International

ਕੈਨੇਡਾ ਵੱਡੀ ਗਿਣਤੀ ’ਚ ਵਿਜ਼ਟਰ ਵੀਜ਼ੇ ਜਾਰੀ ਕਰ ਕੇ ਫ਼ਸਿਆ

ਮਿਸੀਸਾਗਾ – ਵਿਜ਼ਟਰ ਵੀਜ਼ੇ ਦੀਆਂ ਸ਼ਰਤਾਂ ’ਚ ਢਿੱਲ ਦੇ ਕੇ ਕੈਨੇਡਾ ਕੁੜਿਕੀ ’ਚ ਫ਼ਸਿਆ ਮਹਿਸੂਸ ਕਰ ਰਿਹਾ ਹੈ, ਅਤੇ ਹੁਣ ਉਸ ਦੇ ਸਿੱਟੇ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਸਥਾਨਕ ਅਖ਼ਬਾਰ ਦਾ ਟੋਰੌਂਟੋ ਸਟਾਰ ਵਲੋਂ ਸਰਕਾਰੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਪ੍ਰਕਾਸ਼ਿਤ ਇੱਕ ਰਿਪੋਰਟ ਅਨੁਸਾਰ ਸਪੈਸ਼ਲ ਪ੍ਰੋਗਰਾਮ ਦੌਰਾਨ ਵਿਜ਼ਟਰ ਵੀਜ਼ਾ ਹਾਸਿਲ ਕਰਨ ਵਾਲੇ ਇੱਕ ਲੱਖ 52 ਹਜ਼ਾਰ 400 ਜਣਿਆਂ ’ਚੋਂ 19 ਹਜ਼ਾਰ 400 ਨੇ ਕੈਨੇਡਾ ’ਚ ਪਨਾਹ ਦਾ ਦਾਅਵਾ ਪੇਸ਼ ਕਰ ਦਿੱਤਾ ਹੈ। ਇਸ ਤੋਂ ਛੁੱਟ, ਸੁਪਰ ਵੀਜ਼ਾ ’ਤੇ ਆਏ ਕੁਝ ਵਿਦੇਸ਼ੀ ਨਾਗਰਿਕ ਵੀ ਪੱਕੇ ਤੌਰ ’ਤੇ ਕੈਨੇਡਾ ’ਚ ਹੀ ਰਹਿਣਾ ਚਾਹੁੰਦੇ ਹਨ।
ਪਨਾਹ ਦੇ ਕੇਸਾਂ ’ਚ ਵਾਧਾ
ਇਮੀਗ੍ਰੇਸ਼ਨ ਮਾਹਿਰਾਂ ਮੁਤਾਬਿਕ ਇਹ ਅੰਕੜਾ ਬਹੁਤ ਜ਼ਿਆਦਾ ਬਣਦਾ ਹੈ ਕਿਉਂਕਿ 2019 ਤਕ 57 ਲੱਖ ਟੈਂਪਰੇਰੀ ਰੈਜ਼ੀਡੈਂਟ ਵੀਜ਼ੇ ਜਾਰੀ ਕੀਤੇ ਗਏ ਜਿਨ੍ਹਾਂ ’ਚੋਂ 58 ਹਜ਼ਾਰ 378 ਨੇ ਮੁਲਕ ’ਚ ਪਨਾਹ ਮੰਗ ਲਈ। ਇਸ ਅੰਕੜੇ ’ਚ ਅੰਤਰਰਾਸ਼ਟਰੀ ਵਿਦਿਆਰਥੀ, ਵਿਦੇਸ਼ੀ ਕਾਮੇ ਅਤੇ ਅਮਰੀਕਾ ਦੇ ਰਸਤੇ ਕੈਨੇਡਾ ’ਚ ਗ਼ੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਏ ਪਰਵਾਸੀ ਵੀ ਸ਼ਾਮਿਲ ਸਨ ਜਿਸ ਦੇ ਮੱਦੇਨਜ਼ਰ ਵਿਜ਼ਟਰ ਵੀਜ਼ਿਆਂ ’ਤੇ ਆਏ ਲੋਕਾਂ ਵਲੋਂ ਪਨਾਹ ਮੰਗਣ ਦਾ ਅੰਕੜਾ ਜ਼ਿਆਦਾ ਨਹੀਂ ਬਣਦਾ। ਕੈਨੇਡਾ ’ਚ 2023 ਦੌਰਾਨ ਇੱਕ ਲੱਖ 38 ਹਜ਼ਾਰ ਸ਼ਰਣਾਰਥੀ ਦਾਅਵੇ ਦਾਖਲ ਕੀਤੇ ਗਏ ਜਿਨ੍ਹਾਂ ਵਿਜ਼ਟਰ ਵੀਜ਼ਿਆਂ ਵਾਲੇ ਤਕਰੀਬਨ 14 ਫ਼ੀਸਦੀ ਬਣਦੇ ਹਨ। ਇਹ ਅੰਕੜਾ ਹੋਰ ਵਧਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿਉਂਕਿ ਵੀਜ਼ਾ ਐਕਸਪਾਇਰ ਹੋਣ ਦੀ ਸੂਰਤ ’ਚ ਹੋਰ ਜ਼ਿਆਦਾ ਵਿਦੇਸ਼ੀ ਨਾਗਰਿਕ ਰੈਫ਼ਿਊਜੀ ਕਲੇਮ ਦਾਇਰ ਕਰਨਗੇ। ਵਰਣਨਯੋਗ ਹੈ ਕਿ ਵਿਜ਼ਟਰ ਵੀਜ਼ਿਆਂ ਦਾ ਸਪੈਸ਼ਲ ਪ੍ਰੋਗਰਾਮ ਪਿੱਛਲੀ ਦਸੰਬਰ ’ਚ ਹੀ ਖ਼ਤਮ ਹੋ ਗਿਆ ਸੀ। ਉਸ ਪ੍ਰੋਗਰਾਮ ਤਹਿਤ ਛੇ ਮਹੀਨੇ ਦਾ ਵੀਜ਼ਾ ਦਿੱਤਾ ਜਾਂਦਾ ਸੀ। ਆਉਣ ਵਾਲੇ ਦਿਨਾਂ ’ਚ ਹਜ਼ਾਰਾਂ ਵਿਦੇਸ਼ੀਆਂ ਦੇ ਵੀਜ਼ੇ ਖ਼ਤਮ ਹੋਣ ਵਾਲੇ ਹਨ, ਅਤੇ ਅਸਾਇਲਮ ਦੇ ਦਾਅਵਿਆਂ ’ਚ ਚੋਖਾ ਵਾਧਾ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ।
14 ਫ਼ੀਸਦੀ ਲੋਕ ਵਾਪਿਸ
ਜਾਣ ਨੂੰ ਨਹੀਂ ਤਿਆਰ
ਇੱਥੇ ਦੱਸ ਦਈਏ ਕਿ 28 ਫ਼ਰਵਰੀ 2023 ਤੋਂ 7 ਦਸੰਬਰ 2023 ਦੌਰਾਨ ਲਾਗੂ ਰਹੇ ਸਪੈਸ਼ਲ ਪ੍ਰੋਗਰਾਮ ਦੌਰਾਨ ਵਿੱਤੀ ਸਰੋਤਾਂ ਦੇ ਸਬੂਤ ਪੇਸ਼ ਕਰਨ ਦੀ ਕੋਈ ਬੰਦਿਸ਼ ਨਹੀਂ ਸੀ। ਸਪੈਸ਼ਲ ਪ੍ਰੋਗਰਾਮ ਲਾਗੂ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਨੇ ਇੱਕ ਸਰਕਾਰੀ ਨੋਟ ’ਚ ਲਿਖਿਆ ਸੀ, “ਕੋਰੋਨਾ ਮਹਾਂਮਾਰੀ ਲੰਘ ਚੁੱਕੀ ਹੈ ਅਤੇ ਕੌਮਾਂਤਰੀ ਆਵਾਜਾਈ ’ਚ ਤੇਜ਼ੀ ਆ ਰਹੀ ਹੈ ਜਿਸ ਦੇ ਮੱਦੇਨਜ਼ਰ ਮੁਲਕ ਦੇ ਅਰਥਚਾਰੇ ਵੱਲ ਧਿਆਨ ਕੇਂਦਿ੍ਰਤ ਕੀਤਾ ਜਾ ਰਿਹਾ ਹੈ। ਸੈਲਾਨੀਆਂ, ਕਾਰੋਬਾਰੀਆਂ ਅਤੇ ਫ਼ੈਮਿਲੀ ਵਿਜ਼ਟਰਜ਼ ਦੀ ਆਵਾਜਾਈ ਦਾ ਫ਼ਾਇਦਾ ਲੈਣ ਵਾਸਤੇ ਵੀਜ਼ਾ ਪ੍ਰੋਸੈੱਸਿੰਗ ਦਾ ਸਮਾਂ ਘਟਾਇਆ ਜਾ ਰਿਹਾ ਹੈ।”
ਦੂਜੇ ਪਾਸੇ ਕੈਨੇਡੀਅਨ ਐਸੋਸੀਏਸ਼ਨ ਔਫ਼ ਰੈਫ਼ਿਊਜੀ ਲਾਅਇਰਜ਼ ਦੇ ਬੁਲਾਰੇ ਅਤੇ ਇਮੀਗ੍ਰੇਸ਼ਨ ਵਕੀਲ ਐਡਮ ਸੈਡਿੰਸਕੀ ਨੇ ਕਿਹਾ ਕਿ ਅਸਲੀਅਤ ਇਹ ਹੈ, “ਜਦੋਂ ਲੋਕ ਆਵਾਜਾਈ ਕਰਨ ਤੋਂ ਅਸਮਰੱਥ ਸਨ ਤਾਂ ਉਨ੍ਹਾਂ ਨੂੰ ਆਪਣੇ ਜੱਦੀ ਮੁਲਕਾਂ ’ਚ ਵਧੀਕੀਆਂ ਬਰਦਾਸ਼ਤ ਕਰਨੀਆਂ ਪਈਆਂ। ਆਖਿਰਕਾਰ ਜਦੋਂ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਕੈਨੇਡਾ ’ਚ ਆ ਕੇ ਪਨਾਹ ਮੰਗ ਲਈ। ਇਹ ਇੱਕ ਕੁਦਰਤੀ ਵਰਤਾਰਾ ਹੈ ਕਿ ਵਿਜ਼ਟਰ ਵੀਜ਼ਾ ਲੈ ਕੇ ਕੈਨੇਡਾ ਆਉਣ ਵਾਲਿਆਂ ’ਚੋਂ ਕਈਆਂ ਦਾ ਮਕਸਦ ਇਥੇ ਪਨਾਹ ਹਾਸਿਲ ਕਰਨਾ ਹੀ ਹੁੰਦਾ ਹੈ। ਇਸ ਤੋਂ ਇਲਾਵਾ ਜਦੋਂ ਵਿਜ਼ਟਰ ਵੀਜ਼ਾਂ ਦੇ ਨਿਯਮਾਂ ’ਚ ਢਿੱਲ ਦਿਤੀ ਗਈ, ਓਦੋਂ ਹੀ ਔਟਵਾ ਅਤੇ ਵਾਸ਼ਿੰਗਟਨ ਵਲੋਂ ਦੁਵੱਲੇ ਸਰਹੱਦੀ ਸਮਝੌਤੇ ਦਾ ਘੇਰਾ ਵਧਾ ਦਿਤਾ ਗਿਆ ਜਦ ਕਿ ਇਸ ਤੋਂ ਪਹਿਲਾਂ ਜ਼ਮੀਨੀ ਰਸਤੇ ਆਉਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਸੀ। ਕੈਲਗਰੀ ਦੇ ਇੱਕ ਵਕੀਲ ਰਾਜ ਸ਼ਰਮਾ ਨੇ ਇਸ ਬਾਰੇ ਕਿਹਾ ਕਿ ਫ਼ੈੱਡਰਲ ਸਰਕਾਰ ਕੋਲ ਕਈ ਰਾਹ ਮੌਜੂਦ ਹੁੰਦੇ ਹਨ ਜਿਨ੍ਹਾਂ ’ਚ ਅਰਜ਼ੀਆਂ ਵਾਪਿਸ ਕਰਨਾ ਅਤੇ ਬੈਕਲੌਗ ’ਚ ਫ਼ਸੇ ਐਪਲੀਕੈਂਟਸ ਨੂੰ ਵੀਜ਼ਾ ਫ਼ੀਸਾਂ ਵਾਪਿਸ ਕਰਨੀਆਂ ਸ਼ਾਮਿਲ ਹੈ ਜਾਂ ਸਿੱਧੇ ਤੌਰ ’ਤੇ ਐਲਾਲ ਕਰ ਦਿਤਾ ਜਾਵੇ ਕਿ ਬੈਕਲੌਗ ਕਾਫ਼ੀ ਵਧ ਚੁੱਕਾ ਹੈ ਅਤੇ ਜੇ ਕੋਈ ਉਡੀਕ ਕਰ ਸਕਦਾ ਹੈ ਤਾਂ ਠੀਕ ਹੈ। ਇਸ ਵੇਲੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਕੋਲ 11 ਲੱਖ 44 ਹਜ਼ਾਰ ਅਰਜ਼ੀਆਂ ਬਕਾਇਆ ਹਨ, ਅਤੇ ਇਹ ਅੰਕੜਾ ਫ਼ਰਵਰੀ 2023 ਦੇ ਮੁਕਾਬਲੇ 64 ਫ਼ੀਸਦੀ ਹੇਠਾਂ ਆਇਆ ਹੈ।

Related posts

ਨਿੱਝਰ ਕੇਸ: ਕਾਨੂੰਨ ਦੇ ਸ਼ਾਸਨ ਵਾਲਾ ਦੇਸ਼ ਹੈ ਕੈਨੇਡਾ: ਟਰੂਡੋ

editor

ਭਾਰਤੀ- ਅਮਰੀਕੀਆਂ ਨੇ ਅੰਮ੍ਰਿਤਸਰ ਦੇ ਵਿਕਾਸ ਲਈ 10 ਕਰੋੜ ਡਾਲਰ ਦੇਣ ਦਾ ਕੀਤਾ ਵਾਅਦਾ

editor

ਜੇਲ੍ਹ ਜਾਣ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਟਰੰਪ ਨੇ ਜੱਜ ਨੂੰ ‘ਧੋਖੇਬਾਜ਼’ ਕਿਹਾ

editor