Australia

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਵਿਸਾਖੀ ਦੇ ਜਸ਼ਨਾਂ ’ਚ ਕੀਤੀ ਸ਼ਮੂਲੀਅਤ, ਸਿੱਖ ਵਲੰਟੀਅਰਾਂ ਦੀ ਕੀਤੀ ਤਾਰੀਫ਼

ਮੈਲਬੌਰਨ – ਅਲਬਾਇਨਜ਼ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਸਿੱਖ ਤਿਉਹਾਰ ਵਿਸਾਖੀ ਨੂੰ ਸਮਰਪਿਤ ਜਸ਼ਨਾਂ ’ਚ ਸ਼ਾਮਲ ਹੁੰਦਿਆਂ ਸਿੱਖਾਂ ਦੀ ਭਰਵੀਂ ਤਾਰੀਫ਼ ਕੀਤੀ ਹੈ। ਸਿੱਖ ਵਲੰਟੀਅਰਜ਼ ਆਸਟਰੇਲੀਆ ਚੈਰਿਟੀ ਦੀ 10ਵੀਂ ਵਰ੍ਹੇਗੰਢ ’ਚ ਸ਼ਾਮਲ ਹੁੰਦਿਆਂ ਉਨ੍ਹਾਂ ਦੇ ਪੱਗ ਵੀ ਬੰਨ੍ਹੀ ਗਈ। ਇਸ ਮੌਕੇ ਉਨ੍ਹਾਂ ਨਾਲ ਵਿਕਟੋਰੀਆ ਸੂਬੇ ਦੀ ਪ੍ਰੀਮੀਅਰ ਜੈਸਿੰਟਾ ਐਲਨ ਅਤੇ ਫੈਡਰਲ ਸੰਸਦ ਮੈਂਬਰ ਜੂਲੀਅਨ ਹਿਲ ਅਤੇ ਕੈਸੈਂਡਰਾ ਫਰਨਾਂਡੋ ਵੀ ਮੈਲਬੌਰਨ ’ਚ ਹੋਏ ਪ੍ਰੋਗਰਾਮਾਂ ਵਿਚ ਸ਼ਾਮਲ ਹੋਏ। ਅਲਬਾਇਨਜ਼ ਨੇ ਵਿਸਾਖੀ ਨੂੰ ਸਿੱਖ ਆਸਟ੍ਰੇਲੀਆਈ ਲੋਕਾਂ ਲਈ ਬਹੁਤ ਧਾਰਮਕ ਮਹੱਤਤਾ ਵਾਲਾ ਮੌਕਾ ਦਸਿਆ ਅਤੇ ਸਿੱਖ ਵਲੰਟੀਅਰਾਂ ਦੀ ਵਿਸ਼ੇਸ਼ ਤਾਰੀਫ਼ ਕੀਤੀ। ਉਨ੍ਹਾਂ ਨੇ ਅਪਣੇ ਸੰਬੋਧਨ ’ਚ ਕਿਹਾ, ‘‘ਜੰਗਲਾਂ ’ਚ ਅੱਗ ਲੱਗੀ ਹੋਵੇ, ਹੜ੍ਹ ਆਏ ਹੋਣ, ਜਿੱਥੇ ਵੀ ਆਸਟ੍ਰੇਲੀਆਈ ਲੋਕਾਂ ਨੂੰ ਦਰਪੇਸ਼ ਔਕੜਾਂ ਹੁੰਦੀਆਂ ਹਨ, ਕਿਸੇ ਵੀ ਹੋਰ ਭਾਈਚਾਰਕ ਸੰਗਠਨ ਨੇ ਸਿੱਖਾਂ ਤੋਂ ਵੱਧ ਕੰਮ ਨਹੀਂ ਕੀਤਾ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਚਾਹੇ ਵਿਕਟੋਰੀਆ ਹੋਵੇ, ਜਾਂ ਲਿਸਮੋਰ ’ਚ, ਜਿੱਥੇ ਵੀ ਹੜ੍ਹ ਜਾਂ ਕੁਦਰਤੀ ਮੌਸਮ ਦੀਆਂ ਘਟਨਾਵਾਂ ਹੁੰਦੀਆਂ ਹਨ, ਅਸੀਂ ਵੇਖਦੇ ਹਾਂ ਕਿ ਸਿੱਖ ਅਪਣੇ ਸਾਥੀ ਲੋੜਵੰਦ ਆਸਟ੍ਰੇਲੀਆਈ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰ ਕੇ ਅਪਣੇ ਧਰਮ ਦੀਆਂ ਕਦਰਾਂ-ਕੀਮਤਾਂ ਨੂੰ ਅਮਲ ’ਚ ਲਿਆਉਂਦੇ ਹਨ।’’