Articles Literature

ਜੂਝਾਰਵਾਦੀ ਕਾਵਿ ਲਹਿਰ ਦਾ ਚਮਕਦਾ ਤਾਰਾ: ਸੰਤ ਰਾਮ ਉਦਾਸੀ

ਜਗਜੀਤ ਸਿੰਘ, ਅਸਿਸਟੈਂਟ ਪ੍ਰੋਫ਼ੈਸਰ
ਪੰਜਾਬੀ ਵਿਭਾਗ,  ਪਬਲਿਕ ਕਾਲਜ ਸਮਾਣਾ।

ਸੰਤ ਰਾਮ ਉਦਾਸੀ ਦੀ ਲਿਖਣ ਕਲਾ ਵਿੱਚ ਪਰੋਏ ਸਮਾਜਿਕ, ਸੱਭਿਆਚਾਰਕ, ਧਾਰਮਿਕ, ਆਰਥਿਕ ਅਤੇ ਰਾਜਨਿਤਕ ਸਰੋਕਾਰਾਂ ਦੀ ਨਿਸ਼ਾਨਦੇਹੀ ਕਰੀਏ ਤਾਂ ਉਹਨਾਂ ਦਾ ਅਕਸ਼ ਇਕ ਲੋਕ ਕਵੀ ਦੇ ਤੌਰ ’ਤੇ ਉੱਭਰ ਕੇ ਸਾਹਮਣੇ ਆਉਂਦਾ ਹੈ, ਜਾਂ ਇਹ ਕਿਹਾ ਜਾ ਸਕਦਾ ਹੈ ਕਿ ਉਹਨਾਂ ਦੇ ਲੋਕ ਪੱਖੀ ਸਾਹਿਤਕ ਯੋਗਦਾਨ ਕਰਕੇ ਉਹਨਾਂ ਨੂੰ ਆਮ ਲੁਕਾਈ ਦੇ ਕਵੀ ਵਜੋਂ ਜਾਣਿਆ ਜਾਂਦਾ ਹੈ। ਸੰਤ ਰਾਮ ਉਦਾਸੀ ਨੇ ਆਮ ਲੋਕਾਈ ਵਿੱਚ ਆਪਣੀ ਵਿਚਾਰਧਾਰਾ ਦਾ ਪ੍ਰਸਾਰ ਕਰਨ ਲਈ ਸਾਹਿਤ ਦੀ ਕਾਵਿ ਵਿਧਾ ਨੂੰ ਮਾਧਿਅਮ ਬਣਾਇਆ। “ ਆਧੁਨਿਕ ਸਾਹਿਤ ਵਿਧਾਵਾਂ ਵਿੱਚੋਂ ਸਿਰਫ਼ ਕਵਿਤਾ ਹੀ ਇਕ ਅਜਿਹੀ ਵਿਧਾ ਹੈ ਜੋ ਆਦਿ ਕਾਲ ਤੋਂ ਨਿਰੰਤਰ ਚਲੀ ਆ ਰਹੀ ਹੈ।” ਆਧੁਨਿਕ ਯੁਗ ਵਿੱਚ ਸਾਹਿਤ ਦੇ ਬਹੁਤ ਸਾਰੇ ਹੋਰ ਰੂਪਾਕਾਰ (ਨਾਵਲ, ਕਹਾਣੀ, ਨਾਟਕ, ਸਵੈ-ਜੀਵਨੀ, ਰੇਖਾ-ਚਿੱਤਰ ਤੇ ਵਾਰਤਕ) ਪ੍ਰਫੁੱਲਤ ਹੋ ਚੁਕੇ ਹਨ, ਪਰ ਅੱਜ ਵੀ ਕਵਿਤਾ ਦਾ ਸਾਹਿਤ ਦੇ ਖੇਤਰ ਵਿੱਚ ਆਪਣਾ ਇਕ ਉੱਘਾ ਅਤੇ ਵਿਸ਼ੇਸ ਸਥਾਨ ਹੈ। ਪੰਜਾਬੀ ਕਵਿਤਾ ਆਧੁਨਿਕ ਸਮੇਂ ਵਿੱਚ ਵੱਖ-ਵੱਖ ਵਾਦਾਂ (ਸਨਾਤਨਵਾਦ, ਰਹੱਸਵਾਦ, ਰੁਮਾਂਸਵਾਦ, ਯਥਾਰਥਵਾਦ, ਪ੍ਰਗਤੀਵਾਦ, ਪ੍ਰਯੋਗਵਾਦ, ਜੁਝਾਰਵਾਦ) ਵਿੱਚੋਂ ਗੁਜ਼ਰੀ, ਜਿੰਨ੍ਹਾਂ ਵਿੱਚੋਂ ਜੁਝਾਰਵਾਦੀ ਪ੍ਰਵਿਰਤੀ ਦਾ ਆਪਣਾ ਇਕ ਨਿਵੇਕਲਾ ਅਤੇ ਵਿਸ਼ੇਸ਼ ਸਥਾਨ ਰਿਹਾ ਹੈ। ਜੁਝਾਰਵਾਦੀ ਪ੍ਰਵਿਰਤੀ ਬਾਰੇ ਡਾ. ਰਾਜਿੰਦਰ ਪਾਲ ਸਿੰਘ ਦੇ ਵਿਚਾਰ ਹਨ ਕਿ: “ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਜੁਝਾਰੂ ਸਾਹਿਤ ਧਾਰਾ ਦਾ ਭਾਵ ਨਕਸਲਬਾੜੀ ਰਾਜਸੀ ਲਹਿਰ ਦੇ ਪ੍ਰਭਾਵ ਅਧੀਨ ਉਤਪੰਨ ਹੋਈ ਉਸ ਸਾਹਿਤ ਧਾਰਾ ਤੋਂ ਹੈ ਜਿਸ ਵਿਚ ਮੁੱਖ ਰੂਪ ਵਿਚ ਹਥਿਆਰਬੰਦ ਇਨਕਲਾਬ ਦੀ ਗੱਲ ਕੀਤੀ ਜਾਂਦੀ ਹੈ।”  ਇਕ ਦਹਾਕਾ ਚੱਲੀ ਇਸ ਲਹਿਰ ਨੇ ਬਹੁਤ ਹੀ ਉੱਘੇ ਕਵੀ ਪੰਜਾਬੀ ਸਾਹਿਤ ਦੀ ਝੋਲੀ ਪਾਏ। ਜਿਨ੍ਹਾਂ ਵਿੱਚੋਂ ਸੰਤ ਰਾਮ ਉਦਾਸੀ ਇਕ ਰਹੇ। ਨਕਸਲਬਾੜੀ ਲਹਿਰ ਦੀ ਬਦੌਲਤ ਸੰਤ ਰਾਮ ਉਦਾਸੀ ਇਸਦੀ ਵਿਚਾਰਧਾਰਾ ਤੋਂ ਪ੍ਰੇਰਿਤ ਹੋ ਕੇ ਆਮ ਲੋਕਾਈ ਦੇ ਸਰੋਕਾਰਾਂ ਨੂੰ ਪੇਸ਼ ਕਰਨ ਲੱਗੇ, ਉਹਨਾਂ ਨੇ ਜਗੀਰੂ ਕਦਰਾਂ ਕੀਮਤਾਂ ਅਤੇ ਸਾਮਰਾਜੀ ਲੁੱਟ ਦੇ ਖਿਲਾਫ਼ ਲੋਕਾਂ ਨੂੰ ਜਾਗ੍ਰਿਤ ਕੀਤਾ। ਅਕਾਦਮਿਕ ਪੱਧਰ ’ਤੇ ਸੰਤ ਰਾਮ ਉਦਾਸੀ ਜ਼ਿਆਦਾਤਰ ਅਣਗੌਲ਼ੇ ਹੀ ਰਹੇ, ਪਰ ਪੰਜਾਬ  ਦਾ ਅਜਿਹਾ ਕੋਈ  ਪਿੰਡ ਨਹੀਂ ਸੀ ਜਿਸ ਦੀ ਜੂਹ ਵਿੱਚ ਉਦਾਸੀ ਦੀ ਆਵਾਜ਼ ਨਾ ਗੂੰਜੀ ਹੋਵੇ ਅਤੇ ਕੋਈ ਪਿੰਡ ਅਜਿਹਾ ਨਹੀਂ ਸੀ ਜਿਸ ਦੀ ਸੱਥ ਵਿੱਚ ਉਦਾਸੀ ਦਾ ਜ਼ਿਕਰ ਨਾ ਹੋਇਆ ਹੋਵੇ । ਉਦਾਸੀ ਪਿੰਡਾਂ ਦਾ ਮਕਬੂਲ ਸ਼ਾਇਰ ਰਿਹਾ ਤੇ ਹੈ। ਉਸਨੂੰ ਅਕਾਦਮਿਕ ਪੁਰਸਕਾਰ ਚਾਹੇ ਨਾ ਮਿਲੇ ਪਰ ਜਿੱਥੇ ਵੀ ਉਹ ਜਾਂਦਾ ਲੋਕ-ਪਿਆਰ ਦੇ ਤਗ਼ਮਿਆ ਦੀ ਬੁਛਾਰ ਸ਼ੁਰੂ ਹੋ ਜਾਂਦੀ ਸੀ । ਡਾ. ਜਸਪਾਲ ਸਿੰਘ (ਸਾਬਕਾ ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਪੁਸਤਕ ‘ਸੰਤ ਰਾਮ ਉਦਾਸੀ : ਜੀਵਨ ਤੇ ਰਚਨਾ  ਦੇ ਮੁੱਖ-ਬੰਦ ਲਿਖਦਿਆਂ  ਸੰਤ ਰਾਮ ਉਦਾਸੀ ਨੂੰ ਗੂੰਗੇ ਦਲਿਤਾਂ ਦੀ ਗਰਜ਼ਵੀਂ ਆਵਾਜ਼ ਕਹਿ ਕੇ ਸਨਮਾਨਿਆ ਹੈ। ਸੰਤ ਰਾਮ ਉਦਾਸੀ ਦੇ ਕ੍ਰਮ ਅਨੁਸਾਰ ਚਾਰ ਕਾਵਿ ਸੰਗ੍ਰਹਿ ‘ਲਹੂ ਭਿੱਜੇ ਬੋਲ (1971), ‘ਸੈਨਤਾਂ (1976), ‘ਚੌ-ਨੁਕਰੀਆਂ ਸੀਖਾਂ (1978), ‘ਲਹੂ ਤੋਂ ਲੋਹੇ ਤੱਕ (1979) ਪ੍ਰਕਾਸ਼ਿਤ ਹੋਏ । ਸੰਤ ਰਾਮ ਉਦਾਸੀ ਦੀ ਮੌਤ ਤੋਂ ਬਾਅਦ ਕੁੱਝ ਸੰਪੂਰਨ ਕਾਵਿ ਸੰਗ੍ਰਹਿ (ਕੁੱਝ ਅਣ-ਪ੍ਰਕਾਸ਼ਿਤ ਕਵਿਤਾਵਾਂ ਸਹਿਤ) ਇਕ ਲਿਖਾਰੀ ਸਭਾ ਬਰਨਾਲਾ ਵੱਲੋਂ ‘ਕੰਮੀਆਂ ਦਾ ਵਿਹੜਾ(1987) ਵਿੱਚ ਪ੍ਰਕਾਸ਼ਿਤ ਹੋਈ ਅਤੇ ਦੂਜੀ ਡਾ. ਅਜਮੇਰ ਸਿੰਘ ਦੀ ਪੁਸਤਕ  ਸੂਹੇ ਬੋਲ ਉਦਾਸੀ ਦੇ (2011) ਵਿੱਚ ਪ੍ਰਕਾਸ਼ਿਤ ਹੋਈ ਅਤੇ ਡਾ. ਚਰਨਜੀਤ ਕੌਰ ਵੱਲੋਂ ਪੁਸਤਕ ‘ਸੰਤ ਰਾਮ ਉਦਾਸੀ : ਜੀਵਨ ਤੇ ਰਚਨਾ (ਕੁੱਝ ਚੋਣਵੀਆਂ ਕਵਿਤਾਵਾਂ ਸਹਿਤ ) (2014) ਵਿਚ ਛਪ ਚੁੱਕੀ ਹੈ ।

ਸੰਤ ਰਾਮ ਉਦਾਸੀ ਦੇ ਜੀਵਨ ਦੌਰਾਨ ਵਾਪਰੀਆਂ ਘਟਨਾਵਾਂ ਅਤੇ ਪਰਿਵਾਰਕ ਜੀਵਨ ਵਰਤਾਰੇ ਵਿਚੋਂ ਹੀ ਉਸ ਦੇ ਕਾਵਿ ਅਨੁਭਵਾਂ ਦੇ ਪਿਛੋਕੜ ਨੂੰ ਸਮਝਿਆ ਜਾ ਸਕਦਾ ਹੈ। ਸੰਤ ਰਾਮ ਉਦਾਸੀ ਦਾ ਜਨਮ ਇਕ ਗ਼ਰੀਬ ਪਰਿਵਾਰ ਵਿੱਚ 20 ਅਪ੍ਰੈਲ 1939 ਨੂੰ ਪਿੰਡ ਰਾਏਸਰ ਜਿਲ੍ਹਾ ਬਰਨਾਲਾ ਵਿਖੇ ਹੋਇਆ। ਉਸਦਾ ਪਰਿਵਾਰਕ ਪਿਛੋਕੜ ਨਾਮਧਾਰੀਆਂ ਦੇ ਪ੍ਰਭਾਵ ਹੇਠ ਸੀ। ਪਰ ਉਦਾਸੀ ਹੌਲੀ ਹੌਲੀ ਮਾਰਕਸਵਾਦੀ ਪ੍ਰਭਾਵ ਕਬੂਲਣ ਲੱਗਦਾ ਹੈ ਅਤੇ ਇਸ ਪ੍ਰਭਾਵ ਅਧੀਨ ਹੀ ਉਹ ਨਿਜ਼ਾਮ ਵਿਰੋਧੀ ਅਤੇ ਦੱਬੇ ਕੁੱਚਲੇ ਲੋਕਾਂ ਦੇ ਹੱਕੀ ਸੁਰ ਵਾਲੀ ਰਚਨਾ ਰਚਦਾ ਹੈ ਅਤੇ ਨਕਸਲਬਾੜੀ ਲਹਿਰ ਦਾ ਅੰਗ ਬਣ ਜਾਂਦਾ ਹੈ। ਜਿਸ ਕਰਕੇ ਉਸਨੇ ਥਾਣਿਆਂ ਦਾ ਤਸ਼ੱਦਦ ਝਲਿਆ, ਜੇਲ੍ਹਾਂ ਕੱਟੀਆਂ, ਨੌਕਰੀ ਤੋਂ ਮੁਲਤਵੀ ਰਿਹਾ। ਇਸੇ ਦੌਰਨਾ ਉਹ ਨਕਸਬਾੜੀ ਲਹਿਰ ਦੇ ਪ੍ਰਮੱਖ ਕਵੀਆਂ ਵਿਚ ਆਪਣਾ ਨਾਮ ਸਥਾਪਤ ਕਰਦਾ ਹੈ। ਸੰਤ ਉਦਾਸੀ ਆਮ ਲੋਕਾਂ ਨਾਲ ਹਮਦਰਦੀ ਅਤੇ ਅਪੱਣਤ ਰੱਖਣ ਵਾਲਾ, ਲੋਟੂ ਨਿਜ਼ਾਮ ਦਾ ਵਿਰੋਧੀ, ਧਾਰਮਿਕ ਪਿਛੋਕੜ ਤੋਂ ਪ੍ਰੇਰਨਾ ਲੈਣ ਵਾਲਾ ਤੇ ਵਿਸ਼ੇਸ਼ ਕਰਕੇ ਉਹ ਸਿੱਖ ਇਤਿਹਾਸ ਦੇ ਸੰਘਰਸ਼ੀ ਯੋਧਿਆਂ ਨੂੰ ਆਪਣਾ ਪ੍ਰੇਰਨਾ ਸਰੋਤ ਸਮਝਦਾ ਸੀ। ਡਾ. ਚਰਨਜੀਤ ਕੌਰ ਅਨੁਸਾਰ: “ਸੰਤ ਰਾਮ ਉਦਾਸੀ ਦੀ ਸਮੁੱਚੀ ਰਚਨਾ ਵਿੱਚ ਆਪਣੀ ਜਾਤ ਪ੍ਰਤੀ ਹੀਣਤਾ ਜਾਂ ਦੂਜਿਆ ਪ੍ਰਤੀ ਨਫ਼ਰਤ ਨਹੀਂ ਸੀ। ਉਹ ਸ਼ੋਸ਼ਤ ਧਿਰਾਂ ਦੀ ਆਪਸੀ ਸਾਂਝੇਦਾਰੀ ਉਸਾਰਦਾ ਹੈ।” ਉਦਾਸੀ ਜਾਣਦਾ ਸੀ ਕਿ ਇਸ ਜਾਤ-ਪਾਤ ਦੇ ਭੇਦ-ਭਾਵ ਦਾ ਜਦੋਂ ਤੱਕ ਅੰਤ ਨਹੀਂ ਕੀਤਾ ਜਾਂਦਾ ਤਦ ਤੱਕ ਸਮਾਜ ਅਤੇ ਲੋਕਾਂ ਵਿੱਚ ਇਕਮਿਕਤਾ ਨਹੀਂ ਆ ਸਕਦੀ। ਇਸ ਤਰ੍ਹਾਂ ਉਹ ਪਹਿਲਾਂ ਆਪਣੇ ਆਪ ਨੂੰ ਮਨੂੰਵਾਦ ਦੇ ਘੇਰੇ ਤੋਂ ਨਾਬਰ ਕਰਦਾ ਹੈ। ਇਸ ਤਰ੍ਹਾਂ ਇਸੇ ਗੱਲ ਦੀ ਪੈਰਵੀ ਕਰਦਿਆਂ ਡਾ. ਅਜਮੇਰ ਸਿੰਘ ਆਪਣੀ ਸੰਪਾਦਤ ਕੀਤੀ ਪੁਸਤਕ ਸੂਹੇ ਬੋਲ ਉਦਾਸੀ ਦੇ’ ਵਿੱਚ ਲਿਖਦਾ ਹੈ ਕਿ “ਸੰਤ ਰਾਮ ਉਦਾਸੀ ਵਿੱਚ ਆਪਣੀ ਜਾਤ ਪ੍ਰਤੀ ਨਾ ਕੋਈ ਹੀਣਭਾਵਨਾ ਹੈ ਅਤੇ ਨਾ ਹੀ ਇਕ ਸਫ਼ਲ ਕਵੀ ਹੋਣ ਦੀ ਮੜਕ ਹੈ ਜਿਵੇਂ ਸ਼ਿਵ ਕੁਮਾਰ ਤੇ ਹੋਰ ਕਵੀਆਂ ਵਿੱਚ ਹੈ। ਉਸਨੇ ਆਪਣੇ ਮਨ ਅਤੇ ਬੁੱਧੀ ਨੂੰ ਵਰਗ ਰਹਿਤ ਬਣਾ ਲਿਆ ਸੀ।” ਜੇਕਰ ਧਿਆਨ ਨਾਲ ਵਿਚਾਰਿਆ ਜਾਵੇ ਤਾਂ ਇਹਨਾਂ ਉਪਰੋਕਤ ਸਤਰਾਂ ਵਿੱਚ ਸੰਤ ਰਾਮ ਉਦਾਸੀ ਦੀ ਵਿਚਾਰਧਾਰਾ ਦੇ ਕੇਂਦਰੀ ਸੁਰ ਨੂੰ ਪਹਿਚਾਣਿਆ ਜਾ ਸਕਦਾ ਹੈ। ਜਿਵੇਂ ਉਦਾਸੀ ਆਪਣੀ ਰਚਨਾ ਵਿੱਚ ਪੇਸ਼ ਕਰਦਾ ਹੈ,

ਗਲ ਲੱਗ ਕੇ ਸੀਰੀ ਦੇ ਜੱਟ ਰੋਵੇ

ਬੋਹਲਾਂ ਵਿੱਚੋਂ ਨੀਰ ਵੱਗਿਆ

ਇਥੇ ਜੱਟ ਅਤੇ ਸੀਰੀ ਦੋਨੋਂ, ਸ਼ਾਸ਼ਕ ਵਰਗ ਵੱਲੋਂ ਦਬਾਏ ਵਰਗ ਦੀਆਂ ਪੀੜਾਂ ਨੂੰ ਬਿਆਨ ਕਰਦੇ  ਹਨ। ਜਿੰਦਗੀ ਦੇ ਕਿਸੇ ਨਾ ਕਿਸੇ ਮੋੜ ਉਤੇ ਦੋਵੇਂ ਵਰਗ ਹੀ ਲੁਟ ਦੇ ਸ਼ਿਕਾਰ ਹੋਏ ਹਨ। ਡਾ. ਹਰਭਜਨ ਸਿੰਘ ਅਨੁਸਾਰ : “ਸਾਹਿਤਕਾਰ ਸਮਾਜ ਪ੍ਰਤੀ ਪ੍ਰਤੱਖਣ ਨੂੰ ਤਿੱਖਾ ਕਰਨ ਲਈ ਸਾਹਿਤ ਦੀ ਰਚਨਾ ਕਰਦਾ ਹੈ ਅਤੇ ਅਧਿਏਤਾ ਸਮਾਜ ਨਾਲ ਸੰਬੰਧਤ ਹੋਣ ਕਰਕੇ ਜਾਂ ਉਸਦਾ ਉਪ ਅੰਗ ਮੰਨ ਕੇ ਸਮਾਜਿਕ, ਰਾਜਨਿਤਕ, ਆਰਥਿਕ ਅਤੇ ਧਾਰਮਿਕ ਕੌਣਾਂ ਤੋਂ ਉਸਦਾ ਵਿਸ਼ਲੇਸ਼ਣ ਕਰਦਾ ਹੈ।” ਇਸ ਆਧਾਰ ਤੇ ਵੇਖਿਆ ਜਾਵੇ ਤਾਂ ਸੰਤ ਰਾਮ ਉਦਾਸੀ ਦੀ ਕਾਵਿ ਰਚਨਾ ਨੂੰ ਸਮਾਜਿਕ, ਰਾਜਨਿਤਕ, ਆਰਥਿਕ ਅਤੇ ਧਾਰਮਿਕ ਪੱਖਾਂ ਤੋਂ ਘੋਖ ਪੜਤਾਲ ਕਰਕੇ ਵੱਖ-ਵੱਖ ਪੜਾਵਾਂ ਵਿੱਚ ਵੰਡ ਕੇ ਵੇਖਿਆ ਜਾ ਸਕਦਾ ਹੈ।। ਸੰਤ ਰਾਮ ਉਦਾਸੀ ਦੀ ਰਚਨਾ ਦਾ ਪੜਾਅ ਵੰਡ ਕਰਦਿਆਂ ਵੇਖਿਆ ਜਾ ਸਕਦਾ ਹੈ ਕਿ ਉਦਾਸੀ ਦੀ ਪਹਿਲੇ ਪੜਾਅ ਦੀ ਕਵਿਤਾ ਰੁਮਾਂਟਿਕ ਵਿਚਾਰਵਾਦੀ ਅਤੇ ਧਾਰਮਿਕ ਪ੍ਰਭਾਵ ਵਾਲੀ ਰਹੀ। ਇਸ ਦੌਰ ਵਿੱਚ ਉਦਾਸੀ ਪੰਜਾਬ ਦਾ ਪ੍ਰਕਿਰਤੀ ਚਿਤ੍ਰਣ, ਦੇਸ਼ ਪਿਆਰ ਅਤੇ ਕਿਸਾਨੀ ਮੋਹ ਵਿੱਚ ਭਿੱਜੀ ਕਵਿਤਾ ਰਚਦਾ ਰਿਹਾ। ਜਿਵੇਂ,

ਜੱਦ ਤੱਕ ਪੰਜ ਦਰਿਆ ਨਾ ਥੰਮਣ

ਵੱਗਦਾ ਰਹੇ ਤੇਰਾ ਖੂਹ ਮਿੱਤਰਾ

ਜੀਵੇ ਤੇਰੀ ਭਾਰਤ ਮਾਤਾ,

ਜਿਸ ਦਾ ਤੂੰ ਰਖਵਾਲਾ ਏ

ਦੂਜੇ ਪੜਾਅ ਦੀ ਕਵਿਤਾ ਦਾ ਕੇਂਦਰ ਸ਼ੋਸ਼ਣ ਦੇ ਖਿਲਾਫ਼ ਸੁਰ ਵਾਲਾ ਰਿਹਾ। ਜਿਸ ਵਿੱਚ ਉਹ ਹਥਿਆਰਬੰਦ ਇਨਕਲਾਬ, ਰਾਜਸੱਤਾ ਦੇ ਭਿਆਨਕ ਚਿਹਰੇ ਨੂੰ ਬੇ-ਨਕਾਬ ਕਰਨਾ, ਜੇਲ੍ਹਾਂ ਦੇ ਅਨੁਭਵ ਦੀ ਪੇਸ਼ਕਾਰੀ, ਨਾਰੀ ਦੀ ਸਮਾਜਿਕ ਦਸ਼ਾ ਨੂੰ ਬਦਲਣਾ, ਧਾਰਮਿਕ ਕੁਰਤੀਆਂ ਤੇ ਪਖੰਡਾਂ ਦਾ ਵਿਰੋਧ, ਭਾਰਤੀ ਮਿਥਿਹਾਸ ਪਰੰਪਰਾ ਦੀਆਂ ਮਿੱਥਾਂ ਦੇ ਵਿਸਫੋਟ ਨਾਲ ਸੰਬੰਧਤ ਰਚਨਾ ਕੀਤੀ। ਡਾ. ਚਰਨਜੀਤ ਕੌਰ ਅਨੁਸਾਰ ਉਹ ਕਿਸਾਨਾਂ ਮਜਦੂਰਾਂ, ਹੇਠਲੇ ਦਰਜੇ ਦੇ ਕਰਮਚਾਰੀਆਂ ਨਾਲ ਮਿਲ ਕੇ ਇਨਕਲਾਬ ਕਰਨਾ ਚਾਹੁੰਦਾ ਸੀ। ਜੁਝਾਰਵਾਦੀ ਕਵਿਤਾ ਨੂੰ ਕਲਾਤਮਕ ਰੰਗ ਤੋਂ ਵਿਹੋਣੇ ਹੋਣ ਦਾ ਇਲਜ਼ਾਮ ਲੱਗਦਾ ਰਿਹਾ ਹੈ ਪਰ ਉਦਾਸੀ ਦੁਆਰਾ ਵਰਤੀਆਂ ਕਲਾਤਮਿਕ ਜੁਗਤਾਂ ਦੀ ਨਿਸ਼ਾਨਦੇਹੀ ਕਰਦਿਆਂ ਕਿਹਾ ਕਿ ਉਦਾਸੀ ਦੀ ਕਵਿਤਾਵਾਂ ਵਿੱਚ ਕਾਵਿ ਦੀ ਹਰ ਕਲਾ ਜੁਗਤ ਦਾ ਰੰਗ ਵੇਖਿਆ ਜਾ ਸਕਦਾ ਹੈ ਅਤੇ ਉਦਾਸੀ ਨੇ ਹਰ ਕਾਵਿ ਰੂਪ ਦਾ ਜਾਮਾ ਆਪਣੀ ਰਚਨਾ ਨੂੰ ਪਹਿਨਾਇਆ। ਉਦਾਸੀ ਨੇ ਛੰਦ-ਬੱਧ ਕਵਿਤਾ, ਖੁੱਲੀ ਕਵਿਤਾ, ਗੀਤ, ਰੁਬਾਈ ਅਤੇ ਗ਼ਜ਼ਲ ਲਿਖੀ, ਚਾਹੇ ਉਸਦੀ ਦੀ ਵਧੇਰੇ ਮਕਬੂਲੀਅਤ ਗੀਤ ਰਚਨਾ ਕਰਕੇ ਹੋਈ। ਵਿਸ਼ੇ-ਵਸਤੂ, ਵਿਚਾਰਧਾਰਾ, ਕਾਵਿ ਸ਼ੈਲਿ, ਅਤੇ ਬਿੰਬਾਵਲੀ ਦੇ ਪੱਖੋਂ ਉਹ ਆਧੁਨਿਕ ਕਵੀ ਹੈ। ਉਸਦੀ ਸ਼ਾਇਰੀ ਦਾ ਮੂਲ ਵਿਚਾਰਧਾਰਕ ਧਰਾਤਲ ਮਾਰਕਸਵਾਦੀ ਚੇਤਨਾ ਰਿਹਾ। ਉਦਾਸੀ ਕਾਵਿ ਵਿੱਚ ਕੇਂਦਰੀ ਰਸ ਕਰੁਣਾ ਨੂੰ ਉੱਭਰਦਾ ਹੈ ਜਿਸ ਕਰਕੇ ਡਾ. ਚਰਨਜੀਤ ਕੌਰ ਨੇ ਸੰਤ ਰਾਮ ਉਦਾਸੀ ਨੂੰ ਕਰੁਣਾ ਦਾ ਸ਼ਾਇਰ ਕਿਹਾ ਹੈ। ਉਦਾਸੀ ਆਮ ਲੋਕਾਂ ਦਾ ਕਵੀ ਸੀ, ਉਹਨਾਂ ਦੀ ਰਚਨਾ ਦੇ ਪਾਤਰ ਲੋਟੂ ਨਿਜ਼ਾਮ ਅਤੇ ਸ਼ਾਸ਼ਕ ਵਰਗ ਵੱਲੋਂ ਸ਼ੋਸ਼ਣ ਦੇ ਸ਼ਿਕਾਰ ਕਿਸਾਨ, ਮਜ਼ਦੂਰ ਅਤੇ ਹਾਸ਼ੀਏ ਤੇ ਧੱਕੇ ਲੋਕ ਸਨ ਜਿਨ੍ਹਾਂ ਦੇ ਹਿਰਦੇ ਪੀੜ ਵੇਦਨਾਂ ਦੀ ਹੂਕ ਉਦਾਸੀ ਦੀ ਰਚਨਾ ਵਿੱਚ ਪਹਿਚਾਣੀ ਜਾ ਸਕਦੀ ਹੈ।

ਉਦਾਸੀ ਦੁਆਰਾ ਨਕਸਲਬਾੜੀ ਲਹਿਰ ਅਧਿਨ ਜੋ ਕਵਿਤਾ ਲਿਖੀ ਗਈ ਉਹ ਇਕ ਜੁੱਟ ਹੋ ਕੇ ਤਖ਼ਤ ਉਲਟਾਉਣ ਤੇ ਇਨਕਲਾਬ ਕਰਨ ਦਾ ਹੋਕਾ ਦਿੰਦੀ ਹੈ। ਨਕਸਲਬਾੜੀ ਲਹਿਰ ਦੇ ਪੈਦਾ ਹੋਣ ਦਾ ਕਾਰਨ ਆਜ਼ਾਦੀ ਦੇ ਝੂਠੇ ਗੁਬਾਰੇ ਦਾ ਫੁੱਟਣਾ ਸੀ, ਜਿਸ ਵਿੱਚ ਜ਼ਿਆਦਾ ਵਕਤ ਨਾ ਲੱਗਿਆ। ਲੋਕ ਸਮਝ ਚੁੱਕੇ ਸੀ ਕਿ ਕੁਰਸੀ ਤੇ ਬੈਠਣ ਵਾਲਿਆਂ ਦੇ ਚਿਹਰਿਆਂ ਦਾ ਸਿਰਫ਼ ਰੰਗ ਬਦਲ ਕੇ ਗੋਰੇ ਤੋਂ ਕਾਲਾ ਹੋਇਆ ਹੈ, ਨੀਤੀਆਂ ਨਹੀਂ ਬਦਲੀਆਂ। ਸਰਕਾਰ ਦੇ ਝੁਠੇ ਲਾਰਿਆਂ ਤੋਂ ਅੱਕੇ ਲੋਕਾਂ ਦੇ ਸਬਰ ਦਾ ਭਾਂਡਾ ਭਰ ਚੁੱਕਿਆ ਸੀ। ਅੱਕੇ ਹੋਏ ਕਿਸਾਨਾਂ, ਮਜ਼ਦੂਰਾਂ ਨੇ ਨਿਜ਼ਾਮ ਤੇ ਜਾਗੀਰਦਾਰਾਂ ਖਿਲਾਫ਼ ਵਿਦਰੋਹ ਦਾ ਝੰਡਾ ਬੁਲੰਦ ਕਰ ਦਿੱਤਾ, ਜਿਸ ਨੂੰ ਨਕਸਲਬਾੜੀ ਲਹਿਰ ਦੇ ਨਾਮ ਨਾਲ ਜਾਣਿਆ ਗਿਆ। ਡਾ. ਰਾਜਿੰਦਰ ਪਾਲ ਸਿੰਘ ਅਨੁਸਾਰ: “ਜੂਨ 1967 ਤੋਂ ਅਗਸਤ 1967 ਤੱਕ ਚੱਲੀ ਕਿਸਾਨ ਬਗਾਵਤ ਦਾ ਕੇਂਦਰ ਨਕਸਲਬਾੜੀ ਇਲਾਕਾ ਸੀ। ਇਸ ਕਰਕੇ ਇਸ ਨੂੰ ਨਕਸਲਬਾੜੀ ਬਗਾਵਤ ਦਾ ਨਾਂ ਦਿੱਤਾ ਗਿਆ ਅਤੇ ਇਸ ਲਾਇਨ ਦੇ ਸਮਰਥਕਾਂ ਨੂੰ ਨਕਸਲਬਾੜੀਏ ਜਾਂ ਨਕਸਲਾਈਟ ਕਿਹਾ ਜਾਣ ਲੱਗਿਆ।” ਇਸ ਲਹਿਰ ਦੇ ਪ੍ਰਭਾਵ ਅਧੀਨ ਉਦਾਸੀ ਨੇ ਆਪਣੇ ਕਾਵਿ ਅਨੁਭਵਾਂ ਨੂੰ ਵਿਦਰੋਹੀ ਸੁਰ ਵਿੱਚ ਅਲਾਪਿਆ। ਉਸਨੇ ਨੇ ਮਜ਼ਦੂਰਾਂ, ਕਿਸਾਨਾਂ ਅਤੇ ਹਸ਼ੀਏ ਤੇ ਧੱਕੇ ਲੋਕਾਂ ਦੀ ਚੇਤਨਾ ਨੂੰ ਪ੍ਰਚੰਡ ਕਰਨ ਲਈ ਹਰ ਸਭੰਵ ਕੋਸ਼ਿਸ਼ ਕੀਤੀ। ਇਸ ਲਹਿਰ ਦੇ ਸਰਗਰਮ ਕਵੀਆਂ ਵਿੱਚੋਂ ਇਕ ਸੰਤ ਰਾਮ ਉਦਾਸੀ ਇਕ ਸੀ ਜਿਸ ਦੀ ਕਲਮ ਨੇ ਸੰਘਰਸ਼ੀ ਰੰਗ ਬਿਖੇਰਦੇ ਹੋਏ ਇਨਕਲਾਬ ਦਾ ਨਾਅਰਾ ਦਿੱਤਾ। ਵਿਦਵਾਨਾਂ ਨੇ ਸੰਤ ਰਾਮ ਉਦਾਸੀ ਦਾ ਨਕਸਲਬਾੜੀ ਲਹਿਰ ਵਿੱਚ ਸਥਾਨ ਨਿਸ਼ਚਿਤ ਕਰਦਿਆਂ ਉਦਾਸੀ ਨੂੰ ਨਕਸਲਬਾੜੀ ਲਹਿਰ ਦਾ ਪ੍ਰਮੱਖ ਕਵੀ ਕਿਹਾ ਹੈ। ਉਦਾਸੀ ਦੇ ਇਸ ਲਹਿਰ ਵਿਚ ਪਾਏ ਯੋਗਦਾਨ ਅਤੇ ਉਸਦੀ ਕਲਮ ਰਚਨਾ ਨੂੰ ਵਿਚਾਰਦਿਆਂ ਅਸੀਂ ਕਹਿ ਸਕਦੇ ਹਾਂ ਕਿ ਸੱਚ-ਮੁੱਚ ਹੀ ਉਦਾਸੀ ਇਸ ਲਹਿਰ ਦਾ ਪ੍ਰਮੁੱਖ ਕਵੀ ਦੇ ਤੌਰ ਤੇ ਉਭੱਰਦਾ ਹੈ।

ਅਸੀਂ ਉਦਾਸੀ ਦੇ ਜੀਵਨ ਨੂੰ ਤਿੰਨ ਪੜਾਵਾਂ ਵਿਚ ਵੰਡ ਕੇ ਉਸਦੀ ਦੀ ਕਵਿਤਾ ਵਿੱਚ ਆਏ ਮੋੜਾਂ ਦੀ ਨਿਸ਼ਾਨਦੇਹੀ ਕੀਤੀ ਹੈ। ਜਿਸ ਵਿਚ ਮੁੱਢਲਾ ਪੜਾਅ ਉਸਦੇ ਵਿੱਦਿਆਰਥੀ ਜੀਵਨ ਅਤੇ ਮੁੱਢਲੀ ਨੌਕਰੀ ਦਾ ਹੈ, ਜਿਸ ਦੌਰਾਨ ਉਹ ਧਾਰਮਿਕ ’ਤੇ ਆਦਰਸ਼ਵਾਦੀ ਅੰਸ਼ ਵਾਲੀ ਕਵਿਤਾ ਰਚਦਾ ਹੈ। ਦੂਜੇ ਪੜਾਅ ਵਿਚ ਉਸਦੀ ਕਵਿਤਾ ਕਮਿਊਨਿਸਟ ਵਿਚਾਰਾਂ ਦੀ ਧਾਰਨੀ ਹੁੰਦੀ ਹੈ, ਜਿਸ ਵਿਚ ਮਾਰਕਸਵਾਦੀ ਵਿਚਾਰਧਾਰਾ ਹਾਵੀ ਰਹਿੰਦੀ ਹੈ। ਤੀਜੇ ਪੜਾਅ ਵਿਚ ਪਹੁੰਚ ਕੇ ਉਦਾਸੀ ਲੁਕਾਈ ਵਿਚ ਇਕ ਪ੍ਰਸਿੱਧ ਕਵੀ ਦੇ ਤੌਰ ਤੇ ਜਾਣਿਆ ਜਾਣ ਲੱਗਦਾ ਹੈ, ਪਰ ਅਕਾਦਮਿਕ ਪੱਧਰ ਤੇ ਉਸ ਨੂੰ ਅੱਗੇ ਨਾ ਲਿਆਂਦਾ ਗਿਆ। ਇਸ ਤਰ੍ਹਾਂ ਸੰਤ ਰਾਮ ਉਦਾਸੀ ਸਾਡਾ ਉਹ ਅਣਗੌਲ਼ਿਆ ਸ਼ਾਇਰ ਹੈ ਜਿਸ ਨੂੰ ਉਸਦਾ ਬਣਦਾ ਸਨਮਾਨ ਨਹੀਂ ਮਿਲਿਆ, ਪਰ ਹੁਣ ਇਹ ਸਮੇਂ ਦੀ ਮੰਗ ਵੀ ਹੈ ਅਤੇ ਲੋੜ ਵੀ ਕਿ ਅਜਿਹੀਆਂ ਮਹਾਨ ਸ਼ਖ਼ਸੀਅਤਾਂ ਨੂੰ  ਉਹਨਾਂ ਦਾ ਹੱਕੀ ਸਥਾਨ ਦਿੱਤਾ ਜਾਵੇ। ਕਿਉਂਕਿ ਅੱਜ ਵੀ ਉਦਾਸੀ ਦੀ ਸਾਹਿਤਕ ਰਚਨਾ ਸਮਾਜ ਲਈ ਉਨੀਂ ਹੀ ਮਹੱਤਵਪੂਰਨ ਹੈ ਜਿੰਨੀ ਪਹਿਲਾਂ ਸੀ। ਸੰਤ ਰਾਮ ਉਦਾਸੀ ਪੰਜਾਬੀ ਕਵਿਤਾ ਦਾ ਪ੍ਰਬੁੱਧ ਤੇ ਪ੍ਰਵੀਨ ਸ਼ਾਇਰ ਹੈ। ਉਸਨੇ ਨੇ ਸਥਾਪਤ ਸੱਤਾ ਨੂੰ ਆਪਣੀ ਕਲਮ ਨਾਲ ਟੱਕਰ ਦਿੱਤੀ। ਸਾਰੀ ਜ਼ਿੰਦਗੀ ਸੰਘਰਸ਼ ਵਿੱਚ ਬਤੀਤ ਕਰਦਿਆਂ ਸੰਤ ਰਾਮ ਉਦਾਸੀ ਨੇ ਆਮ ਲੋਕਾਈ ਦੀਆਂ ਥੁੜਾਂ ਨੂੰ ਚਿਤਰਿਤ ਕਰਦੇ ਹੋਏ ਸੰਘਰਸ਼ ਕਰਨ ਦਾ ਸੁਨੇਹਾ ਦਿੱਤਾ। ਕਲਾ ਸਮਾਜ ਲਈ ਦੇ ਆਧਾਰ ਤੇ ਸੰਪੂਰਨ ਉਦਾਸੀ ਕਾਵਿ-ਰਚਨਾ ਨੂੰ ਸਮਾਜ ਨਾਲ ਜੋੜ ਕੇ ਪਰਖਦਿਆਂ ਇਹ ਦ੍ਰਿਸ਼ਟੀਗੋਚਰ ਹੁੰਦਾ ਹੈ ਕਿ ਸੰਤ ਰਾਮ ਉਦਾਸੀ ਦੀ ਕਾਵਿ ਕਿਰਤ ਲੋਕ-ਹੱਕੀ ਅਤੇ ਲੋਕ-ਕਲਿਆਣ ਮੁਖੀ ਹੈ। ਅੰਤ ਇਹ ਸੰਘਰਸੀ ਕਵੀ ਹਜੂਰ ਸਾਹਿਬ ਤੋਂ ਵਾਪਸ ਆਉਂਦਿਆ ਟਰੇਨ ਸਫਰ ਦੌਰਾਨ ਹਾਰਟ-ਅਟੈਕ ਕਾਰਨ ਸਾਨੂੰ ਸਦੀਵੀ ਵਿਛੋੜਾ ਦੇ ਗਏ, ਪਰ ਇਹ ਮਹਾਨ ਕਵੀ ਆਪਣੀ ਰਚਨਾਵਾਂ ਰਾਹੀਂ ਹਮੇਸ਼ਾਂ ਸਾਡੇ ਦਿਲਾਂ ਵਿਚ ਜਿਉਂਦਾ ਰਹੇਗਾ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin