰ ਅਜਿਹਾ ਨਹੀਂ ਕਰਦਾ ਤਾਂ ਕਾਨੂੰਨ ਮੁਤਾਬਿਕ ਸਖ਼ਤ ਸਜ਼ਾ ਅਤੇ ਜੁਰਮਾਨੇ ਦਾ ਭਾਗੀ ਹੁੰਦਾ ਹੈ ।
ਏਹੀ ਕਾਰਨ ਹੈ ਕਿ ਵੈਸੇ ਤਾਂ ਪੱਛਮੀ ਮੁਲਕਾਂ ਦੇ ਸਾਰੇ ਡਰਾਇਵਰ ਹੀ ਦੁਨੀਆ ਦੇ ਆਹਲਾ ਦਰਜੇ ਦੇ ਡਰਾਇਵਰ ਮੰਨੇ ਜਾਂਦੇ ਹਨ, ਪਰ ਫਿਰ ਵੀ ਇਸ ਪੱਖੋਂ ਬਰਤਾਨੀਆ ਦੇ ਡਰਾਇਵਰਾਂ ਦਾ ਹੱਥ ਬਹੁਤ ਉੱਤੇ ਹੈ । ਬਰਤਾਨੀਆ ਦੇ ਡਰਾਇਵਰ ਦੁਨੀਆ ਦੇ ਅੱਵਲ ਦਰਜੇ ਦੇ ਡਰਾਇਵਰ ਮੰਨੇ ਜਾਂਦੇ ਹਨ, ਸੜਕੀ ਨਿਯਮਾਂ ਨੂੰ ਮੰਨਂਣਾ ਤੇ ਆਪਣੇ ਬਚਾਅ ਦੇ ਨਾਲ ਨਾਲ ਦੂਸਰਿਆਂ ਦਾ ਬਚਾਅ ਕਰਨਾ ਇਥੋ ਦੇ ਡਰਾਇਵਰਾਂ ਦੀ ਖ਼ੂਬੀ ਹੈ ਜਿਸ ਕਰਕੇ ਹਾਦਸੇ ਘੱਟ ਵਾਪਰਦੇ ਹਨ ।
ਹੁਣ ਬਰਤਾਨੀਆਂ ਦੀਆ ਸੜਕਾਂ ਨੂੰ ਸਮਾਰਟ ਸੜਕਾਂ ਚ ਤਬਦੀਲ ਕਰਕੇ ਉਹਨਾ ਉੱਤੇ ਨਵੀਂ ਟੈਕਨੋਲੋਜੀ ਵਾਲੇ ਹਾਈ ਡੈਫੀਨੇਸ਼ਨ ਕੈਮਰੇ ਫਿੱਟ ਕਰ ਦਿੱਤੇ ਗਏ ਹਨ, ਜੋ ਨਿਰਧਾਰਤ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਆਟੋਮੈਟੀਕਲੀ ਫੜਦੇ ਹਨ ਤੇ ਉਹਨਾ ਨੂੰ ਜੁਰਮਾਨੇ ਜਾਂ ਹੋਰ ਕਾਰਵਾਈ ਵਗੈਰਾ ਦੇ ਖਤ ਪੱਤਰ ਉਹਨਾਂ ਦੇ ਘਰਾਂ ਚ ਆਟੋਮੈਟੀਕਲੀ ਭੇਜਦੇ ਹਨ ।
ਕੁਲ ਮਿਲਾਕੇ ਕਹਿ ਸਕਦੇ ਹਾਂ ਕਿ ਬਰਤਾਨੀਆਂ ਵਿੱਚ ਕਾਰ ਇਕ ਬਹੁਤ ਵੱਡੀ ਜ਼ਰੂਰਤ ਹੈ, ਜਿਸ ਦੇ ਬਿਨਾ ਇੱਥੋਂ ਦੀ ਤੇਜ਼ ਰਫਤਾਰ ਜ਼ਿੰਦਗੀ ਨਾਲ ਤਾਲ ਮਿਲਾ ਕੇ ਚਲਣਾ ਬੜਾ ਔਖਾ ਹੁੰਦਾ ਹੈ । ਇਹ ਵੀ ਸੱਚ ਹੈ ਕਾਰਾ ਦੇ ਖ਼ਰਚੇ ਬਹੁਤ ਹਨ ਤੇ ਇਸ ਦੇ ਨਾਲ ਹੀ ਕਾਰ ਡਰਾਇਵਰਾਂ ਉੱਤੇ ਕਾਨੂੰਨੀ ਬੰਦਿਸ਼ਾਂ ਵੀ ਬਹੁਤ ਹਨ ਤੇ ਗਲਤੀ ਹੋ ਜਾਣ ਦੀ ਹਾਲਤ ਚ ਸਖ਼ਤ ਸਜ਼ਾਵਾਂ ਦੀ ਵਿਵਸਥਾ ਹੈ । ਬੇਸ਼ੱਕ ਬਰਤਾਨੀਆ ਦੇ ਡਰਾਇਵਰ ਦੁਨੀਆ ਦੇ ਬੇਹਤਰ ਡਰਾਇਵਰ ਮੰਨੇ ਜਾਂਦੇ ਹਨ, ਪਰ ਇਹ ਵੀ ਸੱਚ ਹੈ ਕਿ ਇਹ ਰੁਤਬਾ ਪ੍ਰਾਪਤ ਕਰਨ ਵਾਸਤੇ ਉਹ ਕਰੜੇ ਟੈਸਟਾਂ ਚੋ ਗੁਜਰਕੇ ਡਰਾਇਵਰ ਬਣਦੇ ਹਨ । ਕਹਿਣ ਦਾ ਭਾਵ ਇਹ ਕਿ ਉਹ ਹਰ ਮੋੜ ਤੋਂ ਬਚਕੇ ਨਿਕਲਦੇ ਹਨ ਤੇ ਆਪਣੇ ਆਪ ਨੂੰ ਵਧੀਆ ਡਰਾਇਵਰ ਸਾਬਤ ਕਰਦੇ ਹਨ ।

. . . (ਚੱਲਦਾ)

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਇਲੈਕਟ੍ਰਿਕ ਵਾਹਨ ਖਰੀਦਣ ਤੋਂ ਪਹਿਲਾਂ ਜਾਣੋ ਇਹ ਜ਼ਰੂਰੀ ਗੱਲ, ਕਾਰ ਨੂੰ ਨਹੀਂ ਲੱਗੇਗੀ ਅੱਗ!

editor

ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੀ ਚਿੰਤਾ ਖਤਮ, ਬਲੂ ਐਨਰਜੀ ਮੋਟਰਜ਼ LNG ਸੰਚਾਲਿਤ ਬਣਾਉਂਦੀ ਹੈ ਟਰੱਕ

editor