ਹਿਲ ਨੇ ਵੀ ਪ੍ਰਧਾਨ ਮੰਤਰੀ ਦੀਆਂ ਭਾਵਨਾਵਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਚੈਰਿਟੀ ਦੇ ਮੈਂਬਰ ਆਸਟਰੇਲੀਆ ਦੇ ਲੋਕਾਂ ਦੇ ਬਹੁਤ ਪਿਆਰੇ ਹੋ ਗਏ ਹਨ। ਉਨ੍ਹਾਂ ਕਿਹਾ, ‘‘ਨਾ ਸਿਰਫ ਵਿਕਟੋਰੀਆ ’ਚ, ਬਲਕਿ ਨਿਊ ਸਾਊਥ ਵੇਲਜ਼ ਅਤੇ ਦੇਸ਼ ਭਰ ’ਚ ਕੁਦਰਤੀ ਆਫ਼ਤਾਂ, ਹਫਤਾਵਾਰੀ ਭੋਜਨ ਵੈਨਾਂ ਅਤੇ ਹੋਰਾਂ ’ਚ ਸਮੇਂ-ਸਮੇਂ ’ਤੇ ਮਦਦ ਕਰਨ ਲਈ, ਸਿੱਖ ਆਸਟਰੇਲੀਆ ਦੇ ਸੱਭ ਤੋਂ ਬਹੁ-ਸਭਿਆਚਾਰਕ ਹਿੱਸਿਆਂ ’ਚੋਂ ਇਕ ਵਿੱਚ।’’ ਮੈਲਬੌਰਨ ਅਧਾਰਤ ਸਿੱਖ ਵਲੰਟੀਅਰਜ਼ ਆਸਟਰੇਲੀਆ ਚੈਰਿਟੀ ਨੇ ਸ਼ਹਿਰ ਅਤੇ ਇਸ ਤੋਂ ਬਾਹਰ ਸੈਂਕੜੇ ਹਜ਼ਾਰਾਂ ਭੋਜਨ ਪਕਾਏ ਅਤੇ ਲੋਕਾਂ ਤਕ ਪਹੁੰਚਾਏ ਹਨ, ਜਿਨ੍ਹਾਂ ਵਿਚੋਂ ਕੋਵਿਡ-19 ਤਾਲਾਬੰਦੀ ਦੌਰਾਨ ਸ਼ਹਿਰ ’ਚ 1500 ਪ੍ਰਤੀ ਦਿਨ ਭੋਜਨ ਵੰਡਣਾ ਵੀ ਸ਼ਾਮਲ ਹੈ। ਸਿੱਖ ਵਲੰਟੀਅਰਜ਼ ਆਸਟਰੇਲੀਆ ਕਿਸੇ ਵੀ ਲੋੜਵੰਦ ਨੂੰ ਭੋਜਨ ਪਹੁੰਚਾਉਂਦਾ ਹੈ ਅਤੇ ਇਸ ਦੇ ਵਲੰਟੀਅਰ ਅਕਸਰ ਹੜ੍ਹਾਂ ਅਤੇ ਅੱਗ ਨਾਲ ਪ੍ਰਭਾਵਤ ਥਾਵਾਂ ’ਤੇ ਭੋਜਨ ਵੰਡਣ ਲਈ ਲੰਬੀ ਦੂਰੀ ਦੀ ਗੱਡੀ ਚਲਾਉਂਦੇ ਹਨ। ਸਾਲ 2014 ’ਚ ਪਹਿਲੀ ਪੀੜ੍ਹੀ ਦੇ 16 ਹੋਰ ਪ੍ਰਵਾਸੀਆਂ ਨਾਲ ਸ਼ੁਰੂ ਕੀਤੀ ਗਈ ਇਹ ਚੈਰਿਟੀ ਹੁਣ ਸੈਂਕੜੇ ਲੋਕਾਂ ਤਕ ਪਹੁੰਚ ਗਈ ਹੈ, ਜੋ ਬਿਨਾਂ ਸਰਕਾਰੀ ਸਹਾਇਤਾ ਦੇ ਅਪਣਾ ਸਮਾਂ ਬਿਤਾ ਰਹੇ ਹਨ।

Related posts

ਐਨਜ਼ੈਕ ਡੇਅ ਮੌਕੇ ਆਸਟਰੇਲੀਆਈ ਨਾਗਰਿਕਾਂ ਵੱਲੋਂ ਜੰਗੀ ਸ਼ਹੀਦਾਂ ਨੂੰ ਸ਼ਰਧਾਂਜਲੀ

editor

ਮੈਂਬਰ ਪਾਰਲੀਮੈਂਟ ਸੈਮ ਰੇਅ ਵੱਲੋਂ ਵਿਸਾਖੀ ਮੌਕੇ ਸਿੱਖ ਭਾਈਚਾਰੇ ਲਈ ਰਾਤਰੀ ਭੋਜ ਦਾ ਆਯੋਜਨ

editor

ਸਿਡਨੀ ਦੇ ਸ਼ਾਪਿੰਗ ਮਾਲ ’ਚ ਚਾਕੂਬਾਜ਼ੀ ਕਾਰਨ 5 ਮੌਤਾਂ ਤੇ ਕਈ ਜ਼ਖ਼ਮੀ, ਪੁਲਿਸ ਨੇ ਹਮਲਾਵਰ ਨੂੰ ਮਾਰਿਆ

editor