Articles Automobile

ਜ਼ਰਾ ਬਚਕੇ ਮੋੜ ਤੋਂ . . . ਭਾਗ – 6

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਬਰਤਾਨੀਆ ਦੇ ਮੋਟਰ ਕਾਰ ਮਾਲਕਾਂ ਨੂੰ ਕਾਰ ਮਕੈਨਿਕਾਂ ਤੋਂ ਸਾਵਧਾਨ ਰਹਿਣ ਦੀ ਲੋੜ ।

ਮੇਰਾ ਉਕਤ ਸਿਰਲੇਖ ਵਾਲਾ ਲੜੀਵਾਰ ਬੇਸ਼ੱਕ ਕੁੱਝ ਜਿਆਦਾ ਹੀ ਲੰਮਾ ਹੋ ਗਿਆ ਹੈ, ਪਰ ਫੇਸਬੁਕ ਤੇ ਦੂਸਰੇ ਸ਼ੋਸ਼ਲ ਮੀਡੀਏ ਦੇ ਦੋਸਤਾਂ ਦੀ ਪਸੰਦ ਤੇ ਜ਼ੋਰਦਾਰ ਮੰਗ ਨੂੰ ਰੱਖਦਿਆਂ ਇਸ ਨੂੰ ਲਗਾਤਾਰ ਜਾਰੀ ਰੱਖਣ ਦਾ ਵਿਚਾਰ ਬਣਾਇਆ ਹੈ । ਇਸ ਦੇ ਨਾਲ ਹੀ ਉਹਨਾਂ ਸਮੂਹ ਦੋਸਤਾਂ ਦਾ ਦਿਲ ਦੀਆ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾ ਜਿਹੜੇ ਮੇਰੀਆ ਲਿਖਤੀ ਨੂੰ ਪਹਿਲਾਂ ਤਾਂ ਰੂਹਦਾਰੀ ਨਾਲ ਪੜ੍ਹਦੇ ਹਨ ਤੇ ਫਿਰ ਉਹਨਾਂ ਸੰਬੰਧੀ ਸਹੀ ਤੇ ਇਮਾਨਦਾਰਾਨਾ ਫੀਡਬੈਕ ਦੇਂਦੇ ਹਨ । ਧੰਨਵਾਦ ਉਹਨਾ ਦਾ ਵੀ ਕਰਦਾ ਹਾਂ, ਜੋ ਮੇਰੀਆ ਲਿਖਤਾਂ ਧਿਆਨ ਨਾਲ ਪੜਦੇ ਤਾਂ ਜ਼ਰੂਰ ਹਨ ਪਰ ਫੀਡਬੈਕ ਦੇਣ ਸਮੇਂ ਘੌਲ ਕਰ ਜਾਂਦੇ ਹਨ ।
ਬਰਤਾਨੀਆ ਦੇ ਕਾਰ ਗੈਰੇਜਾਂ ਦੁਆਰਾ ਕਾਰ ਮਾਲਕਾਂ ਦੀ ਤਰਾਂ ਤਰਾਂ ਦੇ ਢੰਗ ਤਰੀਕੇ ਅਪਣਾ ਕੇ ਲਾਹੀ ਜਾ ਰਹੀ ਛਿੱਲ ਜਾਂ ਕੀਤੀ ਜਾ ਰਹੀ ਲੁੱਟ ਅਨੁਮਾਨ ਤਹਿਤ ਲਿਖੀ ਜਾ ਰਹੀ ਲੇਖ ਲੜੀ ਨੂੰ ਲਿਖਣ ਦੇ ਮੇਰੇ ਦੋ ਮੁੱਖ ਉਦੇਸ਼ ਹਨ – ਪਹਿਲਾ ਇਹ ਕਿ ਕਾਰ ਮਕੈਨਿਕਾਂ ਵੱਲੋਂ ਕੀਤੀ ਜਾ ਰਹੀ ਲੁੱਟ ਨੂੰ ਨੰਗਿਆ ਕਰਨਾ ਤੇ ਦੂਸਰਾ ਕਾਰਾਂ ਵਾਲਿਆਂ ਨੂੰ ਇਹਨਾਂ ਲੋਕਾਂ ਦੀ ਲੁੱਟ ਤੋਂ ਜਾਣੂ ਕਰਵਾਉਣਾ ਤੇ ਨਾਲ ਹੀ ਉਹਨਾਂ ਨੂੰ ਉਹਨਾ ਦੇ ਕਾਨੂੰਨੀ ਅਧਿਕਾਰਾਂ ਤੋਂ ਜਾਣੂ ਕਰਵਾਉਣਾ ।
ਹੁਣ ਤੱਕ ਜਿੰਨੀਆਂ ਵੀ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਉਹ ਸੱਚੀਆਂ ਹਨ ਤੇ ਉਹ ਸਭ ਵੱਖ ਵੱਖ ਸਮੇਂ ਮੇਰੇ ਨਾਲ ਹੋਈਆ ਵਾਪਰੀਆਂ ਹਨ ਤੇ ਅੱਗੇ ਵੀ ਕੋਸ਼ਿਸ਼ ਏਹੀ ਰਹੇਗੀ ਕਿ ਇਸ ਮੁੱਦੇ ਨਾਲ ਸੰਬੰਧਿਤ ਆਪਣੀਆਂ ਲਿਖਤਾਂ ਦਾ ਅਧਾਰ ਇਸੇ ਤਰਾਂ ਦੀਆ ਘਟਨਾਵਾਂ ਨੂੰ ਬਣਾ ਕੇ ਗੱਲ ਕਰਾਂ ।
ਅੱਜ ਦੀ ਘਟਨਾ ਐਕਸੀਡੈਂਟ ਹੋਣ ਤੋਂ ਬਾਦ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਤੇ ਐਕਸੀਡੈਂਟ ਦੌਰਾਨ ਕਾਰਾਂ ਦੀ ਹੋਈ ਟੁੱਟ ਭੱਜ ਦੀ ਕਰਵਾਈ ਜਾਣ ਵਾਲੀ ਮੁਰੰਮਤ ਨਾਲ ਸੰਬੰਧਿਤ ਹੈ ।
ਆਮ ਤੌਰ ‘ਤੇ ਜਦੋਂ ਕੋਈ ਐਕਸੀਡੈਂਟ ਵਾਪਰਦਾ ਹੈ ਤਾਂ ਪੈਦਾ ਹੋਏ ਹਲਾਕਾਂ ਨਾਲ ਨਜਿੱਠਣ ਲਈ ਬਰਤਾਨੀਆ ਦੇ ਕਾਨੂੰਨ ਮੁਤਾਬਿਕ ਪੁਲਿਸ, ਐਂਬੂਲੈਂਸ ਤੇ ਬੀਮਾ ਕੰਪਨੀ ਵਿਚੋ ਲੋੜ ਮੁਤਾਬਿਕ ਕਿਸੇ ਇਕ ਦੋ ਜਾਂ ਫਿਰ ਤਿੰਨਾਂ ਨਾਲ ਹੀ ਰਾਬਤਾ ਕਰਨਾ ਜ਼ਰੂਰੀ ਹੁੰਦਾ ਹੈ । ਐਕਸੀਡੈਂਟ ਦੌਰਾਨ ਸੱਟਾਂ ਲੱਗ ਜਾਣ ਦੀ ਹਾਲਤ ਚ ਸਭ ਤੋਂ ਪਹਿਲਾਂ ਪੁਲਿਸ ਤੇ ਐੰਬੂਲੈਂਸ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ, ਪਰ ਜੇਕਰ ਐਕਸੀਡੈਂਟ ਮਾਈਨਰ ਹੋਵੇ, ਕੋਈ ਵੱਡਾ ਨੁਕਸਾਨ ਨਾ ਹੋਇਆ ਹੋਵੇ ਤਾਂ ਐਕਸੀਡੈਂਟ ਚ ਸ਼ਾਮਿਲ ਦੋਵੇਂ ਧਿਰਾਂ ਪੁਲਿਸ ਜਾਂ ਐਂਬੂਲੈਂਸ ਨੂੰ ਸੱਦੇ ਬਿਨਾ ਹੀ ਆਪਣੀਆ ਮੋਟਰ ਕਾਰਾ ਦੇ ਇੰਸੋਰੈਂਸ ਡਿਟੇਲ ਐਕਸਚੇਂਜ ਕਰਨ ਦੇ ਨਾਲ ਨਾਮ ਪਤਾ ਤੇ ਮੋਟਰ-ਕਾਰਾਂ ਦੇ ਨੰਬਰ ਦੇ ਕੇ ਵੀ ਕੰਮ ਸਾਰ ਲੈਂਦੀਆਂ ਹਨ ਤੇ ਬਾਦ ਵਿੱਚ ਜਾਂ ਤਾਂ ਮਾਮਲਾ ਆਪਸੀ ਸਹਿਮਤੀ ਰਾਹੀਂ ਹੋਈ ਗਲਤੀ ਆਪੋ ਆਪਣੇ ਜਿੰਮੇ ਲੈ ਕੇ ਨਿਪਟਾ ਲਿਆ ਜਾਂਦਾ ਹੈ ਜਾਂ ਫਿਰ ਇੰਸੋਰੈਂਸ ਕੰਪਨੀਆਂ ਦੀ ਮੱਦਦ ਨਾ ਨਿਪਟਾ ਲਿਆ ਜਾਂਦਾ । ਕਹਿਣ ਦਾ ਭਾਵ ਕਿ ਹੋਏ ਨੁਕਸਾਨ ਦੀ ਮੁਰੰਮਤ ਆਪ ਵੀ ਕਰਾ ਲਈ ਜਾਂਦੀ ਹੈ ਤੇ ਇੰਸੋਰੈਂਸ ਕੰਪਨੀਆਂ ਰਾਹੀਂ ਵੀ ਕਰਵਾ ਲਈ ਜਾਂਦੀ ਹੈ, ਪਰ ਇੱਥੇ ਸਮਝਣ ਵਾਲਾ ਨੁਕਤਾ ਇਹ ਹੈ ਕਿ ਜੇਕਰ ਐਕਸੀਡੈਂਟ ਦੌਰਾਨ ਹੋਏ ਮੋਟਰ ਕਾਰ ਦੇ ਨੁਕਸਾਨ ਦੀ ਮੁਰੰਮਤ ਇੰਸੋਰੈਂਸ ਕੰਪਨੀ ਰਾਹੀਂ ਕਰਵਾਈ ਜਾਵੇ ਤਾਂ ਇਸ ਤਰਾਂ ਕਰਨ ਨਾਲ ਐਕਸੈਸ ਵੀ ਭਰਨੀ ਪੈਂਦੀ ਤੇ ਨੋ ਕਲੇਮ ਵੀ ਪਰਭਾਵਤ ਹੋ ਸਕਦਾ ਹੈ ਤੇ ਇਸ ਦੇ ਨਾਲ ਅਗਲੇ ਸਾਲ ਦੀ ਇੰਸੋਰੈਂਸ਼ ਵੀ ਵੱਧ ਸਕਦੀ ਹੈ । ਏਹੀ ਕਾਰਨ ਹੈ ਕੁੱਜ ਸਮਝਦਾਰ ਲੋਕ ਆਪਸ ਵਿੱਚ ਹੀ ਲੈ ਦੇ ਕਰਕੇ ਮਾਮਲਾ ਹੱਲ ਕਰ ਲੈਂਦੇ ਹਨ, ਮਾੜੇ ਮੋਟੇ ਐਕਸੀਡੈਂਟ ਚ ਨਾ ਹੀ ਪੁਲਿਸ ਤੇ ਨਾ ਹੀ ਇੰਸੋਰੈਸ ਨੂੰ ਸੂਚਿਤ ਕਰਦੇ ਹਨ । ਇਸ ਤਰਾਂ ਕਰਨ ਨਾਲ ਉਹਨਾਂ ਦੇ ਸਮੇ ਤੇ ਪੈਸੇ ਦੋਹਾ ਦੀ ਹੀ ਬੱਚਤ ਹੋ ਜਾਂਦੀ ਹੈ ।
ਹੁਣ ਗੱਲ ਕਰਦੇ ਹਾਂ ਘਟਨਾ ਦੀ । ਕੁੱਝ ਕੁ ਸਾਲ ਪਹਿਲਾਂ ਮੇਰੀ ਕਾਰ ਦਾ ਇਕ ਟ੍ਰੈਫ਼ਿਕ ਲਾਇਟਾਂ ‘ਤੇ ਉਸ ਵੇਲੇ ਐਕਸੀਡੈਂਟ ਹੋਇਆ ਜਦ ਕਾਫ਼ੀ ਰਫ਼ਤਾਰ ਨਾਲ ਜਾ ਰਹੇ ਨੂੰ ਅੱਗੇ ਇਕਦਮ ਹੋਈਆ ਲਾਲ ਬੱਤੀਆ ਦੇਖ ਕੇ ਐਮਰਜੰਸੀ ਬ੍ਰੇਕਾਂ ਲਗਾਉਣੀਆਂ ਪਈਆ ਤੇ ਪਿੱਛੇ ਆ ਰਹੀ ਕਾਰ ਦੇ ਚਾਲਕ ਨੇ ਆਪਣੀ ਕਾਰ ਰੋਕਦਿਆਂ ਰੋਕਦਿਆਂ ਮੇਰੀ ਕਾਰ ਦੇ ਪਿਛਲੇ ਬੰਪਰ ਚ ਠੋਕ ਦਿੱਤੀ । ਮੇਰੀ ਕਾਰ ਦੇ ਬੰਪਰ ਦਾ ਕਾਫ਼ੀ ਨੁਕਸਾਨ ਹੋਇਆ, ਇਕ ਪਾਸੇ ਦੀ ਬਰੇਕ ਲਾਇਟ ਵੀ ਟੁੱਟ ਗਈ । ਇਸੇ ਤਰਾਂ ਦੂਸਰੀ ਕਾਰ ਦਾ ਵੀ ਨੁਕਸਾਨ ਹੋਇਆ, ਪਰ ਮੇਰੀ ਕਾਰ ਦੇ ਨੁਕਸਾਨ ਨਾਲ਼ੋਂ ਘੱਟ ਸੀ । ਅਸੀਂ ਦੋਵੇਂ ਡਰਾਇਵਰ ਆਪੋ ਆਪਣੀ ਕਾਰ ਦੀਆ ਹੈਜਰਡ ਲਾਇਟਾਂ ਆਨ ਕਰਕੇ ਇਕ ਦੂਜੇ ਨੂੰ ਮਿਲੇ । ਇਕ ਦੂਜੇ ਦਾ ਹਾਲ ਚਾਲ ਪੁਛਿਆ ਤੇ ਬਿਨਾ ਕੋਈ ਬਹਿਸ ਕੀਤਿਆ ਲੋੜੀਂਦੀ ਜਾਣਕਾਰੀ ਇਕ ਦੂਜੇ ਨਾਲ ਸਾਂਝੀ ਕਰ ਲਈ । ਇਸੇ ਦੌਰਾਨ ਦੂਜੀ ਕਾਰ ਦੇ ਡਰਾਇਵਰ ਨੇ ਮੈਨੂੰ ਇਕ ਬੇਨਤੀ ਕੀਤੀ ਕਿ ਉਹ ਇੰਸੋਰੈਂਸ ਕੰਪਨੀ ਦੁਆਰਾ ਮਾਮਲਾ ਹੱਲ ਕਰਨ ਦੀ ਬਜਾਏ ਆਪਸ ਵਿੱਚ ਮਿਲਕੇ ਹੀ ਹੱਲ ਕਰਨਾ ਚਾਹੁੰਦਾ ਹੈ । ਜਦ ਮੈਂ ਉਸ ਨੂੰ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸਦੀ ਕਾਰ ਦਾ ਇਕ ਐਕਲੀਡੈਂਟ ਕਲੇਮ ਇੰਸੋਰੈਂਸ ਕੰਪਨੀ ਕੋਲ ਪਹਿਲਾ ਹੀ ਦਰਜ ਹੈ ਤੇ ਦੂਸਰਾ ਜਾਣ ਨਾਲ ਉਸ ਨੂੰ ਅੱਗੋਂ ਤੋਂ ਇੰਸੋਰੈਂਸ ਲੈਣ ਵੇਲੇ ਬੜੀ ਮੁਸ਼ਕਲ ਪੇਸ਼ ਆਵੇਗੀ । ਉਸ ਨੇ ਇਹ ਵੀ ਦੱਸਿਆ ਕਿ ਉਸਦੀ ਕਾਰ ਉਸ ਦਾ ਲੜਕਾ ਵੀ ਚਲਾਉਂਦਾ ਜੋ ਦੂਜੇ ਡਰਾਇਵਰ ਵਜੋਂ ਪਾਲਿਸੀ ‘ਚ ਦਰਜ ਹੈ ਤੇ ਛੋਟੀ ਉਮਰ ਹੋਣ ਕਰਕੇ ਉਹ ਪਹਿਲਾ ਹੀ ਬਹੁਤ ਜਿਆਦਾ ਇੰਸੋਰੈਂਸ ਅਦਾ ਕਰ ਰਿਹਾ ਹੈ ।
ਐਕਸੀਡੈਂਟ ਚ ਸ਼ਾਮਿਲ ਦੂਜੇ ਡਰਾਇਵਰ ਦਾ ਬੇਸ਼ੱਕ ਉਕਤ ਸਾਰਾ ਨਿੱਜੀ ਮਾਮਲਾ ਸੀ ਜਿਸ ਦਾ ਹੋਏ ਤਾਜਾ ਐਕਸੀਡੈਂਟ ਨਾਲ ਸਿੱਧੇ ਤੌਰ ‘ਤੇ ਕੋਈ ਸੰਬੰਧ ਨਹੀਂ ਸੀ, ਪਰ ਮੈਨੂੰ ਉਸ ਡਰਾਇਵਰ ਨਾਲ ਹਮਦਰਦੀ ਹੋਈ ਤੇ ਮੈਂ ਮਾਮਲਾ ਰਫਾ ਦਫ਼ਾ ਕਰਨ ਵਾਸਤੇ ਉਸ ਨੂੰ ਹਾਂ ਕਰ ਦਿੱਤੀ ਤੇ ਨਾਲ ਹੀ ਹੋਏ ਨੁਕਸਾਨ ਦਾ ਵੇਰਵਾ ਦੇ ਕੇ ਅੰਦਾਜ਼ਨ ਲਾਗਤ ਵਜੋਂ ਉਸ ਨੂੰ ਦੱਸਿਆ ਕਿ ਜੇਕਰ ਉਹ £400.00 ਮੈਨੂੰ ਦੇ ਦੇਵੇ ਤਾਂ ਗੱਲ ਏਥੇ ਹੀ ਖਤਮ ਹੋ ਸਕਦੀ ਹੈ, ਪਰ ਉਸ ਨੇ ਕਿਹਾ ਕਿ ਉਕਤ ਰਕਮ ਬਹੁਤ ਜ਼ਿਆਦਾ ਹੈ । ਫਿਰ ਮੈਂ ਉਸ ਨੂੰ ਸਮਝਾਇਆ ਕਿ ਕਾਰ ਪਿਛਿਓ ਉਸ ਨੇ ਠੋਕੀ ਹੈ, ਸੋ ਜੇਕਰ ਕੇਸ ਪੁਲਿਸ ਜਾਂ ਇੰਸੋਰੈਂਸ ਕੰਪਨੀ ਕੋਲ ਜਾਂਦਾ ਹੈ ਤਾਂ ਇਕ ਤਾਂ ਉਸ ਨੂੰ ਐਕਸਸੈਸ ਅਦਾ ਕਰਨੀ ਪਵੇਗੀ ਕੇ ਦੂਸਰਾ ਮੇਰੀ ਕਾਰ ਦੀ ਮੁਰੰਮਤ ਦਾ ਖ਼ਰਚਾ ਵੀ ਦੇਣਾ ਪੈ ਸਕਦਾ ਹੈ, ਤੀਸਰਾ ਉਸਦੀ ਕਾਰ ਦਾ ਇਕ ਐਕਸੀਡੈਂਟ ਕਲੇਮ ਪਹਿਲਾ ਹੀ ਚੱਲ ਰਿਹਾ, ਉਹ ਵੀ ਪਰਭਾਵਤ ਹੋਵੇਗਾ ਤੇ ਚੌਥਾ ਉਸ ਦੀ ਕਾਰ ਦਾ ਦੂਜਾ ਡਰਾਇਵਰ ਯੰਗ ਹੈ ਜਿਸ ਕਾਰਨ ਅੱਗੋਂ ਤੋਂ ਇੰਸੋਰੈਂਸ ਪ੍ਰੀਮੀਅਮ ਵਧਣ ਦੇ ਚਾਨਸ ਬਹੁਤ ਜ਼ਿਆਦਾ ਹਨ ।
ਮੇਰੀ ਸਮਝਾਈ ਹੋਈ ਗੱਲ ਉਸਦੇ ਖ਼ਾਨੇ ਪਈ ਤੇ ਭੱਦਰ ਪੁਰਸ਼ ਜਿਸ ਦਾ ਨਾਮ ਪੀਟਰ ਕਾਰਪੈਂਟਰ ਸੀ ਢਿੱਲੇ ਜਿਹੇ ਮੂਡ ਚ £400.00 ਮੇਰੇ ਹੱਥ ਫੜਾ ਮਾਮਲਾ ਰਫਾ ਦਫ਼ਾ ਕਰਕੇ ਆਪਣੇ ਰਸਤੇ ਪੈ ਗਿਆ ਤੇ ਮੈਂ ਆਪਣੇ ਰਸਤੇ ।
ਬਾਦ ਚ ਮੈਂ ਆਪਣੀ ਕਾਰ ਦੀ ਮੁਰੰਮਤ ਕੁੱਝ ਆਪ ਕੀਤੀ ਤੇ ਕੁੱਝ ਕਾਰ ਬਾਡੀਵਰਕ ਦੇ ਮਾਹਿਰ ਤੋਂ ਕਰਵਾਈ ਜਿਸ ਵਿੱਚ ਟੁੱਟੀ ਹੋਈ ਬਰੇਕ ਲਾਇਟ ਦੀ ਮੁਰੰਮਤ ਮੈਂ ਆਪ ਕੀਤੀ ਜਿਸ ਉੱਤੇ ਸਿਰਫ £75.00 ਦਾ ਖਰਚ ਆਇਆ ਤੇ ਬੰਪਰ ਦੀ ਮੁਰੰਮਤ ਕਾਰ ਬਾਡੀਵਰਕਸ ਤੋਂ £285.00 ਅਦਾ ਕਰਕੇ ਕਰਵਾਈ ਜਿਸ ਵਿੱਚ ਉਹਨਾਂ ਵਲੋਂ ਕਾਰ ਦੇ ਰੰਗ ਨਾਲ ਮੇਲ ਖਾਂਦਾ ਨਵਾਂ ਬੰਪਰ ਫਿੱਟ ਕੀਤਾ ਗਿਆ ।
ਮੁੱਕਦੀ ਗੱਲ ਇਹ ਕਿ ਐਕਸੀਡੈਂਟ ਕਦੇ ਵੀ ਕਿਸੇ ਵੀ ਜਗਾ ‘ਤੇ ਆਪਣੀ ਜਾਂ ਦੂਜੇ ਦੀ ਗਲਤੀ ਨਾਲ ਹੋ ਸਕਦਾ ਹੈ, ਪਰ ਇਸ ਤਰਾਂ ਦੇ ਮੌਕੇ ‘ਤੇ ਘਬਰਾਹਟ ਜਾਂ ਗੁੱਸੇ ਚ ਆ ਕੇ ਬਹਿਸਬਾਜੀ ਜਾਂ ਗਾਲੀ ਗਲੋਚ ਕਰਨ ਦੀ ਬਜਾਏ ਆਪਸੀ ਸੂਝ ਸਮਝ ਨਾਲ ਮਸਲੇ ਨੂੰ ਹੱਲ ਕਰਨ ਦੀ ਜ਼ਰੂਰਤ ਹੁੰਦੀ ਹੈ । ਉਕਤ ਘਟਨਾ ਚ ਅਸੀਂ ਦੋਵਾਂ ਡਰਾਇਵਰਾਂ ਨੇ ਆਪਸੀ ਗੱਲ-ਬਾਤ ਰਾਹੀਂ ਮਸਲਾ ਹੱਲ ਕਰਕੇ ਸਮਾਂ ਤੇ ਪੈਸਾ ਦੋਹਾਂ ਦਾ ਹੀ ਬਚਾਅ ਕੀਤਾ ਕਿਉਂਕਿ ਪੁਲਿਸ ਨੂੰ ਬੁਲਾਉਂਦੇ ਤਾਂ ਕੁੱਜ ਸਮਾਂ ਇੰਤਜ਼ਾਰ ਤੇ ਕੁੱਜ ਪੁੱਛ-ਗਿੱਛ ਚ ਖ਼ਰਾਬ ਹੁੰਦਾ । ਇਸੇ ਤਰਾਂ ਮਾਮਲਾ ਇੰਸੋਰੈਂਸ ਕੰਪਨੀਆਂ ਦੇ ਹਵਾਲੇ ਕਰ ਦਿੱਤਾ ਜਾਂਦਾ ਤਾਂ ਉਸ ਦਾ ਹੱਲ ਕਰਨ ਵਾਸਤੇ ਪੜਤਾਲਾਂ ਕਰਦਿਆਂ ਉਹ ਘੱਟੋ ਘੱਟ ਤਿੰਨ ਤੋਂ ਛੇ ਮਹੀਨਿਆਂ ਦਾ ਸਮਾਂ ਲਗਾ ਦਿੰਦੀਆਂ ਤੇ ਉੱਤੋਂ ਇੰਸੋਰੈਂਸ ਐਕਸੈਸ ਤੇ ਵਾਧੂ ਪ੍ਰੀਮੀਅਮ ਵੀ ਸਿਰ ਪੈ ਜਾਂਦਾ ਤੇ ਨੋ ਕਲੇਮ ਵੀ ਪ੍ਰਭਾਵਤ ਹੁੰਦਾ ।
ਇਸ ਦੇ ਨਾਲ ਹੀ ਮੈਂ ਆਪਣੀ ਕਾਰ ਦੀ ਬਰੇਕ ਲਾਇਟ ਆਪ £75.00 ਖਰੀਦ ਕੇ ਫਿੱਟ ਕਰਕੇ ਕਾਫ਼ੀ ਬੱਚਤ ਕਾਤੀ ਕਿਉਂਕਿ ਓਹੀ ਬਰੇਕ ਲਾਇਟ ਗੈਰੇਜ ਵਾਲੇ £250.00 ਤੋਂ 300.00 ਚ ਫਿੱਟ ਕਰਦੇ ਹਨ ।
ਕਾਰ ਦੇ ਟੁੱਟੇ ਹੋਏ ਬੰਪਰ ਦੀ ਮੁਰੰਮਤ ਕਰਨਾ ਮੇਰੇ ਵਾਸਤੇ ਮੁਸ਼ਕਲ ਸੀ ਸੋ ਇਸ ਕਾਰਜ ਵਾਸਤੇ ਤਿੰਨ ਚਾਰ ਬਾਡੀਵਰਕਸਾਂ ਤੋਂ ਟੈਲੀਫ਼ੋਨ ਜ਼ਰੀਏ ਕੁਟੇਸ਼ਨਾਂ ਲੈ ਕੇ ਉੱਕੇ ਪੁੱਕੇ £285.00 ਚ ਬੰਪਰ ਦੀ ਮੁਰੰਮਤ ਦਾ ਮਸਲਾ ਵੀ ਹੱਲ ਹੋ ਗਿਆ । ਹੁਣ ਜੇਕਰ ਇਹ ਸਾਰਾ ਕੰਮ ਕਿਸੇ ਬਾਡੀਵਰਕਸ ਗੈਰੇਜ ਤੋਂ ਕਰਵਾਉਂਦਾ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ £285.00 + £250.00 = £535 ਦੇ ਲਗਭਗ ਦਾ ਖ਼ਰਚਾ ਬਣਦਾ ਸੀ ਤੇ ਇਸ ਹਿਸਾਬ ਨਾਲ £535.00 – £360 = £175.00 ਦੀ ਬੱਚਤ ਸਿੱਧੇ ਤੌਰ ‘ਤੇ ਕਰ ਲਈ ਜੋ ਕਿ ਕੋਈ ਛੋਟੀ ਰਕਮ ਨਹੀਂ ਹੈ ਤੇ ਇਸ ਦੇ ਨਾਲ ਹੀ ਪੁਲਿਸ ਜਾ ਇੰਸੋਰੈਂਸ ਕੰਪਨੀਆਂ ਦੀਆ ਪੜਤਾਲਾਂ ਦੇ ਚੱਕਰ ਤੋਂ ਛੁਟਕਾਰਾ ਵੀ ਪਾ ਲਿਆ ।

. . . (ਚੱਲਦਾ)

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਇਲੈਕਟ੍ਰਿਕ ਵਾਹਨ ਖਰੀਦਣ ਤੋਂ ਪਹਿਲਾਂ ਜਾਣੋ ਇਹ ਜ਼ਰੂਰੀ ਗੱਲ, ਕਾਰ ਨੂੰ ਨਹੀਂ ਲੱਗੇਗੀ ਅੱਗ!

editor

ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੀ ਚਿੰਤਾ ਖਤਮ, ਬਲੂ ਐਨਰਜੀ ਮੋਟਰਜ਼ LNG ਸੰਚਾਲਿਤ ਬਣਾਉਂਦੀ ਹੈ ਟਰੱਕ

editor